ਬਾਜ਼ਾਰ ਦੀ ਮਜਬੂਰੀ ਲਿਆ ਰਹੀ ਚੀਨ ਨੂੰ ਭਾਰਤ ਦੇ ਨੇੜੇ

10/14/2019 1:39:35 AM

ਯੋਗੇਂਦਰ ਯੋਗੀ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਭਾਰਤ ਯਾਤਰਾ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਤੇ ਜੰਮੀ ਬਰਫ ਕੁਝ ਪਿਘਲੀ ਹੈ। ਚੀਨ ਦੀ ਇਹ ਯਾਤਰਾ ਸਾਬਿਤ ਕਰਦੀ ਹੈ ਕਿ ਅੱਜ ਦੇ ਦੌਰ ’ਚ ਵਿਸ਼ਵ ਦੇ ਦੇਸ਼ਾਂ ’ਚ ਕੂਟਨੀਤੀ ’ਤੇ ਬਾਜ਼ਾਰ ਦਾ ਜ਼ੋਰ ਹੈ। ਸਰਹੱਦ ਸਬੰਧੀ ਵਿਵਾਦਾਂ ਅਤੇ ਵਿਚਾਰਧਾਰਾ ’ਚ ਮਤਭੇਦ ਹੋਣ ਦੇ ਬਾਵਜੂਦ ਚੀਨ ਨੂੰ ਭਾਰਤ ’ਚ ਖਪਤਕਾਰਾਂ ਦਾ ਵੱਡਾ ਬਾਜ਼ਾਰ ਦਿਖਾਈ ਦੇ ਰਿਹਾ ਹੈ। ਚੀਨ ਨੂੰ ਅਜੇ ਜਿਸ ਤਰ੍ਹਾਂ ਅਮਰੀਕਾ ਨੇ ਝਟਕਾ ਦਿੱਤਾ ਹੈ, ਉਸ ਨਾਲ ਭਵਿੱਖ ਦੀਆਂ ਆਰਥਿਕ ਚੁਣੌਤੀਆਂ ਪ੍ਰਤੀ ਚੀਨ ਸਾਵਧਾਨ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਦਲੇ ਹੋਏ ਰਵੱਈਏ ਪ੍ਰਤੀ ਚੀਨ ਨੂੰ ਖਦਸ਼ਾ ਪੈਦਾ ਹੋ ਗਿਆ ਹੈ। ਉਂਝ ਵੀ ਅਮਰੀਕਾ ਚੀਨ ਪ੍ਰਤੀ ਕਈ ਮੁੱਦਿਆਂ ’ਤੇ ਬੇਬਾਕ ਰਿਹਾ ਹੈ। ਅਮਰੀਕਾ ਪਹਿਲਾਂ ਦੱਬੇ ਅਤੇ ਗੁੱਝੇ ਢੰਗ ਨਾਲ ਚੀਨ ਦੀਆਂ ਨੀਤੀਆਂ ਅਤੇ ਵਿਸਤਾਰਵਾਦੀ ਕੂਟਨੀਤੀ ਦਾ ਆਲੋਚਕ ਰਿਹਾ ਹੈ ਪਰ ਟਰੰਪ ਦੇ ਨਾਲ ਚੀਨ ਦੇ ਰਿਸ਼ਤਿਆਂ ’ਚ ਜ਼ਿਆਦਾ ਤਲਖ਼ੀ ਆਈ ਹੈ।

ਅਮਰੀਕਾ ਚੀਨ ’ਚ ਮੁਸਲਮਾਨਾਂ ਦੇ ਦਮਨ ਦੇ ਮਾਮਲੇ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦੇ ਚੁੱਕਾ ਹੈ। ਦੱਖਣੀ ਚੀਨ ਸਾਗਰ ’ਤੇ ਚੀਨ ਦੇ ਕਬਜ਼ੇ ਨੂੰ ਲੈ ਕੇ ਅਮਰੀਕਾ ਨਿੰਦਾ ਕਰ ਚੁੱਕਾ ਹੈ। ਇਸ ਖੇਤਰ ਦੇ ਨਿਰਜਨ ਟਾਪੂਆਂ ’ਤੇ ਚੀਨ ਫੌਜੀ ਅੱਡੇ ਬਣਾ ਰਿਹਾ ਹੈ। ਜਾਪਾਨ ਚੀਨ ਦੀ ਇਸ ਹਰਕਤ ਦੀ ਸਖਤ ਆਲੋਚਨਾ ਕਰ ਚੁੱਕਾ ਹੈ। ਇਹ ਮੁੱਦਾ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਕੁੜੱਤਣ ਘੋਲ ਚੁੱਕਾ ਹੈ। ਅਮਰੀਕਾ ਨਾਲ ਆਰਥਿਕ ਸਬੰਧ ਵਿਗੜਨ ਤੋਂ ਬਾਅਦ ਚੀਨ ਕਿਸੇ ਤਰ੍ਹਾਂ ਜਾਪਾਨ ਅਤੇ ਭਾਰਤ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ।

ਜਾਪਾਨ ਨਾਲ ਿਵਵਾਦ ਪਰ...

