ਸਿੱਖਿਆ ਨੂੰ ਨੈਤਿਕ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਨਾਲ ਓਤ-ਪੋਤ ਬਨਾਉਣ ਦੀ ਚੁਨੌਤੀ

09/23/2021 3:36:52 AM

ਡਾ. ਵਰਿੰਦਰ ਭਾਟੀਆ
ਕੁਝ ਦਿਨ ਪਹਿਲਾਂ ਮੈਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉਪ-ਪ੍ਰਧਾਨ ਦੇ ਤੌਰ ’ਤੇ ਹਿਮਾਚਲ ਸਕੂਲ ਸਿੱਖਿਆ ਬੋਰਡ ਧਰਮਸ਼ਾਲਾ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ 2020 ’ਤੇ ਆਯੋਜਿਤ ਇਕ ਹਾਈ ਲੈਵਲ ਦੀ ਕਾਰਜਸ਼ਾਲਾ ’ਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਹਿਮਾਚਲ ਸਕੂਲ ਸਿੱਖਿਆ ਦੇ ਖੇਤਰ ’ਚ ਪੰਜਾਬ ਵਾਂਗ ਪ੍ਰੋਗ੍ਰੈਸਿਵ ਕੰਮ ਕਰ ਰਿਹਾ ਹੈ। ਇਸ ਮੰਚ ’ਤੇ ਜਿੱਥੇ ਮੈਨੂੰ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਸ਼ਾਂਤਾ ਕੁਮਾਰ ਵੱਲੋਂ ਸਿੱਖਿਆ ਅਤੇ ਭਾਰਤੀ ਸੱਭਿਆਚਾਰ ਦੀ ਵਧਦੀ ਦੂਰੀ ’ਤੇ ਚਿੰਤਾ ਦਿਲ ਨੂੰ ਛੂਹ ਗਈ। ਉਨ੍ਹਾਂ ਦੀ ਗੱਲ ਮਹੱਤਵਪੂਰਨ ਲੱਗੀ ਕਿ ਹੁਣ ਸਮਾਜਿਕ ਤਰੁਟੀਆਂ ’ਤੇ ਨੱਥ ਪਾਉਣ ਦਾ ਇਕੋ ਇਕ ਤਰੀਕਾ ਚਰਿੱਤਰ ਕਦਰਾਂ-ਕੀਮਤਾਂ ਨੂੰ ਵਿਕਸਤ ਕਰਨ ਵਾਲੀ ਸਿੱਖਿਆ ਹੈ।

ਮੇਰਾ ਘੱਟ ਗਿਆਨ ਕਹਿੰਦਾ ਹੈ ਕਿ ਸਿੱਖਿਆ ਇਕ ਪੂਰੀ ਜ਼ਿੰਦਗੀ ਚੱਲਣ ਵਾਲੀ ਪ੍ਰਕਿਰਿਆ ਹੈ, ਜਿਸ ਦੇ ਰਾਹੀਂ ਲੋਕ ਕੰਮ ਅਤੇ ਵਿਚਾਰ ਦੀਆਂ ਨਵੀਆਂ ਪ੍ਰਣਾਲੀਆਂ ਸਿੱਖਦੇ ਰਹਿੰਦੇ ਹਨ। ਉਸ ਨਾਲ ਵਤੀਰੇ ’ਚ ਅਜਿਹੇ ਬਦਲਾਅ ਲਿਆਉਣ ਨੂੰ ਉਤਸ਼ਾਹ ਮਿਲਦਾ ਹੈ, ਜਿਸ ਨਾਲ ਮਨੁੱਖ ਦੀ ਸਥਿਤੀ ’ਚ ਸੁਧਾਰ ਆਵੇ। ਵਿਦਿਆਰਥੀਆਂ ’ਚ ਇਕ ਸਮਾਜਿਕ ਭਾਵ ਦਾ ਸੱਭਿਆਚਾਰ ਪੈਦਾ ਹੋਣ ’ਚ ਸਿੱਖਿਆ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਜਿਸ ਨਾਲ ਉਨ੍ਹਾਂ ’ਚ ਇਕ ਜ਼ਿੰਮੇਵਾਰੀ ਅਤੇ ਨਾਗਰਿਕਤਾ ਦੀ ਭਾਵਨਾ ਆਕਾਰ ਲੈਂਦੀ ਹੈ, ਜਿਸ ਨਾਲ ਉਨ੍ਹਾਂ ਦੇ ਆਤਮਵਿਸ਼ਵਾਸ ਅਤੇ ਵਿਕਾਸ ’ਚ ਵਾਧਾ ਹੁੰਦਾ ਹੈ।

ਸੱਭਿਆਚਾਰ ਸਿੱਖਿਆ ਦਾ ਅਨਿਖੜਵਾਂ ਹਿੱਸਾ ਹੈ। ਭਾਸ਼ਾ ਸਮਾਜੀਕਰਨ ਅਤੇ ਸਿੱਖਿਆ ’ਚ ਅਹਿਮ ਭੂਮਿਕਾ ਅਦਾ ਕਰਦੀ ਹੈ। ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੀਆਂ ਸਥਾਨਕ ਭਾਸ਼ਾਵਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ। ਅਸੀਂ ਸਿੱਖਿਆ ’ਚ ਚਰਿੱਤਰ ਕਦਰਾਂ-ਕੀਮਤਾਂ ਦੀ ਲਗਾਤਾਰਤਾ ਦੇ ਲਈ ਸਮਾਜ ਦੇ ਬਜ਼ੁਰਗਾਂ ਦੀ ਮਦਦ ਲੈ ਸਕਦੇ ਹਾਂ ਕਿਉਂਕਿ ਉਹ ਸਿੱਖਿਆ ਦੇ ਸੱਭਿਆਚਾਰੀ ਕਰਮ ’ਚ ਬੜੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੇ ਕੋਲ ਅਕਸਰ ਅਜਿਹੀਆਂ ਕਹਾਣੀਆਂ ਅਤੇ ਹੁਨਰ ਹੁੰਦੇ ਹਨ, ਜਿਨ੍ਹਾਂ ਦੇ ਬਾਰੇ ’ਚ ਅੱਜ ਦੀ ਪੀੜ੍ਹੀ ਅਣਜਾਣ ਹੁੰਦੀ ਹੈ। ਮਨੁੱਖ ਦੀ ਸ਼ਖਸੀਅਤ ਦੇ ਸੁਨਹਿਰੀ ਵਿਕਾਸ ਦੇ ਰੂਪ ’ਚ ਸੱਭਿਆਚਾਰ ’ਚ ਵਿਚਾਰ ਅਤੇ ਵਿਹਾਰ ਦੋਵਾਂ ਦੇ ਹੀ ਤਰੀਕੇ ਸ਼ਾਮਲ ਹੁੰਦੇ ਹਨ, ਜਿਨ੍ਹਾਂ ਪ੍ਰਤੀ ਵਿਅਕਤੀ ਦੇ ਨਿੱਜੀ ਦੇ ਵੱਖ-ਵੱਖ ਪੱਖ ਜਾਗਰੂਕ ਹੁੰਦੇ ਹਨ ਅਤੇ ਇਹ ਜਾਗਰੂਕਤਾ ਵਿਅਕਤੀ ਨੂੰ ਇਕ ਸੁਲਝੀ ਹੋਈ ਸ਼ਖਸੀਅਤ ਮੁਹੱਈਆ ਕਰਦੀ ਹੈ। ਜਿਸ ਦੇ ਨਤੀਜੇ ਵਜੋਂ ਉਸ ਦੀ ਸ਼ਖਸੀਅਤ ਸੰਪੂਰਨ ਤੇ ਸੰਗਠਿਤ ਰੂਪ ’ਚ ਉਭਰ ਕੇ ਸਾਡੇ ਸਾਹਮਣੇ ਪ੍ਰਗਟ ਹੁੰਦੀ ਹੈ।

