ਅਕਾਲੀ ਦਲ ਛੱਡਦੇ ਹੀ ਸਿਰਸਾ ਦੇ ਬਦਲੇ ਸੁਰ

12/10/2021 3:38:36 AM

ਸੁਨੀਲ ਪਾਂਡੇ ਦਿੱਲੀ ਦੀ ਸਿੱਖ ਸਿਆਸਤ
ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਛੱਡਦੇ ਹੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਅਕਾਲੀ ਦਲ ਦੀ ਪ੍ਰਾਸੰਗਿਕਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕੱਲ ਤੱਕ ਉਹ ਅਕਾਲੀ ਦਲ ਨੂੰ ਪੰਥ ਦੀ ਪ੍ਰਤੀਨਿਧੀ ਸੰਸਥਾ ਦੱਸਦੇ ਸਨ ਪਰ ਭਾਜਪਾ ’ਚ ਜਾਣ ਦੇ ਬਾਅਦ ਉਨ੍ਹਾਂ ਦੇ ਸੁਰ ਬਦਲ ਗਏ। ਸਿਰਸਾ ਹੁਣ ਦਾਅਵਾ ਕਰ ਰਹੇ ਹਨ ਕਿ ਅਕਾਲੀ ਦਲ ਨੇ ਖੁਦ ਨੂੰ ਪੰਜਾਬ ’ਚ ਸਮੇਟ ਲਿਆ ਹੈ ਅਤੇ ਅਕਾਲੀ ਨੇਤਾਵਾਂ ਨੇ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਦੇ ਮਾਮਲਿਆਂ ’ਤੇ ਗੱਲ ਕਰਨੀ ਵੀ ਛੱਡ ਦਿੱਤੀ ਹੈ। ਪੰਜਾਬ ਤੋਂ ਬਾਹਰ ਬੈਠਾ ਸਿੱਖ ਆਪਣੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਕਿਸ ਦੇ ਕੋਲ ਜਾਵੇ, ਇਹ ਵੱਡਾ ਸਵਾਲ ਬਣ ਗਿਆ ਹੈ। ਇਸ ਲਈ ਸਿਰਸਾ ਆਪਣੇ ਭਾਜਪਾ ’ਚ ਜਾਣ ਨੂੰ ਠੀਕ ਦੱਸਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਸਿੱਖਾਂ ਦੇ ਮਸਲੇ ਸਿਰਫ ਭਾਜਪਾ ਹੀ ਹੱਲ ਕਰ ਸਕਦੀ ਹੈ।