ਇਹੋ ਕਾਰਣ ਰਿਹਾ ਕਿ ਜਾਪਾਨ ਨਾਲ ਦੱਖਣੀ ਸਾਗਰ ਦਾ ਵਿਵਾਦ ਹੋਣ ਦੇ ਬਾਵਜੂਦ ਸ਼ੀ ਜਿਨਪਿੰਗ ਨੇ ਓਸਾਕਾ ’ਚ ਗਰੁੱਪ-20 ਸੰਮੇਲਨ ’ਚ ਸ਼ਿਰਕਤ ਕੀਤੀ। ਚੀਨ ਨੇ ਜਾਪਾਨ ਨਾਲ ਵਪਾਰ ਵਧਾਉਣ ’ਤੇ ਜ਼ੋਰ ਦਿੱਤਾ ਹੈ। ਇਸੇ ਤਰ੍ਹਾਂ ਚੀਨ ਭਾਰਤ ਨਾਲ ਵੀ ਆਪਣੀਆਂ ਤਲਖੀਆਂ ਦੇ ਬਾਵਜੂਦ ਵਪਾਰਕ ਰਿਸ਼ਤੇ ਵਧਾਉਣ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ। ਇਹੀ ਕਾਰਣ ਰਿਹਾ ਕਿ ਪਾਕਿਸਤਾਨ ਦੇ ਕੱਟੜ ਸਮਰਥਕ ਹੋਣ ਦੇ ਬਾਵਜੂਦ ਚੀਨ ਨੇ ਕਸ਼ਮੀਰ ’ਚ ਧਾਰਾ 370 ਦੇ ਮੁੱਦੇ ਨੂੰ ਹਵਾ ਨਹੀਂ ਦਿੱਤੀ, ਜਦਕਿ ਇਸ ਤੋਂ ਪਹਿਲਾਂ ਚੀਨ ਇਸ ਮੁੱਦੇ ’ਤੇ ਪਾਕਿਸਤਾਨ ਦੇ ਪੱਖ ’ਚ ਬਿਆਨ ਦੇ ਚੁੱਕਾ ਹੈ। ਇਸ ਦੇ ਉਲਟ ਇਸਲਾਮਿਕ ਅੱਤਵਾਦ ਦੇ ਖਤਰਿਆਂ ਪ੍ਰਤੀ ਭਾਰਤ ਨਾਲ ਸਹਿਮਤੀ ਜਤਾਈ। ਇਸੇ ਤਰ੍ਹਾਂ ਭਾਰਤ ਯਾਤਰਾ ਦੌਰਾਨ ਚੀਨ ਨੇ ਭਾਰਤ-ਚੀਨ ਸਰਹੱਦੀ ਵਿਵਾਦ ਨੂੰ ਵੀ ਤਰਜੀਹ ਨਹੀਂ ਦਿੱਤੀ। ਇਹ ਗੱਲ ਸਪੱਸ਼ਟ ਹੈ ਕਿ ਚੀਨ ਮੂੰਹ ’ਚ ਰਾਮ, ਬਗਲ ਵਿਚ ਛੁਰੀ ਦੀ ਨੀਤੀ ਅਪਣਾਉਂਦਾ ਰਿਹਾ ਹੈ। ਪਿਛਲੀ ਵਾਰ ਜਦੋਂ ਜਿਨਪਿੰਗ ਭਾਰਤ ਦੇ ਦੌਰੇ ’ਤੇ ਆਏ ਸਨ ਤਾਂ ਚੀਨੀ ਫੌਜੀ ਭਾਰਤੀ ਹੱਦ ਵਿਚ ਦਾਖਲ ਹੋ ਗਏ ਸਨ।

