ਕੈਨੇਡਾ ਸਬਕ ਸਿੱਖੇ ਅਮਰੀਕਾ, ਬ੍ਰਿਟੇਨ ਅਤੇ ਭਾਰਤ ਵਿਚਲੀਆਂ ਖਾਮੀਆਂ ਤੋਂ

09/23/2019 2:03:13 AM

ਦਰਬਾਰਾ ਸਿੰਘ ਕਾਹਲੋਂ

ਕੈਨੇਡਾ ਇਕ ਅਜਿਹਾ ਲੋਕਤੰਤਰੀ ਦੇਸ਼ ਹੈ, ਜਿਸ ਦੀਆਂ ਲੋਕਤੰਤਰੀ ਜੜ੍ਹਾਂ ਬ੍ਰਿਟੇਨ ਨਾਲ ਸਾਂਝੀਆਂ ਹਨ। ਇਸ ਨੇ ਲੋਕਤੰਤਰੀ ਪਾਰਲੀਮੈਂਟਰੀ ਵਿਵਸਥਾ ਵੀ ਬ੍ਰਿਟੇਨ ਦੀ ਤਰਜ਼ ’ਤੇ ਉਸਾਰੀ ਹੋਈ ਹੈ। ਵਿਸ਼ਵ ਦਾ ਤਾਕਤਵਰ ਲੋਕਤੰਤਰ ਇਸ ਦਾ ਗੁਆਂਢੀ ਹੋਣ ਕਰਕੇ, ਉਸ ਨਾਲ ਵੱਡੇ ਪੱਧਰ ’ਤੇ ਰੋਟੀ-ਬੇਟੀ ਅਤੇ ਨੀਤੀਗਤ ਸਾਂਝ ਅਤੇ ਰਾਜਨੀਤਕ, ਆਰਥਿਕ, ਸਮਾਜਿਕ ਸਬੰਧ ਗੂੜ੍ਹੇ ਹਨ। ਬ੍ਰਿਟੇਨ ਦੀ ਤਰਜ਼ ’ਤੇ ਪਾਰਲੀਮੈਂਟਰੀ ਲੋਕਤੰਤਰ ਹੋਣ ਕਰਕੇ, ਬ੍ਰਿਟੇਨ ਦੀ ਪ੍ਰਧਾਨਗੀ ਅਤੇ ਪ੍ਰਭਾਵ ਵਾਲੀ ‘ਕਾਮਨਵੈਲਥ ਆਫ਼ ਨੇਸ਼ਨਜ਼’ ਸੰਸਥਾ ਦੇ ਭਾਰਤ ਅਤੇ ਕੈਨੇਡਾ ਵੀ ਮੈਂਬਰ ਹੋਣ ਕਰਕੇ, ਵੱਡੇ ਪੱਧਰ ’ਤੇ ਭਾਰਤ ਵਾਸੀ ਪ੍ਰਵਾਸੀਆਂ ਦੇ ਕੈਨੇਡਾ ਵਿਚ ਵਸੇ ਹੋਣ ਅਤੇ ਇਸ ਦੀ ਰਾਜਨੀਤੀ, ਸ਼ਾਸਨ ਅਤੇ ਸਰਕਾਰਾਂ ਵਿਚ ਅਹਿਮ ਯੋਗਦਾਨ ਪਾਉਣ ਕਰਕੇ ਇਹ ਦੋਵੇਂ ਰਾਸ਼ਟਰ ਆਪਸੀ ਨੇੜਤਾ ਰੱਖਦੇ ਹਨ।

ਪਰ ਜਿਵੇਂ ਬ੍ਰਿਟੇਨ, ਅਮਰੀਕਾ ਅਤੇ ਭਾਰਤ ਅੰਦਰ ਗੰਧਲੀ, ਚਿੱਕੜ ਉਛਾਲੀ ਭਰੀ, ਭ੍ਰਿਸ਼ਟਾਚਾਰੀ, ਨਸਲਵਾਦੀ, ਭੇਦਭਾਵ, ਨਿਆਂ ਸੰਗਤ ਰਹਿਤ, ਡਿਕਟੇਟਰਾਨਾ, ਨਫ਼ਰਤ, ਘੱਟਗਿਣਤੀਆਂ ਲਈ ਸਹਿਮ ਭਰੀ, ਆਰਥਿਕ ਅਤੇ ਸਮਾਜਿਕ ਨਾ-ਬਰਾਬਰੀ, ਔਰਤ ਵਰਗ ਨਾਲ ਬੇਇਨਸਾਫ਼ੀ ਭਰੀ ਲੋਕਤੰਤਰੀ ਸ਼ਾਸਨ ਵਿਵਸਥਾ ਉੱਭਰ ਰਹੀ ਹੈ, ਚੋਣਾਂ ਵਿਚ ਗੈਰ-ਲੋਕਤੰਤਰੀ ਹੱਥਕੰਡੇ ਅਪਣਾ ਕੇ ਸੱਤਾ ਪ੍ਰਾਪਤੀ ਲਈ ਮਾਰੂ ਖੁੱਲ੍ਹ ਖੇਡ ਦੇ ਦ੍ਰਿਸ਼ ਵੇਖਣ ਨੂੰ ਮਿਲਦੇ ਹਨ, ਅਜਿਹੀਆਂ ਲੋਕਤੰਤਰੀ ਅਤੇ ਚੋਣ ਮੁਹਿੰਮ ਵੇਲੇ ਪੈਦਾ ਹੁੰਦੀਆਂ ਸ਼ਰਮਨਾਕ ਕਿਸਮ ਦੀਆਂ ਵਧੀਕੀਆਂ ਤੋਂ ਕੈਨੇਡੀਅਨ ਲੋਕਤੰਤਰ, ਚੋਣ ਮੁਹਿੰਮ ਅਤੇ ਸ਼ਾਸਨ ਤੰਤਰ ਨੂੰ ਸਬਕ ਸਿੱਖਣ ਦੀ ਲੋੜ ਹੈ।

