ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦੇ ਇਤਿਹਾਸਿਕ ਫੈਸਲੇ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਹਿਮ ਭੂਮਿਕਾ

11/12/2019 1:38:42 AM

ਦਮਨਜੀਤ ਕੌਰ

9 ਨਵੰਬਰ 2019 ਦਾ ਦਿਨ ਇਤਿਹਾਸ ਦੇ ਪੰਨਿਆਂ ਉੱਤੇ ਸ਼ਾਨਦਾਰ ਅੱਖਰਾਂ ਵਿਚ ਉੱਕਰਿਆ ਗਿਆ ਹੈ। ਇਹ ਉਹ ਦਿਨ, ਉਹ ਪਲ ਸੀ, ਜਦੋਂ ਸਾਡੀਆਂ 72 ਸਾਲਾਂ ਦੀਆਂ ਅਰਦਾਸਾਂ ਸੁਣੀਆਂ ਗਈਆਂ। 1947 ਦੀ ਵੰਡ ਤੋਂ ਬਾਅਦ ਸਾਡੇ ਕੁਝ ਗੁਰਦੁਆਰੇ, ਗੁਰਧਾਮ ਸਰਹੱਦ ਦੇ ਉਸ ਪਾਰ ਰਹਿ ਗਏ ਤੇ ਅਸੀਂ 72 ਸਾਲਾਂ ਤੋਂ ਆਪਣੀ ਅਰਦਾਸ ਵਿਚ ਅਰਜ਼ ਕਰਦੇ ਆ ਰਹੇ ਹਾਂ ਕਿ ‘‘ਹੇ ਵਾਹਿਗੁਰੂ ਸਾਨੂੰ ਸਾਡੇ ਤੋਂ ਵਿਛੜੇ ਗੁਰਦੁਆਰਿਆਂ, ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰਨ ਦਾ ਬਲ ਬਖਸ਼ੋ।’’ ਆਖਿਰ 9 ਨਵੰਬਰ ਨੂੰ ਉਹ ਦਿਨ ਆ ਹੀ ਗਿਆ, ਜਦੋਂ ਸਾਡੀਆਂ ਅਰਦਾਸਾਂ ਨੂੰ ਬੂਰ ਪਿਆ ਤੇ ਡੇਰਾ ਬਾਬਾ ਨਾਨਕ ਤੋਂ ਗੁ. ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਵਿਚਾਲੇ ਲਾਂਘਾ ਖੋਲ੍ਹਿਆ ਗਿਆ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਕਰਤਾਰਪੁਰ ਸਾਹਿਬ ਲਾਂਘਾ ਕੈਪਟਨ ਅਮਰਿੰਦਰ ਸਿੰਘ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਖੁੱਲ੍ਹਿਆ ਹੈ। ਹਰ ਕਿਸੇ ਦੀ ਮੰਗ ਸੀ ਕਿ ਇਹ ਲਾਂਘਾ ਖੁੱਲ੍ਹੇ ਤੇ ਡੇਰਾ ਬਾਬਾ ਨਾਨਕ ਤੋਂ ਮਹਿਜ਼ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕੀਏ। ਸੰਨ 2005 ਵਿਚ ਜਦੋਂ ਉਹ ਪਾਕਿਸਤਾਨ ਦੇ ਦੌਰੇ ’ਤੇ ਗਏ ਸਨ ਤਾਂ ਉਨ੍ਹਾਂ ਨੇ ਉਸ ਸਮੇਂ ਦੇ ਪਾਕਿਸਤਾਨੀ ਹੁਕਮਰਾਨ ਪ੍ਰਵੇਜ਼ ਮੁਸ਼ੱਰਫ ਅੱਗੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਪ੍ਰਸਤਾਵ ਰੱਖਿਆ ਸੀ ਤੇ ਇਹ ਗੱਲ ਫਿਰ ਉਨ੍ਹਾਂ ਦੇ ਹੀ ਮੌਜੂਦਾ ਕਾਰਜਕਾਲ ਦੌਰਾਨ ਸਿਰੇ ਚੜ੍ਹੀ।

