ਨਾਗਰਿਕਤਾ ਕਾਨੂੰਨ ’ਤੇ ਭਾਜਪਾ ਦਾ ਦੋਹਰਾ ਰੁਖ

04/01/2021 2:49:12 AM

ਵਿਪਨ ਪੱਬੀ
ਮੀਡੀਆ ਖਾਸ ਕਰ ਕੇ ਇਲੈਕਟ੍ਰਾਨਿਕਸ ਮੀਡੀਆ ਨੇ ਪੱਛਮੀ ਬੰਗਾਲ ’ਚ ਚੱਲ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ’ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਪਰ ਆਸਾਮ ਦੀਆਂ ਅਸੈਂਬਲੀ ਚੋਣਾਂ ਕੌਮੀ ਸਿਆਸਤ ਪੱਖੋਂ ਵਧੇਰੇ ਅਹਿਮੀਅਤ ਰੱਖਦੀਆਂ ਹਨ।

ਪੱਛਮੀ ਬੰਗਾਲ ਦੇ ਉਲਟ ਜਿਥੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦਰਮਿਆਨ ਸਿੱਧੀ ਲੜਾਈ ਹੈ, ਉਥੇ ਆਸਾਮ ’ਚ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ‘ਮਹਾਜੋਤ’ ਦਰਮਿਆਨ ਨੇੜਲਾ ਮੁਕਾਬਲਾ ਦੇਖਿਆ ਜਾ ਰਿਹਾ ਹੈ।

ਪੱਛਮੀ ਬੰਗਾਲ ’ਚ ਭਾਜਪਾ ਮਮਤਾ ਵਿਰੁੱਧ ਪ੍ਰਸ਼ਾਸਨ ਵਿਰੋਧੀ ਪੱਖ ’ਤੇ ਜ਼ੋਰ ਲਾ ਰਹੀ ਹੈ ਜੋ ਮੁੱਖ ਮੰਤਰੀ ਵਜੋਂ ਆਪਣਾ ਤੀਜਾ ਸਿੱਧਾ ਕਾਰਜਕਾਲ ਚਾਹੁੰਦੀ ਹੈ। ਆਸਾਮ ’ਚ ਭਾਜਪਾ ਇਕ ਮੁੜ- ਰੁੱਥਾਨਵਾਦੀ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਵਿਰੁੱਧ ਆਪਣਾ ਗੜ੍ਹ ਬਣਾਈ ਰੱਖਣ ਦਾ ਯਤਨ ਕਰ ਰਹੀ ਹੈ।

ਭਾਜਪਾ ਨੇ 2016 ’ਚ ਕਾਂਗਰਸ ਕੋਲੋਂ ਸੱਤਾ ਖੋਹੀ ਸੀ। ਇਹ ਮੁੱਖ ਤੌਰ ’ਤੇ ਕਾਂਗਰਸ ਵਿਰੁੱਧ ਸੱਤਾ ਵਿਰੋਧੀ ਕਾਰਕ ਸੀ। ਉਥੇ ਕਾਂਗਰਸ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸੱਤਾ ’ਚ ਸੀ। ਆਸਾਮ ’ਚ ਭਾਜਪਾ ਦੀ ਜਿੱਤ ਨੇ ਉੱਤਰ-ਪੂਰਬ ’ਚ ਉਸ ਲਈ ਰਾਹ ਖੋਲ੍ਹਿਆ ਸੀ।

ਵਿਡੰਬਨਾ ਦੇਖੋ, ਭਾਜਪਾ ਦੋ ਗੁਆਂਢੀ ਸੂਬਿਆਂ ’ਚ ਵਾਦ-ਵਿਵਾਦ ਵਾਲੇ ਨਾਗਰਿਕ ਸੋਧ ਐਕਟ (ਸੀ.ਏ.ਏ.) ਦੇ ਮੁੱਦੇ ’ਤੇ ਲਗਭਗ ਵਿਰੋਧੀ ਰੁਖ ਅਪਣਾਉਂਦੀ ਹੈ। ਪੱਛਮੀ ਬੰਗਾਲ ’ਚ ਭਾਜਪਾ ਨੇ ਇਸ ਨੂੰ ਸਭ ਤੋਂ ਅਹਿਮ ਵਾਅਦਿਆਂ ’ਚੋਂ ਇਕ ਬਣਾ ਦਿੱਤਾ ਹੈ। ਓਧਰ ਆਸਾਮ ’ਚ ਪਾਰਟੀ ਦੇ ਮੈਨੀਫੈਸਟੋ ’ਚ ਸੀ.ਏ.ਏ. ਦੇ ਮੁੱਦੇ ਦਾ ਕੋਈ ਜ਼ਿਕਰ ਨਹੀਂ।

