ਭਾਖੜਾ ਡੈਮ ਅਤੇ ਹੜ੍ਹਾਂ ਦੀ ਸਿਆਸਤ

08/26/2019 6:56:07 AM

ਵੀ. ਪੀ. ਸ਼ਰਮਾ

ਜੇਕਰ ਭਾਖੜਾ ਡੈਮ ਦੇ ਨਿਰਮਾਣ ਤੋਂ ਪਹਿਲਾਂ ਦੇ ਇਤਿਹਾਸ ਨੂੰ ਦੇਖੀਏ ਤਾਂ ਅਣਵੰਡੇ ਪੰਜਾਬ ਨੂੰ ਲੱਗਭਗ ਹਰ ਸਾਲ ਹੜ੍ਹਾਂ ਦੀ ਮਾਰ ਨੂੰ ਸਹਿਣਾ ਪੈਂਦਾ ਸੀ। ਅਸਲੀਅਤ ਤਾਂ ਇਹ ਹੈ ਕਿ ਭਾਖੜਾ ਡੈਮ ਦੇ ਨਿਰਮਾਣ ਦੇ ਵੱਖ-ਵੱਖ ਉਦੇਸ਼ਾਂ ’ਚੋਂ ਇਕ ਉਦੇਸ਼ ਸਤਲੁਜ ਨਦੀ ’ਚ ਹਰ ਸਾਲ ਆਉਣ ਵਾਲੇ ਹੜ੍ਹਾਂ ’ਤੇ ਨਕੇਲ ਪਾਉਣਾ ਵੀ ਸੀ। ਬੰਨ੍ਹ ਦੇ ਨਿਰਮਾਣ ਤੋਂ ਪਹਿਲਾਂ ਸਤਲੁਜ ਨਦੀ ਦੇ ਵਹਾਅ ਦੀ ਚੌੜਾਈ 8 ਤੋਂ 10 ਕਿਲੋਮੀਟਰ ਹੁੰਦੀ ਸੀ, ਜਿਸ ਨਾਲ ਮਾਨਸੂਨ ਦੇ ਦਿਨਾਂ ’ਚ ਹਰ ਸਮੇਂ ਹੜ੍ਹ ਵਰਗੀ ਸਥਿਤੀ ਬਣੀ ਰਹਿੰਦੀ ਸੀ, ਜੋ ਡੈਮ ਦੇ ਨਿਰਮਾਣ ਤੋਂ ਬਾਅਦ ਸੁੰਗੜ ਕੇ ਇਕ-ਡੇਢ ਕਿਲੋਮੀਟਰ ਰਹਿ ਗਈ ਹੈ।

ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਭਾਵ ਬੀ. ਬੀ. ਐੱਮ. ਬੀ. ਪੂਰੇ ਸਾਲ ਵਿਚ 32 ਮਿਲੀਅਨ ਏਕੜ ਫੁੱਟ ਪਾਣੀ ਦੀ ਰੈਗੂਲੇਸ਼ਨ ਕਰਦਾ ਹੈ। ਇਸ ਪਾਣੀ ਵਿਚ ਲੱਗਭਗ 13 ਮਿਲੀਅਨ ਏਕੜ ਫੁੱਟ ਸਤਲੁਜ ਦਾ ਆਪਣਾ ਪਾਣੀ ਹੈ। ਚਾਰ ਮਿਲੀਅਨ ਏਕੜ ਫੀਟ ਪਾਣੀ ਬਿਆਸ ਸਤਲੁਜ ਲਿੰਕ ਰਾਹੀਂ ਬਿਜਲੀ ਬਣਾ ਕੇ ਬਿਆਸ ਤੋਂ ਸਤਲੁਜ ਨਦੀ ’ਚ ਦੇਹਰ ਨਾਂ ਦੀ ਜਗ੍ਹਾ ’ਤੇ ਪਾਇਆ ਜਾਂਦਾ ਹੈ। 8 ਮਿਲੀਅਨ ਏਕੜ ਫੁੱਟ ਪਾਣੀ ਬਿਆਸ ਨਦੀ ਦਾ ਹੈ, ਜਿਸ ’ਤੇ ਪੌਂਗ ਨਾਂ ਦਾ ਬੰਨ੍ਹ ਬਣਾਇਆ ਗਿਆ ਹੈ ਅਤੇ 7 ਮਿਲੀਅਨ ਏਕੜ ਫੁੱਟ ਪਾਣੀ ਰਾਵੀ ਨਦੀ ਦਾ ਹੈ।

ਰਾਵੀ ਨਦੀ ’ਤੇ ਥੀਨ ਡੈਮ, ਜਿਸ ਨੂੰ ਰਣਜੀਤ ਸਾਗਰ ਡੈਮ ਵੀ ਕਿਹਾ ਜਾਂਦਾ ਹੈ, ਪੰਜਾਬ ਸਰਕਾਰ ਵਲੋਂ ਬਣਾਇਆ ਗਿਆ ਹੈ ਪਰ ਰਾਵੀ ਨਦੀ ਦੇ ਪਾਣੀ ਦਾ ਰੈਗੂਲੇਸ਼ਨ ਵੀ ਬੀ. ਬੀ. ਐੱਮ. ਬੀ. ਵਲੋਂ ਪੰਜਾਬ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰ ਕੇ ਕੀਤਾ ਜਾਂਦਾ ਹੈ ਕਿਉਂਕਿ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਨੂੰ ਯਕੀਨੀ ਕਰਨ ਦੀ ਜ਼ਿੰਮੇਵਾਰੀ ਬੀ. ਬੀ. ਐੱਮ. ਬੀ. ਦੀ ਹੈ।

ਕਿਵੇਂ ਨਿਭਾਉਂਦਾ ਹੈ ਬੀ. ਬੀ. ਐੱਮ. ਬੀ. ਜ਼ਿੰਮੇਵਾਰੀ

ਭਾਖੜਾ ਡੈਮ ਦੀ ਕੁਲ ਭੰਡਾਰਨ ਸਮਰੱਥਾ 1685 ਫੁੱਟ ਦੇ ਲੈਵਲ ’ਤੇ 7.80 ਮਿਲੀਅਨ ਏਕੜ ਫੁੱਟ ਹੈ ਅਤੇ ਪੌਂਗ ਡੈਮ ਦੀ 1400 ਫੁੱਟ ’ਤੇ 6.95 ਮਿਲੀਅਨ ਏਕੜ ਫੁੱਟ ਹੈ। ਭਾਖੜਾ ਡੈਮ ਦਾ ਫਿਲਿੰਗ ਪੀਰੀਅਡ 21 ਮਈ ਤੋਂ 20 ਸਤੰਬਰ ਤਕ ਮੰਨਿਆ ਜਾਂਦਾ ਹੈ, ਜਦਕਿ ਪੌਂਗ ਡੈਮ ਦਾ 21 ਜੂਨ ਤੋਂ ਸ਼ੁਰੂ ਹੁੰਦਾ ਹੈ। ਭਾਖੜਾ ਵਿਚ ਪਾਣੀ ਭਰਨ ਦੇ ਦੋ ਸੋਮੇ ਹਨ : 50 ਫੀਸਦੀ ਪਾਣੀ ਮੀਂਹ ਨਾਲ ਆਉਂਦਾ ਹੈ ਅਤੇ 50 ਫੀਸਦੀ ਪਾਣੀ ਬਰਫ ਦੇ ਪਿਘਲਣ ਨਾਲ ਆਉਂਦਾ ਹੈ, ਜਦਕਿ ਪੌਂਗ ਡੈਮ ’ਚ ਮੀਂਹ ਨਾਲ 80 ਫੀਸਦੀ ਅਤੇ ਬਰਫ ਨਾਲ 20 ਫੀਸਦੀ ਹੈ।

ਪਹਿਲਾਂ ਇਸ ਦੇ ਭਰਨ ਦਾ ਲੈਵਲ 1685 ਫੁੱਟ ਸੀ, ਜੋ 1988 ’ਚ ਆਏ ਹੜ੍ਹਾਂ ਤੋਂ ਬਾਅਦ 5 ਫੁੱਟ ਘਟਾ ਕੇ 1680 ਫੁੱਟ ਕਰ ਦਿੱਤਾ ਗਿਆ ਸੀ। ਉਥੇ ਹੀ ਕਿਸੇ ਅਣਹੋਣੀ ਦੇ ਖਦਸ਼ੇ ਤੋਂ ਬਚਣ ਲਈ ਪੌਂਗ ਡੈਮ ’ਚ ਪਾਣੀ ਭਰਨ ਦਾ ਲੈਵਲ ਵੀ 1400 ਫੁੱਟ ਤੋਂ ਘਟਾ ਕੇ 1390 ਫੁੱਟ ਕਰ ਦਿੱਤਾ ਸੀ। ਇਨ੍ਹਾਂ ਦੋਵਾਂ ਡੈਮਾਂ ਦੇ ਲੈਵਲ ਨੂੰ ਘੱਟ ਕਰਨ ਨਾਲ ਲੱਗਭਗ ਹਿੱਸੇਦਾਰ ਸੂਬਿਆਂ ਨੂੰ 3 ਮਿਲੀਅਨ ਏਕੜ ਫੁੱਟ ਪਾਣੀ ਦਾ ਹਰ ਸਾਲ ਨੁਕਸਾਨ ਸਹਿਣਾ ਪੈਂਦਾ ਹੈ।

ਇਸ ਦੇ ਬੋਰਡ ’ਚ 1 ਚੇਅਰਮੈਨ, 2 ਪੂਰੇ ਸਮੇਂ ਦੇ ਮੈਂਬਰ– ਇਕ ਹਰਿਆਣਾ ਤੋਂ ਅਤੇ ਇਕ ਪੰਜਾਬ ਤੋਂ, 4 ਮੈਂਬਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਸੂਬਿਆਂ ਦੀਆਂ ਸਰਕਾਰਾਂ ਦੇ ਪਾਣੀ-ਬਿਜਲੀ ਦੇ ਸਕੱਤਰ ਹੁੰਦੇ ਹਨ। ਇਕ ਮੈਂਬਰ ਸੰਯੁਕਤ ਸਕੱਤਰ, ਹਾਈਡ੍ਰੋ, ਭਾਰਤ ਸਰਕਾਰ ਅਤੇ ਇਕ ਮੈਂਬਰ ਇੰਡਸ ਕਮਿਸ਼ਨਰ ਹੁੰਦੇ ਹਨ, ਜੋ ਸਰਵੇ-ਸਰਵਾ ਹੁੰਦੇ ਹਨ।