ਬ੍ਰਿਟੇਨ ’ਚ ਹੋ ਰਹੀ ਹੈ ਆਰਥਿਕ, ਸਮਾਜਿਕ ਤੌਰ ’ਤੇ ਬਰਬਾਦੀ

ਬ੍ਰੈਗਜ਼ਿਟ (ਬ੍ਰਿਟੇਨ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ) ਮਸਲੇ ਨੂੰ ਲੈ ਕੇ ਪਿਛਲੇ ਤਿੰਨ ਸਾਲਾਂ ਤੋਂ ਵਿਸ਼ਵ ਦੇ ਇਸ ਸਭ ਤੋਂ ਪੁਰਾਣੇ ਲੋਕਤੰਤਰ ਵਿਚ ਰਾਜਨੀਤਕ ਤੌਰ ’ਤੇ ਉੱਧੜ-ਧੁੰਮੀ ਮਚੀ ਹੋਈ ਹੈ। ਬ੍ਰਿਟੇਨ ਦੀ ਬੁਰੀ ਤਰ੍ਹਾਂ ਆਰਥਿਕ, ਰਾਜਨੀਤਕ ਅਤੇ ਸਮਾਜਿਕ ਤੌਰ ’ਤੇ ਬਰਬਾਦੀ ਹੋ ਰਹੀ ਹੈ। ਬ੍ਰਿਟੇਨ ਦੀ ਕਰੰਸੀ ਪੌਂਡ ਦੀ ਚਮਕ ਘਟ ਰਹੀ ਹੈ। ਸਕਾਟਲੈਂਡ, ਉੱਤਰੀ ਆਇਰਲੈਂਡ ਅਤੇ ਵੇਲਜ਼ ਖੇਤਰਾਂ ਵਿਚ ਖਿੱਚੋਤਾਣ ਪੈਦਾ ਹੋ ਰਹੀ ਹੈ। ਆਏ ਦਿਨ ਦੇਸ਼ ਅੰਦਰ ਮਾੜੀ ਤੋਂ ਮਾੜੀ ਖ਼ਬਰ ਮਿਲ ਰਹੀ ਹੈ। ਦੋ ਪ੍ਰਧਾਨ ਮੰਤਰੀ ਬ੍ਰੈਗਜ਼ਿਟ ਦੀ ਬਲੀ ਚੜ੍ਹ ਚੁੱਕੇ ਹਨ, ਡੇਵਿਡ ਕੈਮਰੂਨ ਅਤੇ ਥੈਰੇਸਾ ਮੇ। ਤੀਸਰੇ ਬੋਰਿਸ ਜੌਹਨਸਨ ਦੀ ਵੀ ਜੱਗੋਂ ਤੇਰ੍ਹਵੀਂ ਹੋ ਰਹੀ ਹੈ। ਡੇਵਿਡ ਕੈਮਰੂਨ ਨੇ ਮੰਨਿਆ ਹੈ ਕਿ ਯੂਰਪੀਅਨ ਯੂਨੀਅਨ ਨਾਲੋਂ ਬ੍ਰਿਟੇਨ ਦੇ ਵੱਖ ਹੋਣ ਦੇ ਮੁੱਦੇ ਨੂੰ ਲੈ ਕੇ ਦੇਸ਼ ਅੰਦਰ ਜਨਮਤ ਕਰਵਾਉਣਾ ਉਨ੍ਹਾਂ ਦੀ ਵੱਡੀ ਭੁੱਲ ਸੀ।

ਇਸ ਮੁੱਦੇ ਨੂੰ ਲੈ ਕੇ ਬ੍ਰਿਟਿਸ਼ ਪਾਰਲੀਮੈਂਟ ਮੱਛੀ ਬਾਜ਼ਾਰ ਅਤੇ ਰੋਜ਼ਾਨਾ ਇਕ-ਦੂਜੇ ’ਤੇ ਦੂਸ਼ਣਬਾਜ਼ੀ ਦਾ ਅਖਾੜਾ ਬਣੀ ਹੋਈ ਹੈ। ਦੇਸ਼ ਦਾ ਪ੍ਰਸ਼ਾਸਨ ਖੜੋਤ ਦਾ ਸ਼ਿਕਾਰ ਹੋਇਆ ਪਿਆ ਹੈ। ਇਨ੍ਹਾਂ ਹਾਲਾਤ ਵਿਚ ਦੇਸ਼ ਅੰਦਰਲੇ ਅਤੇ ਬਾਹਰਲੇ ਨਿਵੇਸ਼ ਕਰਨ ਲਈ ਅੱਗੇ ਨਹੀਂ ਆ ਰਹੇ। ਬੇਰੋਜ਼ਗਾਰੀ ਵਧ ਰਹੀ ਹੈ ਅਤੇ ਉਤਪਾਦਨ ਵਿਚ ਖੜੋਤ ਆਈ ਹੋਈ ਹੈ। ਲੋਕਤੰਤਰੀ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਹਨ।

ਅਮਰੀਕਾ ’ਚ ਖੜ੍ਹਾ ਹੋ ਰਿਹਾ ਨਿੱਤ ਨਵਾਂ ਪੁਆੜਾ

ਅਮਰੀਕਾ ਜਿਥੇ ਪ੍ਰਧਾਨਗੀ ਤਰਜ਼ ਦਾ ਲੋਕਤੰਤਰ ਹੈ, ਉਥੇ ਜਦੋਂ ਦਾ ਡੋਨਾਲਡ ਟਰੰਪ ਪ੍ਰਧਾਨ ਬਣਿਆ ਹੈ, ਨਿੱਤ ਨਵਾਂ ਪੁਆੜਾ ਖੜ੍ਹਾ ਹੋਇਆ ਵੇਖਣ ਨੂੰ ਮਿਲ ਰਿਹਾ ਹੈ। ਇਸ ਬੰਦੇ ਨੇ ਪਤਾ ਨਹੀਂ ਕਦੋਂ ਕੀ ਕਰ ਦੇਣਾ ਹੈ ਅਤੇ ਕੀ ਕਹਿ ਦੇਣਾ ਹੈ? ਆਪਣੀ ਹੀ ਮਨਪਸੰਦ ਦੇ ਸਕੱਤਰਾਂ, ਸਲਾਹਕਾਰਾਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਜ਼ਰਾ ਕੁ ਉਸ ਦੀ ਮਰਜ਼ੀ ਬਗੈਰ ਗੱਲਬਾਤ ਹੋ ਜਾਵੇ ਤਾਂ ਝਟਕਾਅ ਛੱਡਦਾ ਹੈ। ਅਮਰੀਕੀ ਕਾਂਗਰਸ ਨਾਲ ਆਢਾ ਲਾਈ ਰੱਖਦਾ ਹੈ। ਗੈਰ-ਕਾਨੂੰਨੀ ਪ੍ਰਵਾਸ, ਅਮਰੀਕਾ ਫਸਟ, ਗੋਰਾ ਨਸਲਵਾਦ ਭੜਕਾਉਣਾ, ਮੈਕਸੀਕੋ ਸਰਹੱਦ ’ਤੇ ਗੈਰ-ਕਾਨੂੰਨੀ ਘੁਸਪੈਠ ਰੋਕਣ ਲਈ ਕੰਧ ਕੱਢਣਾ, ਜੇ ਕਾਂਗਰਸ ਉਸ ਦੇ ਪ੍ਰਸਤਾਵ ਰੋਕੇ ਤਾਂ ਪ੍ਰਸ਼ਾਸਨ ਸੀਲ ਕਰਨਾ, ਵੱਖ-ਵੱਖ ਪ੍ਰਾਂਤਾਂ ਦੇ ਲੋਕਾਂ ਨੂੰ ਲੜਾਉਣਾ, ਮੁਹੰਮਦ- ਤੁਗਲਕੀ ਫੈਸਲਿਆਂ ਨਾਲ ਅਮਰੀਕੀਆਂ ਨੂੰ ਪ੍ਰੇਸ਼ਾਨ ਕਰਨਾ, ਕੁਦਰਤੀ ਤੂਫਾਨਾਂ ਨੂੰ ਰੋਕਣ ਲਈ ਐਟਮ ਬੰਬ ਦੀ ਵਰਤੋਂ ਦੀ ਸਲਾਹ ਦੇਣਾ ਆਦਿ ਫੈਸਲਿਆਂ ਨਾਲ ਅਮਰੀਕਾ ਵਿਚ ਰਾਜਨੀਤਕ, ਸਮਾਜਿਕ, ਧਾਰਮਿਕ ਵਿਗਾੜ ਪੈਦਾ ਕੀਤੇ। ਕੌਮਾਂਤਰੀ ਪੱਧਰ ’ਤੇ ਕੈਨੇਡਾ-ਮੈਕਸੀਕੋ ਨਾਲ ਕੀਤਾ ਨਾਫਟਾ ਵਪਾਰਕ ਸਮਝੌਤਾ ਤੋੜਨਾ, ਪੈਰਿਸ ਜਲਵਾਯੂ ਸੰਧੀ ਅਤੇ ਈਰਾਨ ਨਾਲ ਪ੍ਰਮਾਣੂ ਸੰਧੀ ਤੋਂ ਵਾਪਸੀ ਕਰਨਾ, ਅਫਗਾਨਿਸਤਾਨ ’ਚੋਂ ਫੌਜਾਂ ਦੀ ਵਾਪਸੀ ਉਪਰੰਤ ਤਾਲਿਬਾਨਾਂ ਨੂੰ ਸੱਤਾ ਸੌਂਪਣ ਦੇ ਮੁਹੰਮਦ-ਤੁਗਲਕੀ ਫੈਸਲੇ ਸਬੰਧੀ ਗੱਲਬਾਤ ਤੋਰਨਾ, ਚੀਨ ਦੀਆਂ ਬਰਾਮਦਾਂ ’ਤੇ 25 ਪ੍ਰਤੀਸ਼ਤ ਟੈਕਸ ਠੋਕ ਕੇ ਵਿਸ਼ਵ ਪੱਧਰ ’ਤੇ ਆਰਥਿਕ ਮੰਦੀ ਪੈਦਾ ਕਰਨਾ, ਇਸ ਦੇ ਲੋਕ-ਵਿਰੋਧੀ ਅਤਿ-ਨਿੰਦਣਯੋਗ ਫੈਸਲੇ ਹਨ।

