ਅਮਰੀਕਾ, ਯੂਰਪ ਤੋਂ ਫਿਰ ਕੋਵਿਡ ਦੀ ਚਿਤਾਵਨੀ

11/25/2021 3:51:28 AM

ਵਿਪਿਨ ਪੱਬੀ 
ਇਹ ਇੰਨਾ ਤ੍ਰਾਸਦੀਪੂਰਨ ਹੈ ਕਿ ਯੂਰਪ ’ਚ ਕੋਵਿਡ ਦੇ ਮਾਮਲਿਆਂ ’ਚ ਤੇਜ਼ੀ ਆ ਰਹੀ ਹੈ ਜਦਕਿ ਰੋਜ਼ ਮਹਾਮਾਰੀ ਨੂੰ ਕਾਬੂ ਕਰਨ ਦੇ ਲਈ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਦੇ ਵਿਰੁੱਧ ਰੋਸ ਵਿਖਾਵੇ ਕੀਤੇ ਜਾ ਰਹੇ ਹਨ।

ਆਸਟ੍ਰੀਆ ’ਚ ਦੇਸ਼ ਪੱਧਰੀ ਲਾਕਡਾਊਨ ਲਗਾ ਦਿੱਤਾ ਗਿਆ ਹੈ ਜਦਕਿ ਜਰਮਨੀ ਅਤੇ ਸਲੋਵਾਕੀਆ ’ਚ ਮਾਮੂਲੀ ਜਾਂ ਮੁਕੰਮਲ ਲਾਕਡਾਊਨ ਲਗਾਉਣ ਦੇ ਐਲਾਨ ਦੀ ਆਸ ਕੀਤੀ ਜਾ ਰਹੀ ਹੈ ਕਿਉਂਕਿ ਉਥੇ ਕੋਵਿਡ ਦੇ ਮਾਮਲਿਆਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਇੰਗਲੈਂਡ ਅਤੇ ਬੈਲਜੀਅਮ ਮਹਾਮਾਰੀ ਦੇ ਸਭ ਤੋਂ ਵੱਧ ਖਰਾਬ ਦੌਰ ਦਾ ਸਾਹਮਣਾ ਕਰ ਰਹੇ ਹਨ। ਕੁਲ ਮਿਲਾ ਕੇ ਯੂਰਪ ’ਚ ਰੋਜ਼ਾਨਾ ਵਿਸ਼ਵ ਭਰ ਦੇ ਇਨਫੈਕਸ਼ਨ ਦੇ ਲਗਭਗ 2 ਤਿਹਾਈ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ।

ਇੱਥੋਂ ਤੱਕ ਕਿ ਅਮਰੀਕਾ ਵੀ ਕੋਵਿਡ ਇਨਫੈਕਸ਼ਨਾਂ ਦੀ ਗੰਭੀਰ ਵਾਪਸੀ ਦਾ ਸਾਹਮਣਾ ਕਰ ਰਿਹਾ ਹੈ।

ਭਾਰਤ ’ਚ ਅਸੀਂ ਖੁਸ਼ਕਿਸਮਤ ਹਾਂ ਕਿ ਇਨਫੈਕਸ਼ਨ ਦੀਆਂ ਹੇਠਲੀਆਂ ਦਰਾਂ ’ਚੋੋਂ ਲੰਘ ਰਹੇ ਹਾਂ। ਮੰਗਲਵਾਰ ਦੇ ਅਧਿਕਾਰਕ ਅੰਕੜਿਆਂ ਦੇ ਅਨੁਸਾਰ ਭਾਰਤ ’ਚ ਨਵੇਂ ਇਨਫੈਕਟਿਡਾਂ ਦੀ ਕੁਲ ਗਿਣਤੀ 7636 ਸੀ।

