ਯੁਆਨ ਨੂੰ ਛੱਡ ਕੇ ਡਾਲਰ ਖਰੀਦਣ ਲੱਗੇ ਚੀਨੀ

07/21/2023 6:52:23 PM

ਚੀਨ ਦਾ ਯੁਆਨ ਕਮਜ਼ੋਰ ਪੈ ਰਿਹਾ ਹੈ। ਇਸ ਕਾਰਨ ਚੀਨ ਦੇ ਲੋਕਾਂ ਕੋਲ ਜਿੰਨੇ ਵੀ ਯੁਆਨ ਹਨ ਉਹ ਉਨ੍ਹਾਂ ਰਾਹੀਂ ਅਮਰੀਕੀ ਡਾਲਰ ਖਰੀਦਣ ਲਈ ਬੈਂਕਾਂ ਵੱਲ ਰੁਖ ਕਰ ਰਹੇ ਹਨ। ਚੀਨ ਦੇ ਲੋਕ ਹਾਂਗਕਾਂਗ ਜਾ ਕੇ ਡਾਲਰ ਖਰੀਦ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਚੀਨ ਦੀ ਮੁੱਖ ਧਰਤੀ ’ਤੇ ਡਾਲਰ ਖਰੀਦਣ ਦੀ ਆਗਿਆ ਨਹੀਂ ਹੈ। ਜਿਹੜੇ ਚੀਨੀ ਹਾਂਗਕਾਂਗ ਨਹੀਂ ਜਾ ਸਕਦੇ, ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ-ਚੈਟ ਰਾਹੀਂ ਯੁਆਨ ਭੇਜ ਰਹੇ ਹਨ। ਉਨ੍ਹਾਂ ਨੂੰ ਉਸ ਯੁਆਨ ਦੇ ਡਾਲਰ ਖਰੀਦਣ ਲਈ ਕਹਿ ਰਹੇ ਹਨ।

ਅਸਲ ’ਚ ਚੀਨ ਦੀ ਆਰਥਿਕ ਹਾਲਤ ਜਿਸ ਤੇਜ਼ੀ ਨਾਲ ਡਿੱਗ ਰਹੀ ਹੈ, ਉਸ ਤੇਜ਼ੀ ਦੇ ਨਾਲ ਹੀ ਕੌਮਾਂਤਰੀ ਬਾਜ਼ਾਰਾਂ ’ਚ ਯੁਆਨ ਦੀ ਕੀਮਤ ਵੀ ਡਿੱਗਦੀ ਜਾ ਰਹੀ ਹੈ। ਚੀਨੀਆਂ ਵੱਲੋਂ ਤੇਜ਼ੀ ਨਾਲ ਡਾਲਰ ਖਰੀਦਣ ਕਾਰਨ ਡਾਲਰ ਯੁਆਨ ਦੇ ਮੁਕਾਬਲੇ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਯੁਆਨ ਦੀ ਕੀਮਤ ਡਿੱਗ ਰਹੀ ਹੈ। ਇਸ ਦਾ ਿਸੱਧਾ ਅਸਰ ਚੀਨ ਦੀ ਅਰਥਵਿਵਸਥਾ ’ਤੇ ਪਿਆ ਹੈ। ਜੇ ਅਸੀਂ ਪਿਛਲੇ 3 ਦਿਨਾਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਯੁਆਨ ਨਾ ਸਿਰਫ ਡਾਲਰ ਦੇ ਮੁਕਾਬਲੇ ਡਿੱਗਾ ਹੈ ਸਗੋਂ ਭਾਰਤੀ ਰੁਪਏ ਦੇ ਮੁਕਾਬਲੇ ’ਚ ਵੀ ਕਮਜ਼ੋਰ ਹੋਇਆ ਹੈ।

ਜਿੱਥੇ ਪਹਿਲਾਂ ਇਕ ਯੁਆਨ 12.20 ਰੁਪਏ ਦਾ ਮਿਲਦਾ ਸੀ, ਅੱਜ ਉਹ 11.44 ਰੁਪਏ ਦਾ ਹੋ ਗਿਆ ਹੈ। ਪਿਛਲੇ ਇਕ ਦਹਾਕੇ ਦੌਰਾਨ ਚੀਨ ਦੀ ਕਰੰਸੀ ਭਾਰਤੀ ਕਰੰਸੀ ਦੇ ਮੁਕਾਬਲੇ ਇੰਨੀ ਕਦੀ ਨਹੀਂ ਡਿੱਗੀ ਸਗੋਂ ਦਿਨ-ਬ-ਦਿਨ ਅੱਗੇ ਹੀ ਵਧਦੀ ਜਾ ਰਹੀ ਸੀ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਡਿੱਗਦੇ ਯੁਆਨ ਤੋਂ ਘਬਰਾ ਗਏ ਹਨ। ਜਦੋਂ ਵੀ ਉਹ ਘਬਰਾਉਂਦੇ ਹਨ, ਉਦੋਂ ਫੌਜ ਨੂੰ ਜੰਗ ਲਈ ਤਿਆਰ ਰਹਿਣ ਦਾ ਹੁਕਮ ਦਿੰਦੇ ਹਨ। ਉਹ ਅਮਰੀਕਾ ’ਤੇ ਚੜ੍ਹਾਈ ਕਰਨ ਦੀ ਤਿਆਰੀ ਕਰਦੇ ਹਨ। ਤਾਈਵਾਨ ਨੂੰ ਆਪਣੇ ਕਬਜ਼ੇ ’ਚ ਲੈਣ ਲਈ ਕਮਰ ਕੱਸ ਲੈਂਦੇ ਹਨ ਅਤੇ ਭਾਰਤ ਨੂੰ ਉਸ ਦੀ ਸਰਹੱਦ ਤੋਂ ਪਿੱਛੇ ਧੱਕਣ ਦੀਆਂ ਗਿੱਦੜਭਬਕੀਆਂ ਦੇਣ ਲੱਗਦੇ ਹਨ।