ਇਸ ਸਨਕੀ ਆਗੂ ਨੇ ਵਿਸ਼ਵ ਦੇ ਉੱਚ-ਪੱਧਰੀ ਰਾਸ਼ਟਰੀ ਆਗੂਆਂ ਨਾਲ ਮਸ਼ਕਰੀਆਂ ਕਰ ਕੇ ਅਮਰੀਕੀ ਰਾਸ਼ਟਰ ਦੇ ਮਾਣ-ਸਨਮਾਨ ਨੂੰ ਸੱਟ ਮਾਰੀ ਹੈ। ਜਰਮਨ ਚਾਂਸਲਰ ਅੱਗੇ ਕੈਨੇਡਾ ਵਿਖੇ ਜੀ-7 ਦੇਸ਼ਾਂ ਦੀ ਮੀਟਿੰਗ ਵਿਚ ਜੇਬ ’ਚੋਂ ਟੌਫੀ ਕੱਢ ਕੇ ਉਸ ਅੱਗੇ ਸੁੱਟ ਕੇ ਕਹਿੰਦਾ ਹੈ, ‘‘ਆ ਲੈ ਟੌਫੀ ਫਿਰ ਨਾ ਕਹੀਂ ਮੈਂ ਤੈਨੂੰ ਕੁਝ ਦਿੱਤਾ ਨਹੀਂ।’’ ਫਰਾਂਸ ਦੇ ਮੈੱਕਰਾਨ ਨਾਲ ਹੱਥ ਮਿਲਾਉਂਦੇ ਉਸ ਦਾ ਹੱਥ ਘੁੱਟ ਕੇ ਪ੍ਰੇਸ਼ਾਨ ਕਰਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਨਿਕੰਮਾ ਅਤੇ ਵਿਸ਼ਵਾਸਹੀਣ ਦੱਸਦਾ ਹੈ। ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੂੰ ਅਸਫ਼ਲ ਪ੍ਰਧਾਨ ਮੰਤਰੀ ਕਹਿੰਦਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਸ਼ਕਰੀ ਕਰਦਾ ਕਹਿੰਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਉਸ ਨੂੰ ਸਾਲਸੀ ਜਾਂ ਵਿਚੋਲਗੀ ਲਈ ਕਿਹਾ ਸੀ। ਜਦੋਂ ਉਸ ਨੂੰ ਪੁੱਛਿਆ ਕਿ ਕਿਸ ਬਾਰੇ? ਜਵਾਬ ਸੀ ‘ਕਸ਼ਮੀਰ’। ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਮਸ਼ਕਰੀ ਕਰਦਾ ਕਹਿੰਦਾ ਹੈ ਕਿ ਮੋਦੀ ਸਾਹਿਬ ਵਧੀਆ ਅੰਗਰੇਜ਼ੀ ਬੋਲ ਲੈਂਦੇ ਹਨ ਪਰ ਸਾਡੇ ਨਾਲ ਨਹੀਂ ਬੋਲਦੇ।