ਜੇਕਰ ਤੁਸੀਂ ਇਹ ਤਰਕ ਵੀ ਦਿਓ ਕਿ ਭਾਰਤ ’ਚ ਅਧਿਕਾਰਤ ਅੰਕੜੇ ਭਰੋਸੇਯੋਗ ਨਹੀਂ ਹੋ ਸਕਦੇ ਤਾਂ ਉਸੇ ਦਿਨ ਅਮਰੀਕਾ ’ਚ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਗਿਣਤੀ ’ਤੇ ਜ਼ਰਾ ਝਾਤੀ ਮਾਰੋ- 92835 ਨਵੇਂ ਮਾਮਲੇ ਅਤੇ ਇਹ ਵੀ ਯਾਦ ਰੱਖੋ ਕਿ ਭਾਰਤ ਦੀ ਆਬਾਦੀ ਅਮਰੀਕਾ ਤੋਂ 4 ਗੁਣਾ ਵੱਧ ਹੈ।

ਇਹ ਵੀ ਮਹੱਤਵਪੂਰਨ ਹੈ ਕਿ ਯੂਰਪ ਅਤੇ ਅਮਰੀਕਾ ’ਚ ਟੀਕਾਕਰਨ ਦੀਆਂ ਤੁਲਨਾਤਮਕ ਦਰਾਂ ਭਾਰਤ ਦੇ ਮੁਕਾਬਲੇ ਕਿਤੇ ਵੱਧ ਹਨ। ਦਰਅਸਲ ਇਨ੍ਹਾਂ ਦੇਸ਼ਾਂ ’ਚ ਵੈਕਸੀਨ ਦੀ ਤੀਸਰੀ ਡੋਜ਼ ਲਗਵਾਉਣ ਦੀ ਵੀ ਤਜਵੀਜ਼ ਰੱਖੀ ਗਈ ਹੈ ਪਰ ਫਿਰ ਵੀ ਗਿਣਤੀ ਵਧਦੀ ਜਾ ਰਹੀ ਹੈ। ਇਜ਼ਰਾਈਲ, ਜਿਸ ’ਚ ਬੱਚਿਆਂ ਸਮੇਤ 100 ਫੀਸਦੀ ਟੀਕਾਕਰਨ ਦੀ ਰਿਪੋਰਟ ਹੈ, ’ਚ ਇਕ ਵਾਰ ਮੁੜ ਤੋਂ ਕੋਵਿਡ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਵੀ ਕੋਵਿਡ ਵਾਪਸੀ ਦੀ ਰਿਪੋਰਟ ਕੀਤੀ ਹੈ।

