ਸਾਈਬਰ/ਡਿਜੀਟਲ ਸੁਰੱਖਿਆ ਖਤਰੇ ’ਚ

04/30/2021 2:21:22 AM

ਪ੍ਰਿ. ਡਾ. ਮੋਹਨ ਲਾਲ ਸ਼ਰਮਾ

ਸਾਈਬਰ ਅਪਰਾਧ ਇਕ ਨਵੀਂ ਅਟਾਮਿਕ ਸ਼ਕਤੀ ਵਜੋਂ ਉੱਭਰ ਕੇ ਆਇਆ ਹੈ। ਅਪਰਾਧ ਇਕ ਅਜਿਹਾ ਸ਼ਬਦ ਹੈ, ਜਿਸ ਦੀ ਵਰਤੋਂ ਗਲਤ ਕੰਮ ਜਾਂ ਅਪਰਾਧਿਕ ਘਟਨਾ ਨੂੰ ਅੰਜ਼ਾਮ ਦੇਣ ਲਈ ਕੀਤੀ ਜਾਂਦੀ ਹੈ ਪਰ ਜਦੋਂ ਸਾਈਬਰ ਅਪਰਾਧ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਨੂੰ ਇੰਟਰਨੈੱਟ ਵੱਲੋਂ ਕੀਤੇ ਗਏ ਅਪਰਾਧ ਵਜੋਂ ਲਿਆ ਜਾਂਦਾ ਹੈ। ਇਸ ਕਾਰਨ ਕਿਸੇ ਵਿਅਕਤੀ, ਸੰਗਠਨ ਜਾਂ ਸਰਕਾਰ ਨੂੰ ਨੁਕਸਾਨ ਹੋ ਸਕਦਾ ਹੈ। ਸਾਈਬਰ ਅਪਰਾਧ ਸਾਈਬਰ ਅਪਰਾਧੀਆਂ ਵੱਲੋਂ ਕੀਤਾ ਜਾਣ ਵਾਲਾ ਸਜ਼ਾਯੋਗ ਅਪਰਾਧ ਹੈ।

ਸਾਈਬਰ ਅਪਰਾਧ ਨੇ ਕਈ ਲੋਕਾਂ ਦੀ ਜ਼ਿੰਦਗੀ ’ਤੇ ਬਹੁਤ ਜ਼ਿਆਦਾ ਅਸਰ ਪਾਇਆ ਹੈ, ਜਿਨ੍ਹਾਂ ਲੋਕਾਂ ਵੱਲੋਂ ਸਾਈਬਰ ਅਪਰਾਧ ਕੀਤੇ ਜਾਂਦੇ ਹਨ, ਉਨ੍ਹਾਂ ਲੋਕਾਂ ਨੂੰ ਹੈਂਕੜ ਵਜੋਂ ਜਾਣਿਆ ਜਾਂਦਾ ਹੈ। ਅਜਿਹੇ ਲੋਕ ਕ੍ਰੈਡਿਟ ਜਾਂ ਡੈਬਿਟ ਕਾਰਡ ਅਤੇ ਬੈਂਕ ਦੇ ਵੇਰਵੇ ਲੈ ਕੇ ਇਸ ਸਬੰਧੀ ਪੂਰੀ ਜਾਣਕਾਰੀ ਹਾਸਲ ਕਰ ਕੇ ਤੁਹਾਡੇ ਬੈਂਕ ਖਾਤੇ ’ਚੋਂ ਸਾਰੀ ਦੀ ਸਾਰੀ ਰਕਮ ਕੱਢ ਕੇ ਉਸ ਨੂੰ ਖਾਲੀ ਕਰ ਦਿੰਦੇ ਹਨ। ਅੱਜ ਦੇਸ਼ ’ਚ ਹਰ ਕੰਮ ਆਨਲਾਈਨ ਹੋ ਗਿਆ ਹੈ। ਡਿਜੀਟਲ ਬੈਂਕ ਦੀ ਸਹੂਲਤ ਅੱਜਕੱਲ ਹਰ ਕੋਈ ਲੈ ਰਿਹਾ ਹੈ। ਪੈਸਿਆਂ ਦਾ ਲੈਣ-ਦੇਣ , ਦੁਕਾਨਦਾਰ ਦਾ ਹਿਸਾਬ-ਕਿਤਾਬ, ਬਿਜਲੀ ਜਾਂ ਹੋਰਨਾਂ ਬਿੱਲਾਂ ਦਾ ਭੁਗਤਾਨ ਅਸੀਂ ਆਪਣੇ ਫੋਨ ਰਾਹੀਂ ਹੀ ਕਰਦੇ ਹਾਂ ਪਰ ਅੱਜ ਸਾਈਬਰ ਅਪਰਾਧ ਕਾਰਨ ਭੋਲੇ-ਭਾਲੇ ਲੋਕ ਲਾਲਚ ’ਚ ਆ ਕੇ ਜਾਂ ਇੰਝ ਕਹੋ ਕਿ ਉਕਤ ਅਪਰਾਧੀਆਂ ਦੀਆਂ ਗੱਲਾਂ ’ਚ ਆ ਕੇ ਆਪਣੇ ਬੈਂਕ ਦੀ ਜਾਣਕਾਰੀ ਦੇ ਦਿੰਦੇ ਹਨ। ਇਸੇ ਜਾਣਕਾਰੀ ਦੇ ਅਾਧਾਰ ’ਤੇ ਕੁਝ ਹੀ ਮਿੰਟਾਂ ’ਚ ਉਨ੍ਹਾਂ ਦੇ ਖਾਤਿਆਂ ’ਚੋਂ ਪੈਸੇ ਗਾਇਬ ਹੋ ਜਾਂਦੇ ਹਨ।