ਉਪਰੋਕਤ ਨੂੰ ਧਿਆਨ ਨਾਲ ਦੇਖੀਏ ਤਾਂ 9 ਆਦਮੀਆਂ ਦੇ ਬੋਰਡ ’ਚ 2 ਮੈਂਬਰ ਪੰਜਾਬ ਤੋਂ ਹਨ ਅਤੇ 2 ਹਰਿਆਣਾ ਤੋਂ ਹਨ। ਇਨ੍ਹਾਂ ਸਾਰਿਆਂ ਨੇ 1988 ’ਚ ਆਏ ਹੜ੍ਹ ਤੋਂ ਬਾਅਦ ਰਿਜ਼ਰਵਾਇਰ ਮੈਨੇਜਮੈਂਟ ਨਾਲ ਸਬੰਧਿਤ ਫੈਸਲੇ ਲਏ। ਫੈਸਲਿਆਂ ਅਨੁਸਾਰ 31 ਜੁਲਾਈ ਨੂੰ ਭਾਖੜਾ ਡੈਮ ਦਾ ਲੈਵਲ 1650 ਫੁੱਟ ਤੋਂ ਵੱਧ ਨਹੀਂ ਰੱਖਿਆ ਜਾਵੇਗਾ। 15 ਅਗਸਤ ਨੂੰ ਇਸ ਲੈਵਲ ਨੂੰ ਵਧਾ ਕੇ 1670 ਫੁੱਟ ਤਕ ਲਿਜਾਇਆ ਜਾ ਸਕਦਾ ਹੈ ਅਤੇ 31 ਅਗਸਤ ਤਕ ਇਹ ਲੈਵਲ 1680 ਫੁੱਟ ਕੀਤਾ ਜਾ ਸਕਦਾ ਹੈ। 1680 ਫੁੱਟ ਦੇ ਉਪਰ ਹੜ੍ਹ ਆਦਿ ਨੂੰ ਧਿਆਨ ਵਿਚ ਰੱਖਦਿਆਂ ਲੈਵਲ ਨੂੰ ਇਕ-ਦੋ ਫੁੱਟ ਹੋਰ ਉਪਰ ਲਿਜਾਇਆ ਜਾ ਸਕਦਾ ਹੈ ਪਰ ਜਿਵੇਂ ਹੀ ਭਾਖੜਾ ਡੈਮ ਦੇ ਡਾਊਨ ਸਟ੍ਰੀਮ ਵਿਚ ਹਾਲਾਤ ਨਾਰਮਲ ਹੁੰਦੇ ਹਨ ਤਾਂ ਪਾਣੀ ਨੂੰ 2-3 ਦਿਨਾਂ ਵਿਚ ਛੱਡ ਕੇ ਲੈਵਲ ਨੂੰ ਫਿਰ ਤੋਂ 1680 ਫੁੱਟ ਤਕ ਲਿਆਉਣਾ ਹੁੰਦਾ ਹੈ।

ਇਸ ਤੋਂ ਇਲਾਵਾ ਬੀ. ਬੀ. ਐੱਮ. ਬੀ. ਹਰ ਮਹੀਨੇ ਦੇ ਅਖੀਰ ਵਿਚ ਅਗਲੇ ਮਹੀਨੇ ਲਈ ਪਾਣੀ ਨੂੰ ਛੱਡਣ ਲਈ ਇਕ ਟੈਕਨੀਕਲ ਕਮੇਟੀ ਦੀ ਬੈਠਕ ਆਯੋਜਿਤ ਕਰਦਾ ਹੈ, ਜਿਸ ਵਿਚ ਸਾਰੇ ਹਿੱਸੇਦਾਰ ਸੂਬਿਆਂ ਦੇ ਸਬੰਧਿਤ ਚੀਫ ਇੰਜੀਨੀਅਰ ਹੁੰਦੇ ਹਨ, ਜੋ ਪਾਣੀ ਅਤੇ ਬਿਜਲੀ ਸਬੰਧੀ ਫੈਸਲੇ ਲੈਂਦੇ ਹਨ। ਸਾਰਾ ਕੰਮ ਸਭ ਦੀ ਸਹਿਮਤੀ ਨਾਲ ਹੁੰਦਾ ਹੈ। ਇਸੇ ਲਈ ਅੱਜ ਤਕ ਬਿਜਲੀ-ਪਾਣੀ ਦੀ ਵੰਡ ’ਤੇ ਬੀ. ਬੀ. ਐੱਮ. ਬੀ. ਵਿਚ ਕਦੇ ਵਿਵਾਦ ਨਹੀਂ ਹੋਇਆ।

