ਬਦਲ ਰਹੀ ਹੈ ਮੋਬਾਇਲ ਦੀ ਦੁਨੀਆ, ਸੰਭਲ ਕੇ ਇਸਤੇਮਾਲ ਕਰੋ

12/13/2019 1:08:27 AM

ਅਲੋਕ ਜੋਸ਼ੀ

ਫੋਨ ’ਤੇ ਸਿਰਫ ਜ਼ਰੂਰੀ ਗੱਲ ਕਰੋ। ਫੋਨ ’ਤੇ ਫਾਲਤੂ ਗੱਲ ਨਾ ਕਰੋ। ਧਿਆਨ ਰੱਖੋ, ਹੋ ਸਕਦਾ ਹੈ ਕਿਸੇ ਨੇ ਕੋਈ ਬੇਹੱਦ ਜ਼ਰੂਰੀ ਗੱਲ ਕਰਨੀ ਹੋਵੇ, ਲਾਈਨ ਬਿਜ਼ੀ ਨਾ ਰੱਖੋ। ਇਸ ਤਰ੍ਹਾਂ ਦੀਆਂ ਲਾਈਨਾਂ ਪਹਿਲਾਂ ਦੂਰਸੰਚਾਰ ਵਿਭਾਗ ਜਾਂ ਟੈਲੀਫੋਨ ਦਫਤਰਾਂ ਵਿਚ ਲੱਗੇ ਬੋਰਡਾਂ ’ਤੇ ਲਿਖੀਆਂ ਹੁੰਦੀਆਂ ਸਨ ਅਤੇ ਟੈਲੀਫੋਨ ਡਾਇਰੈਕਟਰੀ ਦੇ ਪੰਨਿਆਂ ’ਤੇ ਵਿਚ-ਵਿਚਾਲੇ ਸੁੰਦਰ ਇਸ਼ਤਿਹਾਰਾਂ ਦੇ ਰੂਪ ਵਿਚ ਦਿਸਦੀਆਂ ਸਨ। ਦੇਸ਼ ਵਿਚ ਉਦਾਰੀਕਰਨ ਅਤੇ ਟੈਲੀਕਾਮ ਕਾਰੋਬਾਰ ’ਚ ਨਿੱਜੀ ਕੰਪਨੀਆਂ ਦੇ ਆਉਣ, ਭਾਵ ਮੋਬਾਇਲ ਫੋਨ ਸ਼ੁਰੂ ਹੋਣ ਤੋਂ ਬਾਅਦ ਵੀ ਇਹ ਕਿੱਸਾ ਖਤਮ ਨਹੀਂ ਹੋਇਆ ਸੀ। 1995 ਵਿਚ ਜਦੋਂ ਪਹਿਲੀ ਵਾਰ ਮੋਬਾਇਲ ਸਰਵਿਸ ਸ਼ੁਰੂ ਹੋਈ ਤਾਂ ਕਾਲ ਕਰਨ ਦਾ ਖਰਚ ਵੀ 16 ਰੁਪਏ ਮਿੰਟ ਸੀ ਅਤੇ ਬਾਹਰੋਂ ਆਉਣ ਵਾਲੀ ਕਾਲ ਉਠਾਉਣ ਦਾ ਵੀ। ਉਦੋਂ ਤਕ ਕਾਲਰ ਲਾਈਨ ਆਈਡੈਂਟੀਫਿਕੇਸ਼ਨ, ਭਾਵ ਸਾਹਮਣੇ ਵਾਲੇ ਦਾ ਨੰਬਰ ਦੇਖਣ ਦੀ ਸਹੂਲਤ ਵੀ ਨਹੀਂ ਆਈ ਸੀ ਤਾਂ ਇਹ ਪਤਾ ਕਰਨ ਦਾ ਰਾਹ ਵੀ ਨਹੀਂ ਸੀ ਕਿ ਕਿਹੜਾ ਫੋਨ ਚੁੱਕਣਾ ਹੈ ਅਤੇ ਕਿਹੜਾ ਨਹੀਂ ਅਤੇ ਉਥੇ ਵੀ ਉਹੀ ਫਾਰਮੂਲਾ ਚੱਲਦਾ ਸੀ, ਘੱਟ ਤੋਂ ਘੱਟ ਗੱਲ ਕਰੋ।