ਗੁਰਦੁਆਰਾ ਕਮੇਟੀ ਬਣੀ ਨਹੀਂ, ਵੰਡਣ ਲੱਗੀਆਂ ਚੇਅਰਮੈਨੀਆਂ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੋਂ 3 ਮਹੀਨੇ ਬਾਅਦ ਵੀ ਨਵੀਂ ਕਮੇਟੀ ਦਾ ਗਠਨ ਨਹੀਂ ਹੋ ਸਕਿਆ। ਇਸ ਦੇ ਕਾਰਨ ਕਮੇਟੀ ’ਚ ਸਭ ਕੁਝ ਠੀਕ ਨਹੀਂ ਹੈ। ਨਵੀਂ ਕਮੇਟੀ ਦੇ ਗਠਨ ’ਚ ਹੋ ਰਹੀ ਦੇਰੀ ਦੇ ਕਾਰਨ ਜਿੱਤੇ ਮੈਂਬਰਾਂ ਨੂੰ ਆਪਣੇ ਪਾਲੇ ’ਚ ਸੰਤੁਸ਼ਟ ਰੱਖਣ ਲਈ ਕਾਰਜਕਾਰੀ ਪ੍ਰਬੰਧਨ ਨੇ ਚੇਅਰਮੈਨੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਹਿੰਦੇ ਹਨ ਕਿ ਹੁਣ ਤੱਕ ਧਰਮ ਪ੍ਰਚਾਰ ਕਮੇਟੀ, ਐਜੂਕੇਸ਼ਨ ਕਮੇਟੀ, ਟਰਾਂਸਪੋਰਟ ਕਮੇਟੀ, ਖਰੀਦ ਕਮੇਟੀ, ਵਿਜੀਲੈਂਸ, ਗੋਲਕ ਦੀ ਦੇਖਭਾਲ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ’ਚ ਚੇਅਰਮੈਨ ਵੀ ਨਿਯੁਕਤ ਹੋ ਗਏ ਹਨ। ਖਾਸ ਗੱਲ ਤਾਂ ਇਹ ਰਹੀ ਹੈ ਕਿ ਸਰਨਾ ਦਲ ਤੋਂ ਆਏ ਸੀਨੀਅਰ ਮੈਂਬਰ ਨੂੰ ਜੋੜੇ ਰੱਖਣ ਲਈ ਇਕ ਨਵਾਂ ਅਹੁਦਾ ਹੀ ਸਿਰਜ (ਪ੍ਰਸ਼ਾਸਨਿਕ ਚੇਅਰਮੈਨ) ਦਿੱਤਾ ਗਿਆ ਜਦਕਿ ਕਮੇਟੀ ਐਕਟ ਅਨੁਸਾਰ ਇਹ ਕਮੇਟੀਆਂ ਤੇ ਚੇਅਰਮੈਨੀ ਗਲਤ ਹੈ। ਉਹ ਵੀ ਉਦੋਂ ਵੰਡੀਆਂ ਜਾ ਰਹੀਆਂ ਹਨ, ਜਦੋਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਹੁਦਾ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ।

ਗੁਰਦੁਆਰਾ ਕਮੇਟੀ ਦੀ ਆਰਥਿਕ ਹਾਲਤ ਠੀਕ ਨਹੀਂ, ਨਹੀਂ ਮਿਲ ਰਹੀ ਤਨਖਾਹ! : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਆਰਥਿਕ ਹਾਲਤ ਠੀਕ ਨਹੀਂ। ਸਟਾਫ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਲਗਭਗ 7 ਮਹੀਨੇ ਦੀ ਤਨਖਾਹ ਬਾਕੀ ਹੈ, ਜਿਸ ਦੇ ਬਾਰੇ ’ਚ ਕਮੇਟੀ ਪ੍ਰਬੰਧਨ ਕੋਈ ਸੰਤੁਸ਼ਟ ਜਵਾਬ ਨਹੀਂ ਦੇ ਰਿਹਾ। ਆਖਿਰਕਾਰ ਸਟਾਫ ਸਕੂਲਾਂ ਦੀ ਬਜਾਏ ਕਮੇਟੀ ਦੇ ਮੁੱਖ ਦਫਤਰ ’ਚ ਤਨਖਾਹ ਲਈ ਅੰਦੋਲਨ ਕਰ ਰਿਹਾ ਹੈ। ਇੱਥੋਂ ਤੱਕ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ’ਤੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਵੀ ਸਾਰਾ ਦਿਨ ਸਕੂਲ ਸਟਾਫ ਬਾਹਰ ਹੱਥਾਂ ’ਚ ਤਖਤੀਆਂ ਲੈ ਕੇ ਅਪੀਲ ਕਰਦਾ ਰਿਹਾ ਪਰ ਕਮੇਟੀ ਪ੍ਰਬੰਧਕਾਂ ਨੇ ਕੁਝ ਨਹੀਂ ਕੀਤਾ। ਉਹ ਉਡੀਕ ਕਰ ਰਹੇ ਹਨ ਕਿ ਨਵੀਂ ਕਮੇਟੀ ਬਣੇ ਅਤੇ ਉਹੀ ਇਨ੍ਹਾਂ ਦੇ ਬਾਰੇ ’ਚ ਫੈਸਲਾ ਕਰੇ।

ਕਿਸਾਨਾਂ ਦੇ ਹੌਸਲੇ ਦੀ ਵੱਡੀ ਜਿੱਤ, ਕਾਇਮ ਰੱਖਿਆ ਸੰਜਮ : ਦਿੱਲੀ ਦੀਆਂ ਹੱਦਾਂ ’ਤੇ 378 ਦਿਨ ਤੋਂ ਬੈਠੇ ਕਿਸਾਨਾਂ ਦੀ ਘਰ ਵਾਪਸੀ ਤੈਅ ਹੋ ਗਈ ਹੈ, ਜੋ ਉਨ੍ਹਾਂ ਦੇ ਹੌਸਲੇ ਦੀ ਵੱਡੀ ਜਿੱਤ ਹੈ। ਹਰ ਮੌਸਮ ਨੂੰ ਝੱਲਣ ਦੇ ਬਾਵਜੂਦ ਕਿਸਾਨਾਂ ਨੇ ਸੰਜਮ ਕਾਇਮ ਰੱਖਿਆ ਅਤੇ ਆਖਿਰਕਾਰ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਸਾਹਮਣੇ ਝੁਕਣਾ ਪਿਆ। ਪੰਜਾਬ ਤੋਂ ਸ਼ੁਰੂ ਹੋਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਾਲੇ ਅੰਦੋਲਨ ਨੂੰ ਸ਼ੁਰੂ ’ਚ ਕੇਂਦਰ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ ਸੀ। ਸਰਕਾਰ ਦਾ ਮੰਨਣਾ ਸੀ ਕਿ ਇਹ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਪ੍ਰਾਯੋਜਿਤ ਅੰਦੋਲਨ ਹੈ ਪਰ 26 ਨਵੰਬਰ ਨੂੰ ਇਸ ਅੰਦੋਲਨ ਦੇ ਦਿੱਲੀ ਪਹੁੰਚਣ ’ਤੇ ਜਿਸ ਢੰਗ ਨਾਲ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਅੰਦੋਲਨ ਨੂੰ ਆਪਣੀ ਹੋਂਦ ਦਾ ਸਵਾਲ ਬਣਾ ਕੇ ਜੀਅ-ਜਾਨ ਲੜਾ ਦਿੱਤੀ ਤਾਂ ਅੰਦੋਲਨ ਦੀ ਰੂਪਰੇਖਾ ਹੀ ਬਦਲ ਗਈ।

ਉਸ ’ਚ ਸਭ ਤੋਂ ਵੱਡੀ ਭੂਮਿਕਾ 32 ਕਿਸਾਨ ਸੰਗਠਨਾਂ ਦੀ ਫੈਡਰੇਸ਼ਨ ਦੇ ਤੌਰ ’ਤੇ ਕੰਮ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਦੀ ਰਹੀ ਜਿਸ ਦੇ ਬੈਨਰ ਹੇਠ ਕਿਸਾਨ ਸੰਗਠਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਜਿਸ ਢੰਗ ਨਾਲ ਕੰਮ ਕੀਤਾ, ਉਸ ਤੋਂ ਸਰਕਾਰ ਦਾ ਬੇਚੈਨ ਹੋਣਾ ਸੁਭਾਵਿਕ ਸੀ।