ਬੀ. ਬੀ. ਐੱਮ. ਬੀ. ਦੀ ਸਭ ਤੋਂ ਅਹਿਮ ਜ਼ਿੰਮੇਵਾਰੀ ਹੈ ਇਸ ਦੇ ਹਿੱਸੇਦਾਰ ਸੂਬਿਆਂ ਨੂੰ ਸਿੰਚਾਈ, ਪੀਣ ਲਈ ਪਾਣੀ ਅਤੇ ਬਿਜਲੀ ਦੀ ਸਪਲਾਈ ਯਕੀਨੀ ਕਰਨਾ। ਬੀ. ਬੀ. ਐੱਮ. ਬੀ. ਹਰ ਸਾਲ 1 ਕਰੋੜ 25 ਲੱਖ ਏਕੜ ਜ਼ਮੀਨ ਵਿਚ ਸਿੰਚਾਈ ਲਈ ਪਾਣੀ ਦਿੰਦਾ ਹੈ। ਇਸ ਲਈ ਬੀ. ਬੀ. ਐੱਮ. ਬੀ. ਨੇ ਇਹ ਯਕੀਨੀ ਕਰਨਾ ਹੈ ਕਿ ਇਸ ਦੇ ਅਧੀਨ ਜੋ ਡੈਮ ਹਨ, ਉਹ ਭਰੇ ਹੋਣ। ਤੁਹਾਨੂੰ ਯਾਦ ਹੋਵੇਗਾ ਕਿ ਇਸ ਸਾਲ ਪੂਰੇ ਦੇਸ਼ ’ਚ ਲੱਗਭਗ ਸਾਰੇ ਡੈਮ ਖਾਲੀ ਪਏ ਸਨ, ਸਿਰਫ ਬੀ. ਬੀ. ਐੱਮ. ਬੀ. ਦੇ ਡੈਮ ਹੀ ਭਰੇ ਹੋਏ ਸਨ।

ਬੀ. ਬੀ. ਐੱਮ. ਬੀ. ਦੀਆਂ ਹੋਰ ਚੁਣੌਤੀਆਂ

ਬੀ. ਬੀ. ਐੱਮ. ਬੀ. ਦੀ ਦੂਜੀ ਚੁਣੌਤੀ ਹੈ, ਜੋ ਵੀ ਪਾਣੀ ਛੱਡਿਆ ਜਾਵੇ, ਉਸ ਨਾਲ ਬਿਜਲੀ ਬਣੇ, ਤੀਜੀ ਚੁਣੌਤੀ ਹੈ ਜਦੋਂ ਡੈਮ ਦਾ ਫਿਲਿੰਗ ਪੀਰੀਅਡ ਖਤਮ ਹੋਵੇ ਤਾਂ ਡੈਮ ਦੇ ਡੈੱਡ ਸਟੋਰੇਜ ਲੈਵਲ ਤੋਂ ਕੁਝ ਪਾਣੀ ਉਸ ਦੇ ਕੋਲ ਜ਼ਿਆਦਾ ਹੋਵੇ ਕਿਉਂਕਿ ਹੋ ਸਕਦਾ ਹੈ ਕਿ ਅਗਲੇ ਸਾਲ ਕਮਜ਼ੋਰ ਮਾਨਸੂਨ ਹੋਵੇ ਅਤੇ ਡੈਮ ਵਿਚ ਨਵਾਂ ਪਾਣੀ ਨਾ ਭਰ ਸਕਣ ਦੀ ਸਥਿਤੀ ਵਿਚ ਸਿੰਚਾਈ ਲਈ ਸੂਬਿਆਂ ਨੂੰ ਪਾਣੀ ਦਿੱਤਾ ਜਾ ਸਕੇ। ਬੀ. ਬੀ. ਐੱਮ. ਬੀ. ਦੀ ਅਗਲੀ ਚੁਣੌਤੀ ਹੈ–ਡੈਮ ਸੇਫਟੀ। ਇਹ ਗੱਲ ਸਭ ਨੂੰ ਪਤਾ ਹੀ ਹੈ ਕਿ ਭਾਖੜਾ ਡੈਮ ਤੋਂ ਪਹਿਲਾਂ ਉੱਤਰੀ ਭਾਰਤ ਦੀ ਹਾਲਤ ਚੰਗੀ ਨਹੀਂ ਸੀ ਅਤੇ ਜੋ ਕੁਝ ਖੁਸ਼ਹਾਲੀ ਅਸੀਂ ਦੇਖ ਰਹੇ ਹਾਂ, ਉਸ ਵਿਚ ਭਾਖੜਾ ਡੈਮ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਵੀ ਸਹੀ ਹੈ ਕਿ ਜ਼ਿਆਦਾ ਪਾਣੀ ਜਮ੍ਹਾ ਕਰਨ ਦੇ ਚੱਕਰ ’ਚ ਜੇਕਰ ਡੈਮ ਟੁੱਟ ਜਾਂਦਾ ਹੈ ਤਾਂ ਉਸ ਸਮੇਂ ਜੋ ਤਬਾਹੀ ਹੋਵੇਗੀ, ਉਸ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਅਤੇ ਉਸ ਤੋਂ ਬਾਅਦ ਸਿੰਚਾਈ ਅਤੇ ਬਿਜਲੀ ਦੀਆਂ ਜੋ ਸਮੱਸਿਆਵਾਂ ਹੋਣਗੀਆਂ, ਉਹ ਸਥਾਈ ਹੋਣਗੀਆਂ।