ਅੱਤਵਾਦੀ ਸਰਗਣੇ ਅਜ਼ਹਰ ਮਸੂਦ ਦੇ ਮੁੱਦੇ ’ਤੇ ਵੀ ਚੀਨ ਨੇ ਵਿਸ਼ਵ ਵਿਰੁੱਧ ਪਾਕਿਸਤਾਨ ਦਾ ਸਾਥ ਦਿੱਤਾ। ਸੁਰੱਖਿਆ ਪ੍ਰੀਸ਼ਦ ’ਚ ਪਾਕਿਸਤਾਨ ਦੇ ਪੱਖ ’ਚ ਵੀਟੋ ਕੀਤਾ। ਅਖੀਰ ਅਮਰੀਕਾ ਦੇ ਸੁਰੱਖਿਆ ਪ੍ਰੀਸ਼ਦ ’ਚ ਚੀਨ ਤੋਂ ਜੁਆਬਤਲਬੀ ਕਰਨ ਦੀ ਧਮਕੀ ਤੋਂ ਬਾਅਦ ਹੀ ਚੀਨ ਇਸ ਮੁੱਦੇ ’ਤੇ ਪਿੱਛੇ ਹਟਣ ਲਈ ਤਿਆਰ ਹੋਇਆ। ਚੀਨ ਇਸ ਤਰ੍ਹਾਂ ਦੀਆਂ ਬੇਵਜ੍ਹਾ ਹਰਕਤਾਂ ਦਾ ਮੁੜ ਦੁਹਰਾਅ ਕਰ ਕੇ ਭਾਰਤ ’ਤੇ ਦਬਾਅ ਪਾਉਣ ਦਾ ਯਤਨ ਕਰਦਾ ਰਿਹਾ ਹੈ। ਪਾਕਿਸਤਾਨ ਨਾਲ ਸੰਸਕ੍ਰਿਤੀ ਅਤੇ ਸੱਤਾ ’ਚ ਬਿਲਕੁਲ ਬੇਮੇਲ ਹੋਣ ਦੇ ਬਾਵਜੂਦ ਸਿਰਫ ਭਾਰਤ ਨੂੰ ਦਬਾਅ ਹੇਠ ਲਿਆਉਣ ਲਈ ਚੀਨ ਉਸ ਦੀਆਂ ਨਾਪਾਕ ਹਰਕਤਾਂ ਨੂੰ ਹੱਲਾਸ਼ੇਰੀ ਦਿੰਦਾ ਰਿਹਾ ਹੈ। ਹੁਣ ਚੀਨ ਦੀ ਸਮਝ ’ਚ ਆਉਣ ਲੱਗਾ ਹੈ ਕਿ ਅਮਰੀਕਾ ਨਾਲ ਵਿਗੜਦੇ ਰਿਸ਼ਤਿਆਂ ਨਾਲ ਹੋਣ ਵਾਲੇ ਆਰਥਿਕ ਨੁਕਸਾਨ ਦੀ ਪੂਰਤੀ ਲਈ ਭਾਰਤ ਨਾਲ ਰਿਸ਼ਤੇ ਸੁਧਾਰਨੇ ਜ਼ਰੂਰੀ ਹਨ। ਪਾਕਿਸਤਾਨ ਵਲੋਂ ਨੱਕ-ਮੂੰਹ ਬਣਾਉਣ ਦੇ ਬਾਵਜੂਦ ਚੀਨ ਨੇ ਉਸ ਦੀ ਪਰਵਾਹ ਨਹੀਂ ਕੀਤੀ। ਕਸ਼ਮੀਰ ਮੁੱਦੇ ਦਾ ਜ਼ਿਕਰ ਤਕ ਨਹੀਂ ਕੀਤਾ। ਕਾਰਣ ਸਪੱਸ਼ਟ ਹੈ ਕਿ ਪਾਕਿਸਤਾਨ ਕੂਟਨੀਤਕ ਸਬੰਧਾਂ ਵਿਚ ਸਹਾਇਕ ਹੋ ਸਕਦਾ ਹੈ ਪਰ ਆਰਥਿਕ ਸਬੰਧਾਂ ’ਚ ਉਸ ਦੀ ਹੈਸੀਅਤ ਵਿਸ਼ਵ ’ਚ ਭਿਖਾਰੀ ਵਰਗੀ ਬਣ ਚੁੱਕੀ ਹੈ।