ਪੱਛਮੀ ਬੰਗਾਲ ਅਤੇ ਆਸਾਮ ’ਚ ਸਿਆਸੀ ਲਾਭ ਲੈਣ ਲਈ ਉਕਤ ਕਾਨੂੰਨ ਲਿਆਂਦਾ ਗਿਆ ਸੀ ਪਰ ਆਸਾਮ ’ਚ ਗੁੰਝਲਦਾਰ ਮਰਦਮਸ਼ੁਮਾਰੀ ਹੋਣ ਕਾਰਨ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਐਕਟ ਆਸਾਮ ਦੇ ਉਨ੍ਹਾਂ ਲੋਕਾਂ ਨੂੰ ਖੁਸ਼ ਕਰਨ ਲਈ ਸੀ ਜਿਨ੍ਹਾਂ ਨੇ ਸੋਚਿਆ ਸੀ ਕਿ ਗੁਆਂਢੀ ਬੰਗਲਾਦੇਸ਼ ਦੇ ਪ੍ਰਵਾਸੀ ਮੁਸਲਮਾਨ ਆਸਾਮ ’ਚ ਘੁਸਪੈਠ ਕਰ ਰਹੇ ਹਨ ਅਤੇ ਉਹ ਮੂਲ ਨਿਵਾਸੀਆਂ ਨੂੰ ਪਛਾ਼ੜ ਸਕਦੇ ਹਨ।

ਭਾਜਪਾ ਨੂੰ ਸ਼ਾਇਦ ਇਹ ਅਨੁਮਾਨ ਨਹੀਂ ਸੀ ਕਿ ਸਥਾਨਕ ਲੋਕ ਬੰਗਲਾ ਦੇਸ਼ ਤੋਂ ਹਿੰਦੂਆਂ ਦੀ ਘੁਸਪੈਠ ਦੇ ਜ਼ੋਰਦਾਰ ਵਿਰੋਧੀ ਸਨ। ਇਸੇ ਕਾਰਨ ਉਹ ਸੂਬੇ ਦੀ ਆਸਾਮੀ ਭਾਸ਼ਾ ਬੋਲਣ ਵਾਲੇ ਹਿੰਦੂਆਂ ਨੂੰ ਪਛਾੜ ਸਕਦੇ ਹਨ।

ਕਾਨੂੰਨ ਦੇ ਪਾਸ ਹੋਣ ਪਿਛੋਂ ਖਾਸ ਤੌਰ ’ਤੇ ਉੱਤਰੀ ਆਸਾਮ ਦੇ ਖੇਤਰਾਂ ’ਚ ਵੱਡੀ ਪੱਧਰ ’ਤੇ ਵਿਰੋਧ ਦਿਖਾਵੇ ਹੋਏ। ਅੰਦੋਲਨ ਕੋਵਿਡ ਮਹਾਮਾਰੀ ਦੇ ਪ੍ਰਕੋਪ ਤੋਂ ਦੂਰ ਸੀ। ਹੁਣ ਕਾਂਗਰਸ ਨੇ ਸੀ.ਏ.ਏ. ਨੂੰ ਆਪਣਾ ਸਭ ਤੋਂ ਅਹਿਮ ਮੁੱਦਾ ਬਣਾ ਲਿਆ ਹੈ। ਉਸ ਨੇ ਐਲਾਨ ਕੀਤਾ ਹੈ ਕਿ ਉਹ ਸੂਬੇ ’ਚ ਇਸ ਨੂੰ ਲਾਗੂ ਹੋਣ ਦੀ ਆਗਿਆ ਨਹੀਂ ਦੇਵੇਗੀ। ਹੁਣ ਸਵਾਲ ਇਹ ਹੈ ਕਿ ਕੀ ਇਹ ਮੁੱਦਾ ਇਨ੍ਹਾਂ ਚੋਣਾਂ ਲਈ ਅਹਿਮ ਹੈ? ਜੇ ਐਕਟ ਵਿਰੁੱਧ ਭੜਕਾਉਣ ਵਾਲੀ ਨਾਰਾਜ਼ਗੀ ਪੋਲਿੰਗ ਦੌਰਾਨ ਨਜ਼ਰ ਆਈ ਤਾਂ ਕਾਂਗਰਸ ਨੂੰ ਲਾਭ ਹੋਵੇਗਾ।