ਅਮਰੀਕਾ ਅੰਦਰ ਧਨ, ਟੈਲੀਵਿਜ਼ਨ, ਸੋਸ਼ਲ ਮੀਡੀਆ, ਵੱਡੇ-ਵੱਡੇ ਕਾਰਪੋਰੇਟ ਰਾਜਨੀਤਕ ਮਿੱਤਰਾਂ ਜ਼ਰੀਏ ਲੋਕਤੰਤਰ ਨੂੰ ਢਾਅ ਲਾਉਣ ਵਾਲੇ ਅਜਿਹੇ ਆਗੂ ਚੁਣੇ ਜਾਂਦੇ ਹਨ। ਆਪਣੇ ਪ੍ਰਭਾਵ ਨਾਲ ਸੁਪਰੀਮ ਕੋਰਟ ਅੰਦਰ ਦਾਗ਼ੀ ਅਤੇ ਬਦਚਲਨ ਕਿਸਮ ਦੇ ਜੱਜ ਨਿਯੁਕਤ ਕਰ ਕੇ ਅਜਿਹੀਆਂ ਮਹਾਨ ਲੋਕਤੰਤਰੀ ਸੰਸਥਾਵਾਂ ਨੂੰ ਢਾਅ ਲਾਉਂਦੇ ਹਨ। ਪ੍ਰਧਾਨਗੀ ਅਹੁਦੇ ਵਰਗੇ ਸ਼ਾਨਾਮੱਤੇ ਲੋਕਤੰਤਰੀ ਸੰਸਥਾਤਮਕ ਅਹੁਦੇ ਦੀ ਮਾਣ-ਮਰਿਆਦਾ ਨੂੰ ਠੇਸ ਪਹੁੰਚਾਉਂਦੇ ਹਨ। ਨਸਲੀ ਵਿਤਕਰਾ ਉਕਸਾਅ ਕੇ ਦੇਸ਼ ਅੰਦਰ ਗੰਨ ਹਿੰਸਾ ਪੈਦਾ ਕਰਦੇ ਹਨ। ਅਮਰੀਕਾ ਇਕ ਗਲੋਬਲ ਮਹਾਸ਼ਕਤੀ ਹੈ। ਇਸ ਸ਼ਕਤੀ ਦੀ ਉਸਾਰੀ ਅਮਰੀਕੀ ਗੋਰਿਆਂ, ਕਾਲਿਆਂ, ਬਰਾਊਨ ਅਤੇ ਮੂਲ ਵਾਸੀਆਂ, ਵੱਖ-ਵੱਖ 50 ਪ੍ਰਦੇਸ਼ਾਂ ਦੇ ਲੋਕਾਂ, ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕਾਂ ਨੇ ਮਿਲ-ਜੁਲ ਕੇ ਕੀਤੀ ਹੈ। ਪ੍ਰਧਾਨ ਟਰੰਪ ਇਸ ਮਹਾਨ ਦੇਸ਼ ਵਿਚ ਰਾਸ਼ਟਰੀ ਏਕਤਾ, ਆਪਸੀ ਸਹਿਮਤੀ ਦੇ ਮਜ਼ਬੂਤ ਥੰਮ੍ਹਾਂ ਨੂੰ ਤੋੜ ਰਿਹਾ ਹੈ। ਇਸ ਦੀਆਂ ਸ਼ਕਤੀਆਂ ਨੂੰ ਦੂਸਰੀਆਂ ਅਮਰੀਕੀ ‘ਰੋਕਾਂ ਅਤੇ ਸੰਤੁਲਨ’ ਪੈਦਾ ਕਰਨ ਵਾਲੀਆਂ ਸੰਸਥਾਵਾਂ ਨਾ ਡੱਕ ਕੇ ਇੰਝ ਭਾਸਦਾ ਹੈ, ਜਿਵੇਂ ਆਪਣੇ ਮਜ਼ਬੂਤ ਲੋਕਤੰਤਰੀ ਪਿਰਾਮਿਡ ਨੂੰ ਨੁਕਸਾਨ ਪਹੁੰਚਾ ਰਹੀਆਂ ਹੋਣ। ਜੇ ਅਮਰੀਕਾ ਰਾਜਨੀਤਕ, ਆਰਥਿਕ, ਸੰਸਥਾਗਤ ਅਸਥਿਰਤਾ ਵੱਲ ਵਧਦਾ ਹੈ ਤਾਂ ਨਿਸ਼ਚਿਤ ਤੌਰ ’ਤੇ ਇਸ ਦਾ ਪੂਰੇ ਗਲੋਬ ’ਤੇ ਮਾੜਾ ਅਸਰ ਪਵੇਗਾ।