ਬੀ. ਬੀ. ਐੱਮ. ਬੀ. ਹਰ ਸਮੇਂ ਆਲੋਚਕਾਂ ਦੇ ਨਿਸ਼ਾਨੇ ’ਤੇ ਰਹਿੰਦਾ ਹੈ। ਡੈਮ ਨੂੰ ਖਾਲੀ ਕਿਉਂ ਰੱਖਿਆ ਗਿਆ ਅਤੇ ਜੇਕਰ ਪੰਜਾਬ ਵਿਚ ਹੜ੍ਹ ਹੋਣ ਤਾਂ ਇਸ ਨੂੰ ਭਰਿਆ ਕਿਉਂ ਹੈ? ਦੋ ਮਹੀਨੇ ਪਹਿਲਾਂ ਜਦੋਂ ਪੰਜਾਬ ਵਿਚ ਹੜ੍ਹ ਨਹੀਂ ਸਨ ਤਾਂ ਲੈਵਲ ਨੂੰ ਘੱਟ ਕਰਨ ਲਈ ਕੁਝ ਪਾਣੀ ਛੱਡਿਆ ਗਿਆ ਸੀ ਤਾਂ ਆਵਾਜ਼ਾਂ ਉੱਠੀਆਂ ਸਨ ਕਿ ਪਾਣੀ ਨੂੰ ਵਿਅਰਥ ’ਚ ਪਾਕਿਸਤਾਨ ਭੇਜਿਆ ਜਾ ਰਿਹਾ ਹੈ।