ਸਰਕਾਰੀ ਟੈਲੀਫੋਨ ’ਤੇ ਇਕ ਰੋਣਾ ਹੋਰ ਸੀ। 100 ਯੂਨਿਟ ਤਕ ਕਾਲ ਸਸਤੀ ਹੁੰਦੀ ਸੀ, 100 ਤੋਂ 500 ਤਕ ਰੇਟ ਵਧ ਜਾਂਦਾ ਸੀ ਅਤੇ 500 ਦੇ ਉਪਰ ਤਾਂ ਬਹੁਤ ਹੀ ਜ਼ਿਆਦਾ ਹੋ ਜਾਂਦਾ ਸੀ। ਚੁਣੌਤੀ ਇਹੀ ਰਹਿੰਦੀ ਸੀ ਕਿ ਗੱਲ ਘੱਟ ਤੋਂ ਘੱਟ ਕਰੋ। ਜਿਨ੍ਹਾਂ ਘਰਾਂ ਵਿਚ ਟੈਲੀਫੋਨ ਹੁੰਦੇ ਵੀ ਸਨ, ਉਥੇ ਉਨ੍ਹਾਂ ਦੀ ਵਰਤੋਂ ਸ਼ੋਭਾ ਵਧਾਉਣ ਲਈ ਹੀ ਜ਼ਿਆਦਾ ਹੁੰਦੀ ਸੀ।

ਫਿਰ ਤਸਵੀਰ ਬਦਲੀ

ਪਰ ਇਹ ਤਸਵੀਰ ਬਦਲਣੀ ਸੀ ਅਤੇ ਬਹੁਤ ਜ਼ੋਰ-ਸ਼ੋਰ ਨਾਲ ਬਦਲਣੀ ਸੀ। ਇਸ ਦਾ ਪਹਿਲਾ ਸੰਕੇਤ 1997 ਵਿਚ ਮਿਲਿਆ। ਭਾਰਤੀ ਏਅਰਟੈੱਲ ਨੂੰ ਮੱਧ ਪ੍ਰਦੇਸ਼ ਵਿਚ ਬੇਸਿਕ ਟੈਲੀਫੋਨ, ਭਾਵ ਲੈਂਡਲਾਈਨ ਟੈਲੀਫੋਨ ਦਾ ਲਾਇਸੈਂਸ ਮਿਲਿਆ ਸੀ। ਉਸ ਦੀ ਸ਼ੁਰੂਆਤ ਇੰਦੌਰ ਵਿਚ ਹੋਈ। ਓਧਰ ਸੁਨੀਲ ਭਾਰਤੀ ਮਿੱਤਲ ਨੇ ਸਾਨੂੰ ਸਮਝਾਇਆ ਕਿ ਹੁਣ ਦੁਨੀਆ ਕਿਵੇਂ ਬਦਲੇਗੀ? ਤੁਸੀਂ ਕਿਸੇ ਦੁਕਾਨ ਤੋਂ ਸਾਮਾਨ ਖਰੀਦਦੇ ਹੋ ਤਾਂ ਘੱਟ ਖਰੀਦਣ ’ਤੇ ਮਹਿੰਗਾ ਮਿਲਦਾ ਹੈ, ਜ਼ਿਆਦਾ ਖਰੀਦਣ ’ਤੇ ਕੁਝ ਰਿਆਇਤ ਮਿਲਦੀ ਹੈ ਅਤੇ ਹੋਰ ਜ਼ਿਆਦਾ ਖਰੀਦੋਗੇ ਤਾਂ ਹੋਰ ਰਿਆਇਤ। ਬਸ, ਇਹੀ ਮੇਰੇ ਬਿਜ਼ਨੈੱਸ ਵਿਚ ਸਮਝੋ। ਅਸੀਂ ਇੰਨਾ ਵੱਡਾ ਇਨਫ੍ਰਾਸਟਰੱਕਚਰ ਲਗਾਇਆ ਹੈ, ਐਕਸਚੇਂਜ ਲਗਾਈ, ਲਾਈਨਾਂ ਖਿੱਚੀਆਂ। ਜੇਕਰ ਲੋਕ ਇਸ ਦੀ ਖੁੱਲ੍ਹ ਕੇ ਵਰਤੋਂ ਕਰਨਗੇ ਤਾਂ ਸਾਨੂੰ ਕਮਾਈ ਹੋਵੇਗੀ ਅਤੇ ਅਸੀਂ ਹੋਰ ਪ੍ਰਬੰਧ ਕਰਾਂਗੇ। ਜੇਕਰ ਕੋਈ ਵਰਤੋਂ ਹੀ ਨਹੀਂ ਕਰੇਗਾ ਤਾਂ ਅਸੀਂ ਕਮਾਵਾਂਗੇ ਕੀ, ਇਸ ਲਈ ਤੁਸੀਂ ਸਾਡੇ ਰੇਟ ਆਉਣ ਦਿਓ, ਉਦੋਂ ਪਤਾ ਲੱਗੇਗਾ ਕਿ ਦੁਨੀਆ ਕਿਵੇਂ ਬਦਲੇਗੀ। ਜੋ ਜਿੰਨੀ ਗੱਲ ਕਰੇਗਾ, ਓਨੇ ਘੱਟ ਪੈਸੇ ਦੇਵੇਗਾ।