ਭਾਰਤ ਵਿਚਲੀਆਂ ਲੋਕਤੰਤਰੀ ਸੰਸਥਾਵਾਂ ’ਚ ਵੱਡਾ ਵਿਗਾੜ

ਭਾਰਤ ਇਕ ਵਿਸ਼ਾਲ ਲੋਕਤੰਤਰ ਹੈ। ਅਨੇਕਤਾ ਵਿਚ ਏਕਤਾ, ਧਰਮ ਨਿਰਪੱਖਤਾ, ਸਮਾਜਵਾਦ, ਮੂਲ ਮਨੁੱਖੀ ਅਧਿਕਾਰ, ਘੱਟਗਿਣਤੀਆਂ ਦੀ ਰਾਖੀ, ਦਲਿਤਾਂ, ਪੱਛੜਿਆਂ, ਕਬਾਇਲੀਆਂ ਨੂੰ ਰਾਖਵੇਂਕਰਨ ਰਾਹੀਂ ਰਾਸ਼ਟਰੀ ਮੁੱਖ ਧਾਰਾ ਵਿਚ ਜਜ਼ਬ ਕਰਨਾ, ਦੇਸ਼ ਦੇ ਬਹੁ-ਕੌਮੀ, ਬਹੁ-ਜਾਤੀ, ਬਹੁ-ਧਰਮੀ, ਬਹੁ-ਨਸਲੀ, ਬਹੁ-ਇਲਾਕਾਈ, ਬਹੁ-ਭਾਸ਼ਾਈ, ਬਹੁ-ਲਿੰਗੀ ਅਤੇ ਬਹੁ-ਰੰਗੀ ਢਾਂਚੇ ਇਕਾਗਰ ਰੱਖਣ ਵਾਲੇ ਸਫ਼ਲ ਸੰਵਿਧਾਨ ਦੀ ਰਚਨਾ ਕਰ ਕੇ ਇਸ ਦਾ ਵਿਸ਼ਾਲ ਲੋਕਤੰਤਰ ਸਿਰਜਿਆ ਗਿਆ ਸੀ। ਬ੍ਰਿਟਿਸ਼ ਪਾਰਲੀਮੈਂਟਰੀ ਸਿਸਟਮ ਅਤੇ ਚੁਣੇ ਜਾਂਦੇ ਰਾਸ਼ਟਰ ਮੁਖੀ ਰਾਸ਼ਟਰਪਤੀ, ਨਿਰਪੱਖ ਅਤੇ ਖੁਦਮੁਖ਼ਤਿਆਰ ਨਿਆਂ ਪਾਲਿਕਾ ਆਦਿ ਰਾਹੀਂ ਇਸ ਦੀ ਲੋਕਤੰਤਰੀ ਨੀਂਹ ਨੂੰ ਪੱਕਿਆਂ ਕੀਤਾ ਗਿਆ ਸੀ ਪਰ ਸਮਾਂ ਬੀਤਣ ਨਾਲ ਇਸ ਦੀਆਂ ਲੋਕਤੰਤਰੀ ਸੰਸਥਾਵਾਂ ਵਿਚ ਵੱਡੇ ਵਿਗਾੜ ਪੈਦਾ ਹੋ ਗਏ, ਜੋ ਇਸ ਵਿਸ਼ਾਲ ਲੋਕਤੰਤਰ, ਪਵਿੱਤਰ ਸੰਵਿਧਾਨ ਅਤੇ ਸੰਵਿਧਾਨਿਕ ਸੰਸਥਾਵਾਂ ਨੂੰ ਖੋਰਾ ਲਾ ਰਹੇ ਹਨ। ਜਨਤਕ ਨੁਮਾਇੰਦੇ ਲੋਕਾਂ ਦੀ ਸੇਵਾ, ਉਨ੍ਹਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ, ਵਿਕਾਸ ਗਤੀ ਤੇਜ਼ ਕਰਨ ਵਾਲੀਆਂ ਨੀਤੀਆਂ ਦੀ ਥਾਂ ਭ੍ਰਿਸ਼ਟਾਚਾਰ ਰਾਹੀਂ ਦੇਸ਼ ਅਤੇ ਦੇਸ਼ਵਾਸੀਆਂ ਨੂੰ ਲੁੱਟਣ, ਦੇਸ਼ ਅਤੇ ਰਾਜਾਂ ਵਿਚ ਪਿਤਾ-ਪੁਰਖੀ ਰਾਜਨੀਤਕ ਪਾਰਟੀਆਂ ਸਥਾਪਿਤ ਅਤੇ ਮਜ਼ਬੂਤ ਕਰਨ, ਦੇਸ਼ ਦੀਆਂ ਘੱਟਗਿਣਤੀਆਂ ਨੂੰ ਨਸਲਘਾਤ ਰਾਹੀਂ ਕਮਜ਼ੋਰ ਕਰਨ, ਕਾਨੂੰਨ ਦੇ ਰਾਜ ਨੂੰ ਕਮਜ਼ੋਰ ਕਰਨ, ਪਾਰਲੀਮੈਂਟ ਅਤੇ ਰਾਜ ਵਿਧਾਨ ਸਭਾਵਾਂ ਦੀ ਕਾਰਵਾਈ ਨਾ ਚੱਲਣ ਦੇਣ, ਧਾਰਮਿਕ ਅਤੇ ਨਸਲੀ ਹਿੰਸਾ ਨੂੰ ਉਕਸਾਉਣ, ਦੇਸ਼ ਦਾ ਧਨ ਲੁੱਟ ਕੇ ਵਿਦੇਸ਼ੀ ਬੈਂਕਾਂ ਵਿਚ ਜਮ੍ਹਾ ਕਰਨ, ਉੱਥੇ ਜਾਇਦਾਦਾਂ ਖੜ੍ਹੀਆਂ ਕਰਨ, ਚੋਣਾਂ ਜਿੱਤਣ ਲਈ ਹਰ ਹਰਬਾ ਵਰਤਣ ਅਤੇ ਸੱਤਾ ਪ੍ਰਾਪਤ ਕਰਨ ਜਿਹੇ ਕਾਰਜਾਂ ਵੱਲ ਰੁਚਿਤ ਰਹਿਣ ਕਰਕੇ ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰ ਰਹੇ ਹਨ। ਰਾਜਨੀਤੀ ਅੰਦਰ ਵਿਅਕਤੀਗਤ ਦੂਸ਼ਣਬਾਜ਼ੀ, ਝੂਠੀਆਂ ਖਬਰਾਂ, ਘਟੀਆ ਸ਼ਬਦਾਵਲੀ, ਚਿੱਕੜ-ਉਛਾਲੀ, ਬਾਹੂ-ਬਲਸ਼ਾਹੀ, ਝੂਠੇ ਕੇਸ ਅਤੇ ਤੋਹਮਤਾਂ ਨੇ ਇਸ ਨੂੰ ਅਤਿ-ਪ੍ਰਦੂਸ਼ਿਤ ਕਰ ਰੱਖਿਆ ਹੈ। ਰੇਡੀਓ, ਟੈਲੀਵਿਜ਼ਨਾਂ ਅਤੇ ਪ੍ਰਿੰਟ ਮੀਡੀਏ ’ਤੇ ਕਰੋਨੀ ਕਾਰਪੋਰੇਟ ਘਰਾਣਿਆਂ ਰਾਹੀਂ ਕਬਜ਼ਾ ਹੋ ਰਿਹਾ ਹੈ। ਸੋਸ਼ਲ ਮੀਡੀਏ ’ਤੇ ਵੀ ਸ਼ਿਕੰਜਾ ਕੱਸੇ ਜਾਣ ਤੋਂ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਤਰ੍ਹਾਂ ਦੀ ਵਿਵਸਥਾ ਵਿਚ ਬੇਰੋਜ਼ਗਾਰੀ, ਆਰਥਿਕ ਮੰਦਹਾਲੀ, ਕੰਗਾਲ ਕਿਸਾਨੀ, ਠੇਕੇਦਾਰੀ ਸਿਸਟਮ ਰਾਹੀਂ ਪ੍ਰਸ਼ਾਸਨ ਅਤੇ ਉਤਪਾਦਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਲੀ ਵਿਵਸਥਾ ਪੈਦਾ ਕੀਤੀ ਜਾ ਰਹੀ ਹੈ। ਦੇਸ਼ ਦਾ ਫੈਡਰਲ ਢਾਂਚਾ ਕਮਜ਼ੋਰ ਪੈ ਰਿਹਾ ਹੈ। ਸਾਰੇ ਰਾਜ ਕਰਜ਼ਿਆਂ ਦੇ ਬੋਝ ਹੇਠ ਦੱਬੇ ਪਏ ਹਨ।

