ਕਿਸਾਨਾਂ ''ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੁੱਧ ਰੋਸ?

01/07/2021 2:45:58 AM

ਜਸਵੰਤ ਸਿੰਘ 'ਅਜੀਤ'
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਰਤ ਸਰਕਾਰ ਵਲੋਂ ਬਣਾਏ ਗਏ ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਕਰਾਰ ਦਿੰਦੇ ਹੋਏ, ਨਾ ਸਿਰਫ ਕੇਂਦਰੀ ਸੱਤਾਧਾਰੀ ਗਠਜੋੜ ਐੱਨ. ਡੀ. ਏ. ਨਾਲੋਂ ਨਾਤਾ ਤੋੜਿਆ, ਸਗੋਂ ਪੰਜਾਬ 'ਚ ਦਹਾਕਿਆਂ ਤੋਂ ਚਲੀ ਆ ਰਹੀ ਭਾਜਪਾ ਨਾਲੋਂ ਵੀ ਉਨ੍ਹਾਂ ਨੇ ਸਬੰਧ ਤੋੜ ਲਿਆ।
ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਕੋਲੋਂ ਵੀ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿਵਾ, ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਕੇਂਦਰੀ ਸਰਕਾਰ ਵਲੋਂ ਬੇਇਨਸਾਫੀ ਦਾ ਸ਼ਿਕਾਰ ਬਣਾਏ ਜਾ ਰਹੇ ਕਿਸਾਨ ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਇੰਨਾ ਕੀਤੇ ਜਾਣ ਦੇ ਬਾਵਜੂਦ ਕੇਂਦਰੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਉਨ੍ਹਾਂ 'ਤੇ ਯਕੀਨ ਕਰਨ ਲਈ ਤਿਆਰ ਨਹੀਂ ਹੋ ਰਹੇ, ਉਹ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵਿਰੁੱਧ ਲਗਾਤਾਰ ਰੋਸ ਵਿਖਾਵੇ ਕਰਦੇ ਚਲੇ ਆ ਰਹੇ ਹਨ। 
ਸੁਖਬੀਰ ਸਿੰਘ ਦੇ ਵਿਰੁੱਧ ਰੋਸ ਵਿਖਾਵਾ: ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਉਸ ਸਮੇਂ ਕਿਸਾਨਾਂ ਦੇ ਰੋਸ ਵਿਖਾਵੇ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਪ੍ਰਤੀ ਸਮਰਪਿਤ ਆਯੋਜਿਤ ਜੋੜ ਮੇਲ 'ਚ ਹਾਜ਼ਰ ਹੋ, ਗੁਰੂ ਗੋਬਿੰਦ ਦੇ ਚਰਨਾਂ 'ਚ ਨਤਮਸਤਕ ਹੋਣ ਪਹੁੰਚੇ ਸਨ, ਦੱਸਿਆ ਗਿਆ ਕਿ ਉਸ ਰੋਸ ਵਿਖਾਵੇ ਦੇ ਕਾਰਨ ਪੁਲਸ ਅਤੇ ਅਕਾਲੀ ਵਰਕਰਾਂ ਨੂੰ ਉਨ੍ਹਾਂ ਨੂੰ ਸੁਰੱਖਿਅਤ ਪਿਛਲੇ ਦਰਵਾਜ਼ਿਓਂ ਕੱਢ ਕੇ ਲਿਜਾਣ ਲਈ ਮਜਬੂਰ ਹੋਣਾ ਪਿਆ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਹੋਏ ਰੋਸ ਵਿਖਾਵੇ ਦੇ ਦੋ ਕੁ ਦਿਨ ਬਾਅਦ ਖਬਰ ਆਈ ਕਿ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਜਦੋਂ ਆਪਣੇ ਚੋਣ ਹਲਕੇ ਦਾ ਪਤਾ ਕਰਨ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਬੁਢਲਾਡਾ 'ਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਕਾਰਨ ਉਨ੍ਹਾਂ ਨੂੰ ਹੋਰ 4 ਪਿੰਡਾਂ ਦਾ ਦੌਰਾ ਰੱਦ ਕਰ ਕੇ ਵਾਪਸ ਮੁੜਣਾ ਪਿਆ। 
ਹਰਸਿਮਰਤ ਕੌਰ ਦਾ ਸਪੱਸ਼ਟੀਕਰਨ: ਦੱਸਿਆ ਗਿਆ ਹੈ ਕਿ ਆਪਣੇ ਵਿਰੁੱਧ ਹੋਏ ਰੋਸ ਵਿਖਾਵੇ 'ਤੇ ਆਪਣਾ ਪੱਖ ਪੇਸ਼ ਕਰਦੇ ਹੋਏ ਹਰਸਿਮਰਤ ਕੌਰ ਨੇ ਸੋਸ਼ਲ ਮੀਡਿਆ 'ਤੇ ਲਿਖਤੀ ਬਿਆਨ ਜਾਰੀ ਕੀਤਾ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ''(ਮੈਂ) ਅਕਾਲਪੁਰਖ ਨੂੰ ਹਾਜ਼ਰ-ਨਾਜ਼ਰ ਜਾਣ, ਦ੍ਰਿੜ੍ਹ ਵਿਸ਼ਵਾਸ ਦੇ ਨਾਲ ਇਹ ਗੱਲ ਦੁਹਰਾਉਂਦੀ ਹਾਂ ਕਿ ਮੈਂ ਸਦਾ ਆਪਣੇ ਕਿਸਾਨ ਭਾਈਚਾਰੇ ਦੇ ਹੱਕ 'ਚ ਡਟਦੀ ਰਹੀ ਹਾਂ ਅਤੇ ਮੇਰੇ ਵਿਰੁੱਧ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਮੇਰੀ ਖੁੱਲ੍ਹੀ ਚੁਣੌਤੀ ਹੈ ਕਿ ਕੇਂਦਰ ਸਰਕਾਰ ਦੇ ਇਨ੍ਹਾਂ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਹੱਕ 'ਚ ਮੇਰਾ ਇਕ ਵੀ ਦਸਤਖਤ ਸਬੂਤ ਦੇ ਰੂਪ 'ਚ ਪੇਸ਼ ਕਰਨ।'' ਉਨ੍ਹਾਂ ਵਲੋਂ ਪੇਸ਼ ਕੀਤੇ ਗਏ ਇਸ ਪੱਖ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੇ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਜਿਥੇ ਉਹ ਕਥਿਤ ਵੀਡੀਓ ਵਾਇਰਲ ਕਰ ਦਿੱਤੇ ਗਏ, ਜਿਨ੍ਹਾਂ 'ਚ ਉਨ੍ਹਾਂ ਨੇ ਨਾ ਸਿਰਫ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਨੂੰ ਕਿਸਾਨਾਂ ਦੇ ਹਿਤ 'ਚ ਦੱਸਿਆ ਸਗੋਂ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਲੰਮੇ ਹੱਥੀਂ ਲਿਆ ਹੈ। ਇਸ ਦੇ ਨਾਲ ਹੀ ਮੰਤਰੀ-ਮੰਡਲ ਦੀਆਂ ਉਨ੍ਹਾਂ ਬੈਠਕਾਂ 'ਚ ਉਨ੍ਹਾਂ ਦੀ ਹਾਜ਼ਰੀ 'ਤੇ ਵੀ ਸਵਾਲ ਉਠਾਏ ਗਏ, ਜਿਨ੍ਹਾਂ 'ਚ ਖੇਤੀਬਾੜੀ ਕਾਨੂੰਨਾਂ ਨਾਲ ਸਬੰਧਤ ਆਰਡੀਨੈਂਸ ਅਤੇ ਬਿੱਲਾਂ ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ ਗਈ। 
ਆਧਾਰ ਬਚਾਉਣ ਦੀ ਕੋਸ਼ਿਸ਼: ਪੰਜਾਬ 'ਚ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਿਰੁੱਧ ਰੋਸ ਵਿਖਾਵੇ ਹੋ ਰਹੇ ਹਨ, ਉਨ੍ਹਾਂ ਤੋਂ ਜਾਪਦਾ ਹੈ ਕਿ ਪੰਜਾਬ 'ਚ ਬਾਦਲ ਅਕਾਲੀ ਦਲ ਦਾ ਆਧਾਰ ਲਗਾਤਾਰ ਖਿਸਕਦਾ ਚਲਾ ਜਾ ਰਿਹਾ ਹੈ। ਇਸ ਤਰ੍ਹਾਂ ਆਧਾਰ ਦੇ ਖਿਸਕਦੇ ਚਲੇ ਜਾਣ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣੇ ਪਿਛਲੇ ਪ੍ਰਦਰਸ਼ਨ ਨੂੰ ਦੁਹਰਾ ਸਕਣ 'ਚ ਵੀ ਸ਼ਾਇਦ ਹੀ ਸਫਲ ਹੋ ਸਕੇ। ਇਹ ਗੱਲ ਸਾਰੇ ਜਾਣਦੇ ਹਨ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਬਾਦਲ ਅਕਾਲੀ ਦਲ ਨੂੰ ਬਹੁਤ ਹੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਹ ਪਹਿਲੇ ਸਥਾਨ ਤੋਂ ਖਿਸਕ ਕੇ ਤੀਸਰੇ ਸਥਾਨ 'ਤੇ ਆ ਪਹੁੰਚਿਆ ਸੀ। 
ਜਾਪਦਾ ਹੈ, ਸੁਖਬੀਰ ਸਿੰਘ ਬਾਦਲ ਆਪਣੇ ਡਿੱਗ ਰਹੇ ਇਸ ਗ੍ਰਾਫ ਤੋਂ ਜਾਣੂ ਹੁੰਦੇ ਹੋਏ ਵੀ ਕਾਫੀ ਸਮੇਂ ਤੋਂ ਅਗਲੀ ਸਰਕਾਰ ਆਪਣੀ ਬਣਨ ਅਤੇ ਉਦੋਂ ਤੋਂ ਵਿਰੋਧੀਆਂ ਨਾਲ ਨਜਿੱਠਣ ਦਾ ਦਾਅਵਾ ਕਰਦੇ ਚਲੇ ਆ ਰਹੇ ਸਨ ਪਰ ਬੀਤੇ ਕੁਝ ਦਿਨਾਂ ਤੋਂ ਉਨ੍ਹਾਂ ਨੇ ਅਕਾਲੀ ਸਰਕਾਰ ਬਣਨ 'ਤੇ ਉਸ ਦੇ ਨਾਲ ਸੀਨੀਅਰ ਬਾਦਲ ਦੇ ਮੁੱਖ ਮੰਤਰੀ ਬਣਨ ਦਾ ਵੀ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਹੈ। 
