ਸਾਬਕਾ ਪ੍ਰਧਾਨ ਮੰਤਰੀ ਆਈ. ਕੇ. ਗੁਜਰਾਲ ਨੂੰ ਨਹੀਂ ਮਿਲਿਆ ਸਨਮਾਨ

12/09/2019 1:53:37 AM

ਰਾਹਿਲ ਨੋਰਾ ਚੋਪੜਾ

ਬੀਤੀ 4 ਦਸੰਬਰ ਨੂੰ ਸਾਡੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ 100ਵਾਂ ਜਨਮਦਿਨ ਸੀ। ਉਨ੍ਹਾਂ ਦਾ ਦਿਹਾਂਤ ਹੋਏ ਲੱਗਭਗ 22 ਸਾਲ ਹੋ ਚੁੱਕੇ ਹਨ। ਉਨ੍ਹਾਂ ਨੂੰ ਇਕ ਛੋਟੇ ਕੱਦ ਦੇ ਨੇਤਾ ਵਜੋਂ ਯਾਦ ਕੀਤਾ ਜਾਂਦਾ ਹੈ, ਜੋ ਐਨਕ ਲਾਉਂਦੇ ਸਨ ਅਤੇ ਆਪਣੇ ਸ਼ਿਸ਼ਟਾਚਾਰ ਲਈ ਜਾਣੇ ਜਾਂਦੇ ਸਨ। ਉਹ ਸਭ ਤੋਂ ਛੋਟੇ ਕਾਰਜਕਾਲ ਵਾਲੇ ਪ੍ਰਧਾਨ ਮੰਤਰੀਆਂ ’ਚੋਂ ਇਕ ਸਨ ਪਰ ਉਹ ਨਿਸ਼ਚਿਤ ਤੌਰ ’ਤੇ ਇਕ ਨੇਕ ਇਨਸਾਨ ਸਨ।

ਉਨ੍ਹਾਂ ਦੇ ਪੁੱਤਰ ਅਕਾਲੀ ਦਲ ਤੋਂ ਸੰਸਦ ਮੈਂਬਰ ਨਰੇਸ਼ ਕੁਮਾਰ ਗੁਜਰਾਲ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਜਨਮਦਿਨ ਸਬੰਧੀ ਸਮਾਰੋਹ ’ਤੇ ਸੰਸਦ ਵਿਚ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵਲੋਂ ਉਨ੍ਹਾਂ ਦੇ ਪਿਤਾ ਦੀ ਯਾਦ ਵਿਚ ਉਨ੍ਹਾਂ ਦੇ ਨਾਂ ’ਤੇ ਇਕ ਡਾਕ ਟਿਕਟ ਜਾਰੀ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਜਨਮ ਸ਼ਤਾਬਦੀ ’ਤੇ ਸਰਕਾਰ ਵਲੋਂ ਅਖਬਾਰ ਵਿਚ ਇਸ਼ਤਿਹਾਰ ਦਿੱਤਾ ਜਾਣਾ ਚਾਹੀਦਾ ਹੈ। ਨਰੇਸ਼ ਗੁਜਰਾਲ ਦੀ ਬੇਨਤੀ ’ਤੇ ਮੋਦੀ ਸਰਕਾਰ ਵਲੋਂ ਕੋਈ ਹਾਂ-ਪੱਖੀ ਜਵਾਬ ਨਹੀਂ ਮਿਲਿਆ ਪਰ ਪੰਜਾਬ, ਦਿੱਲੀ ਅਤੇ ਮਹਾਰਾਸ਼ਟਰ ਦੀਆਂ ਗੈਰ-ਐੱਨ. ਡੀ. ਏ. ਸਰਕਾਰਾਂ ਨੇ ਇੰਦਰ ਕੁਮਾਰ ਗੁਜਰਾਲ ਦੇ ਸਨਮਾਨ ਵਿਚ ਅਤੇ ਉਨ੍ਹਾਂ ਦੀ ਯਾਦ ਵਿਚ ਇਸ਼ਤਿਹਾਰ ਜਾਰੀ ਕੀਤੇ।