ਕਰਤਾਰਪੁਰ ਸਾਹਿਬ ਦਾ ਪਟਿਆਲਾ ਦੇ ਰਿਆਸਤੀ ਪਰਿਵਾਰ ਨਾਲ ਗਹਿਰਾ ਸਬੰਧ ਹੈ। ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਵਲੋਂ ਪਾਕਿਸਤਾਨ ’ਚ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਦੀ ਮੌਜੂਦਾ ਇਮਾਰਤ ਉਦੋਂ 1,35,600 ਰੁਪਏ ਦੀ ਰਕਮ ਨਾਲ ਬਣਵਾਈ ਗਈ ਸੀ।

ਆਖਿਰ ਜਦੋਂ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ ਤਾਂ ਇਹ ਬਹੁਤ ਹੀ ਜਜ਼ਬਾਤੀ ਤੇ ਇਤਿਹਾਸਿਕ ਪਲ ਸਨ ਤੇ ਇਨ੍ਹਾਂ ਪਲਾਂ ’ਤੇ ਭਾਵੁਕ ਹੋਣਾ ਲਾਜ਼ਮੀ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜਦੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨੀ ਸਮਾਰੋਹ ਵਿਚ ਉਥੇ ਆਏ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਹ ਭਾਵੁਕ ਵੀ ਹੋਏ। ਉਨ੍ਹਾਂ ਕਿਹਾ ਕਿ ‘‘ਇਹ ਸਮਾਂ, ਇਹ ਪਲ ਸਾਡੇ ਸਾਰਿਆਂ ਲਈ ਬਹੁਤ ਮਾਅਨੇ ਰੱਖਦਾ ਹੈ, ਸਾਡੀ 72 ਸਾਲਾਂ ਬਾਅਦ ਅਰਦਾਸ ਸੁਣੀ ਗਈ ਹੈ ਤੇ ਅਸੀਂ ਉਸ ਵਾਹਿਗੁਰੂ ਦੇ ਧੰਨਵਾਦੀ ਹਾਂ।’’ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਨਾਲ ਪੂਰੇ ਦੇਸ਼, ਦੁਨੀਆ ਵਿਚ ਪਿਆਰ ਦੇ ਦਰਵਾਜ਼ੇ ਖੁੱਲ੍ਹੇ ਹਨ ਤੇ ਅਮਨ-ਸ਼ਾਂਤੀ ਦਾ ਸੁਨੇਹਾ ਗਿਆ ਹੈ ਪਰ ਇਸ ਦੇ ਨਾਲ ਹੀ ਜਿੱਥੇ ਉਹ ਇਕ ਆਮ ਪੰਜਾਬੀ ਹੋਣ ਦੇ ਨਾਤੇ ਭਾਵੁਕ ਹੋਏ, ਉਥੇ ਹੀ ਉਨ੍ਹਾਂ ਨੇ ਇਕ ਸੂਬੇ ਦੇ ਮੁੱਖ ਮੰਤਰੀ ਹੋਣ ਦਾ ਵੀ ਫਰਜ਼ ਅਦਾ ਕੀਤਾ ਤੇ ਜੋ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ, ਉਸ ਨੂੰ ਅੱਖੋਂ-ਪਰੋਖੇ ਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਸ ਲਾਂਘੇ ਦੇ ਖੁੱਲ੍ਹਣ ਨਾਲ ਪੂਰੀ ਦੁਨੀਆ ਵਿਚ ਇਕ ਹਾਂ-ਪੱਖੀ ਸੁਨੇਹਾ ਗਿਆ ਹੈ, ਉਸੇ ਤਰ੍ਹਾਂ ਚਾਹੁੰਦੇ ਹਾਂ ਕਿ ਪਾਕਿਸਤਾਨ ਸਰਹੱਦਾਂ ’ਤੇ ਤਾਇਨਾਤ ਸਾਡੇ ਫੌਜੀ ਵੀਰਾਂ ਨੂੰ ਨਾ ਮਾਰੇ ਤੇ ਨਾ ਹੀ ਅੱਤਵਾਦ ਨੂੰ ਹੁਲਾਰਾ ਦੇਵੇ। ਇਸ ’ਤੇ ਅਮਲ ਕਰਨਾ ਹੀ ਬਾਬਾ ਨਾਨਕ ਜੀ ਦੇ ਦੱਸੇ ਰਾਹ ’ਤੇ ਚੱਲਣ ਦੇ ਬਰਾਬਰ ਹੋਵੇਗਾ।