ਕੈਨੇਡਾ ’ਚ ਚੋਣਾਂ ਲੋਕ-ਕੇਂਦ੍ਰਿਤ ਹੋਣ

ਕੈਨੇਡਾ ਇਕ ਵਧੀਆ ਦੇਸ਼ ਹੈ, ਜਿਥੇ ਲੋਕਤੰਤਰੀ ਤੌਰ ’ਤੇ ਫੈਡਰਲ, ਪ੍ਰਾਂਤਕ ਅਤੇ ਮਿਊਂਸੀਪਲ ਪੱਧਰ ’ਤੇ ਲੋਕ ਸਰਕਾਰਾਂ ਚੁਣਦੇ ਹਨ। ਇਸ ਦੇਸ਼ ਨੂੰ ਅਮਰੀਕੀ, ਬਰਤਾਨਵੀ ਅਤੇ ਭਾਰਤੀ ਲੋਕਤੰਤਰੀ ਵਿਵਸਥਾ ਤੋਂ ਬਚਣ ਦੀ ਲੋੜ ਹੈ। ਹੁਣ ਜਦੋਂ ਦੇਸ਼ ਵਿਚ 43ਵੀਂ ਫੈਡਰਲ ਪਾਰਲੀਮੈਂਟਰੀ ਚੋਣ ਹੋ ਰਹੀ ਹੈ, ਇਸ ਦੇ ਰਾਜਨੀਤਕ ਆਗੂਆਂ ਨੂੰ ਚਿੱਕੜ-ਉਛਾਲੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਿਵੇਂ ਕੁਝ ਉਮੀਦਵਾਰ ਇਸ ਵਾਰ ਪੁਲਸ ਸੁਰੱਖਿਆ ਦੀ ਮੰਗ ਕਰਦੇ ਪਾਏ ਜਾ ਰਹੇ ਹਨ, ਇਸ ਪਿਰਤ ਤੋਂ ਬਚਣਾ ਚਾਹੀਦਾ ਹੈ। ਸੱਤਾਧਾਰੀ ਲਿਬਰਲ ਪਾਰਟੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਐਂਡਰਿਊ ਸ਼ੀਅਰ, ਐੱਨ. ਡੀ. ਪੀ. ਦੇ ਜਗਮੀਤ ਸਿੰਘ, ਗਰੀਨ ਪਾਰਟੀ ਦੇ ਅਲੈਜ਼ਬੇਥ ਮੇਅ, ਪੀਪਲਜ਼ ਪਾਰਟੀ ਕੈਨੇਡਾ ਦੇ ਮੈਕਸਮ ਬਰਨੀਅਰ ਆਦਿ ਚੋਣ ਮੈਦਾਨ ’ਚ ਹਨ। ਲੋਕ ਇਨ੍ਹਾਂ ਸਭ ਨੂੰ ਭਲੀਭਾਂਤ ਜਾਣਦੇ ਹਨ। ਜਨਵਰੀ, 2019 ਤੋਂ ਸ਼ੁਰੂ ਹੋ ਗਈ ਚੋਣ ਮੁਹਿੰਮ ਕਰਕੇ ਇਨ੍ਹਾਂ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਤੋਂ ਜਾਣੂ ਹਨ। ਆਮ ਕੈਨੇਡੀਅਨ ਨੂੰ ਇਹ ਫਰਕ ਵੀ ਨਹੀਂ ਪੈਂਦਾ ਭਾਵੇਂ ਕੋਈ ਜਿੱਤੇ। ਅਕਸਰ ਸਭ ਮੱਧਵਰਗ ਨੂੰ ਸਹੂਲਤਾਂ ਦੇਣ ਤੋਂ ਪਲਟ ਕੇ ਅਮੀਰਾਂ ਦੀ ਸੇਵਾ ਵਿਚ ਜੁੱਟ ਜਾਂਦੇ ਹਨ।