ਸ਼ੀ ਜਿਨਪਿੰਗ ਅਜਿਹਾ ਪਿਛਲੇ 10 ਸਾਲ ਤੋਂ ਕਰਦੇ ਆ ਰਹੇ ਹਨ। ਜਦੋਂ ਵੀ ਚੀਨ ’ਚ ਕੋਈ ਵੱਡੀ ਅੰਦਰੂਨੀ ਪ੍ਰੇਸ਼ਾਨੀ ਸਿਰ ਚੁੱਕਦੀ ਹੈ ਤਾਂ ਸ਼ੀ ਫੌਜ ਦਾ ਸਹਾਰਾ ਲੈਂਦੇ ਹਨ। ਹਾਲਾਂਕਿ ਉਨ੍ਹਾਂ ਨੂੰ ਵੀ ਜੰਗ ਦੀ ਭਿਆਨਕਤਾ ਸਬੰਧੀ ਚੰਗੀ ਤਰ੍ਹਾਂ ਪਤਾ ਹੈ ਪਰ ਉਹ ਆਪਣੇ ਦੇਸ਼ਵਾਸੀਆਂ ਨੂੰ ਬੇਵਕੂਫ ਬਣਾਉਣ ਅਤੇ ਆਪਣੀ ਕੁਰਸੀ ਨੂੰ ਬਚਾਉਣ ਦੀ ਕਵਾਇਦ ’ਚ ਅਜਿਹਾ ਕਰਦੇ ਹਨ।

ਸ਼ੀ ਜਿਨਪਿੰਗ ਕੌਮਾਂਤਰੀ ਬਾਜ਼ਾਰ ਤੋਂ ਡਾਲਰ ਨੂੰ ਬਾਹਰ ਕੱਢ ਕੇ ਚੀਨੀ ਯੁਆਨ ਨੂੰ ਉਸ ਦੀ ਥਾਂ ’ਤੇ ਬਿਠਾਉਣਾ ਚਾਹੁੰਦੇ ਸਨ, ਦੁਨੀਆ ਦੇ ਉਨ੍ਹਾਂ ਦੇਸ਼ਾਂ ਨਾਲ ਵਪਾਰ ਦੌਰਾਨ ਡਾਲਰ ’ਚ ਭੁਗਤਾਨ ਦੀ ਥਾਂ ਯੁਆਨ ’ਚ ਭੁਗਤਾਨ ਕਰਨ ਲਈ ਦਬਾਅ ਬਣਾਉਂਦੇ ਸਨ ਪਰ ਜਦੋਂ ਅਮਰੀਕੀ ਡਾਲਰ ਨੇ ਜਵਾਬੀ ਹਮਲਾ ਕੀਤਾ ਤਾਂ ਯੁਆਨ ਢਹਿ-ਢੇਰੀ ਹੋ ਗਿਆ। ਹੁਣ ਚੀਨ ਦੇ ਲੋਕ ਆਪਣੀ ਹੀ ਕਰੰਸੀ ਨੂੰ ਨਕਾਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਦੋਂ ਉਨ੍ਹਾਂ ਦਾ ਯੁਆਨ ਮੂਧੇ-ਮੂੰਹ ਡਿੱਗ ਪਵੇ।

ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਨੂੰ ਸੁਰੱਖਿਅਤ ਰੱਖਣ ਲਈ ਲੋਕ ਵੱਡੀ ਮਾਤਰਾ ’ਚ ਡਾਲਰ ਖਰੀਦ ਰਹੇ ਹਨ। ਹੁਣੇ ਜਿਹੇ ਹੀ ਚੀਨ ਨੇ ਰੂਸ ’ਤੇ ਇੰਨਾ ਦਬਾਅ ਪਾਇਆ ਕਿ ਭਾਰਤ ਨੂੰ ਰੂਸ ਕੋਲੋਂ ਤੇਲ ਖਰੀਦਣ ਦੌਰਾਨ ਪੂਰੇ ਭੁਗਤਾਨ ਦਾ 10ਵਾਂ ਹਿੱਸਾ ਯੁਆਨ ’ਚ ਕਰਨਾ ਪਿਆ। ਚੀਨ ਨੇ ਭਾਰਤ ਨੂੰ ਯੁਆਨ ’ਚ ਭੁਗਤਾਨ ਕਰਨ ਲਈ ਇਸ ਗੱਲ ਦਾ ਲਾਲਚ ਦਿੱਤਾ ਸੀ ਕਿ ਜੇ ਭਾਰਤ ਰੂਸ ਕੋਲੋਂ ਤੇਲ ਖਰੀਦਣ ਦੌਰਾਨ ਯੁਆਨ ’ਚ ਭੁਗਤਾਨ ਕਰਦਾ ਹੈ ਤਾਂ ਭਾਰਤ ਲਈ ਭੁਗਤਾਨ ਦੀ ਸਮਾਂ-ਹੱਦ ’ਚ ਛੋਟ ਿਦੱਤੀ ਜਾਵੇਗੀ।

ਹੁਣ ਤੱਕ ਭਾਰਤ ਰੂਸ ਨੂੰ ਕੱਚੇ ਤੇਲ ਦੀ ਖਰੀਦ ’ਤੇ ਭੁਗਤਾਨ ਭਾਰਤੀ ਰੁਪਏ ’ਚ ਕਰਦਾ ਸੀ ਪਰ ਚੀਨ ਨੂੰ ਇਹ ਗੱਲ ਰਾਸ ਨਹੀਂ ਆ ਰਹੀ ਸੀ। ਇਸ ਲਈ ਚੀਨ ਨੇ ਰੂਸ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਰੂਸ ਨੂੰ ਚੀਨ ਦੀ ਗੱਲ ਮੰਨਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਰੂਸ ਬਹੁਤ ਸਾਰੀਆਂ ਵਸਤਾਂ ਲਈ ਚੀਨ ’ਤੇ ਨਿਰਭਰ ਹੈ ਅਤੇ ਚੀਨ ਰੂਸ ਦੀ ਇਸ ਮਜਬੂਰੀ ਦਾ ਲਾਭ ਉਠਾ ਰਿਹਾ ਹੈ।

ਪਰ ਚੀਨ ਡਾਲਰ ਨੂੰ ਕੌਮਾਂਤਰੀ ਬਾਜ਼ਾਰ ’ਚੋਂ ਕੱਢਣ ਦੀ ਦੌੜ ’ਚ ਇਕ ਗੱਲ ਭੁੱਲ ਗਿਆ ਕਿ ਉਸ ਦੀ ਅਰਥਵਿਵਸਥਾ ਖੁਦ ਮਾੜੀ ਹਾਲਤ ’ਚ ਪਹੁੰਚੀ ਹੋਈ ਹੈ। ਹੁਣ ਤੱਕ ਚੀਨ ਕੋਰੋਨਾ ਸਮੇਂ ’ਚ ਲਾਏ ਗਏ ਸਖਤ ਲਾਕਡਾਊਨ ਕਾਰਨ ਹੋਏ ਨੁਕਸਾਨ ਤੋਂ ਉੱਭਰ ਨਹੀਂ ਸਕਿਆ। ਅਜੇ ਤੱਕ ਚੀਨ ਕੋਰੋਨਾ ਮਹਾਮਾਰੀ ਦੇ ਬਾਅਦ ਤੋਂ ਮੱਠੀ ਰਫਤਾਰ ਨਾਲ ਅੱਗੇ ਵਧ ਰਿਹਾ ਸੀ। ਉਸ ਦੀ ਅਰਥਵਿਵਸਥਾ ਵੀ ਮੱਠੀ ਰਫਤਾਰ ਨਾਲ ਅੱਗੇ ਵਧ ਰਹੀ ਸੀ। ਕੌਮਾਂਤਰੀ ਮੁਦਰਾ ਫੰਡ ਨੇ ਵੀ ਕਿਹਾ ਸੀ ਕਿ ਚੀਨ ਦੀ ਆਰਥਿਕ ਰਫਤਾਰ ਕੋਰੋਨਾ ਮਹਾਮਾਰੀ ਤੋਂ ਬਾਅਦ ਉੱਭਰ ਰਹੀ ਸੀ ਪਰ ਚੀਨ ਨੇ ਡਾਲਰ ਨੂੰ ਪੁੱਟ ਸੁੱਟਣ ਦਾ ਜੋ ਸੁਪਨਾ ਦੇਖਿਆ ਸੀ, ਉਸ ਨੂੰ ਡਾਲਰ ਨੇ ਆਪਣੇ ਇਕ ਹੀ ਵਾਰ ’ਚ ਚਿੱਤ ਕਰ ਦਿੱਤਾ।

Rakesh

This news is Content Editor Rakesh