ਮਹਾਰਾਸ਼ਟਰ ਭਾਜਪਾ ’ਚ ਅੰਦਰੂੂਨੀ ਕਲੇਸ਼

3 ਦਿਨ ਦੀ ਸਰਕਾਰ ਗੁਆਉਣ ਮਗਰੋਂ ਅਤੇ ਸ਼ਿਵ ਸੈਨਾ-ਰਾਕਾਂਪਾ-ਕਾਂਗਰਸ ਦੀ ਸਰਕਾਰ ਦੇ ਗਠਨ ਤੋਂ ਬਾਅਦ ਮਹਾਰਾਸ਼ਟਰ ਭਾਜਪਾ ਵਿਚ ਅੰਦਰੂਨੀ ਕਲੇਸ਼ ਸਿਖਰ ’ਤੇ ਹੈ। ਏਕਨਾਥ ਖੜਸੇ ਭਾਜਪਾ ਬਾਗੀਆਂ ਦੇ ਨੇਤਾ ਬਣ ਗਏ ਹਨ ਅਤੇ ਉਹ ਭਾਜਪਾ ’ਤੇ ਪੱਛੜਿਆਂ ਦਾ ਸਮਰਥਨ ਨਾ ਕਰਨ ਦਾ ਦੋਸ਼ ਲਾ ਰਹੇ ਹਨ। ਸਾਬਕਾ ਭਾਜਪਾ ਆਗੂ ਗੋਪੀਨਾਥ ਮੁੰਡੇ ਦੀ ਧੀ ਪੰਕਜਾ ਮੁੰਡੇ ਵੀ ਏਕਨਾਥ ਖੜਸੇ ਨਾਲ ਹੈ। ਉਸ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵਿਨੋਦ ਤਾਵੜੇ ਅਤੇ ਏਕਨਾਥ ਖੜਸੇ ਨੂੰ ਟਿਕਟ ਦੇਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਹੁਣ ਏਕਨਾਥ ਇਹ ਦੋਸ਼ ਲਾ ਰਹੇ ਹਨ ਕਿ ਦੇਵੇਂਦਰ ਫੜਨਵੀਸ ਦਾ ਅਜੀਤ ਪਵਾਰ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਫੈਸਲਾ ਗਲਤ ਸੀ। ਚੋਣਾਂ ਦੌਰਾਨ ਫੜਨਵੀਸ ਅਜੀਤ ਪਵਾਰ ’ਤੇ ਸਿੰਜਾਈ ਘਪਲੇ ਵਿਚ ਸ਼ਾਮਿਲ ਹੋਣ ਦਾ ਦੋਸ਼ ਲਾ ਰਹੇ ਸਨ ਅਤੇ ਇਹ ਵੀ ਕਹਿ ਰਹੇ ਸਨ ਕਿ ਸੱਤਾ ਵਿਚ ਆਉਣ ’ਤੇ ਉਹ ਅਜੀਤ ਪਵਾਰ ਨੂੰ ਜੇਲ ਭੇਜਣਗੇ ਪਰ ਚੋਣਾਂ ਤੋਂ ਬਾਅਦ ਫੜਨਵੀਸ ਦੇ 3 ਦਿਨਾਂ ਦੇ ਕਾਰਜਕਾਲ ਵਿਚ ਅਜੀਤ ਪਵਾਰ ਨੂੰ ਪ੍ਰਦੇਸ਼ ਦੀ ਐਂਟੀ-ਕੁਰੱਪਸ਼ਨ ਬਿਊਰੋ ਵਲੋਂ ਕਲੀਨ ਚਿੱਟ ਦੇ ਦਿੱਤੀ ਗਈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਰਾਜਪਾਲ ਵਿਚਾਲੇ ਤਰੇੜ

ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦਰਮਿਆਨ ਖਿੱਚੋਤਾਣ ਸਿਖਰ ’ਤੇ ਹੈ। ਸੂਤਰਾਂ ਅਨੁਸਾਰ ਰਾਜਪਾਲ ਜਗਦੀਪ ਧਨਖੜ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਕੇ ਥੱਕ ਗਏ ਹਨ ਪਰ ਉਨ੍ਹਾਂ ਦੇ ਦਫਤਰ ਵਲੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ। ਆਮ ਤੌਰ ’ਤੇ ਮੁੱਖ ਮੰਤਰੀ ਨੇ ਰਾਜਪਾਲ ਨਾਲ ਲਗਾਤਾਰ ਗੱਲਬਾਤ ਕਰ ਕੇ ਸਬੰਧ ਬਣਾਈ ਰੱਖਣਾ ਹੁੰਦਾ ਹੈ ਪਰ ਮਮਤਾ ਬੈਨਰਜੀ ਰਾਜਪਾਲ ਨਾਲ ਕੋਈ ਗੱਲਬਾਤ ਨਹੀਂ ਕਰ ਰਹੀ। ਬੀਤੇ ਦਿਨੀਂ ਜਦੋਂ ਰਾਜਪਾਲ ਹਾਵੜਾ ਜ਼ਿਲੇ ਵਿਚ ਇਕ ਕਾਲਜ ਵਿਚ ਹੋਣ ਵਾਲੇ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਆ ਰਹੇ ਸਨ ਤਾਂ ਟੀ. ਐੱਮ. ਸੀ. ਵਰਕਰਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ। ਇਨ੍ਹਾਂ ਵਰਕਰਾਂ ਨੇ ਬੈਨਰ ਵੀ ਚੁੱਕੇ ਹੋਏ ਸਨ, ਜਿਨ੍ਹਾਂ ’ਤੇ ‘ਸ਼ੇਮ-ਸ਼ੇਮ ਗਵਰਨਰ’ ਦੇ ਨਾਅਰੇ ਲਿਖੇ ਹੋਏ ਸਨ। ਜਦੋਂ ਰਾਜਪਾਲ ਦਾ ਕਾਫਲਾ ਕਾਲਜ ਵਿਚ ਦਾਖਲ ਹੋ ਰਿਹਾ ਸੀ ਤਾਂ ਉਨ੍ਹਾਂ ਨੇ ਬੈਨਰ ਲਹਿਰਾਏ। ਟੀ. ਐੱਮ. ਸੀ. ਦਾ ਦੋਸ਼ ਹੈ ਕਿ ਧਨਖੜ ਨੇ ਬਕਾਇਆ ਬਿੱਲ ਕਲੀਅਰ ਨਹੀਂ ਕੀਤੇ, ਜਿਸ ਕਾਰਣ ਪਿਛਲੇ ਹਫਤੇ ਸੂਬਾ ਵਿਧਾਨ ਸਭਾ ਨੂੰ ਅਚਾਨਕ ਮੁਲਤਵੀ ਕਰਨਾ ਪਿਆ।

ਉੱਤਰ ਪ੍ਰਦੇਸ਼ ਦੀ ਸਥਿਤੀ

ਉੱਤਰ ਪ੍ਰਦੇਸ਼ ਵਿਚ ਭਾਜਪਾ ਭਾਰੀ ਬਹੁਮਤ ਨਾਲ ਜੇਤੂ ਹੋਈ ਅਤੇ ਯੋਗੀ ਆਦਿੱਤਿਆਨਾਥ ਮੁੱਖ ਮੰਤਰੀ ਬਣੇ। ਸਰਕਾਰ ਦੇ ਗਠਨ ਦੇ ਢਾਈ ਸਾਲਾਂ ਬਾਅਦ ਲੋਕਾਂ ਨੂੰ ਅਜਿਹਾ ਲੱਗ ਹੀ ਨਹੀਂ ਰਿਹਾ ਕਿ ਸੂਬੇ ਵਿਚ ਕੋਈ ਸਰਕਾਰ ਕੰਮ ਕਰ ਰਹੀ ਹੈ ਬਜਾਏ ਇਸ ਦੇ ਕਿ ਕੁਝ ਮੰਤਰੀਆਂ ਵਲੋਂ ਕੁਝ ਬਿਆਨ ਜਾਰੀ ਕਰ ਦਿੱਤੇ ਜਾਂਦੇ ਹਨ। ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਅਤੇ ਉੱਨਾਵ ਵਿਚ ਰੇਪ ਦੀ ਘਟਨਾ ਤੋਂ ਬਾਅਦ ਸੂਬੇ ’ਚ ਮਾਹੌਲ ਹੋਰ ਵੀ ਖਰਾਬ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਯੋਗੀ ਦੇ ਕੈਬਨਿਟ ਮੰਤਰੀ ਰਾਘਵੇਂਦਰ ਪ੍ਰਤਾਪ ਸਿੰਘ ਨੇ ਬਿਆਨ ਦੇ ਕੇ ਮਾਮਲੇ ਨੂੰ ਹੋਰ ਤੂਲ ਦੇ ਦਿੱਤੀ ਕਿ ਇੰਨੀ ਵੱਡੀ ਆਬਾਦੀ ਵਾਲੇ ਸੂਬੇ ਵਿਚ 100 ਫੀਸਦੀ ਅਪਰਾਧ-ਮੁਕਤ ਸਮਾਜ ਦੀ ਗਾਰੰਟੀ ਤਾਂ ਭਗਵਾਨ ਰਾਮ ਵੀ ਨਹੀਂ ਦੇ ਸਕਦੇ। ਦੂਜੇ ਪਾਸੇ ਉੱਤਰ ਪ੍ਰਦੇਸ਼ ਵਿਚ ਗੰਨਾ ਕਿਸਾਨਾਂ ਨੂੰ ਮਿੱਲਾਂ ਵਲੋਂ ਭੁਗਤਾਨ ਨਹੀਂ ਕੀਤਾ ਜਾ ਰਿਹਾ। ਸੂਬੇ ਵਿਚ ਪਿਛਲੇ 3 ਮਹੀਨਿਆਂ ਤੋਂ ਕੋਈ ਮੁੱਖ ਸਕੱਤਰ ਨਹੀਂ ਹੈ। ਬਹੁੁਤ ਸਾਰੀਆਂ ਸੀਨੀਅਰ ਆਸਾਮੀਆਂ ਖਾਲੀ ਪਈਆਂ ਹਨ ਅਤੇ ਮੰਦੇ ਭਾਗੀਂ ਮੁੱਖ ਮੰਤਰੀ ਕੋਲ ਇਨ੍ਹਾਂ ਕੰਮਾਂ ਲਈ ਸਮਾਂ ਨਹੀਂ। ਉਹ ਰਾਜਨੀਤੀ ਵਿਚ ਰੁੱਝੇ ਹੋਏ ਹਨ।