ਪਾਕਿਸਤਾਨ ਤੋਂ ਕਿਸੇ ਨੂੰ ਕੁਝ ਨਹੀਂ ਮਿਲੇਗਾ

ਪਾਕਿਸਤਾਨ ਨੂੰ ਸਿਰਫ ਮਦਦ ਦੀ ਲੋੜ ਹੈ। ਇਸ ਦੇ ਬਦਲੇ ’ਚ ਉਹ ਕਿਸੇ ਵੀ ਦੇਸ਼ ਨੂੰ ਕੁਝ ਨਹੀਂ ਦੇ ਸਕਦਾ। ਪਾਕਿਸਤਾਨ ਭਿਆਨਕ ਆਰਥਿਕ ਸੰਕਟ ਦੇ ਦੌਰ ’ਚੋਂ ਲੰਘ ਰਿਹਾ ਹੈ। ਅਮਰੀਕਾ ਹੋਵੇ ਜਾਂ ਚੀਨ, ਦੋਵੇਂ ਦੇਸ਼ ਇਸ ਗੱਲ ਨੂੰ ਬਾਖੂਬੀ ਜਾਣਦੇ ਹਨ ਕਿ ਪਾਕਿਸਤਾਨ ਦੀ ਵਰਤੋਂ ਕਿਵੇਂ ਕਰਨੀ ਹੈ। ਹੁਣ ਜਦੋਂ ਚੀਨ-ਅਮਰੀਕਾ ਸਬੰਧਾਂ ਦਾ ਸੰਸਾਰਕ ਦ੍ਰਿਸ਼ ਬਦਲਿਆ ਹੋਇਆ ਹੈ ਤਾਂ ਪਾਕਿਸਤਾਨ ਦੀ ਅਹਿਮੀਅਤ ਘੱਟ ਹੁੰਦੀ ਜਾ ਰਹੀ ਹੈ। ਇਨ੍ਹਾਂ ਦੋਹਾਂ ਦੇਸ਼ਾਂ ਨੂੰ ਪਾਕਿਸਤਾਨ ਬੋਝ ਲੱਗਣ ਲੱਗਾ ਹੈ। ਇਸੇ ਕਾਰਣ ਚੀਨ ਨੇ ਪਾਕਿਸਤਾਨ ਦੀ ਅਣਸੁਣੀ ਕਰ ਕੇ ਭਾਰਤ ਦੇ ਨਾਲ ਨਵੇਂ ਤੇਵਰ-ਕਲੇਵਰ ’ਚ ਦੋਸਤੀ ਦਾ ਹੱਥ ਵਧਾਇਆ ਹੈ। ਚੀਨ ਆਰਥਿਕ ਮੰਦੀ ਨਾਲ ਨਜਿੱਠਣ ਲਈ ਭਾਰਤ ਦੇ ਬਾਜ਼ਾਰ ’ਚ ਨਿਵੇਸ਼ ਦੀਆਂ ਸੰਭਾਵਨਾਵਾਂ ਭਾਲ ਰਿਹਾ ਹੈ। ਬਰਾਮਦ ’ਤੇ ਜ਼ੋਰ ਦੇ ਰਿਹਾ ਹੈ।

ਅਜਿਹਾ ਨਹੀਂ ਹੈ ਕਿ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਚੀਨ ਭਾਰਤ ਨਾਲ ਰਿਸ਼ਤਿਆਂ ਦੇ ਨਵੇਂ ਆਯਾਮ ਭਾਲ ਰਿਹਾ ਹੈ। ਇਸ ਤੋਂ ਪਹਿਲਾਂ ਕੇਂਦਰ ’ਚ ਰਹੀ ਕਾਂਗਰਸ ਦੀ ਸਰਕਾਰ ਦੌਰਾਨ ਭਾਰਤ ਚੀਨ ਨਾਲ ਚੰਗੇ ਸਬੰਧਾਂ ਦੇ ਪੱਖ ਵਿਚ ਰਿਹਾ ਹੈ ਪਰ ਉਦੋਂ ਚੀਨ ਦੀਆਂ ਅਜਿਹੀਆਂ ਆਰਥਿਕ ਮਜਬੂਰੀਆਂ ਨਹੀਂ ਸਨ। ਭਾਰਤ ਵਿਚ ਕਿਸੇ ਵੀ ਸਿਆਸੀ ਦਲ ਦੀ ਸਰਕਾਰ ਰਹੀ ਹੋਵੇ, ਸਭ ਨੇ ਗੁਆਂਢੀ ਦੇਸ਼ਾਂ ਨਾਲ ਆਮ ਸਬੰਧ ਬਣਾਉਣ ਦੇ ਯਤਨ ਕੀਤੇ ਹਨ। ਭਾਰਤ ਦੀ ਵਿਦੇਸ਼ ਨੀਤੀ ਕਦੇ ਚੀਨ-ਪਾਕਿਸਤਾਨ ਵਾਂਗ ਵਿਸਤਾਰਵਾਦੀ ਅਤੇ ਹਮਲਾਵਰੀ ਨਹੀਂ ਰਹੀ ਹੈ। ਭਾਰਤ ਨੇ ਇਨ੍ਹਾਂ ਦੋਹਾਂ ਦੇਸ਼ਾਂ ਨਾਲ ਹਮੇਸ਼ਾ ਸੁਹਿਰਦਤਾ ਭਰੇ ਸਬੰਧ ਬਣਾਉਣ ਵਿਚ ਵਿਸ਼ਵਾਸ ਰੱਖਿਆ ਹੈ। ਇਸ ਦਾ ਪ੍ਰਮਾਣ ਵੀ ਹੈ ਕਿ ਚੀਨ ਵਲੋਂ ਸੈਂਕੜੇ ਵਾਰ ਸਰਹੱਦ ’ਤੇ ਕਬਜ਼ਾ ਕਰਨ ਦੀ ਕਾਰਵਾਈ ਕਰਨ ਦੇ ਬਾਵਜੂਦ ਭਾਰਤ ਨੇ ਹਮੇਸ਼ਾ ਧੀਰਜ ਦਾ ਸਬੂਤ ਦਿੱਤਾ ਹੈ।