ਵਿਦਿਆਰਥੀ ਸਮਾਜ ਦਾ ਇਕ ਅੰਗ ਹੁੰਦਾ ਹੈ ਅਤੇ ਉਹ ਜਦੋਂ ਸਕੂਲ ’ਚ ਦਾਖਲ ਹੁੰਦਾ ਹੈ ਤਾਂ ਅਧਿਆਪਕ ਅਤੇ ਸਕੂਲ ਉਸ ਨੂੰ ਸਮਾਜ ਦੇ ਸੱਭਿਆਚਾਰ ਦੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦੇ ਹਨ। ਸੱਭਿਆਚਾਰ ਕਦਰਾਂ-ਕੀਮਤਾਂ ਦਾ ਅਨੁਸ਼ਾਸਨ ’ਤੇ ਵੀ ਅਸਰ ਪੈਂਦਾ ਹੈ। ਉੱਥੇ ਸੁਤੰਤਰ ਅਨੁਸ਼ਾਸਨ ਹੋਵੇਗਾ। ਸੱਭਿਆਚਾਰ ਕਦਰਾਂ-ਕੀਮਤਾਂ ਮਨੁੱਖ ਦਾ ਸਮਾਜਿਕ ਵਾਤਾਵਰਣ ਨਾਲ ਸਮਾਯੋਜਨ ਕਰਦੀਆਂ ਹਨ। ਹਰੇਕ ਸਮਾਜ ਦੀਆਂ ਆਰਥਿਕ, ਧਾਰਮਿਕ, ਰਾਜਨੀਤਿਕ , ਸਮਾਜਿਕ ਹਾਲਤਾਂ ਵੱਖ-ਵੱਖ ਹੁੰਦੀਆਂ ਹਨ ਅਤੇ ਇਸ ਦੇ ਨਾਲ ਹੀ ਹਰੇਕ ਵਿਅਕਤੀ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਆਪਣੇ ਸਮਾਜ ਦੀਆਂ ਵੱਖ-ਵੱਖ ਹਾਲਤਾਂ ਦੇ ਨਾਲ ਖੁਦ ਦਾ ਅਨੁਕੂਲਨ ਕਰ ਸਕੇ।

ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਸਿੱਖਿਆ ਦੇ ਮਕਸਦਾਂ ’ਤੇ ਅਸਰ ਹਮੇਸ਼ਾ ਰਿਹਾ ਹੈ। ਹਰੇਕ ਸਮਾਜ ’ਚ ਸਿੱਖਿਆ ਦੇ ਕੁਝ ਮਕਸਦ ਸਦੀਵੀ ਹੁੰਦੇ ਹਨ ਅਤੇ ਕੁਝ ਸਮਾਜਿਕ। ਇਹ ਦੋਵੇਂ ਹੀ ਮਕਸਦ ਸੱਭਿਆਚਾਰ ਦੇ ਆਦਰਸ਼ਾਂ, ਕਦਰਾਂ-ਕੀਮਤਾਂ ਅਤੇ ਪ੍ਰਾਰੂਪਾਂ ਤੋਂ ਪ੍ਰਭਾਵਿਤ ਹੁੰਦੇ ਹਨ, ਉਦਾਹਰਣ ਵਜੋਂ- ਭਾਰਤੀ ਸੱਭਿਆਚਾਰ ਦੇ ਕੁਝ ਸਦੀਵੀ ਮੁੱਲ ਹਨ, ਜਿਵੇਂ ਕਿ ਅਧਿਆਤਮਕ, ਮਨੁੱਖੀ ਸੇਵਾ, ਪਰਉਪਕਾਰ ਆਦਿ। ਸਿੱਖਿਆ ’ਚ ਇਨ੍ਹਾਂ ਨੂੰ ਉੱਚਾ ਸਥਾਨ ਦਿੱਤਾ ਜਾਣਾ ਚਾਹੀਦਾ ਹੈ।

ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਸਿੱਖਿਆ ਪ੍ਰਣਾਲੀਆਂ ’ਤੇ ਵੀ ਪ੍ਰਭਾਵ ਹੁੰਦਾ ਹੈ। ਪ੍ਰਾਚੀਨ ਸੱਭਿਆਚਾਰ ’ਚ ਗੁਰੂ ਨੂੰ ਮਹੱਤਵਪੂਰਨ ਸਥਾਨ ਹਾਸਲ ਸੀ। ਅਧਿਆਪਕ ਸਮਾਜ ਦਾ ਇਕ ਮੈਂਬਰ ਹੁੰਦਾ ਹੈ ਤੇ ਉਸ ’ਚ ਹੀ ਉਹ ਵਿਕਸਤ ਹੁੰਦਾ ਹੈ। ਇਸ ਲਈ ਸਮਾਜ ਅਤੇ ਸੱਭਿਆਚਾਰ ਦਾ ਪ੍ਰਭਾਵ ਉਸ ਦੇ ਆਚਰਨ ਅਤੇ ਵਿਚਾਰਾਂ ’ਤੇ ਪੈਂਦਾ ਹੈ ਅਤੇ ਸਮਾਜ ਉਨ੍ਹਾਂ ਹੀ ਅਧਿਆਪਕਾਂ ਨੂੰ ਚੰਗਾ ਸਮਝਦਾ ਹੈ, ਜੋ ਸੱਭਿਆਚਾਰਕ ਵਿਰਾਸਤ ਅਤੇ ਕਦਰਾਂ-ਕੀਮਤਾਂ ਦਾ ਸਨਮਾਨ ਕਰਦਾ ਹੈ ਕਿਉਂਕਿ ਅਜਿਹਾ ਹੀ ਅਧਿਆਪਕ ਬੱਚੇ ਨੂੰ ਸਹੀ ਦਿਸ਼ਾ ਦਿਖਾ ਸਕਦਾ ਹੈ।