ਕਾਂਗਰਸ ਦੀ ਰੈਲੀ 14 ਨੂੰ

ਆਰਥਿਕ ਮੰਦੀ, ਦੋਸ਼ਪੂਰਨ ਜੀ. ਐੱਸ. ਟੀ. ਅਤੇ ਮੋਦੀ ਸਰਕਾਰ ਦੇ ਨੋਟਬੰਦੀ ਵਰਗੇ ਕਦਮ ਅਤੇ ਬੇਰੋਜ਼ਗਾਰੀ ਨੂੰ ਕਾਂਗਰਸ ਇਕ ਮੌਕੇ ਦੇ ਤੌਰ ’ਤੇ ਦੇਖ ਰਹੀ ਹੈ। ਅਜਿਹੀ ਹਾਲਤ ਵਿਚ ਉਸ ਦੀਆਂ ਨਜ਼ਰਾਂ 14 ਦਸੰਬਰ ਨੂੰ ਦਿੱਲੀ ਵਿਚ ਹੋਣ ਵਾਲੀ ਰੈਲੀ ਦੀ ਸਫਲਤਾ ’ਤੇ ਟਿਕੀਆਂ ਹੋਈਆਂ ਹਨ। ਰਾਮਲੀਲਾ ਮੈਦਾਨ ਵਿਚ ਹੋਣ ਵਾਲੀ ਇਸ ‘ਭਾਰਤ ਬਚਾਓ’ ਰੈਲੀ ਵਿਚ ਹਰੇਕ ਵਿਧਾਨ ਸਭਾ ਹਲਕੇ ਤੋਂ ਲੱਗਭਗ 100 ਵਿਅਕਤੀਆਂ ਦੇ ਪਹੁੰਚਣ ਦੀ ਆਸ ਹੈ। ਰੈਲੀ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਮੁੱਖ ਬੁਲਾਰਾ ਹੋਣਗੇ। ਕਾਂਗਰਸ ਦੇ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਜੇਕਰ ਇਹ ਰੈਲੀ ਸਫਲ ਰਹਿੰਦੀ ਹੈ ਤਾਂ ਇਸ ਗੱਲ ਨੂੰ ਬਲ ਮਿਲੇਗਾ ਕਿ ਦੇਸ਼ ਵਿਚ ਆਰਥਿਕ ਮੋਰਚੇ ’ਤੇ ਸਥਿਤੀ ਗੰਭੀਰ ਹੈ ਅਤੇ ਇਹ ਮਾਮਲਾ ਅੱਗੇ ਵੀ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣਿਆ ਰਹੇਗਾ।

nora_chopra@yahoo.com

Bharat Thapa

This news is Content Editor Bharat Thapa