ਇਸੇ ਗੱਲ ਦਾ ਦੂਜਾ ਸਿਰਾ ਮੈਨੂੰ ਸਮਝਾਇਆ ਦਿੱਲੀ ਵਿਚ ਐੱਮ. ਟੀ. ਐੱਨ. ਐੱਲ. ਦੇ ਸੀ. ਐੱਮ. ਡੀ. ਐੱਸ. ਰਾਜਗੋਪਾਲਨ ਨੇ। ਇਹ ਉਦੋਂ ਦੀ ਗੱਲ ਹੈ, ਜਦੋਂ ਐੱਮ. ਟੀ. ਐੱਨ. ਐੱਲ. ਦਿੱਲੀ ਵਿਚ ਮੋਬਾਇਲ ਸਰਵਿਸ ਸ਼ੁਰੂ ਕਰ ਰਿਹਾ ਸੀ, ਉਦੋਂ ਤਕ ਮੋਬਾਇਲ ਫੋਨ ਵੱਡੇ ਲੋਕਾਂ ਦੇ ਹੱਥ ਵਿਚ ਹੁੰਦਾ ਸੀ ਅਤੇ ਆਮ ਤੌਰ ’ਤੇ ਸਟੇਟਸ ਸਿੰਬਲ ਹੀ ਮੰਨਿਆ ਜਾਂਦਾ ਸੀ। ਮੇਰਾ ਸਵਾਲ ਸੀ ਕਿ ਏਅਰਟੈੱਲ ਅਤੇ ਐੱਸਆਰ ਵਰਗੇ ਵੱਡੇ ਖਿਡਾਰੀ ਬਾਜ਼ਾਰ ਵਿਚ ਹਨ। ਐੱਮ. ਟੀ. ਐੱਨ. ਐੱਲ. ਕੀ ਖਾਸ ਦੇਵੇਗਾ, ਜੋ ਇਨ੍ਹਾਂ ਨਾਲੋਂ ਵੱਖਰਾ ਹੋਵੇਗਾ? ਰਾਜਗੋਪਾਲਨ ਨੇ ਕਿਹਾ, ‘‘ਤੁਹਾਨੂੰ ਕੀ ਜਾਪਦਾ ਹੈ, ਮੋਬਾਇਲ ਫੋਨ ਦੀ ਸਭ ਤੋਂ ਵੱਧ ਲੋੜ ਕਿਸ ਨੂੰ ਹੈ? ਮੇਰੇ ਵਰਗੇ ਆਦਮੀ ਨੂੰ, ਜਿਸ ਦੇ ਘਰ ਵਿਚ ਫੋਨ ਹੈ, ਫੋਨ ਅਟੈਂਡ ਕਰਕੇ ਮੈਸਿਜ ਨੋਟ ਕਰਨ ਵਾਲਾ ਅਸਿਸਟੈਂਟ ਹੈ। ਕਾਰ ਰਾਹੀਂ ਮੈਂ ਦਫਤਰ ਜਾਂਦਾ ਹਾਂ ਅਤੇ ਉਥੇ ਵੀ ਪੂਰਾ ਪ੍ਰਬੰਧ ਹੈ ਕਿ ਜੋ ਵੀ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ, ਉਸ ਦੀ ਖ਼ਬਰ ਰਜਿਸਟਰ ’ਤੇ ਨੋਟ ਹੁੰਦੀ ਹੈ। ਬਸ ਘਰ ਤੋਂ ਦਫਤਰ ਦੇ ਦਰਮਿਆਨ ਜੋ ਸਮਾਂ ਲੱਗੇ, ਉਹੀ ਬਚੇਗਾ।’’ ਹੁਣ ਉਸ ਆਦਮੀ ਦੀ ਸੋਚੀਏ, ਜੋ ਪਲੰਬਰ ਹੈ, ਇਲੈਕਟ੍ਰੀਸ਼ੀਅਨ ਹੈ ਜਾਂ ਤਰਖਾਣ ਹੈ, ਸਾਰਾ ਦਿਨ ਘੁੰਮ-ਘੁੰਮ ਕੇ ਕੰਮ ਕਰਦਾ ਹੈ ਅਤੇ ਸਿਰਫ ਰਾਤ ਨੂੰ ਘਰ ਪਹੁੰਚਦਾ ਹੈ। ਜੇਕਰ ਉਸਦਾ ਕੋਈ ਗਾਹਕ ਉਸ ਨੂੰ ਸੰਦੇਸ਼ ਦੇਣ ਜਾਣਾ ਚਾਹੇ ਤਾਂ ਕੋਈ ਰਾਹ ਨਹੀਂ ਹੈ। ਘਰ ਦੇ ਕੋਲ ਕੋਈ ਪਬਿਲਕ ਫੋਨ ਹੈ, ਜਿੱਥੋਂ ਉਸ ਨੂੰ ਸੰਦੇਸ਼ ਪਹੁੰਚ ਸਕਦਾ ਹੈ ਪਰ ਇਸ ਵਿਚ ਲੱਗਭਗ ਪੂਰਾ ਦਿਨ ਲੱਗ ਹੀ ਜਾਵੇਗਾ। ਇਸ ਫੋਨ ਦੀ ਸਭ ਤੋਂ ਜ਼ਿਆਦਾ ਲੋੜ ਤਾਂ ਉਸੇ ਆਦਮੀ ਨੂੰ ਹੈ ਅਤੇ ਇਹੀ ਸਾਡਾ ਕੰਮ ਹੈ ਕਿ ਅਸੀਂ ਅਜਿਹੇ ਹਰ ਆਦਮੀ ਦੇ ਹੱਥ ਵਿਚ ਮੋਬਾਇਲ ਫੋਨ ਪਹੁੰਚਾ ਦੇਈਏ।

