ਚੰਗੀ ਨੀਤੀ ਹੀ ਸ੍ਰੇਸ਼ਠ ਸਿੱਖਿਆ ਦਾ ਆਧਾਰ

02/05/2020 1:38:11 AM

ਡਾ. ਮੋਹਨ ਲਾਲ ਸ਼ਰਮਾ

ਭਾਰਤ ਨੂੰ ਇਕ ਪ੍ਰਾਚੀਨਵਾਦੀ ਦੇਸ਼ ਕਿਹਾ ਜਾ ਸਕਦਾ ਹੈ ਕਿਉਂਕਿ ਇਥੇ ਪੂਰਵਜਾਂ, ਪੁਰਾਤਨ ਕਦਰਾਂ-ਕੀਮਤਾਂ ਅਤੇ ਪੁਰਾਣਾਂ ਪ੍ਰਤੀ ਬਹੁਤ ਜ਼ਿਆਦਾ ਪ੍ਰੇਮ ਹੈ। ਇਸ ਦੇਸ਼ ਦੇ ਹਰੇਕ ਸ਼ਹਿਰੀ, ਦਿਹਾਤੀ ਨਾਗਰਿਕ ਦਾ ਮਨੋਵਿਗਿਆਨ ਵੀ ਅਨੋਖਾ ਹੈ। ਉਹ ਕਿਸੇ ਵੀ ਰੋਗ ਦਾ ਇਲਾਜ ਦੱਸ ਦਿੰਦਾ ਹੈ, ਜਿਵੇਂ ਉਹ ਕੋਈ ਵੈਦ, ਡਾਕਟਰ ਜਾਂ ਹਕੀਮ ਹੋਵੇ ਅਤੇ ਉਹ ਕਿਸੇ ਵੀ ਮੌਕੇ ’ਤੇ ਧਰਮ ਦੇ ਨਾਂ ਨਾਲ, ਧਰਮ ਗ੍ਰੰਥਾਂ ਦੇ ਨਾਂ ਨਾਲ, ਅਵਤਾਰ-ਪੈਗੰਬਰ ਦੇ ਨਾਂ ਨਾਲ ਇਸ ਤਰ੍ਹਾਂ ਉਪਦੇਸ਼ ਦੇ ਦਿੰਦਾ ਹੈ, ਜਿਵੇਂ ਧਰਮ ਉਸ ਦੇ ਤਜਰਬੇ ਦਾ ਅਧਿਆਤਮ ਅਤੇ ਉਹ ਉਸ ਦਾ ਮਾਹਿਰ ਹੋਵੇ। ਭਾਜਪਾ ਦੀ ਮੌਜੂਦਾ ਸਿੱਖਿਆ ਪ੍ਰਣਾਲੀ ਪਰਤੰਤਰਕਾਲ ਦੀ ਸਿੱਖਿਆ ਪ੍ਰਣਾਲੀ ਮੰਨੀ ਜਾਂਦੀ ਹੈ। ਇਹ ਬ੍ਰਿਟਿਸ਼ ਸ਼ਾਸਨ ਦੀ ਦੇਣ ਮੰਨੀ ਜਾਂਦੀ ਹੈ। ਇਸ ਪ੍ਰਣਾਲੀ ਨੂੰ ਲਾਰਡ ਮੈਕਾਲੇ ਨੇ ਜਨਮ ਦਿੱਤਾ ਸੀ। ਇਸ ਪ੍ਰਣਾਲੀ ਕਾਰਣ ਅੱਜ ਵੀ ਸਫੈਦ ਕਾਲਰ ਵਾਲੇ ਕਲਰਕ ਅਤੇ ਬਾਬੂ ਹੀ ਪੈਦਾ ਹੋ ਰਹੇ ਹਨ। ਇਸੇ ਸਿੱਖਿਆ ਪ੍ਰਣਾਲੀ ਕਾਰਣ ਵਿਦਿਆਰਥੀਆਂ ਦਾ ਸਰੀਰਕ ਅਤੇ ਆਤਮਿਕ ਵਿਕਾਸ ਨਹੀਂ ਹੋ ਰਿਹਾ। ਪ੍ਰਾਚੀਨ ਕਾਲ ਵਿਚ ਸਿੱਖਿਆ ਦਾ ਬਹੁਤ ਮਹੱਤਵ ਸੀ। ਸੱਭਿਅਤਾ, ਸੰਸਕ੍ਰਿਤੀ ਅਤੇ ਸਿੱਖਿਆ ਦਾ ਉਦੈ ਸਭ ਤੋਂ ਪਹਿਲਾਂ ਭਾਰਤ ਵਿਚ ਹੀ ਹੋਇਆ। ਕਿਸੇ ਵੀ ਰਾਸ਼ਟਰ ਅਤੇ ਸਮਾਜ ਵਿਚ ਸਿੱਖਿਆ ਸਮਾਜਿਕ ਕੰਟਰੋਲ, ਸ਼ਖ਼ਸੀਅਤ ਨਿਰਮਾਣ ਅਤੇ ਸਮਾਜਿਕ ਤੇ ਆਰਥਿਕ ਤਰੱਕੀ ਦਾ ਮਾਪਦੰਡ ਹੁੰਦੀ ਹੈ। ਭਾਰਤ ਦੀ ਮੌਜੂਦਾ ਸਿੱਖਿਆ ਪ੍ਰਣਾਲੀ ਬ੍ਰਿਟਿਸ਼ ਸਿੱਖਿਆ ਪ੍ਰਣਾਲੀ ’ਤੇ ਆਧਾਰਿਤ ਹੈ, ਜਿਸ ਨੂੰ ਸੰਨ 1835 ਵਿਚ ਲਾਗੂ ਕੀਤਾ ਗਿਆ, ਜਿਸ ਨੂੰ ਅਸੀਂ ਆਧੁਨਿਕ ਸਿੱਖਿਆ ਜਾਂ ਸਿੱਖਿਆ ਪ੍ਰਣਾਲੀ ਕਹਿੰਦੇ ਹਾਂ। ਉਸ ਦੀ ਸ਼ੁਰੂਆਤ ਤਾਂ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਰਾਹੀਂ ਕਰ ਦਿੱਤੀ ਸੀ। ਉਸ ਤੋਂ ਬਾਅਦ ਸੰਸਕ੍ਰਿਤ, ਅਰਬੀ-ਫ਼ਾਰਸੀ ਅਤੇ ਆਪਣੀ ਭਾਸ਼ਾ ਵਿਚ ਸਿੱਖਿਆ ਦੇਣ ਵਿਰੁੱਧ ਅੰਗਰੇਜ਼ੀ ਵਿਚ ਸਿੱਖਿਆ ਦੇਣ ਦਾ ਦੌਰ ਸ਼ੁਰੂ ਹੋਇਆ, ਉਹ ਅੱਜ ਤਕ ਨਹੀਂ ਰੁਕਿਆ, ਸਗੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਅੰਗਰੇਜ਼ੀ ਭਾਸ਼ਾ ਦਾ ਮੋਹ ਇਸ ਕਦਰ ਵਧ ਗਿਆ ਕਿ ਹਰ ਕਿਸਮ ਦੇ ਸਵਦੇਸ਼ੀ ਬੋਲਣ ਵਾਲਿਆਂ ਨਾਲ ਸਾਨੂੰ ਨਫਰਤ ਹੋਣ ਲੱਗੀ। ਅੰਗਰੇਜ਼ੀ ਵਿਸ਼ਾ, ਭਾਸ਼ਾ ਅਤੇ ਮਾਧਿਅਮ ਦੀ ਸਿੱਖਿਆ ਨਾ ਸਿਰਫ ਸ਼ਹਿਰਾਂ-ਕਸਬਿਆਂ ਵਿਚ, ਸਗੋਂ ਪਿੰਡ-ਪਿੰਡ ਵਿਚ ਫੈਲ ਗਈ ਅਤੇ ਇਹ ਸਮਝਿਆ ਜਾਣ ਲੱਗਾ ਕਿ ਅੰਗਰੇਜ਼ੀ ਹੀ ਗਿਆਨ ਦੀ, ਰੋਜ਼ਗਾਰ ਦੀ ਅਤੇ ਵੱਕਾਰ ਦੀ ਭਾਸ਼ਾ ਹੈ। ਜਿਥੋਂ ਤਕ ਹਿੰਦੀ ਅਤੇ ਪੰਜਾਬੀ ਦਾ ਸਵਾਲ ਹੈ, ਉਸ ਨੂੰ ਬੁੱਧੀਜੀਵੀਆਂ ਨੇ ਫਿਰਕੂ ਭਾਸ਼ਾ ਐਲਾਨ ਦਿੱਤਾ ਹੈ।