ਸਕੂਲ ਦੀਆਂ ਸਾਰੀਆਂ ਸਰਗਰਮੀਆਂ ਅਤੇ ਕਾਰਜਕਾਲ ਸੱਭਿਆਚਾਰਕ ਆਦਰਸ਼ਾਂ ਅਤੇ ਰਿਵਾਇਤਾਂ ’ਤੇ ਆਧਾਰਿਤ ਹੁੰਦੇ ਹਨ। ਇਸੇ ਕਾਰਨ ਸਕੂਲ ਸੱਭਿਆਚਾਰ ਨੂੰ ਵਿਕਸਤ ਕਰਨ ਅਤੇ ਸੁਧਾਰਨ ’ਚ ਸਹਾਇਕ ਹੁੰਦਾ ਹੈ। ਵੱਖ-ਵੱਖ ਸੱਭਿਆਚਾਰਕ ਕੀਮਤਾਂ ’ਤੇ ਆਧਾਰਿਤ ਸਕੂਲ ਉਸੇ ਸੱਭਿਆਚਾਰ ਦਾ ਪ੍ਰਸਾਰ ਅਤੇ ਪ੍ਰਚਾਰ ਕਰਦੇ ਹਨ, ਜਿਸ ’ਤੇ ਉਹ ਆਧਾਰਿਤ ਹੁੰਦੇ ਹਨ।

ਜੇਕਰ ਸਮਾਜ ਸਿੱਖਿਆ ਦੇ ਹਰੇਕ ਪੱਖ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਠੀਕ ਉਸੇ ਤਰ੍ਹਾਂ ਸਿੱਖਿਆ ਵੀ ਸਮਾਜ ਨੂੰ ਹਰੇਕ ਪੱਖ ’ਤੇ ਪ੍ਰਭਾਵਿਤ ਕਰਦੀ ਹੈ, ਭਾਵੇਂ ਆਰਥਿਕ, ਸਿਆਸੀ, ਸੱਭਿਆਚਾਰਕ ਸਰੂਪ ਹੋਵੇ। ਸਿੱਖਿਆ ਦਾ ਖਰੜਾ ਸਮਾਜ ਦੇ ਸਰੂਪ ਨੂੰ ਬਦਲ ਦਿੰਦਾ ਹੈ ਕਿਉਂਕਿ ਸਿੱਖਿਆ ਤਬਦੀਲੀ ਦਾ ਸਾਧਨ ਹੈ। ਸਮਾਜ ਪ੍ਰਾਚੀਨ ਕਾਲ ਤੋਂ ਅੱਜ ਤੱਕ ਲਗਾਤਾਰ ਵਿਕਸਤ ਅਤੇ ਤਬਦੀਲ ਹੁੰਦਾ ਚਲਿਆ ਜਾ ਰਿਹਾ ਹੈ ਕਿਉਂਕਿ ਜਿਵੇਂ ਜਿਵੇਂ ਸਿੱਖਿਆ ਦਾ ਪ੍ਰਚਾਰ- ਪ੍ਰਸਾਰ ਹੁੰਦਾ ਗਿਆ ਇਸ ਨੇ ਸਮਾਜ ’ਚ ਵਿਅਕਤੀਆਂ ਦੀ ਪ੍ਰਸਥਿਤੀ, ਦ੍ਰਿਸ਼ਟੀਕੋਣ, ਰਹਿਣ-ਸਹਿਣ, ਖਾਣ-ਪੀਣ, ਰੀਤੀ ਰਿਵਾਜਾਂ ’ਤੇ ਅਸਰ ਪਾਇਆ ਅਤੇ ਇਸ ਨਾਲ ਸੰਪੂਰਨ ਸਮਾਜ ਦਾ ਸਰੂਪ ਬਦਲਿਆ।

ਸਿੱਖਿਆ ਵਿਅਕਤੀਆਂ ਨੂੰ ਇਸ ਯੋਗ ਬਣਾਉਂਦੀ ਹੈ ਕਿ ਉਹ ਸਮਾਜ ’ਚ ਪੈਦਾ ਸਮੱਸਿਆਵਾਂ, ਕੁਰੀਤੀਆਂ, ਗਲਤ ਪ੍ਰੰਪਰਾਵਾਂ ਦੇ ਪ੍ਰਤੀ ਸੁਚੇਤ ਹੋ ਕੇ ਉਸ ਦੀ ਆਲੋਚਨਾ ਕਰਦੇ ਹਨ ਅਤੇ ਹੌਲੀ-ਹੌਲੀ ਸਮਾਜ ’ਚ ਤਬਦੀਲ ਹੁੰਦਾ ਜਾਂਦਾ ਹੈ। ਸਿੱਖਿਆ ਸਮਾਜ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਬਣਾਉਂਦੇ ਹੋਏ ਉਸ ’ਚ ਤਰੱਕੀ ਦਾ ਆਧਾਰ ਬਣਾਉਂਦੀ ਹੈ। ਸਿੱਖਿਆ ਪਹਿਲਾਂ ’ਚ ਵਰਗ ਵਿਸ਼ੇਸ਼ ਦਾ ਅਧਿਕਾਰ ਸੀ। ਜੋ ਸਮੇਂ ਅਨੁਸਾਰ ਸਮਾਜ ਦੇ ਸਾਰੇ ਵਰਗਾਂ ਦੇ ਲਈ ਲਾਜ਼ਮੀ ਬਣੀ, ਜਿਸ ਨਾਲ ਕਿ ਸੁਤੰਤਰਤਾ ਦੇ ਬਾਅਦ ਸਮਾਜਿਕ ਤਰੱਕੀ ਅਤੇ ਸੁਧਾਰ ਸਪੱਸ਼ਟ ਤੌਰ ’ਤੇ ਪਰਿਭਾਸ਼ਿਤ ਹੋ ਰਿਹਾ ਹੈ।

ਸਿੱਖਿਆ ਸਮਾਜ ਦੇ ਸੱਭਿਆਚਾਰ ਅਤੇ ਸੱਭਿਅਤਾ ਦੇ ਤਬਾਦਲੇ ਦਾ ਆਧਾਰ ਬਣਦੀ ਹੈ। ਮਹਾਤਮਾ ਗਾਂਧੀ ਨੇ ਸਿੱਖਿਆ ਦੇ ਇਸ ਕਾਰਜ ਦੀ ਲੋੜ ਅਤੇ ਸ਼ਲਾਘਾ ਕਰਦੇ ਹੋਏ ਲਿਖਿਆ,‘‘ਸੱਭਿਆਚਾਰ ਹੀ ਮਨੁੱਖੀ ਜ਼ਿੰਦਗੀ ਦੀ ਨੀਂਹ ਅਤੇ ਮੁੱਖ ਵਸਤੂ ਹੈ। ਇਹ ਆਪਣੇ ਆਚਰਨ ਅਤੇ ਨਿੱਜੀ ਵਤੀਰੇ ਦੀਆਂ ਛੋਟੀਆਂ-ਛੋਟੀਆਂ ਗੱਲਾਂ ’ਚ ਪ੍ਰਗਟ ਹੋਣੀ ਚਾਹੀਦੀ ਹੈ।’’ ਰਾਸ਼ਟਰ ਪਿਤਾ ਦੀ ਇਹ ਗੱਲ ਅਤੇ ਸਵਾਮੀ ਵਿਵੇਕਾਨੰਦ ਵਰਗੇ ਕਈ ਰਾਸ਼ਟਰ ਰਿਸ਼ੀਆਂ ਦੇ ਸਿੱਖਿਆ ਨੂੰ ਨੈਤਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਓਤ-ਪੋਤ ਬਣਾਉਣ ਦਾ ਵੱਡਾ ਚੈਲੇਂਜ ਹਕੀਕਤ ’ਚ ਬਦਲਣ ਦੇ ਲਈ ਕੋਸ਼ਿਸ਼ਾਂ ਦੀ ਲੋੜ ਹੈ।

Bharat Thapa

This news is Content Editor Bharat Thapa