ਅੱਜ ਦੇ ਸਮੇਂ ’ਚ ਸਾਈਬਰ ਅਪਰਾਧ ਕਾਫੀ ਵਧ ਗਏ ਹਨ, ਚਿੰਤਾ ਵਾਲੀ ਗੱਲ ਹੈ। ਗਰੀਬ, ਮਜ਼ਦੂਰ, ਇਮਾਨਦਾਰ ਵਿਅਕਤੀ ਸਾਈਬਰ ਸੁਰੱਖਿਆ ਦੀ ਚਿੰਤਾ ਕਰੇ ਜਾਂ ਆਪਣਾ ਕੰਮ। ਇਸ ਸਮੱਸਿਆ ਨੇ ਪੂਰੀ ਦੁਨੀਆ ’ਚ ਆਪਣਾ ਜਾਲ ਵਿਛਾ ਦਿੱਤਾ ਹੈ। ਕਈ ਗਰੀਬ ਮਜ਼ਦੂਰ ਕਿਸ ਘਟਨਾ ਕਾਰਨ ਪ੍ਰੇਸ਼ਾਨ ਹੋ ਕੇ ਆਪਣੀ ਜਾਨ ਗੁਆ ਬੈਠਦੇ ਹਨ। ਡਾਟਾ ਚੋਰੀ ਹੋਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਸਾਡਾ ਡਾਟਾ ਚੋਰੀ ਕਰਨ ਲਈ ਹੈਕਰ ਕਈ ਸੌਮਿਆਂ ਦੀ ਵਰਤੋਂ ਕਰਦੇ ਹਨ। ਜੇ ਇਕ ਵਾਰ ਡਾਟਾ ਹੈਕ ਹੋ ਜਾਵੇ ਤਾਂ ਵਾਪਸ ਨਹੀਂ ਹੁੰਦਾ। ਅੱਜ ਦੇ ਸਮੇਂ ’ਚ ਪੈਸੇ ਨਾਲੋਂ ਵੀ ਵੱਧ ਸੁਰੱਖਿਆ ਦੀ ਲੋੜ ਸਾਈਬਰ ਦੀ ਹੈ। ਅੱਜ ਹਰ ਵਿਅਕਤੀ ਇੰਟਰਨੈੱਟ ਦੀ ਵਰਤੋਂ ਕਰ ਰਿਹਾ ਹੈ। ਇੰਟਰਨੈੱਟ ਦੇ ਨਾਲ ਵਧੇੇਰੇ ਲੋਕ ਜੁੜੇ ਹੁੰਦੇ ਹਨ, ਜਿਸ ਕਾਰਨ ਇਸ ਦੀ ਸੁਰੱਖਿਆ ਕਰਨੀ ਕਾਫੀ ਔਖੀ ਹੋ ਗਈ ਹੈ। ਇਸ ਕਾਰਨ ਹੁਣ ਕਈ ਅਪਰਾਧ ਦੇਸ਼ ’ਚ ਲਗਾਤਾਰ ਹੋ ਰਹੇ ਹਨ। ਅੱਜ ਲੋਕਾਂ ਨੂੰ ਇਸ ਪ੍ਰਤੀ ਸਾਵਧਾਨੀ ਦੀ ਵਰਤੋਂ ਕਰਦੇ ਹੋਏ ਨਿੱਜੀ ਸੂਚਨਾ ਹਾਸਲ ਕਰਨ ਵਾਲੇ ਸੰਦੇਸ਼ਾਂ ਅਤੇ ਲਿੰਕ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਕਦੇ ਵੀ ਬਿਨਾਂ ਸੋਚੇ ਸਮਝੇ ਆਪਣੇ ਕਿਸੇ ਕਿਸਮ ਦੀ ਸੂਚਨਾ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਅਣਜਾਨ ਵਿਅਕਤੀਆਂ ਦੇ ਸੰਪਰਕ ’ਚ ਨਹੀਂ ਆਉਣਾ ਚਾਹੀਦਾ। ਅਣਜਾਨ ਨੰਬਰਾਂ ਤੋਂ ਆਉਣ ਵਾਲੇ ਫੋਨ ’ਤੇ ਵਧੇਰੇ ਗੱਲਬਾਤ ਨਾ ਕਰੋ। ਬੈਂਕ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਨੂੰ ਖੂਫੀਆ ਰੱਖੋ।