ਉਨ੍ਹਾਂ ਕਿਹਾ ਕਿ ਇਸ ਮੌਕੇ ਨੇ ਸਿੱਖ ਕੌਮ ਨੂੰ ਉਸ ਪਵਿੱਤਰ ਸਥਾਨ ਨਾਲ ਮੁੜ ਜੋੜ ਦਿੱਤਾ ਹੈ, ਜਿਸ ਨੂੰ 1947 ਦੀ ਵੰਡ ਦੇ ਦੁਖਾਂਤ ਨੇ ਕੌਮ ਤੋਂ ਵਿਛੋੜ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੀ ਮਿਹਰ ਸਦਕਾ ਉਨ੍ਹਾਂ ਨੂੰ ਦੋ ਵਾਰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਇਕ ਵਾਰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਵਾਤਾਵਰਣ ਦੀ ਸੰਭਾਲ ਸਬੰਧੀ ਸਿੱਖਿਆਵਾਂ ਨੂੰ ਜ਼ਿੰਦਗੀ ਵਿਚ ਅਪਣਾ ਕੇ ਫਸਲਾਂ ਦੀ ਰਹਿੰਦ-ਖੂੰਹਦ ਨਾ ਸਾੜਨ ਦੀ ਅਪੀਲ ਕੀਤੀ ਅਤੇ ਕਿਹਾ ਕਿ ‘‘ਸਾਨੂੰ ਸਭ ਕੁਝ ਗੁਰੂ ਸਾਹਿਬ ਦੀ ਮਿਹਰ ਸਦਕਾ ਮਿਲਿਆ ਹੈ ਅਤੇ ਜੇਕਰ ਅਸੀਂ ਆਪਣੇ ਆਲੇ-ਦੁਆਲੇ ਦੀ ਸੰਭਾਲ ਨਹੀਂ ਕਰਦੇ ਤਾਂ ਇਹ ਪ੍ਰਮਾਤਮਾ ਪ੍ਰਤੀ ਸਾਡੀ ਜ਼ਿੰਮੇਵਾਰੀ ਵਿਚਲੀ ਕੁਤਾਹੀ ਹੋਵੇਗੀ।’’

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਖੁੱਲ੍ਹਣਾ ਇਕ ਸ਼ੁਰੂਆਤ ਹੈ, ਅੱਗੇ ਜਾ ਕੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਆਪਸ ਵਿਚ ਗੱਲਬਾਤ ਕਰਨਗੀਆਂ ਤੇ ਹੋਰ ਗੁਰਦੁਆਰਾ ਸਾਹਿਬਾਨ ਵੀ ਇਸ ਵਿਚ ਸ਼ਾਮਿਲ ਕੀਤੇ ਜਾਣਗੇ ਤਾਂ ਜੋ ਇਧਰ ਰਹਿੰਦੀਆਂ ਸਾਰੀਆਂ ਸੰਗਤਾਂ ਪਾਕਿਸਤਾਨ ’ਚ ਸਥਿਤ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਕਰ ਸਕਣ।


Bharat Thapa

Content Editor

Related News