ਭਾਰਤ-ਚੀਨ ’ਚ ਵਧਦਾ ਵਿਸ਼ਵਾਸ

ਇਹੀ ਨੀਤੀ ਪਾਕਿਸਤਾਨ ਨਾਲ ਵੀ ਰਹੀ ਹੈ ਪਰ ਪਾਣੀ ਸਿਰ ਤੋਂ ਲੰਘ ਜਾਣ ਤੋਂ ਬਾਅਦ ਹੀ ਉਸ ਦੇ ਨਾਲ ਹਮਲਾਵਰੀ ਰੁਖ਼ ਅਪਣਾਇਆ ਹੈ। ਪਾਕਿਸਤਾਨ ਵਿਚ ਸੱਤਾ ਦੀ ਉਥਲ-ਪੁਥਲ ਕਾਰਣ ਭਾਰਤ ਵਿਰੋਧ ਕਾਇਮ ਹੈ। ਚੀਨ ਵਿਚ ਸਿਆਸੀ ਸਥਿਰਤਾ ਬਣੀ ਹੋਈ ਹੈ। ਕਮਿਊਨਿਸਟ ਸਰਕਾਰ ਮਜ਼ਬੂਤੀ ਨਾਲ ਸ਼ਾਸਨ ਕਰ ਰਹੀ ਹੈ। ਚੀਨ ਨੇ ਆਬਾਦੀ ਵਾਧੇ ’ਚ ਕਾਫੀ ਹੱਦ ਤਕ ਕੰਟਰੋਲ ਹਾਸਿਲ ਕਰ ਲਿਆ ਹੈ, ਇਸ ਦੇ ਬਾਵਜੂਦ ਬੇਰੋਜ਼ਗਾਰੀ ਦੀ ਦਰ ਵਧ ਰਹੀ ਹੈ। ਇਸ ਵਿਚ ਕਮੀ ਉਦੋਂ ਹੀ ਸੰਭਵ ਹੈ, ਜਦੋਂ ਚੀਨ ਆਪਣੇ ਉਤਪਾਦਾਂ ਦੀ ਬਰਾਮਦ ’ਚ ਵਾਧਾ ਕਰੇ। ਭਾਰਤ ਨਾਲ ਵਪਾਰਕ ਰਿਸ਼ਤੇ ਬਿਹਤਰ ਬਣਾ ਕੇ ਚੀਨ ਇਸ ਦਿਸ਼ਾ ’ਚ ਅੱਗੇ ਵਧ ਰਿਹਾ ਹੈ। ਇਹ ਨਿਸ਼ਚਿਤ ਹੈ ਕਿ ਚੀਨ ਜਿਸ ਤਰ੍ਹਾਂ ਭਾਰਤ ਨਾਲ ਸਬੰਧਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਕਦਮ ਵਧਾ ਰਿਹਾ ਹੈ, ਇਸ ਨਾਲ ਦੋਹਾਂ ਦੇਸ਼ਾਂ ’ਚ ਵਿਸ਼ਵਾਸ ਦੀ ਇਕ ਨਵੀਂ ਦੀਵਾਰ ਕਾਇਮ ਹੋਵੇਗੀ। ਆਰਥਿਕ ਮਜਬੂਰੀਆਂ ਕਾਰਣ ਹੁਣ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਚੀਨ ਆਪਣੇ ਵਲੋਂ ਵਿਸ਼ਵਾਸ ਦੀ ਇਸ ਦੀਵਾਰ ’ਚ ਛੇਕ ਕਰਨ ਦੀ ਹਰਕਤ ਕਰੇਗਾ।

yogihimliya@yahoo.com

Bharat Thapa

This news is Content Editor Bharat Thapa