ਦੂਜੇ ਪਾਸੇ ਭਾਜਪਾ ਇਸ ਮੁੱਦੇ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਇਨ੍ਹਾਂ ਚੋਣਾਂ ’ਚ ਕਾਂਗਰਸ ਪਾਰਟੀ ਘੱਟਗਿਣਤੀਆਂ, ਆਦਿਵਾਸੀਆਂ ਅਤੇ ਚਾਹ ਦੇ ਬਾਗਾਂ ’ਚ ਕੰਮ ਕਰਨ ਵਾਲੇ ਕਿਰਤੀਆਂ ’ਤੇ ਆਪਣੇ ਪਿਛਲੇ ਫੋਕਸ ਦੀ ਬਜਾਏ ਇਸ ਵਾਰ ਸਭ ਆਸਾਮੀਆਂ ਲਈ ਖੁਦ ਨੂੰ ਇਕ ਪਾਰਟੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਆਸਾਮ ਗਣ ਪ੍ਰੀਸ਼ਦ ਹੁਣ ਭਾਜਪਾ ਦੀ ਸਹਿਯੋਗੀ ਪਾਰਟੀ ਹੈ। ਸੂਬੇ ’ਚ ਇਸ ਦੀ ਹਮਾਇਤ ਸੀਮਤ ਹੈ। ਚੋਣ ਨਤੀਜਿਆਂ ਦੌਰਾਨ ਵੱਡੀ ਗਿਣਤੀ ’ਚ ਚਾਹ ਦੇ ਬਾਗਾਂ ਦੇ ਕਿਰਤੀਆਂ ਦੀ ਵੀ ਅਹਿਮ ਭੂਮਿਕਾ ਹੋਣ ਦੀ ਸੰਭਾਵਨਾ ਹੈ। ਸੱਤਾਧਾਰੀ ਭਾਜਪਾ ਨੇ ਚਾਹ ਦੇ ਬਾਗਾਂ ਦੇ ਕਿਰਤੀਆਂ ਦੀ ਘੱਟੋ-ਘੱਟ ਮਜ਼ਦੂਰੀ ’ਚ ਵਾਧੇ ਦੇ ਵਾਅਦੇ ਨੂੰ ਪੂਰਾ ਨਹੀਂ ਕੀਤਾ। ਹੁਣ ਉਸ ਨੇ ਮੈਨੀਫੈਸਟੋ ’ਚ ਇਕ ਨਵਾਂ ਵਾਅਦਾ ਕੀਤਾ ਹੈ।

ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੇ ਪਿਛਲੀਆਂ ਅਸੈਂਬਲੀ ਚੋਣਾਂ ਨੂੰ ਇਕ ਘੱਟ ਫਰਕ ਨਾਲ ਜਿੱਤਿਆ ਸੀ। ਰਾਏਸ਼ੁਮਾਰੀ ਇਸ ਵਾਰ ਵੀ ਸੰਭਾਵਿਤ ਕਰੀਬੀ ਮਾਮਲਾ ਹੋਣ ਦਾ ਦਾਅਵਾ ਕਰ ਰਹੀ ਹੈ।

ਆਸਾਮ ਇਕੋ-ਇਕ ਅਜਿਹਾ ਸੂਬਾ ਹੈ ਜਿਥੇ ਕਾਂਗਰਸ ਦੇ ਜਿੱਤਣ ਦੀ ਸੰਭਾਵਨਾ ਕੁਝ ਨਜ਼ਰ ਆਉਂਦੀ ਹੈ। ਜੇ ਅਜਿਹਾ ਹੋਇਆ ਤਾਂ ਪਾਰਟੀ ਕੋਲ ਕਿਤੇ ਹੋਰ ਵੀ ਆਪਣੇ ਦਰਵਾਜ਼ੇ ਖੋਲ੍ਹਣ ਦੇ ਮੌਕੇ ਬਣ ਸਕਦੇ ਹਨ।

ਦੂਜੇ ਪਾਸੇ ਭਾਜਪਾ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਸ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਣ ਲਈ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਹੈ। ਆਸਾਮ ’ਚ ਸੱਤਾ ਦੀ ਧਾਰਨਾ ਇਹ ਦਰਸਾਉਂਦੀ ਹੈ ਕਿ ਵੱਡੀ ਪੱਧਰ ’ਤੇ ਬੇਰੋਜ਼ਗਾਰੀ ਅਤੇ ਡਗਮਗਾਉਂਦੀ ਅਰਥਵਿਵਸਥਾ ਸਮੇਤ ਮਹਾਮਾਰੀ ਦੇ ਪਤਨ ਨੇ ਉਸ ਦੀ ਲੋਕਪ੍ਰਿਅਤਾ ਨੂੰ ਘੱਟ ਨਹੀਂ ਕੀਤਾ ਹੈ। ਵੋਟਾਂ ਦੀ ਗਿਣਤੀ ਅਤੇ ਨਤੀਜੇ 2 ਮਈ ਨੂੰ ਉਤਸੁਕਤਾ ਨਾਲ ਦੇਖੇ ਜਾਣਗੇ।

Bharat Thapa

This news is Content Editor Bharat Thapa