ਐਤਕੀਂ ਚੋਣਾਂ ਵਿਚ ਵਿਅਕਤੀਗਤ ਚਿੱਕੜ-ਉਛਾਲੀ, ਪਾਪੂਲਿਸਟ ਚੋਣ ਵਾਅਦੇ, ਝੂਠੀਆਂ ਖਬਰਾਂ, ਪੁਰਾਣੇ ਬਿਆਨ, ਫੋਟੋਆਂ ਭਾਰੂ ਨਜ਼ਰ ਆ ਰਹੇ ਹਨ। ਸ਼ੀਅਰ ਦੇ ਸਮਲਿੰਗੀਆਂ, ਟਰੂਡੋ ਦੀਆਂ ਕਾਲੇ-ਭੂਰੇ ਨਕਾਬ ਵਾਲੀਆਂ 18 ਸਾਲ ਪੁਰਾਣੀਆਂ ਫੋਟੋਆਂ, ਪਾਈਪ ਲਾਈਨਾਂ, ਲਾਵਾਲਿਨ ਸਕੈਮ, ਧਰਮ ਨਿਰਪੱਖ ਕਿਊਬੈਕ ਬਿੱਲ-21 ਬੋਕਾਨੀ ਗਰੋਪਿੰਗ, ਆਗਾ ਖਾਨ ਸਕੈਂਡਲ ਤੋਂ ਲੋਕਾਂ ਨੇ ਕੀ ਲੈਣਾ? ਪ੍ਰਧਾਨ ਮੰਤਰੀ ਟਰੂਡੋ ਨੂੰ ਕਾਲੇ-ਭੂਰੇ ਨਕਾਬ ਬਾਰੇ ਭਲਾ ਮੁਆਫ਼ੀ ਮੰਗਣ ਦੀ ਕੀ ਲੋੜ ਸੀ? ਅਜਿਹੇ ਸਕਿੱਟ ਹਰ ਦੇਸ਼ ’ਚ ਵੇਖਣ ਨੂੰ ਮਿਲਦੇ ਹਨ।

ਕੈਨੇਡਾ ਵਰਗੇ ਅਮੀਰ, ਵਿਕਸਿਤ, ਲੋਕਤੰਤਰੀ ਦੇਸ਼ ਵਿਚ ਚੋਣਾਂ ਰਾਜਨੀਤਕ ਪਾਰਟੀਆਂ ਜਾਂ ਆਗੂਆਂ ’ਤੇ ਕੇਂਦ੍ਰਿਤ ਨਹੀਂ ਹੋਣੀਆਂ ਚਾਹੀਦੀਆਂ। ਇਹ ਲੋਕ-ਕੇਂਦ੍ਰਿਤ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਲੋਕਤੰਤਰ ਦੇ ਵਾਰਿਸ ਲੋਕ ਹੁੰਦੇ ਹਨ। ਇਸ ਦੇਸ਼ ਨੂੰ ਵਿਸ਼ਵ ਦਾ ਵਧੀਆ ਦੇਸ਼ ਬਣਾਉਣ ਲਈ ਵੱਖ-ਵੱਖ ਰਾਜਨੀਤੀਵਾਨਾਂ, ਪ੍ਰਧਾਨ ਮੰਤਰੀਆਂ, ਅਫਸਰਸ਼ਾਹਾਂ, ਖੱਬੇ-ਸੱਜੇ ਪੱਖੀਆਂ ਨੇ ਹਿੱਸਾ ਪਾਇਆ ਹੈ। ਸ਼ਾਇਦ ਕਿਸੇ ਨੇ ਵੱਧ, ਕਿਸੇ ਨੇ ਘੱਟ ਪਰ ਇਨ੍ਹਾਂ ਦੇ ਲੋਕ-ਪੱਖੀ ਯੋਗਦਾਨ ਕਰਕੇ ਹੀ ਇਹ ਸੰਭਵ ਹੋ ਸਕਿਆ। ਅੱਜ ਉਸ ਆਗੂ, ਪਾਰਟੀ ਅਤੇ ਉਮੀਦਵਾਰਾਂ ਨੂੰ ਚੁਣਨ ਦੀ ਲੋੜ ਹੈ, ਜੋ ਜਲਵਾਯੂ, ਟੈਕਸ ਘਟਾਉਣ, ਲੋਕਾਂ ਨੂੰ ਵਧੀਆ ਰੋਜ਼ਗਾਰ ਅਤੇ ਸੇਵਾਵਾਂ ਦੇਣ ਸਬੰਧੀ ਮੁੱਦੇ ਉਠਾਉਣ। ਰਾਸ਼ਟਰੀ ਇਕਜੁੱਟਤਾ, ਕਾਨੂੰਨ ਦੇ ਰਾਜ, ਘੱਟਗਿਣਤੀ ਮੂਲ ਵਾਸੀਆਂ-ਪ੍ਰਵਾਸੀਆਂ ਦੀ ਰਾਖੀ, ਔਰਤ ਵਰਗ ਦੀ ਬਰਾਬਰੀ ਅਤੇ ਲੋਕਤੰਤਰੀ ਸੰਸਥਾਵਾਂ ਵਿਚ ਬਰਾਬਰ ਨੁਮਾਇੰਦਗੀ ਯਕੀਨੀ ਕਰਨ।

Bharat Thapa

This news is Content Editor Bharat Thapa