ਮਾਨਸੂਨ ਦੀ ਭਵਿੱਖਬਾਣੀ

ਜਿੱਥੋਂ ਤਕ ਮਾਨਸੂਨ ਦੀ ਭਵਿੱਖਬਾਣੀ ਦਾ ਸਵਾਲ ਹੈ, ਮਾਨਸੂਨ ਵਿਭਾਗ ਸਿਰਫ ਇਕ ਬਾਹਰੀ ਦਿਸ਼ਾ ਨਿਰਦੇਸ਼ ਦਿੰਦਾ ਹੈ। ਵਾਰ-ਵਾਰ ਆਪਣੀਆਂ ਕੀਤੀਆਂ ਹੋਈਆਂ ਭਵਿੱਖਬਾਣੀਆਂ ਨੂੰ ਬਦਲਦਾ ਰਹਿੰਦਾ ਹੈ। ਕਦੇ ਬੱਦਲ ਮੁੜ ਗਏ, ਕਦੇ ਬੱਦਲ ਆ ਗਏ। ਮਾਨਸੂਨ ਵਿਭਾਗ ਕਦੇ ਵੀ ਬੱਦਲ ਫਟਣ ਦੀ ਭਵਿੱਖਬਾਣੀ ਨਹੀਂ ਕਰਦਾ। ਜੇਕਰ ਰਿਜ਼ਰਵਾਇਰ ਦੇ ਕੈਚਮੈਂਟ ਏਰੀਆ ਵਿਚ ਇਕ-ਦੋ ਬੱਦਲ ਫਟ ਜਾਣ ਤਾਂ ਸਾਰਾ ਹਿਸਾਬ-ਕਿਤਾਬ ਗੜਬੜਾ ਜਾਂਦਾ ਹੈ ਅਤੇ ਡੈਮ ਵਿਚ ਕਈ ਲੱਖ ਕਿਊਸਿਕ ਪਾਣੀ ਆ ਜਾਂਦਾ ਹੈ। ਅਜਿਹਾ ਬਹੁਤ ਵਾਰ ਹੁੰਦਾ ਹੈ ਅਤੇ ਨਹੀਂ ਵੀ ਹੁੰਦਾ। ਕਈ ਵਾਰ ਅਜਿਹੀ ਵੀ ਸਥਿਤੀ ਹੁੰਦੀ ਹੈ ਕਿ ਜਦੋਂ ਬਰਫ ਦੇ ਪਿਘਲਣ ਦਾ ਸਮਾਂ ਹੁੰਦਾ ਹੈ ਤਾਂ ਬਰਫ ਦੇ ਉਪਰ ਬੱਦਲ ਧੁੱਪ ਰੋਕ ਕੇ ਛਾਂ ਕਰ ਦਿੰਦੇ ਹਨ, ਨਾ ਵਰ੍ਹਦੇ ਹਨ ਅਤੇ ਨਾ ਹੀ ਬਰਫ ਪਿਘਲਣ ਦਿੰਦੇ ਹਨ। ਬੀ. ਬੀ. ਐੱਮ. ਬੀ. ਦੇ ਅਧਿਕਾਰੀ ਆਈ. ਐੱਮ. ਡੀ. ਦੀ ਭਵਿੱਖਬਾਣੀ ਦੇ ਕਾਗਜ਼ ਨੂੰ ਅੱਗੇ-ਪਿੱਛੇ ਕਰ ਕੇ ਦੇਖਦੇ ਰਹਿੰਦੇ ਹਨ ਕਿ ਕਿਤੇ ਇਸ ਸਥਿਤੀ ਦਾ ਵੀ ਇਲਾਜ ਲਿਖਿਆ ਹੈ ਕਿ ਨਹੀਂ?

ਪਰ ਇਹ ਪੰਜਾਬ ਅਤੇ ਬੀ. ਬੀ. ਐੱਮ. ਬੀ. ਦੋਵਾਂ ਦੀ ਬਦਕਿਸਮਤੀ ਹੈ ਕਿ ਪੰਜਾਬ ਨੂੰ ਹੜ੍ਹਾਂ ਦੀ ਮਾਰ ਸਹਿਣੀ ਪੈਂਦੀ ਹੈ ਅਤੇ ਬੀ. ਬੀ. ਐੱਮ. ਬੀ. ਵਲੋਂ ਇਸ ਸਾਲ ਹੜ੍ਹਾਂ ਨੂੰ ਰੋਕਣ ਲਈ ਸਮੇਂ ਤੋਂ ਪਹਿਲਾਂ ਵਧਾਏ ਗਏ 7 ਬੀ. ਬੀ. ਐੱਮ. ਬੀ. ਲੈਵਲ ਦੇ ਬਾਅਦ ਵੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਹੈ।

Bharat Thapa

This news is Content Editor Bharat Thapa