ਭਾਈਚਾਰਾ ਹੀ ਹਿੰਦੂਤਵ ਹੈ : ਭਾਗਵਤ

10/26/2020 2:27:48 AM

ਡਾ. ਵੇਦਪ੍ਰਤਾਪ ਵੈਦਿਕ

ਹਰ ਵਿਜੇਦਸ਼ਮੀ ਨੂੰ ਭਾਵ ਦੁਸਹਿਰੇ ਵਾਲੇ ਦਿਨ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਨਾਗਪੁਰ ’ਚ ਵਿਸ਼ੇਸ਼ ਭਾਸ਼ਣ ਦਿੰਦੇ ਹਨ ਕਿਉਂਕਿ ਇਸ ਦਿਨ ਸੰਘ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਇਸ ਵਾਰ ਸੰਘ ਮੁਖੀ ਮੋਹਨ ਭਾਗਵਤ ਦਾ ਭਾਸ਼ਣ ਮੈਂ ਟੀ. ਵੀ. ਚੈਨਲਾਂ ’ਤੇ ਦੇਖਿਆ ਅਤੇ ਸੁਣਿਆ। ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਤੋਂ ਪ੍ਰਭਾਵਿਤ ਹੋਇਆ ਕਿ ਉਨ੍ਹਾਂ ਦੀ ਭਾਸ਼ਾ ਭਾਵ ਹਿੰਦੀ ਇੰਨੀ ਸ਼ੁੱਧ ਅਤੇ ਡੂੰਘਾਈ ਵਾਲੀ ਸੀ ਕਿ ਦਿੱਲੀ ’ਚ ਤਾਂ ਅਜਿਹੀ ਆਕਰਸ਼ਕ ਹਿੰਦੀ ਸੁਣਨ ’ਚ ਵੀ ਨਹੀਂ ਆਉਂਦੀ ਅਤੇ ਉਹ ਵੀ ਉਦੋਂ ਜਦਕਿ ਖੁਦ ਮੋਹਨ ਜੀ ਹਿੰਦੀ ਭਾਸ਼ੀ ਨਹੀਂ ਹਨ। ਉਹ ਮਰਾਠੀ ਭਾਸ਼ੀ ਹਨ।

ਸਾਡੀਅਾਂ ਸਾਰੀਅਾਂ ਪਾਰਟੀਅਾਂ, ਖਾਸ ਤੌਰ ’ਤੇ ਭਾਜਪਾ, ਜਦ (ਯੂ), ਰਾਜਗ, ਸਪਾ, ਬਸਪਾ ਦੇ ਨੇਤਾ ਉਹੋ ਜਿਹੀ ਹਿੰਦੀ ਜਾਂ ਉਸ ਤੋਂ ਵੀ ਸੌਖੀ ਹਿੰਦੀ ਕਿਉਂ ਨਹੀਂ ਬੋਲ ਸਕਦੇ? ਉਸ ਭਾਸ਼ਣ ’ਚ ਜੋ ਸਿਆਸੀ ਅਤੇ ਸਿਧਾਂਤਕ ਮੁੱਦੇ ਉਠਾਏ ਗਏ, ਉਨ੍ਹਾਂ ਤੋਂ ਇਲਾਵਾ ਭਾਰਤ ਦੇ ਨਾਗਰਿਕਾਂ ਨੂੰ ਆਪਣੇ ਰੋਜ਼ਾਨਾ ਦੇ ਜੀਵਨ ’ਚ ਕੀ-ਕੀ ਕਰਨਾ ਚਾਹੀਦਾ ਹੈ, ਅਜਿਹੀ ਸਿੱਖਿਆ ਸਾਡੇ ਨੇਤਾ ਲੋਕ ਵੀ ਕਿਉਂ ਨਹੀਂ ਦਿੰਦੇ? ਕੁਝ ਨੇਤਾਵਾਂ ਨੂੰ ਆਦਤ ਪੈ ਜਾਂਦੀ ਹੈ ਕਿ ਉਹ ਟੀ. ਵੀ. ਚੈਨਲਾਂ ’ਤੇ ਰਾਸ਼ਟਰ ਨੂੰ ਗਾਹੇ-ਬਗਾਹੇ ਸੰਬੋਧਿਤ ਕਰਨ ਦਾ ਬਹਾਨਾ ਲੱਭ ਲੈਂਦੇ ਹਨ ਜਾਂ ਕੁਝ ਖਾਸ ਦਿਨਾਂ ’ਤੇ ਅਫਸਰਾਂ ਦੇ ਲਿਖੇ ਭਾਸ਼ਣ ਪੜ੍ਹ ਦਿੰਦੇ ਹਨ। ਇਨ੍ਹਾਂ ਨੇਤਾਵਾਂ ਨੂੰ ਅੱਜ ਪਤਾ ਲੱਗਾ ਹੋਵੇਗਾ ਕਿ ਭਾਰਤ ਦੇ ਸੱਭਿਆਚਾਰ ਅਤੇ ਸਿਧਾਂਤਕ ਸਵਾਲਾਂ ’ਤੇ ਜਨਤਕ ਬਹਿਸ ਕਿਵੇਂ ਚਲਾਈ ਜਾਂਦੀ ਹੈ।