ਸਿੱਖਿਆ ਸਿਰਫ ਜਾਣਕਾਰੀ ਲਈ ਨਹੀਂ, ਤੁਹਾਡੀ ਸੋਚ ਬਦਲਣ ਲਈ ਦਿੱਤੀ ਜਾਂਦੀ ਹੈ।

ਸਿੱਖਿਆ ਦਾ ਸਾਧਾਰਨ ਅਰਥ ਕੁਝ ਸਿੱਖਣਾ, ਕਿਸੇ ਸਮੱਸਿਆ ਦੇ ਸਬੰਧ ਵਿਚ ਜਾਣਨਾ ਅਤੇ ਗਿਆਨ ਪ੍ਰਾਪਤ ਕਰਨਾ ਹੈ ਪਰ ਸਿੱਖਿਆ ਦਾ ਅਰਥ ਇਥੋਂ ਤਕ ਸੀਮਤ ਨਹੀਂ ਹੈ। ਸਿੱਖਿਆ ਵਿਅਕਤੀ ਦੇ ਅੰਦਰਲੇ ਗੁਣਾਂ ਦਾ ਵਿਕਾਸ ਵੀ ਕਰਦੀ ਹੈ ਅਤੇ ਉਸ ਦੀ ਪਸ਼ੂ ਪ੍ਰਵਿਰਤੀ ਨੂੰ ਵੀ ਕੰਟਰੋਲ ਕਰਦੀ ਹੈ। ਸਿੱਖਿਆ ਮਨੁੱਖ ਦੇ ਸਰੀਰ ਅਤੇ ਆਤਮਾ ਦਾ ਵਿਕਾਸ ਕਰਦੀ ਹੈ। ਸਿੱਖਿਆ ਰਾਹੀਂ ਮਨੁੱਖ ਦੇ ਚਰਿੱਤਰ ਦਾ ਵਿਕਾਸ ਵੀ ਹੁੰਦਾ ਹੈ। ਸਿੱਖਿਆ ਰਾਹੀਂ ਹੀ ਵਿਅਕਤੀ ਜੀਵਨ ਸੰਘਰਸ਼ ਲਈ ਤਿਆਰ ਹੁੰਦਾ ਹੈ। ਮਹਾਤਮਾ ਗਾਂਧੀ ਜੀ ਅਨੁਸਾਰ, ‘‘ਜੋ ਸਿੱਖਿਆ ਸਾਡਾ ਚਰਿੱਤਰ ਨਿਰਮਾਣ ਨਹੀਂ ਕਰਦੀ, ਉਹ ਅਰਥਹੀਣ ਹੈ। ਪ੍ਰਾਚੀਨ ਸਿੱਖਿਆ ਪ੍ਰਣਾਲੀ ਅਸਲ ਵਿਚ ਸੁੰਦਰ, ਸਫਲ ਸਿੱਖਿਆ ਪ੍ਰਣਾਲੀ ਹੈ, ਜਿਸ ਨਾਲ ਲੋਕ ਆਪੋ-ਆਪਣੇ ਘਰਾਂ ਵਿਚ ਸਿੱਖਿਆ ਦਾ ਵਿਸ਼ੇਸ਼ ਪ੍ਰਬੰਧ ਕਰਦੇ ਸਨ। ਉਸ ਸਮੇਂ ਸਿੱਖਿਆ ਆਸ਼ਰਮ ਅਤੇ ਗੁਰੂਕੁਲ ਵਿਚ ਦਿੱਤੀ ਜਾਂਦੀ ਸੀ। ਗੁਰੂਕੁਲ ਵਿਚ ਗੁਰੂ ਦੇ ਚਰਨਾਂ ਵਿਚ ਬੈਠ ਕੇ ਸਿੱਖਿਆ ਹਾਸਿਲ ਕੀਤੀ ਜਾਂਦੀ ਸੀ। ਉਥੇ ਸਿੱਖਿਆ ਦਾ ਸਭ ਤੋਂ ਵੱਡਾ ਉਦੇਸ਼ ਮਨੁੱਖ ਨੂੰ ਇਨਸਾਨ ਬਣਾਉਣਾ ਹੁੰਦਾ ਸੀ। ਗੁਰੂਕੁਲ ਵਿਚ ਸ਼ੁਰੂ ’ਚ ਸਭ ਨੂੰ ਇਕੋ ਜਿਹੀ ਸਿੱਖਿਆ ਦਿੱਤੀ ਜਾਂਦੀ ਸੀ। ਸਭ ਅਧਿਆਪਕਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਧਰਮ, ਸਮਾਜ ਅਤੇ ਫਰਜ਼ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਸ੍ਰੇਸ਼ਠ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਨਾ ਹੁੰਦਾ ਸੀ। ਪ੍ਰਾਚੀਨ ਭਾਰਤੀ ਸਿੱਖਿਆ ਦਾ ਆਦਰਸ਼ ਵਿਅਕਤੀ ਦੇ ਚਰਿੱਤਰ ਦਾ ਨਿਰਮਾਣ ਕਰਨਾ ਸੀ। ਇਸ ਸਿੱਖਿਆ ਪ੍ਰਣਾਲੀ ਵਿਚ ਊਚ-ਨੀਚ, ਅਮੀਰ-ਗਰੀਬ ਦਾ ਕੋਈ ਭੇਦਭਾਵ ਨਹੀਂ ਸੀ। ਰਾਮ ਅਤੇ ਕ੍ਰਿਸ਼ਨ ਨੇ ਵੀ ਗੁਰੂਕੁਲ ਵਿਚ ਹੀ ਸਿੱਖਿਆ ਹਾਸਿਲ ਕੀਤੀ ਸੀ ਜਾਂ ਇਸ ਤਰ੍ਹਾਂ ਕਹੀਏ ਕਿ ਪ੍ਰਾਚੀਨ ਸਿੱਖਿਆ ਪ੍ਰਣਾਲੀ ਮਨੁੱਖੀ ਧਰਮ ’ਤੇ ਆਧਾਰਿਤ ਹੁੰਦੀ ਸੀ, ਚਰਿੱਤਰ ਵਿਕਾਸ ’ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ। ਰਾਜਾ ਅਤੇ ਰੰਕ ਦੀ ਸਿੱਖਿਆ ਬਰਾਬਰ ਹੁੰਦੀ ਸੀ ਪਰ ਅੱਜ ਦੀ ਸਿੱਖਿਆ ਪ੍ਰਣਾਲੀ ਅਨੇਕ ਬੁਰਾਈਆਂ ਨਾਲ ਗ੍ਰਸਤ ਹੈ। ਇਸ ਵਿਚ ਅਨੇਕ ਖਾਮੀਆਂ ਦੇਖੀਆਂ ਜਾ ਸਕਦੀਆਂ ਹਨ, ਜਿਸ ਦੀ ਸਭ ਤੋਂ ਪਹਿਲਾਂ ਗੱਲ ਗਾਂਧੀ ਜੀ ਨੇ 1917 ਵਿਚ ਗੁਜਰਾਤ ਐਜੂਕੇਸ਼ਨ ਸੋਸਾਇਟੀ ਦੇ ਸੰਮੇਲਨ ਵਿਚ ਕੀਤੀ ਅਤੇ ਸਿੱਖਿਆ ਵਿਚ ਮਾਤ ਭਾਸ਼ਾ ਨੂੰ ਸਥਾਨ ਅਤੇ ਹਿੰਦੀ ਦੇ ਪੱਖ ਨੂੰ ਰਾਸ਼ਟਰੀ ਪੱਧਰ ’ਤੇ ਦਲੀਲੀ ਢੰਗ ਨਾਲ ਰੱਖਿਆ। ਕਿਉਂਕਿ ਸਾਨੂੰ ਅਜਿਹੀ ਸਿੱਖਿਆ ਚਾਹੀਦੀ ਹੈ, ਜਿਸ ਨਾਲ ਚਰਿੱਤਰ ਦਾ ਨਿਰਮਾਣ ਹੋਵੇ, ਮਨ ਦੀ ਸ਼ਾਂਤੀ ਵਧੇ, ਬੁੱਧੀ ਦਾ ਵਿਕਾਸ ਹੋਵੇ ਅਤੇ ਮਨੁੱਖ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ।

ਅੱਜ ਸਿੱਖਿਆ ਦੇ ਮਹੱਤਵ ਨੂੰ ਸਮਝਦੇ ਹੋਏ ਭਾਰਤੀ ਸੰਵਿਧਾਨ ਵਿਚ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਲਈ ਵਿੱਦਿਅਕ ਸੰਸਥਾ ਅਤੇ ਵੱਖ-ਵੱਖ ਸਰਕਾਰੀ ਅਦਾਰਿਆਂ ਆਦਿ ਵਿਚ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਗਈ ਹੈ। ਪੱਛੜੀਆਂ ਜਾਤੀਆਂ ਨੂੰ ਵੀ ਇਨ੍ਹਾਂ ਸਹੂਲਤਾਂ ਦੇ ਅਧੀਨ ਲਿਆਉਣ ਦਾ ਯਤਨ ਕੀਤਾ ਗਿਆ ਹੈ। ਆਜ਼ਾਦੀ ਤੋਂ ਬਾਅਦ ਸਾਡੀ ਸਾਖਰਤਾ ਦਰ ਅਤੇ ਸਿੱਖਿਆ ਸੰਸਥਾਵਾਂ ਦੀ ਗਿਣਤੀ ਵਿਚ ਵਾਧਾ ਜ਼ਰੂਰ ਹੋਇਆ ਹੈ ਪਰ ਅਜੇ ਵੀ ਇਕ ਅਨੁਮਾਨ ਅਨੁਸਾਰ 40 ਫੀਸਦੀ ਤੋਂ ਵੱਧ ਆਬਾਦੀ ਅਨਪੜ੍ਹ ਹੈ। ਬਦਕਿਸਮਤੀ ਦੀ ਗੱਲ ਇਹ ਹੈ ਕਿ ਆਜ਼ਾਦੀ ਮਿਲਣ ਦੇ ਇੰਨੇ ਸਾਲਾਂ ਬਾਅਦ ਵੀ ਯੂਨੀਵਰਸਿਟੀਆਂ ਵਿਚ ਉੱਚ ਸਿੱਖਿਆ ਦਾ ਪੱਧਰ ਤਾਂ ਵੱਡਾ ਹੈ ਪਰ ਮੁੱਢਲੀ ਸਿੱਖਿਆ ਦਾ ਆਧਾਰ ਕਮਜ਼ੋਰ ਹੁੰਦਾ ਗਿਆ। ਸਿੱਖਿਆ ਦਾ ਟੀਚਾ ਰਾਸ਼ਟਰੀਅਤਾ, ਚਰਿੱਤਰ ਨਿਰਮਾਣ ਅਤੇ ਮਨੁੱਖੀ ਸਾਧਨਾਂ ਦੇ ਵਿਕਾਸ ’ਤੇ ਮਸ਼ੀਨੀਕਰਨ ਰਿਹਾ, ਜਿਸ ਨਾਲ ਡਾਕਟਰ, ਇੰਜੀਨੀਅਰ ਅਤੇ ਉੱਚ ਸੰਸਥਾਵਾਂ ਤੋਂ ਪਾਸ ਵਿਦਿਆਰਥੀਆਂ ਵਿਚ ਲੱਗਭਗ 40 ਫੀਸਦੀ ਤੋਂ ਵੀ ਜ਼ਿਆਦਾ ਵਿਦਿਆਰਥੀਆਂ ਦੀ ਦੇਸ਼ ਤੋਂ ਬਾਹਰ ਹਿਜਰਤ ਜਾਰੀ ਰਹੀ। ਹੁਣ ਸਵਾਲ ਹੈ ਕਿ ਇੰਨੀਆਂ ਨੀਤੀਆਂ, ਕਮਿਸ਼ਨ, ਸਰਕਾਰਾਂ, ਬੋਰਡਸ ਆਦਿ ਹੋਣ ਦੇ ਬਾਵਜੂਦ ਸਿੱਖਿਆ ਦਾ ਪੱਧਰ ਕਿਉਂ ਨਹੀਂ ਉੱਚਾ ਹੋਇਆ। ਨਿੱਜੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਮੈਡੀਕਲ, ਇੰਜੀਨੀਅਰਿੰਗ ਅਤੇ ਹੋਰ ਸੰਸਥਾਵਾਂ ’ਤੇ ਨੀਤੀ ਦਾ ਪ੍ਰਭਾਵ ਕਿਉਂ ਨਹੀਂ ਪਿਆ। ਸਿੱਖਿਆ ਸੰਸਥਾਵਾਂ ਅਪਰਾਧਾਂ ਦਾ ਅੱਡਾ ਕਿਉਂ ਬਣ ਰਹੀਆਂ ਹਨ? ਰੈਗਿੰਗ ਦੇ ਨਾਂ ’ਤੇ ਹਿੰਸਾ ਅਤੇ ਅਪਰਾਧ ਕਿਉਂ ਵਧ ਰਹੇ ਹਨ? ਅਧਿਆਪਕ ਆਪਣੇ ਫਰਜ਼ਾਂ ਪ੍ਰਤੀ ਈਮਾਨਦਾਰ ਕਿਉਂ ਨਹੀਂ ਰਹੇ? ਕੀ ਲੋਕਤੰਤਰ ਦੇ ਨਾਂ ’ਤੇ ਧਰਨਾ, ਪ੍ਰਦਰਸ਼ਨ, ਹੜਤਾਲ ਕਰਨਾ ਆਦਿ ਦਾ ਅਧਿਕਾਰ ਲੈ ਕੇ ਕਾਨੂੰਨ ਤੋੜਨਾ, ਫਰਜ਼ ਦੀ ਪਾਲਣਾ ਨਾ ਕਰਨਾ ਅਤੇ ਮਨਮਰਜ਼ੀ ਕਰਨ ਦੀ ਸਾਨੂੰ ਆਜ਼ਾਦੀ ਦੇ ਦਿੱਤੀ ਗਈ। ਸਿੱਖਿਆ ਜਨਤਾ ਦੀ ਸ਼ਕਤੀ ਅਤੇ ਵਿਵੇਕ ਦੀ ਪ੍ਰਤੀਕ ਹੁੰਦੀ ਹੈ। ਸਿੱਖਿਆ ਕਿਸੇ ਵੀ ਮਾਧਿਅਮ ਰਾਹੀਂ ਦਿੱਤੀ ਜਾਵੇ, ਭਾਵੇਂ ਗੁਰੂਕੁਲ, ਆਸ਼ਰਮ ਜਾਂ ਨਿੱਜੀ ਅਤੇ ਸਰਕਾਰੀ ਕਾਲਜ, ਸਕੂਲ, ਜਦੋਂ ਉਨ੍ਹਾਂ ਦਾ ਵਪਾਰੀਕਰਨ ਹੋ ਹੀ ਗਿਆ ਹੈ ਤਾਂ ਉਨ੍ਹਾਂ ਨੂੰ ਮਿਟਾ ਕੇ ਨਵੀਂ ਵਿਵਸਥਾ ਪੈਦਾ ਕਰਨਾ ਲੱਗਭਗ ਅਸੰਭਵ ਹੈ। ਹੁਣ ਕਰਨਾ ਇਹ ਹੋਵੇਗਾ ਕਿ ਨੀਤੀ ਨੂੰ ਉਸੇ ਤਰ੍ਹਾਂ ਵਿਵਹਾਰਿਕ ਅਤੇ ਸਖਤ ਬਣਾਉਣਾ ਹੋਵੇਗਾ, ਜਿਸ ਤਰ੍ਹਾਂ ਹਾਲ ਹੀ ਵਿਚ ਟਰਾਂਸਪੋਰਟ ਨਿਯਮ, ਪਲਾਸਟਿਕ ਮੁਕਤੀ ਅਤੇ ਖੁੱਲ੍ਹੇ ਵਿਚ ਜੰਗਲ-ਪਾਣੀ ਜਾਣ ਤੋਂ ਮੁਕਤੀ ਲਈ ਨਿਯਮ ਬਣਾ ਕੇ ਉਨ੍ਹਾਂ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ। ਇਸ ਦੇ ਲਈ ਪ੍ਰਸ਼ਾਸਨ ਵਿਚ ਈਮਾਨਦਾਰ ਅਤੇ ਫਰਜ਼ਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਦੀ ਲੋੜ ਹੈ, ਨਹੀਂ ਤਾਂ ਨੀਤੀਆਂ ਉਸੇ ਤਰ੍ਹਾਂ ਬਣਦੀਆਂ ਰਹਿਣਗੀਆਂ ਅਤੇ ਢਹਿਢੇਰੀ ਹੁੰਦੀਆਂ ਰਹਿਣਗੀਆਂ ਅਤੇ ਸਿੱਖਿਆ ਸਿਰਫ ਬੇਰੋਜ਼ਗਾਰ ਪੈਦਾ ਕਰਨ ਦਾ ਮਾਧਿਅਮ ਬਣ ਕੇ ਰਹਿ ਜਾਏਗੀ, ਜਿਸ ਨਾਲ ਦੇਸ਼ ਦਾ ਨੈਤਿਕ, ਆਰਥਿਕ, ਰਾਜਨੀਤਕ, ਸਮਾਜਿਕ ਅਤੇ ਮਨੁੱਖੀ ਪੱਧਰ ਵੀ ਉੱਚਾ ਨਹੀਂ ਉੱਠ ਸਕੇਗਾ ਕਿਉਂਕਿ ਸਿੱਖਿਆ ਨੇ ਸਾਨੂੰ ਹਰ ਦਿਨ ਕੁਝ ਨਵਾਂ ਸਿਖਾਇਆ, ਸਿੱਖਿਆ ਨੇ ਸਾਨੂੰ ਹਰ ਦਿਨ ਇਕ ਨਵਾਂ ਸੁਪਨਾ ਦਿਖਾਇਆ, ਸਿੱਖਿਆ ਨੇ ਸਾਨੰੂ ਖ਼ੁਦ ਨਾਲ ਮਿਲਵਾਇਆ ਪਰ ਕੀ ਦੂਜਿਆਂ ਨੂੰ ਡੇਗ ਕੇ, ਉਸ ਦਾ ਮਜ਼ਾਕ ਬਣਾ ਕੇ ਕੀ ਅਸੀਂ ਸੱਚਮੁਚ ਇਕ ਪੜ੍ਹੇ-ਲਿਖੇ ਹੋਣ ਦਾ ਫਰਜ਼ ਨਿਭਾਇਆ?


Bharat Thapa

Content Editor

Related News