ਕੋਰੋਨਾ ਦਾ ਟੀਕਾ ਪਹਿਲਾਂ ਨੇਤਾ ਲਗਵਾਉਣ

01/12/2021 2:04:06 AM

ਡਾ. ਵੇਦਪ੍ਰਤਾਪ ਵੈਦਿਕ

ਕੋਰੋਨਾ ਦਾ ਟੀਕਾ ਦੇਸ਼ ਦੇ ਲੋਕਾਂ ਨੂੰ ਕਿਵੇਂ ਮੁਹੱਈਆ ਕਰਵਾਇਆ ਜਾਵੇਗਾ, ਇਸ ਦੇ ਲਈ ਕੇਂਦਰ ਦਾ ਸਿਹਤ ਮੰਤਰਾਲਾ ਪੂਰੇ ਪ੍ਰਬੰਧ ਕਰ ਰਿਹਾ ਹੈ ਪਰ ਟੀਕੇ ਦੇ ਬਾਰੇ ’ਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਵੀ ਸਾਹਮਣੇ ਆ ਰਹੇ ਹਨ। ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ’ਚ ਬਣੇ ਇਸ ਟੀਕੇ ਦਾ ਉਵੇਂ ਹੀ ਸਖਤ ਪ੍ਰੀਖਣ ਨਹੀਂ ਹੋਇਆ ਹੈ, ਜਿਵੇਂ ਕਿ ਕੁਝ ਪੱਛਮੀ ਦੇਸ਼ਾਂ ਦੇ ਟੀਕਿਆਂ ਦਾ ਹੋਇਆ ਹੈ। ਇਸ ਲਈ ਕਰੋੜਾਂ ਲੋਕਾਂ ਨੂੰ ਇਹ ਟੀਕਾ ਕਾਹਲੀ-ਕਾਹਲੀ ’ਚ ਕਿਉਂ ਲਗਵਾਇਆ ਜਾ ਰਿਹਾ ਹੈ? ਭੋਪਾਲ ’ਚ ਇਕ ਅਜਿਹੇ ਵਿਅਕਤੀ ਦੀ ਮੌਤ ਨੂੰ ਵੀ ਇਸ ਤਰਕ ਦਾ ਆਧਾਰ ਬਣਾਇਆ ਜਾ ਰਿਹਾ ਹੈ, ਜਿਸ ਨੂੰ ਪ੍ਰੀਖਣ ਟੀਕਾ ਲਗਾਇਆ ਗਿਆ ਸੀ।

ਸਬੰਧਤ ਹਸਪਤਾਲ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਸ ਰੋਗੀ ਦੀ ਮੌਤ ਦਾ ਕਾਰਨ ਇਹ ਟੀਕਾ ਨਹੀਂ, ਕੁਝ ਹੋਰ ਰੋਗ ਹਨ। ਕੁਝ ਅਸਹਿਮਤ ਵਿਗਿਆਨੀਆਂ ਦਾ ਇਹ ਮੰਨਣਾ ਵੀ ਹੈ ਕਿ ਅਜੇ ਤਕ ਇਹ ਹੀ ਪ੍ਰਮਾਣਿਤ ਨਹੀਂ ਹੋਇਆ ਹੈ ਕਿ ਕਿਸੇ ਨੂੰ ਕੋਰੋਨਾ ਰੋਗ ਹੋਇਆ ਹੈ ਜਾਂ ਨਹੀਂ? ਉਸ ਦੀ ਜਾਂਚ ’ਤੇ ਵੀ ਭੁਲੇਖਾ ਬਣਿਆ ਹੋਇਆ ਹੈ। ਕਿਸ ਰੋਗੀ ਨੂੰ ਕਿੰਨੀ ਦਵਾਈ ਦਿੱਤੀ ਜਾਵੇ ਆਦਿ ਸਵਾਲਾਂ ਦਾ ਵੀ ਠੋਸ ਜਵਾਬ ਮੁਹੱਈਆ ਨਹੀਂ ਹੈ। ਅਜਿਹੀ ਸਥਿਤੀ ’ਚ 30 ਕਰੋੜ ਲੋਕਾਂ ਨੂੰ ਟੀਕਾ ਦੇਣ ਦੀ ਗੱਲ ਖਤਰੇ ਤੋਂ ਖਾਲੀ ਨਹੀਂ ਹੈ। ਇਸ ਦੇ ਇਲਾਵਾ ਪਿਛਲੇ ਕੁਝ ਹਫਤਿਆਂ ਤੋਂ ਕੋਰੋਨਾ ਦਾ ਪ੍ਰਕੋਪ ਕਾਫੀ ਘੱਟ ਹੋ ਗਿਆ ਹੈ। ਅਜਿਹੇ ’ਚ ਸਰਕਾਰ ਨੂੰ ਇੰਨੀ ਕਾਹਲੀ ਕੀ ਪਈ ਸੀ ਕਿ ਉਸ ਨੇ ਇਸ ਟੀਕੇ ਲਈ ਜੰਗ ਵਰਗੀ ਮੁਹਿੰਮ ਚਲਾਉਣ ਦਾ ਐਲਾਨ ਕਰ ਦਿੱਤਾ ?