ਉਦੋਂ ਇਹ ਗੱਲ ਕੁਝ ਉੱਚੀ ਉਡਾਣ ਵਰਗੀ ਹੀ ਲੱਗ ਰਹੀ ਸੀ ਪਰ 22 ਸਾਲਾਂ ਬਾਅਦ ਅੱਜ ਜਦੋਂ ਯਾਦ ਕਰਦਾ ਹਾਂ ਤਾਂ ਜਾਪਦਾ ਹੈ ਕਿ ਉਹ ਭਵਿੱਖ ਦੇਖ ਰਹੇ ਸਨ। ਭਵਿੱਖ, ਜੋ ਸਾਨੂੰ ਨਹੀਂ ਦਿਸ ਰਿਹਾ ਸੀ।

ਪਰ ਇਹ ਕਿਸ ਨੇ ਸੋਚਿਆ ਸੀ ਕਿ ਹਾਲਤ ਇਥੋਂ ਤਕ ਪਹੁੰਚ ਜਾਵੇਗੀ। ਸਿਮ ਵੀ ਫ੍ਰੀ, ਕਾਲ ਵੀ ਫ੍ਰੀ ਅਤੇ ਡਾਟਾ ਵੀ ਫ੍ਰੀ। ਅਜਿਹੀ ਲੁੱਟ ਮਚੀ ਕਿ ਇਕ-ਇਕ ਘਰ ਵਿਚ 10-10 ਸਿਮ ਕਾਰਡ, ਪਤਾ ਨਹੀਂ ਕਿੰਨੇ ਨੰਬਰ। ਅਤੇ ਡਾਟਾ ਦੀ ਤਾਂ ਅਜਿਹੀ ਧੁੰਮ ਮਚੀ ਕਿ ਹਰ ਆਦਮੀ ਦੀ ਜੇਬ ਵਿਚ ਆਪਣਾ ਟੀ. ਵੀ. ਅਤੇ ਆਪਣਾ ਥੀਏਟਰ। ਖ਼ਬਰ ਦੇਖਣੀ ਹੋਵੇ, ਮੈਚ ਦੇਖਣਾ ਹੋਵੇ ਜਾਂ ਲੇਟੈਸਟ ਫਿਲਮ, ਸਭ ਕੁਝ ਮੋਬਾਇਲ ’ਤੇ ਹੀ ਹੈ। ਜ਼ਿਆਦਾ ਸ਼ੌਕ ਹੋਵੇ ਤਾਂ ਉਸ ਨੂੰ ਵੱਡੀ ਸਕ੍ਰੀਨ ਨਾਲ ਜੋੜ ਲਓ।

ਸਿਰਫ ਕਰਮ ਕਰਨਾ ਫਲ ਦੀ ਚਿੰਤਾ ਕੀਤੇ ਬਿਨਾਂ

ਮੁਫਤ ਦੇ ਡਾਟਾ ਦਾ ਹੀ ਪ੍ਰਤਾਪ ਹੈ ਕਿ ਸਵੇਰ ਹੋਣ ਤੋਂ ਪਹਿਲਾਂ ਅਤੇ ਰਾਤ ਹੋਣ ਤੋਂ ਬਾਅਦ ਤਕ ਤੁਹਾਡੇ ਮੋਬਾਇਲ ’ਤੇ ਤਰ੍ਹਾਂ-ਤਰ੍ਹਾਂ ਦੇ ਸੰਦੇਸ਼ ਅਤੇ ਉਨ੍ਹਾਂ ਦੇ ਨਾਲ ਵੀਡੀਓ, ਆਡੀਓ, ਮੀਮ ਅਤੇ ਇਨਟ੍ਰੈਕਟਿਵ ਗ੍ਰਾਫਿਕਸ ਦੀ ਨਿਰੰਤਰ ਧਾਰਾ ਚਲਦੀ ਰਹਿੰਦੀ ਹੈ। ਇਨਸਾਨ ਸੋਚਦਾ ਵੀ ਨਹੀਂ ਕਿ ਉਸ ਨੂੰ ਕੀ ਮਿਲਿਆ ਹੈ ਅਤੇ ਉਸ ਨੇ ਕੀ ਅੱਗੇ ਵਧਾਉਣਾ ਹੈ? ਨਿਰਸੁਆਰਥ ਭਾਵ ਨਾਲ ਬਟਨ ਦਬਾਉਂਦਾ ਰਹਿੰਦਾ ਹੈ ਅਤੇ ਇਨਬਾਕਸ ਵਿਚ ਆਉਣ ਵਾਲੀ ਸਾਰੀ ਸਮੱਗਰੀ ਆਪਣੇ ਸਾਰੇ ਮਿੱਤਰਾਂ ਅਤੇ ਸਾਰੇ ਗਰੁੱਪਾਂ ਤਕ ਪ੍ਰਸਤਾਰਿਤ ਕਰਦਾ ਰਹਿੰਦਾ ਹੈ, ਭਾਵ ਸਿਰਫ ਕਰਮ ਕਰਨਾ ਅਤੇ ਫਲ ਦੀ ਚਿੰਤਾ ਕੀਤੇ ਬਿਨਾਂ।

ਜਿਨ੍ਹਾਂ ਨੂੰ ਕਾਲ ਅਤੇ ਡਾਟੇ ਦੀ ਵਰਤੋਂ ਕਰਨਾ ਜ਼ਰੂਰੀ ਹੈ, ਉਨ੍ਹਾਂ ਨੂੰ ਇਸ ਦੀ ਕੀਮਤ ਅਦਾ ਕਰਨ ਦੀ ਆਦਤ ਵੀ ਪਾਉਣੀ ਚਾਹੀਦੀ ਹੈ ਕਿਉਂਕਿ ਤੁਸੀਂ ਸਸਤੇ ਦੇ ਫੇਰ ਵਿਚ ਰਹੋਗੇ ਤਾਂ ਕੰਪਨੀਆਂ ਤੁਹਾਡੀ ਆੜ ਵਿਚ ਸਰਕਾਰ ਕੋਲੋਂ ਜਾ ਕੇ ਮਦਦ ਮੰਗਦੀਆਂ ਰਹਿਣਗੀਆਂ ਅਤੇ ਅਖੀਰ ਵਿਚ ਉਹ ਪੈਸਾ ਵੀ ਤੁਹਾਡੀ ਜੇਬ ’ਚੋਂ ਹੀ ਜਾਣਾ ਹੈ।

ਇਹ ਜਿੰਨਾ ਜਲਦੀ ਸਮਝ ਲਓ, ਓਨਾ ਹੀ ਫਾਇਦੇ ’ਚ ਰਹੋਗੇ, ਨਹੀਂ ਤਾਂ ਕੰਪਨੀਆਂ ਤੁਹਾਨੂੰ ਛਣਕਣਾ ਦਿਖਾ ਕੇ ਪਿਛਲੀ ਜੇਬ ’ਚੋਂ ਤੁਹਾਡਾ ਹੀ ਪੈਸਾ ਆਪਣੀ ਝੋਲੀ ਵਿਚ ਭਰਨ ਦਾ ਸਿਲਸਿਲਾ ਚਲਾਉਂਦੀਆਂ ਰਹਿਣਗੀਆਂ। ਇਸ ਲਈ ਫੋਨ ਵੀ ਕਰੋ ਅਤੇ ਡਾਟਾ ਵੀ ਚਲਾਓ ਪਰ ਓਨਾ ਹੀ, ਜਿੰਨੇ ਦਾ ਪੈਸਾ ਭਰਨ ਲਈ ਤੁਸੀਂ ਤਿਆਰ ਹੋਵੋ, ਮੁਫਤ ਦੇ ਫੇਰ ਵਿਚ ਆਪਣੇ ਹੀ ਪੈਰਾਂ ’ਤੇ ਕੁਹਾੜੀ ਮਾਰਨ ਦਾ ਇੰਤਜ਼ਾਮ ਨਾ ਕਰੋ।

Bharat Thapa

This news is Content Editor Bharat Thapa