ਸੋਸ਼ਲ ਮੀਡੀਆ ਨੇ ਵੀ ਇਸ ਅੰਦੋਲਨ ਨੂੰ ਖੇਤੀ ਕ੍ਰਾਂਤੀ ਬਣਾਉਣ ’ਚ ਆਪਣੀ ਵੱਡੀ ਭੂਮਿਕਾ ਨਿਭਾਈ। ਖਾਸ ਕਰ ਕੇ ਪੰਜਾਬ ਦੇ ਸਿੱਖ ਪਰਿਵਾਰਾਂ ਨੇ ਇਸ ਅੰਦੋਲਨ ਨੂੰ ਤਨ, ਮਨ, ਧਨ ਨਾਲ ਸਮਰਥਨ ਦਿੱਤਾ। ਇਕ ਸਮਾਂ ਤਾਂ ਅਜਿਹਾ ਲੱਗਣ ਲੱਗਾ ਸੀ ਜਿਵੇਂ ਇਹ ਅੰਦੋਲਨ ਕੇਂਦਰ ਸਰਕਾਰ ਬਨਾਮ ਸਿੱਖਾਂ ਦਰਮਿਆਨ ਹੈ। ਇਹੀ ਕਾਰਨ ਹੈ ਕਿ ਦੁਨੀਆ ਭਰ ਦੇ ਸਿੱਖ ਪਰਿਵਾਰਾਂ ਨੇ ਅੰਦੋਲਨ ਨੂੰ ਖੂਬ ਸਮਰਥਨ ਦਿੱਤਾ, ਪ੍ਰਵਾਸੀ ਪੰਜਾਬੀਆਂ ਨੇ ਦਿਲ ਖੋਲ੍ਹ ਕੇ ਇਸ ਦੀ ਮਦਦ ਕੀਤੀ।

ਆਖਿਰਕਾਰ ਮੋਦੀ ਸਰਕਾਰ ਨੂੰ ਤਿੰਨੇ ਕਾਨੂੰਨ ਵਾਪਸ ਲੈਣੇ ਪਏ। ਸਰਕਾਰ ਵੱਲੋਂ ਹੱਠਪੁਣਾ ਛੱਡਣ ਦੇ ਬਾਅਦ ਕਿਸਾਨਾਂ ਨੇ ਅੰਦੋਲਨ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ ਅਤੇ ਘਰ ਵਾਪਸੀ ਦਾ ਐਲਾਨ ਕਰ ਦਿੱਤਾ ਹੈ।

ਤਖਤ ਸ੍ਰੀ ਪਟਨਾ ਸਾਹਿਬ ’ਚ ਜਨਵਰੀ ’ਚ ਹੋਣਗੇ 2 ਵੱਡੇ ਆਯੋਜਨ : ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਵੱਲੋਂ 4 ਤੋਂ 6 ਜਨਵਰੀ ਨੂੰ ਰਾਜਗੀਰ ਗੁਰਦੁਆਰਾ ਸਾਹਿਬ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ, ਜਦਕਿ 7 ਤੋਂ 9 ਜਨਵਰੀ ਦੌਰਾਨ ਤਖਤ ਸ੍ਰੀ ਪਟਨਾ ਸਾਹਿਬ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 355ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ। ਇਹ ਜਾਣਕਾਰੀ ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਦਿੱਤੀ। ਹਿੱਤ ਮੁਤਾਬਕ ਇਸ ਦੇ ਲਈ 7 ਜਨਵਰੀ ਨੂੰ ਵੱਡੀ ਪ੍ਰਭਾਤ ਫੇਰੀ ਨਿਕਲੇਗੀ ਅਤੇ ਰਾਤ ਨੂੰ ਕਵੀ ਦਰਬਾਰ ਹੋਵੇਗਾ। 8 ਜਨਵਰੀ ਨੂੰ ਗਊਘਾਟ ਤੋਂ ਨਗਰ ਕੀਰਤਨ ਨਿਕਲੇਗਾ ਅਤੇ ਰਾਤ ਨੂੰ ਦੀਵਾਨ ਸਜਾਇਆ ਜਾਵੇਗਾ। 9 ਜਨਵਰੀ ਨੂੰ ਅੰਮ੍ਰਿਤ ਵੇਲੇ ਤੋਂ ਰਾਤ 12 ਵਜੇ ਤੱਕ ਦੀਵਾਨ ਸਜੇਗਾ।

Bharat Thapa

This news is Content Editor Bharat Thapa