ਸੀਨੀਅਰ ਬਾਦਲ ਦੇ ਨਾਂ 'ਤੇ ਦਾਅ: ਸੁਖਬੀਰ ਸਿੰਘ ਬਾਦਲ ਵਲੋਂ, ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਬਣਨ ਦਾ ਦਾਅਵਾ ਕੀਤਾ ਜਾਣਾ ਅਜੀਬ ਜਿਹਾ ਲੱਗਦਾ ਹੈ। ਜਿਨ੍ਹਾਂ ਦੇ ਸਬੰਧ 'ਚ ਕਿਹਾ ਜਾਂਦਾ ਹੈ ਕਿ ਉਮਰ, ਸਰੀਰਕ ਅਤੇ ਮਾਨਸਿਕ ਤੌਰ 'ਤੇ ਇੰਨੇ ਕਮਜ਼ੋਰ ਹੋ ਚੁੱਕੇ ਸਨ ਕਿ ਉਨ੍ਹਾਂ ਦਾ ਕਿਸੇ ਸਿਆਸੀ, ਸਮਾਜਿਕ ਪ੍ਰੋਗਰਾਮ 'ਚ ਸ਼ਾਮਲ ਹੋ ਸਕਣਾ ਤਾਂ ਦੂਰ ਰਿਹਾ, ਪਰਿਵਾਰਕ ਪ੍ਰੋਗਰਾਮ 'ਚ ਵੀ ਸ਼ਾਮਲ ਹੋ ਸਕਣਾ ਵੀ ਸਹਿਜ ਨਹੀਂ ਰਹਿ ਗਿਆ। ਇਸ ਸਥਿਤੀ ਦੇ ਕਾਰਨ ਵੀ ਸੁਖਬੀਰ ਸਿੰਘ ਬਾਦਲ ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੇ ਭਵਿੱਖ ਮੰਤਰੀ ਦੇ ਰੂਪ 'ਚ ਪੇਸ਼ ਕੀਤੇ ਜਾਣ ਤੋਂ ਅਜਿਹਾ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਦਾ ਆਪਣਾ ਅਕਸ ਅਜਿਹਾ ਨਹੀਂ ਬਣ ਸਕਿਆ, ਜਿਸ ਕਾਰਨ ਪੰਜਾਬ ਦੇ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਣ। ਸ਼ਾਇਦ ਇਹ ਕਾਰਨ ਹੈ ਕਿ ਉਹ ਸੀਨੀਅਰ ਬਾਦਲ ਦਾ ਨਾਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਤਰੁੱਪ ਦੇ ਪੱਤੇ ਦੇ ਰੂਪ 'ਚ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਦਿੱਲੀ 'ਚ ਬਾਦਲ ਵਿਰੋਧੀ ਗਠਜੋੜ: ਦਿੱਲੀ ਗੁਰਦੁਆਰਾਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਗੁਰਦੁਆਰਾ ਪ੍ਰਬੰਧ ਤੋਂ ਬਾਹਰ ਰੱਖਣ ਦੇ ਮਕਸਦ ਨਾਲ ਬਾਦਲ-ਵਿਰੋਧੀ ਗਠਜੋੜ ਬਣਾਉਣ ਲਈ ਸੁਖਦੇਵ ਸਿੰਘ ਢੀਂਡਸਾ ਵਲੋਂ ਭਾਵੇਂ ਈਮਾਨਦਾਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਲਗਦਾ ਨਹੀਂ ਕਿ ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਸਫਲ ਹੋ ਸਕਣ ਅਤੇ ਬਾਦਲ ਦਲ ਦੇ ਵਿਰੁੱਧ ਮਜ਼ਬੂਤ ਗਠਜੋੜ ਬਣ ਸਕਣਾ ਸੰਭਵ ਹੋ ਸਕੇ। 
ਮਿਲ ਰਹੇ ਸੰਕੇਤਾਂ ਤੋਂ ਜਾਪਦਾ ਹੈ ਕਿ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਵਾਲੀ 'ਜਾਗੋ' ਦੇ ਮੁਖੀ ਆਪਣੀਆਂ ਸ਼ਰਤਾਂ 'ਤੇ ਛੋਟੀਆਂ ਪਾਰਟੀਆਂ/ਜਥੇਬੰਦੀਆਂ ਨਾਲ ਗਠਜੋੜ ਕਰਨ ਦੇ ਤਾਂ ਚਾਹਵਾਨ ਹਨ ਪਰ ਬਰਾਬਰ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਨਾਲ ਗਠਜੋੜ ਕਰਨ ਦੇ ਪ੍ਰਤੀ ਗੰਭੀਰ ਨਹੀਂ ਹਨ। ਓਧਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਸੂਤਰਾਂ ਅਨੁਸਾਰ ਉਸ ਦੇ ਮੁਖੀ ਬਰਾਬਰਤਾ ਦੇ ਆਧਾਰ 'ਤੇ 'ਜਾਗੋ' ਦੇ ਨਾਲ ਗਠਜੋੜ ਕਰਨ ਦੇ ਪੱਖ 'ਚ ਹਨ ਪਰ 'ਜਾਗੋ' ਦੇ ਮੁਖੀ ਜਿੱਤ ਹਾਸਲ ਕਰਨ ਦੀਆਂ ਸੀਟਾਂ 'ਤੇ ਦਾਅਵਾ ਕਰਨ ਦੀ ਥਾਂ 'ਤੇ ਆਪਣਾ ਹੱਥ ਉੱਪਰ ਰੱਖਣ ਲਈ ਵੱਧ ਤੋਂ ਵੱਧ ਸੀਟਾਂ ਚਾਹੁੰਦੇ ਹਨ ਜੋ ਉਨ੍ਹਾਂ ਨੂੰ (ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਮੁਖੀਆਂ ਨੂੰ) ਪ੍ਰਵਾਨ ਨਹੀਂ। ਉਸ ਦੇ ਮੁਖੀ ਚਾਹੁੰਦੇ ਹਨ ਕਿ ਦੋਵਾਂ ਧਿਰਾਂ ਵਲੋਂ ਬਰਾਬਰੀ ਦੇ ਆਧਾਰ 'ਤੇ ਜਿੱਤ ਸਕਣ ਵਾਲੀਆਂ ਸੀਟਾਂ 'ਤੇ ਹੀ ਦਾਅਵਾ ਪੇਸ਼ ਹੋਵੇ ਅਤੇ ਉਸ ਦੇ ਆਧਾਰ 'ਤੇ ਗਠਜੋੜ ਹੋਵੇ।
... ਅਤੇ ਅਖੀਰ 'ਚ : ਜਸਟਿਸ ਆਰ. ਐੱਸ. ਸੋਢੀ ਦਾ ਮੰਨਣਾ ਹੈ ਕਿ ਸਿੱਖਾਂ ਦੀਆਂ ਧਾਰਮਿਕ ਮਾਨਤਾਵਾਂ ਅਤੇ ਸਿਆਸੀ ਹਿੱਤਾਂ-ਅਧਿਕਾਰਾਂ ਦੀ ਰੱਖਿਆ ਕਰਨ ਦੇ ਪ੍ਰਤੀ ਵਚਨਬੱਧ ਸੰਸਥਾਵਾਂ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਸਿਆਸੀ ਸਵਾਰਥ ਨਾਲ ਗ੍ਰਹਿਸਥ ਲੀਡਰਸ਼ਿਪ ਦੇ ਹੱਥੋਂ ਆਪਣੇ ਮਕਸਦ ਤੋਂ ਭਟਕ, ਆਪਣੀ ਅਸਲੀ ਹੋਂਦ ਤਕ ਗਵਾ ਬੈਠੀ ਹੈ! ਜਿਸ ਕਾਰਨ ਸਿੱਖਾਂ ਦੇ ਕੋਲ ਅਜਿਹੀ ਕੋਈ ਸੰਸਥਾ ਨਹੀਂ ਰਹਿ ਗਈ ਜੋ ਧਾਰਮਿਕ ਮਾਨਤਾਵਾਂ-ਪ੍ਰੰਪਰਾਵਾਂ ਦੀ ਰੱਖਿਆ ਕਰਨ 'ਚ ਉਨ੍ਹਾਂ ਦੀ ਅਗਵਾਈ ਕਰ ਸਕੇ ਅਤੇ ਨਾ ਹੀ ਕੋਈ ਅਜਿਹੀ ਸੰਸਥਾ ਰਹਿ ਗਈ ਹੈ ਜੋ ਉਸ ਦਾ ਸਿਆਸੀ ਭਵਿੱਖ ਸੰਵਾਰਨ 'ਚ ਉਸ ਦੀ ਮਦਦਗਾਰ ਸਾਬਿਤ ਹੋ ਸਕੇ। ਸਿਆਸੀ ਹਿੱਤਾਂ ਦੇ ਸ਼ਿਕਾਰ ਮੁਖੀਆਂ ਨੇ ਤਾਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਸੰਸਥਾਵਾਂ ਦਾ ਮੂਲ ਸਰੂਪ ਹੀ ਖਤਮ ਕਰ ਕੇ ਰੱਖ ਦਿੱਤਾ ਹੈ। 
 

Bharat Thapa

This news is Content Editor Bharat Thapa