ਭਾਰਤ ਨੇ ਇਕ ਅਰਬ ਤੋਂ ਵੱਧ ਟੀਕਾਕਰਨ ਕਰ ਕੇ ਚੰਗਾ ਕੀਤਾ ਪਰ ਕੁਲ ਮਿਲਾ ਕੇ ਸਿਰਫ ਇਕ ਤਿਹਾਈ ਆਬਾਦੀ ਦਾ ਮੁਕੰਮਲ ਟੀਕਾਕਰਨ ਹੋਇਆ ਹੈ। ਦੇਸ਼ ਦੀ ਵੱਡੀ ਆਬਾਦੀ ਅਤੇ ਇਸ ਦੇ ਕੁਝ ਹਿੱਸਿਆਂ ’ਚ ਟੀਕਾਕਰਨ ਕਰਵਾਉਣ ’ਚ ਝਿਜਕ ਨੂੰ ਦੇਖਦੇ ਹੋਏ ਇਹ ਇਕ ਬਹੁਤ ਵੱਡਾ ਕਾਰਜ ਹੈ। ਮੱਠੀ ਪ੍ਰਤੀਕਿਰਿਆ ਅਤੇ ਵਿਸ਼ਵ ਦੀ ਫਾਰਮੇਸੀ ਦੇ ਤੌਰ ’ਤੇ ਕ੍ਰੈਡਿਟ ਦਿੱਤੇ ਜਾਣ ’ਤੇ ਜ਼ੋਰ ਦੇ ਬਾਅਦ ਸਰਕਾਰ ਨੇ ਆਪਣੀ ਕਾਰਗੁਜ਼ਾਰੀ ’ਚ ਸੁਧਾਰ ਕੀਤਾ ਪਰ ਅਜੇ ਤੱਕ ਅਸੀਂ ਪੂਰੀ ਤਰ੍ਹਾਂ ਨਾਲ ਟੀਕਾਕਰਨ ਵਾਲੇ ਦੇਸ਼ ਦੇ ਟੀਚੇ ਤੋਂ ਕਾਫੀ ਦੂਰ ਹਾਂ। ਪਰ 100 ਫੀਸਦੀ ਟੀਕਾਕਰਨ ਦੇ ਬਾਵਜੂਦ ਵੀ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਕੋਵਿਡ ਹੋਰ ਵੱਧ ਲੋਕਾਂ ਦਾ ਸ਼ਿਕਾਰ ਨਹੀਂ ਕਰੇਗਾ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸੰਜੋਗ ਹੈ ਕਿ ਯੂਰਪ ਅਤੇ ਅਮਰੀਕਾ ’ਚ ਕੋਵਿਡ ਦੇ ਮਾਮਲਿਆਂ ’ਚ ਫਿਰ ਤੋਂ ਵਾਧਾ ਉਸ ਸਮੇਂ ਹੋ ਰਿਹਾ ਹੈ ਜਦ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਸਰਦੀਆਂ ’ਚ ਸਾਰੇ ਵਾਇਰਸ ਤੇਜ਼ੀ ਨਾਲ ਫੈਲਦੇ ਹਨ। ਸ਼ਾਇਦ ਇਹ ਇਸ ਤੱਥ ਦੇ ਕਾਰਨ ਹੈ ਕਿ ਸਰਦੀਆਂ ਦੇ ਆਗਮਨ ਦੇ ਨਾਲ ਹੀ ਤਿਉਹਾਰਾਂ ਦਾ ਮੌਸਮ ਆਉਂਦਾ ਹੈ ਅਤੇ ਲੋਕ ਇਸ ਸਮੇਂ ਦੌਰਾਨ ਇਕ-ਦੂਸਰੇ ਦੇ ਨਾਲ ਵੱਧ ਮਿਲਦੇ ਜੁਲਦੇ ਹਨ। ਭਾਰਤ ’ਚ ਵੀ ਤਿਉਹਾਰਾਂ ਦੇ ਮੌਸਮ ਦੌਰਾਨ ਬੜੀ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਏ। ਇਸ ਦੇ ਇਲਾਵਾ ‘ਵਿਆਹਾਂ’ ਦਾ ਮੌਸਮ ਵੀ ਹੈ, ਜਿਸ ’ਚ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ।

ਪੱਛਮ ’ਚ ਅਜਿਹੇ ਲੋਕ ਵੀ ਹਨ ਜੋ ਇਹ ਮੰਨਦੇ ਹਨ ਅਤੇ ਇਹ ਗੱਲ ਫੈਲਾਉਂਦੇ ਹਨ ਕਿ ਜੇਕਰ ਟੀਕਾਕਰਨ ਕਰਵਾਇਆ ਗਿਆ ਹੈ ਤਾਂ ਵੀ ਕੋਵਿਡ ਤੁਹਾਨੂੰ ਆਪਣਾ ਸ਼ਿਕਾਰ ਬਣਾ ਲਵੇਗਾ ਜਦਕਿ ਤੱਥ ਇਹ ਹੈ ਕਿ ਜਿਹੜੇ ਲੋਕਾਂ ਨੇ ਆਪਣਾ ਟੀਕਾਕਰਨ ਕਰਵਾਇਆ ਹੈ, ਉਨ੍ਹਾਂ ਦੇ ਹਸਪਤਾਲ ’ਚ ਦਾਖਲ ਹੋਣ ਅਤੇ ਮੌਤ ਤੋਂ ਬਚਣ ਦੇ ਬਿਹਤਰ ਮੌਕੇ ਹਨ।

