ਸਾਡੇ ਸਭਿਆਚਾਰਕ ਮੁਹਾਂਦਰੇ ਨੂੰ ਵਿਗਾੜ ਰਹੀ ਅਜੋਕੀ ਪੰਜਾਬੀ ਗਾਇਕੀ

10/07/2015 6:56:28 PM

ਇਹ ਗੱਲ ਆਮ ਪ੍ਰਵਾਨ ਕੀਤੀ ਜਾਂਦੀ ਹੈ ਕਿ ਗੀਤ-ਸੰਗੀਤ ਰੂਹ ਦੀ ਗਿਜ਼ਾ ਹੁੰਦੀ ਹੈ ਪਰ ਸੰਗੀਤਕ-ਸੰਸਾਰ ਵਿਚ ਆਈਆਂ ਇਲੈਕਟ੍ਰੋਨਿਕਸ ਤਬਦੀਲੀਆਂ ਕਾਰਨ ਇਸ ਗਿਜ਼ਾ ਦਾ ਸੁਆਦ ਕੁਝ ਬਦਲ ਗਿਆ ਹੈ। ਇਨ੍ਹਾਂ ਤਬਦੀਲੀਆਂ ਸਦਕਾ ਗਾਇਕੀ ਦੇ ਅਖਾੜੇ ਵਿਚ ਕਈ ਅਜਿਹੇ ਭਲਵਾਨ (ਕਲਾਕਾਰ) ਆ ਗਏ ਹਨ, ਜਿਨ੍ਹਾਂ ਦੀ ਭਲਵਾਨੀ (ਗਾਇਕੀ) ਸਿਰਫ ਦਾਅ-ਪੇਚਕ (ਪੈਸਾ ਅਤੇ ਮੇਲ ਮਿਲਾਪ) ਢੰਗ ਨਾਲ ਹੀ ਚੱਲੀ ਜਾ ਰਹੀ ਹੈ। ਇਸ ਤਰ੍ਹਾਂ ਦੀ ਗਾਇਕੀ ਦੀ ਉਮਰ ਬਹੁਤੀ ਲੰਮੇਰੀ ਨਹੀਂ ਹੁੰਦੀ। ਸਗੋਂ ''ਚਾਰ ਦਿਨਾਂ ਦੀ ਚਾਣਨੀ'' ਤੋਂ ਬਾਅਦ ਹੋਣ ਵਾਲੀ ਹਨ੍ਹੇਰੀ ਰਾਤ ਵਰਗਾ ਹਾਲ ਹੁੰਦਾ ਹੈ। ਗਾਇਨ-ਕਲਾ ਕੇਵਲ ਉਹ ਹੀ ਵਧੇਰੇ ਹੰਡਣਸਾਰ ਹੁੰਦੀ, ਜਿਸ ਦੇ ਤਿੰਨਾਂ ਤੱਤਾਂ ਸਾਜ਼, ਆਵਾਜ਼ ਅਤੇ ਅਲਫਾਜ ਵਿਚ ਸਮਤੋਲ ਬਣਿਆ ਰਹੇ। ਉਂਝ ਤਾਂ ਕਿਸੇ ਇਕ ਤੱਤ ਦੀ ਊਣਤਾਈ ਵੀ ਸੰਗੀਤ ਰੂਪੀ ਗਿਜ਼ਾ ਦਾ ਸੁਆਦ ਕਿਰਕਰਾ ਕਰ ਦਿੰਦੀ ਹੈ ਪਰ ਕਿਸੇ ਗੀਤ ਦੇ ਅਲਫ਼ਾਜ਼ ਭਾਵ ਬੋਲ ਇਸ ਦੇ ਪ੍ਰਭਾਵ ਨੂੰ ਚਿਰਸਥਾਈ ਬਣਾਉਣ ਹਿੱਤ ਵਧੇਰੇ ਸਹਾਈ ਹੁੰਦੇ ਹਨ। ਇਹ ਅਲਫਾਜ਼ ਕਿਸੇ ਗੀਤਕਾਰ ਦੀ ਸਿਰਜਣਾ ਸ਼ਕਤੀ ਦਾ ਕਮਾਲ ਹੁੰਦੇ ਹਨ, ਜਿਹੜੇ ਕਿਸੇ ਗੀਤਕਾਰ ਦੇ ਗੀਤ ਨੂੰ ਅਮਰ ਕਰਨ ਦੇ ਨਾਲ- ਨਾਲ ਇਨ੍ਹਾਂ ਨੂੰ ਆਵਾਜ਼ ਦੇਣ ਵਾਲੇ ਗਾਇਕ ਦੀ ਪ੍ਰਸਿੱਧੀ ਦਾ ਬਾਇਸ ਵੀ ਬਣ ਜਾਂਦੇ ਹਨ।         
ਇੱਕ ਚੰਗੇ ਗੀਤ ਦੇ ਬੋਲ ਜਿੱਥੇ ਸਰੋਤਿਆਂ/ਦਰਸ਼ਕਾਂ ਦੇ ਕੰਨਾਂ ਵਿਚ ਮਿਸ਼ਰੀ ਘੋਲਦੇ ਹੋਏ ਉਨ੍ਹਾਂ ਨੂੰ ਆਨੰਦਿਤ ਕਰ ਦਿੰਦੇ ਹਨ, ਉਥੇ ਉਨ੍ਹਾਂ ਲਈ ਕੋਈ ਸੰਦੇਸ਼ ਵੀ ਛੱਡ ਜਾਂਦੇ ਹਨ। ਦੂਜੇ ਪਾਸੇ ਇਕ ਘਟੀਆ ਜਾਂ ਨੀਵੇਂ ਪੱਧਰ ਦੇ ਗੀਤ ਦੇ ਬੋਲ ਸੂਝਵਾਨ ਹਲਕਿਆਂ ਵਿਚ ਸਦਾ ਹੀ ਫਿਟਕਾਰੇ ਜਾਂਦੇ ਹਨ। ਇਹੀ ਇਕ ਕਾਰਨ ਹੈ ਕਿ ਸਾਡੇ ਸਭਿਆਚਾਰਕ ਮੁਹਾਂਦਰੇ ਨੂੰ ਵਿਗਾੜਨ ਵਾਲੇ ਬਹੁਤੇ ਗੀਤ ਲੰਮੀ ਉਮਰ ਨਹੀਂ ਭੋਗ ਪਾਉਂਦੇ। ਸਭਿਆਚਾਰਕ ਜ਼ਾਵੀਏ ਤੋਂ ਦੇਖਿਆ ਜਾਵੇ ਤਾਂ ਲੇਖਕ/ਗੀਤਕਾਰ ਦੀ ਲਿਖਤ ਵਿਚੋਂ ਸਮਾਜ ਨੂੰ ਕੋਈ ਨਾ ਕੋਈ ਸੇਧ ਮਿਲਦੀ ਰਹਿਣੀ ਚਾਹੀਦੀ ਹੈ ਪਰ ਪੰਜਾਬੀ ਗਾਇਕੀ ਅਤੇ ਗੀਤਕਾਰੀ ਦਾ ਇਕ ਦੁਖਦਾਈ ਪਹਿਲੂ ਇਹ ਵੀ ਹੈ ਕਿ ਇਸ ਦੇ ਕਈ ਰਚਨਹਾਰਿਆਂ/ਬੁਲਾਰਿਆਂ ਕੋਲੋਂ ਸੇਧ ਘੱਟ ਅਤੇ ਟੇਢ ਵੱਧ ਮਿਲਦੀ ਹੈ। ਕਈਆਂ ਗੀਤਕਾਰਾਂ/ਗਾਇਕਾਂ ਦੀਆਂ ਪੇਸ਼ਕਾਰੀਆਂ ਨੂੰ ਦੇਖ-ਸੁਣ ਕੇ ਤਾਂ ਇੰਝ ਲੱਗਦਾ ਹੈ, ਜਿਵੇਂ ਉਹ ਪੰਜਾਬੀਅਤ ਦੇ ਨਾਮ ''ਤੇ ਕਲੰਕ ਲੱਗੇ ਹੋਣ। ਇਸ ਕਲੰਕਕਾਰੀ  ਕਾਰਨ ਹੀ ਪੰਜਾਬੀ ਗੀਤਕਾਰੀ ਦਿਮਾਗਦਾਰ ਸਰੋਤਿਆਂ/ਦਰਸ਼ਕਾਂ ਦੀ ਨਫਰਤ ਦੀ ਪਾਤਰ ਬਣ ਜਾਂਦੀ ਹੈ। ਸਕੂਲ ਅਤੇ ਯੂਨੀਵਰਸਿਟੀਆਂ ਭਾਰਤੀ ਸੰਸਕ੍ਰਿਤੀ ਵਿਚ ਪਵਿੱਤਰ ਮੰਦਰਾਂ ਦੀ ਨਿਆਈਂ ਹਨ। ਅਕਲ ਦਾ ਪ੍ਰਸ਼ਾਦ ਵੰਡਣ ਵਾਲੇ ਇਨ੍ਹਾਂ ਅਦਾਰਿਆਂ ਨੂੰ ਕੁਝ ਗਾਇਕਾਂ ਅਤੇ ਗੀਤਕਾਰਾਂ ਨੇ ਸਿਰਫ ਇਸ਼ਕ-ਮਜ਼ਾਜੀ ਦਾ ਪਲੇਟਫਾਰਮ ਹੀ ਬਣਾ ਕੇ ਰੱਖ ਦਿੱਤਾ ਹੈ। 
ਇਸ ਪਲੇਟਫਾਰਮ ''ਤੇ ਖੜ੍ਹੀ ਸਾਡੀ ਨੌਜਵਾਨ ਪੀੜ੍ਹੀ ਦਿਨੋਂ ਦਿਨ ਭਟਕਣ ਦਾ ਸ਼ਿਕਾਰ ਹੋਈ ਜਾ ਰਹੀ ਹੈ। ਇਸ ਭਟਕਣ ਵਿਚੋਂ ਕੇਵਲ ਨਿਰਾਸ਼ਾ ਹੀ ਹੱਥ ਲੱਗਦੀ ਹੈ ਜੋ ਜੀਵਨ ਦੀਆਂ ਪ੍ਰਾਪਤੀਆਂ ਦੂਰ ਕਰ ਦਿੰਦੀ ਹੈ। ਇਥੇ ਹੀ ਬਸ ਨਹੀਂ ਦੌਲਤ ਅਤੇ ਸ਼ੋਹਰਤ (ਸਸਤੀ) ਦਾ ਸ਼ਿਕਾਰ ਹੋਏ ਕਈ ਕਲਾਕਾਰ/ਲੇਖਕ ਤਾਂ ਅਜਿਹੇ ਦੂਹਰੇ ਅਰਥਾਂ ਵਾਲੇ ਗੀਤ ਗਾਈ/ਲਿਖੀ ਜਾਂਦੇ ਹਨ, ਜਿਨ੍ਹਾਂ ਨਾਲ ਸਾਡੇ ਰਿਸ਼ਤਿਆਂ ਦਾ ਘਾਣ ਹੋਈ ਜਾ ਰਿਹਾ ਹੈ। ਪੇਸ਼ ਹਨ ਸਾਡੇ ਰਿਸ਼ਤਿਆਂ ਦਾ ਘਾਣ ਕਰਨ ਵਾਲੇ ਅਤੇ ਸ਼ਰਮ-ਹਯਾ ਦਾ ਪਰਦਾ ਲੀਰੋ-ਲੀਰ ਕਰਨ ਵਾਲੇ ਕੁਝ ਗੀਤਾਂ ਦੇ ਨਮੂਨੇ:- ''ਤੂੰ ਮੇਰੀ ਬੁੱਕਲ ਵਿਚ ਹੋਵੇਂ ਤੇ ਵੇਲਾ ਰਾਤ ਦਾ ਹੋਵੇ'', ''ਮੈਂ ਰਾਤ ਹਾਣੀਆਂ ਤੇਰੇ ਕੋਲ ਆਉਂਦੀ ਫੜੀ ਗਈ'', ''ਲੱਕ ਟਵੰਟੀ ਏਟ ਕੁੜੀ ਦਾ ਫੋਰਟੀ ਸੈਵਨ ਵੇਟ ਕੁੜੀ ਦਾ।'' ਉਪਰੋਕਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗਾਣੇ ਅਜਿਹੇ  ਹਨ, ਜਿਹੜੇ ਸਭਿਆਚਾਰਕ ਮਾਣ-ਮਰਿਆਦਾ ਦੇ ਘੇਰੇ ਵਿਚੋਂ ਬਾਹਰ ਹੀ ਤੁਰੇ ਫਿਰਦੇ ਹਨ। ਇਸ ਮਰਿਆਦਾ ਨੂੰ ਤੋੜਨ ਵਾਲੇ ਕੁਝ ਕੁ ਗਾਇਕਾਂ ਦੇ ਘਰਾਂ ਦੇ ਘਿਰਾਓ ਵੀ ਅਕਸਰ ਹੁੰਦੇ ਹੀ ਰਹਿੰਦੇ ਹਨ ਪਰ ਮੁਨਾਫਾਖੋਰੀ ਦਾ ਸ਼ਿਕਾਰ ਹੋਏ ਇਹ ਲੋਕ ਇਸ ਗੱਲ ਦੀ ਬਹੁਤੀ ਪਰਵਾਹ ਨਹੀਂ ਮੰਨਦੇ। ਇਥੇ ਇਕ ਵਿਡੰਬਨਾ ਇਹ ਵੀ ਬਣਦੀ ਹੈ ਪੰਜਾਬੀ ਬੋਲੀ ਦੀ ਦੇਸ਼ਾਂ-ਵਿਦੇਸ਼ਾਂ ਵਿਚ ਪੱਤ ਰੋਲਣ ਇਹ ਮਹਾਪੁਰਖ ਆਪਣੇ ਆਪ ਨੂੰ ਪੰਜਾਬੀ ਬੋਲੀ ਦੇ ਸੇਵਦਾਰ ਵੀ ਕਹਾਈ ਜਾਂਦੇ ਹਨ। ਦੂਜੇ ਪਾਸੇ ਉਹ ਗਾਇਕ ਅਤੇ ਗੀਤਕਾਰ ਤਬਕਾ ਜਿਸ ਦੀ ਪੇਸ਼ਕਾਰੀ/ਕਾਰਗੁਜ਼ਾਰੀ ਵਿਚੋਂ, ਪੰਜਾਬੀਅਤ ਦੀ ਝਲਕ ਦਿਖਾਈ ਦਿੰਦੀ ਹੈ ਦੂਰਦਰਸ਼ਨ/ਅਕਾਸ਼ਵਾਣੀ ਦੀ ਮੇਹਰ ਭਰੀ ਨਜ਼ਰ ਤੋਂ ਉਹਲੇ ਰਹਿ ਜਾਂਦੇ ਹਨ ਕਿਉਂਕਿ ਇਨ੍ਹਾਂ ਤਕ ਪਹੁੰਚ ਵੀ ਸਿਰਫ ਪਹੁੰਚ ਵਾਲਿਆਂ ਦੀ ਹੀ ਹੋ ਸਕਦੀ ਹੈ।
  
ਰਮੇਸ਼ ਬੱਗਾ ਚੋਹਲਾ
                   


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।