ਕੁਝ ਵਿਰੋਧੀ ਧਿਰ ਦੇ ਨੇਤਾਵਾਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਇਹ ਟੀਕਾ ਮੁਹਿੰਮ ਇਸ ਲਈ ਚਲਾ ਰਹੀ ਹੈ ਕਿ ਦੇਸ਼ ਦੀ ਡਿੱਗਦੀ ਹੋਈ ਅਰਥਵਿਵਸਥਾ ਅਤੇ ਕਿਸਾਨ ਅੰਦੋਲਨ ਤੋਂ ਦੇਸ਼ਵਾਸੀਆਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ। ਵਿਰੋਧੀ ਧਿਰ ਦੇ ਨੇਤਾ ਅਜਿਹਾ ਦੋਸ਼ ਨਾ ਲਗਾਉਣ ਤਾਂ ਫਿਰ ਉਹ ਵਿਰੋਧੀ ਕਿਵੇਂ ਅਖਵਾਉਣਗੇ ਪਰ ਟੀਕੇ ਦੀ ਪ੍ਰਮਾਣਿਕਤਾ ਦੇ ਬਾਰੇ ’ਚ ਸਾਡੇ ਵਿਗਿਆਨੀਆਂ ’ਤੇ ਸਾਨੂੰ ਭਰੋਸਾ ਜ਼ਰੂਰ ਕਰਨਾ ਚਾਹੀਦਾ ਹੈ। ਰੂਸ ਅਤੇ ਚੀਨ ਵਰਗੇ ਦੇਸ਼ਾਂ ’ਚ ਸਾਡੇ ਤੋਂ ਪਹਿਲਾਂ ਹੀ ਟੀਕਾਕਰਨ ਸ਼ੁਰੂ ਹੋ ਗਿਆ ਹੈ।

ਇਹ ਠੀਕ ਹੈ ਕਿ ਅਮਰੀਕਾ ਅਤੇ ਬ੍ਰਿਟੇਨ ’ਚ ਟੀਕੇ ਨੂੰ ਮਨਜ਼ੂਰੀ ਤਦ ਹੀ ਮਿਲੀ ਹੈ ਜਦਕਿ ਉਸ ਦੇ ਪੂਰੇ ਪ੍ਰੀਖਣ ਹੋ ਗਏ ਹਨ ਪਰ ਅਸੀਂ ਇਹ ਨਾ ਭੁੱਲੀਏ ਕਿ ਇਨ੍ਹਾਂ ਦੇਸ਼ਾਂ ’ਚ ਭਾਰਤ ਦੇ ਮੁਕਾਬਲੇ ਕੋਰੋਨਾ ਕਈ ਗੁਣਾ ਜ਼ਿਆਦਾ ਫੈਲਿਆ ਹੈ ਜਦਕਿ ਉਨ੍ਹਾਂ ਦੀਆਂ ਸਿਹਤ ਸੇਵਾਵਾਂ ਸਾਡੇ ਨਾਲੋਂ ਕਿਤੇ ਵਧ ਵਧੀਆ ਹਨ। ਸਾਡੇ ਇਥੇ ਕੋਰੋਨਾ ਉਤਾਰ ’ਤੇ ਤਾਂ ਹੈ ਹੀ, ਇਸ ਦੇ ਇਲਾਵਾ ਸਾਡੇ ਆਯੁਰਵੇਦਿਕ ਅਤੇ ਹਕੀਮੀ ਕਾਹੜੇ ਵੀ ਬੜੇ ਚਮਤਕਾਰੀ ਹਨ। ਇਸ ਲਈ ਡਰਨ ਦੀ ਲੋੜ ਨਹੀਂ ਹੈ, ਜੇਕਰ ਟੀਕੇ ਦੇ ਕੁਝ ਗਲਤ ਨਤੀਜੇ ਦਿੱਸਣਗੇ ਤਾਂ ਉਸ ਨੂੰ ਤੁਰੰਤ ਰੋਕ ਦਿੱਤਾ ਜਾਵੇਗਾ ਪਰ ਲੋਕਾਂ ਦਾ ਡਰ ਦੂਰ ਹੋਵੇ, ਉਸ ਦੇ ਲਈ ਕੀ ਇਹ ਉਚਿਤ ਨਹੀਂ ਹੋਵੇਗਾ ਕਿ 16 ਜਨਵਰੀ ਨੂੰ ਸਭ ਤੋਂ ਪਹਿਲਾ ਟੀਕਾ ਸਾਡੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅੱਗੇ ਹੋ ਕੇ ਲਗਵਾਉਣ। ਜਦੋਂ ਅਮਰੀਕਾ ਦੇ ਬਾਈਡੇਨ, ਬ੍ਰਿਟੇਨ ਦੀ ਮਹਾਰਾਣੀ ਅਤੇ ਪੋਪ ਵੀ ਤਿਆਰ ਹਨ ਤਾਂ ਸਾਡੇ ਨੇਤਾ ਵੀ ਪਿੱਛੇ ਕਿਉਂ ਰਹਿਣ?

Bharat Thapa

This news is Content Editor Bharat Thapa