ਅਮਰੀਕਾ ਅਤੇ ਯੂਰਪ ’ਚ 60 ਫੀਸਦੀ ਤੋਂ ਵੱਧ ਆਬਾਦੀ ਦਾ ਹੁਣ ਪੂਰੀ ਤਰ੍ਹਾਂ ਟੀਕਾਕਰਨ ਹੋ ਚੁਕਾ ਹੈ ਪਰ ਕੋਵਿਡ ਦੇ ਮਾਮਲਿਆਂ ਦਾ ਫਿਰ ਤੋਂ ਵਧਣਾ ਚਿੰਤਾਜਨਕ ਹੈ। ਇਹੀ ਉਹ ਸਬਕ ਹੈ ਜਿਸ ਤੋਂ ਸਾਨੂੰ ਦੁਨੀਆ ਦੇ ਹੋਰਨਾਂ ਹਿੱਸਿਆਂ ਤੋਂ ਸਿੱਖਣ ਦੀ ਲੋੜ ਹੈ। ਟੀਕਾਕਰਨ ਦੀਆਂ ਉੱਚੀਆਂ ਦਰਾਂ ਪਰ ਸਾਰੀ ਸਾਵਧਾਨੀਆਂ ਨੂੰ ਅੱਖੋਂ-ਪਰੋਖੇ ਕਰਨਾ ਤਬਾਹਕੁੰਨ ਹੋ ਸਕਦਾ ਹੈ। ਫਿਰ ਵੀ ਅਜਿਹੇ ਲੋਕ ਹਨ ਜੋ ਇਹ ਮੰਨਦੇ ਹਨ ਕਿ ਇਵੇਂ ਹੀ ਠੀਕ ਹੈ ਅਤੇ ਕੋਵਿਡ ਨੇ ਇੱਥੇ ਹੀ ਰਹਿਣਾ ਹੈ।

ਹਾਂ, ਇਸ ਨੇ ਇੱਥੇ ਰਹਿਣਾ ਹੈ ਪਰ ਇਹ ਵਿਅਕਤੀਆਂ ’ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੇ ਸਾਵਧਾਨੀਆਂ ਵਰਤਣੀਆਂ ਹਨ ਜਾਂ ਨਹੀਂ। ਇਹ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਹੈ ਕਿ ਬਜ਼ੁਰਗ ਅਤੇ ਅਜਿਹੇ ਲੋਕ ਜੋ ਸ਼ੂਗਰ ਅਤੇ

ਹੋਰਨਾਂ ਬਿਮਾਰੀਆਂ ਤੋਂ ਪੀੜਤ ਹਨ,ਚੌਕਸੀ ਜ਼ਰੂਰ ਵਰਤਣ। ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ’ਚ ਸ਼ਰਮ ਵਾਲੀ ਕੋਈ ਗੱਲ ਨਹੀਂ। ਇਸ ਦੀ ਕੋਈ ਪ੍ਰਵਾਹ ਨਹੀਂ ਕਿ ਜੇਕਰ ਕੁਝ ਲੋਕ ਸਾਡੇ ਅਜਿਹੇ ਵਤੀਰੇ ਦਾ ਮਜ਼ਾਕ ਉਡਾਉਣ ਪਰ ਇਹ ਮਹੱਤਵਪੂਰਨ ਹੈ ਕਿ ਅਸੀਂ ਜਿੰਨਾ ਵੱਧ ਸੰਭਵ ਹੋ ਸਕੇ ਓਨੀਆਂ ਸਾਵਧਾਨੀਆਂ ਵਰਤੀਏ।

Bharat Thapa

This news is Content Editor Bharat Thapa