ਮੋਹਨ ਭਾਗਵਤ ਦੇ ਇਸ ਵਿਚਾਰ ਦਾ ਵਿਰੋਧ ਕੌਣ ਕਰ ਸਕਦਾ ਹੈ ਕਿ ਭਾਰਤ ’ਚ ਭਾਈਚਾਰਾ ਹੀ ਸੱਚਾ ਹਿੰਦੂਤਵ ਹੈ। ਇਹ ਵਿਚਾਰ ਇੰਨਾ ਉਦਾਰ, ਇੰਨਾ ਲਚਕੀਲਾ ਅਤੇ ਇੰਨਾ ਸੰਵਿਧਾਨ ਅਨੁਸਾਰ ਹੈ ਕਿ ਇਸ ਨੂੰ ਸਾਰੀਅਾਂ ਜਾਤੀਅਾਂ, ਸਾਰੇ ਪੰਥਾਂ, ਸਾਰੀਆਂ ਸੰਪ੍ਰਦਾਵਾਂ, ਸਾਰੀਆਂ ਭਾਸ਼ਾਵਾਂ ਦੇ ਲੋਕ ਮੰਨਣਗੇ। ਹਿੰਦੂਤਵ ਦੀ ਜੋ ਸੌੜੀ ਪਰਿਭਾਸ਼ਾ ਪਹਿਲਾਂ ਕੀਤੀ ਜਾਂਦੀ ਸੀ ਅਤੇ ਜੋ ਹੁਣ ਤਕ ਸਮਝੀ ਜਾ ਰਹੀ ਹੈ, ਉਸ ਛੋਟੀ ਲਕੀਰ ਦੇ ਉੱਪਰ ਮੋਹਨ ਜੀ ਨੇ ਇਕ ਲੰਬੀ ਲਕੀਰ ਖਿੱਚ ਦਿੱਤੀ ਹੈ। ਉਨ੍ਹਾਂ ਦੇ ਹਿੰਦੂਤਵ ’ਚ ਭਾਰਤ ਦੇ ਸਾਰੇ 130 ਕਰੋੜ ਲੋਕ ਸਮਾਹਿਤ ਹਨ। ਪੂਜਾ-ਪ੍ਰਣਾਲੀ ਵੱਖ-ਵੱਖ ਹੋ ਜਾਣ ਨਾਲ ਕੋਈ ਅਹਿੰਦੂ ਨਹੀਂ ਹੋ ਜਾਂਦਾ। ਅਹਿੰਦੂ ਉਹ ਹੈ, ਜੋ ਅ-ਭਾਰਤੀ ਹੈ। ਭਾਵ ਹਿੰਦੂ ਅਤੇ ਭਾਰਤੀ ਇਕ ਹੀ ਹੈ। ਮੋਹਨ ਭਾਗਵਤ ਦੇ ਇਸ ਵਿਚਾਰ ਨੂੰ ਸੰਘ ਦਾ ਹਰੇਕ ਸਵੈਮਸੇਵਕ ਅਤੇ ਹਰੇਕ ਭਾਰਤੀ ਆਤਮਸਾਤ ਕਰ ਲਵੇ ਤਾਂ ਿਫਰਕੂਪੁਣਾ ਆਪਣੇ ਆਪ ਭਾਰਤ ’ਚੋਂ ਭੱਜ ਜਾਵੇਗਾ।

ਮੋਹਨ ਭਾਗਵਤ ਨੇ ਕੋਰੋਨਾ ਮਹਾਮਾਰੀ, ਕਿਸਾਨ ਨੀਤੀ, ਸਿੱਖਿਆ ਨੀਤੀ ਅਤੇ ਗੁਆਂਢੀ ਨੀਤੀ ਆਦਿ ’ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸਿੱਖਿਆ ਨੀਤੀ ’ਤੇ ਬੋਲਦੇ ਹੋਏ ਜੇਕਰ ਉਹ ਰਾਜ-ਕਾਜ, ਭਰਤੀ ਅਤੇ ਰੋਜ਼ਗਾਰ ’ਚੋਂ ਅੰਗਰੇਜ਼ੀ ਨੂੰ ਹਟਾਉਣ ਦੀ ਗੱਲ ਕਰਦੇ ਤਾਂ ਬਿਹਤਰ ਹੁੰਦਾ। ਮਾਤਭਾਸ਼ਾ ’ਚ ਸਿੱਖਿਆ ਦੀ ਗੱਲ ਤਾਂ ਉੱਤਮ ਹੈ ਪਰ ਜਦੋਂ ਰੋਜ਼ਗਾਰ ਅਤੇ ਸਿਰਮੌਰਤਾ ਅੰਗਰੇਜ਼ੀ ਦਿੰਦੀ ਹੈ ਤਾਂ ਮਾਤਭਾਸ਼ਾ ’ਚ ਕੋਈ ਕਿਉਂ ਪੜ੍ਹੇਗਾ? ਇਸੇ ਤਰ੍ਹਾਂ ਗੁਆਂਢੀ ਦੇਸ਼ਾਂ ਨੂੰ ਇਕ ਸੂਤਰ ’ਚ ਬੰਨ੍ਹਣ ’ਚ ‘ਸਾਰਕ’ ਅਸਫਲ ਰਿਹਾ ਹੈ। ਇਹ ਮਹਾਨ ਕੰਮ ਰਾਸ਼ਟਰਪਤੀਅਾਂ ਅਤੇ ਪ੍ਰਧਾਨ ਮੰਤਰੀਅਾਂ ਦੇ ਵੱਸ ਦਾ ਨਹੀਂ ਹੈ। ਉਨ੍ਹਾਂ ਦੀ ਰਸਮੀ ਮਹਿਮਾ ਸਿਰਫ ਉਦੋਂ ਤਕ ਹੈ ਜਦੋਂ ਤਕ ਉਹ ਕੁਰਸੀ ’ਤੇ ਹਨ। ਸੰਪੂਰਨ ਆਰੀਆਵਰਤ (ਅਰਾਕਾਨ ਤੋਂ ਖੁਰਾਸਾਨ ਤਕ) ਨੂੰ ਇਕ ਕਰਨ ਦਾ ਕੰਮ ਇਨ੍ਹਾਂ ਦੇਸ਼ਾਂ ਦੀ ਜਨਤਾ ਨੂੰ ਕਰਨਾ ਹੈ। ਜਨਤਾ ਨੂੰ ਜੋੜਨ ਦਾ ਕੰਮ ਸਮਾਜਸੇਵੀ ਸੰਗਠਨ ਹੀ ਕਰ ਸਕਦੇ ਹਨ।

Bharat Thapa

This news is Content Editor Bharat Thapa