ਅੱਜ ਦੇ ਲੋਕਾਂ ਨੂੰ ਸਾਈਬਰ ਸੁਰੱਖਿਆ ਅਤੇ ਸਾਈਬਰ ਕ੍ਰਾਈਮ ਬਾਰੇ ਘੱਟ ਜਾਣਕਾਰੀ ਹੈ। ਭਾਰਤ ਸਰਕਾਰ ਨੇ ਸਾਈਬਰ ਅਪਰਾਧ ਨੂੰ ਰੋਕਣ ਲਈ ਕਾਫੀ ਕਦਮ ਚੁੱਕੇ ਹਨ, ਜਿਸ ਕਾਰਨ ਦੇਸ਼ ’ਚ ਅਪਰਾਧ ਵੀ ਬਹੁਤ ਘੱਟ ਹੋ ਗਏ ਹਨ ਪਰ ਫਿਰ ਵੀ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ। ਜਦੋਂ ਵੀ ਕਿਸੇ ਸੰਸਥਾ ’ਚ ਕਿਸੇ ਚੰਗੀ ਤਰ੍ਹਾਂ ਨਾਲ ਨੈੱਟਵਰਕ ਦੀ ਸੁਰੱਖਿਆ ਕੀਤੀ ਜਾਵੇ ਤਾਂ ਇਹ ਕੰਮ ਸਾਈਬਰ ਸੁਰੱਖਿਆ ਦੀਆਂ ਸੇਵਾਵਾਂ ਰਾਹੀਂ ਕੀਤਾ ਜਾਣਾ ਚਾਹੀਦਾ ਹੈ। ਐਂਟੀ ਵਾਇਰਸ ਦੀ ਵਰਤੋਂ ਵੀ ਸਾਨੂੰ ਇਨ੍ਹਾਂ ਹਮਲਿਆਂ ਤੋਂ ਬਚਾਅ ਸਕਦੀ ਹੈ। ਆਪਣੇ ਇੰਟਰਨੈੱਟ ਦੇ ਡਾਟਾ ਨੂੰ ਸੁਰੱਖਿਅਤ ਰੱਖਣਾ ਹੀ ਸਾਈਬਰ ਸੁਰੱਖਿਆ ਹੈ। ਨੈੱਟਵਰਕ ਸੁਰੱਖਿਆ, ਐਪਲੀਕੇਸ਼ਨਜ਼ ਸੁਰੱਖਿਆ, ਡਾਟਾ ਸੁਰੱਖਿਆ ਅਤੇ ਮੋਬਾਇਲ ਸੁਰੱਖਿਆ ਸਬੰਧੀ ਲੋਕਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ।

drmlsharma5@gmail.com

Bharat Thapa

This news is Content Editor Bharat Thapa