ਇਮਾਨਦਾਰੀ ਦੀ ਅਦੁੱਤੀ ਮਿਸਾਲ

07/26/2015 7:14:55 PM

ਜੂਨ ਦੇ ਪਿਛਲੇ ਹਫਤੇ ਵੈਨਕੂਵਰ ਨੇੜ੍ਹਲੇ ਬੀ. ਸੀ. ਦੀ ਰਾਜਧਾਨੀ ਵਿਕਟੋਰੀਆ ਟਾਪੂ ਵਿਚ ਇਕ ਬੇਘਰੇ, ਬੇਰੁਜ਼ਗਾਰ ਵਿਆਕਤੀ ਦੀ ਇਮਾਨਦਾਰੀ ਦੀ ਘਟਨਾ ਪੂਰੀ ਦੂਨੀਆਂ ਸਮੇਤ ਭਾਰਤ ਦੇ ਅਖਬਾਰਾਂ ਮੀਡੀਆ ਵਿਚ ਚਰਚਾ ਦਾ ਵਿਸ਼ਾ ਰਹੀ । ਉਹ ਫੂਡ ਬੈਂਕ ਤੋਂ ਖਾਣਾ ਲੈਣ ਜਾ ਰਿਹਾ ਸੀ ਰਸਤੇ ਵਿਚ ਉਸ ਨੂੰ ਬਟੂਆ ਲੱਭਿਆ ਜਿਸ ਵਿਚ 24੦੦ ਡਾਲਰ ਸਨ । ਉਸ ਨੇ ਉਥੇ ਦੋ ਘੰਟੇ ਖੜ੍ਹ ਕੇ ਮਾਲਕ ਦੀ ਉਡੀਕ ਕੀਤੀ ਜਦੋਂ ਕੋਈ ਨਾਂ ਆਇਆ ਤਾਂ ਉਸਨੇ ਬਟੂਆ ਪੁਲਿਸ ਦੇ ਹਵਾਲੇ ਕਰ ਦਿੱਤਾ । ਉਸ ਦੀ ਗਰੀਬੀ ਕਰਕੇ ਉਸਦੀ ਇਮਾਨਦਾਰੀ ਤੇ ਐਨ ਜੀ ਉ ਕਾਰਕੁੰਨਾਂ ਨੇ 15000 ਤੋਂ ਵੱਧ ਡਾਲਰ ਰਕਮ ਇਕੱਠੀ ਕੀਤੀ ਲੱਭ ਕੇ ਉਸਨੂੰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਇਹ ਰਕਮ ਲੈਣ ਤੋਂ ਇਨਕਾਰ ਕਰ ਦਿੱਤਾ । ਬਲਕਿ ਇਹ ਫੂਡ ਬੈਂਕ ਨੂੰ ਦੇ ਦਿੱਤਾ ਜਾਵੇ ਜਿੱਥੋਂ ਉਹ ਲਈ ਦਿਨਾਂ ਤੋਂ ਖਾਣਾ ਖਾ ਰਿਹਾ ਹੈ । ਉਸ ਦਾ ਉੱਤਰ ਸੀ ਦਾਨ ਦੀ ਇਹ ਰਕਮ ਉਸਦੇ ਮਨ ਤੇ ਬੋਝ ਬਣੇਗੀ ਉਸ ਨੂੰ ਦਾਨ ਨਹੀਂ ਰੁਜ਼ਗਾਰ ਚਾਹੀਦਾ ਹੈ । ਉਕਤ ਘਟਨਾਂ ਤੋਂ ਪੱਛਮੀਂ ਦੇਸਾਂ ਦੀ ਸਫਲਤਾ ਦੇ ਰਹੱਸ ਸਾਨੂੰ ਸਮਝ ਲੱਗ ਗਏ ਹੋਣਗੇ । ਇੱਕ ਗਰੀਬ , ਬੇਘਰ ਅਤੇ ਬੇਰੁਜ਼ਗਾਰ ਵਿਆਕਤੀ ਨੇ ਦਾਨ ਲੈਣਾ ਪਸਮਦ ਨਹੀਂ ਕੀਤਾ ।ਇਹ ਇਮਾਨਦਾਰੀ ਅਤੇ ਕਿਰਤ ਇੱਕ ਵਿਆਕਤੀ ਨਹੀਂ ਇਹਨਾਂ ਸਮੁੱਚੇ ਦੇਸਾਂ ਦੇ ਸੱਭਿਆਚਾਰ ਅਤੇ ਕਦਰਾਂ ਕੀਮਤਾਂ  ਦਾ ਹਿੱਸਾ ਹੈ ਜੋ ਕੌਮ ਦੇ ਹਰ ਵਿਆਕਤੀ ਦੇ ਖੂਨ ਵਿੱਚ ਰਚੀ ਹੋਈ । ਜਿਸਦੀ ਬਦੌਲਤ ਇਹਨਾਂ ਲੋਕਾਂ ਨੇ ਦੁਨੀਆਂ ਵਿੱਚ ਹਰ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ।
ਦੂਜੇ ਪਾਸੇ ਇਸ ਘਟਨਾ ਨੂੰ ਭਾਰਤ ਦੇ ਸੰਦਰਭ ਵਿਚ ਦੇਖਿਆ ਜਾਵੇ ਸਥਿਤੀ ਬਿਲਕੁਲ ਉਲਟ ਹੈ । ਜਿੱਥੇ ਲੁੱਟਾਂ ਖੋਹਾਂ ਆਮ ਹਨ ਭ੍ਰਿਸ਼ਟਾਚਾਰ ਤੇ ਬੇਈਮਾਨੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਉਤਰ ਚੁੱਕੀਆਂ ਹਨ । ਚੋਰੀ ਦੀਆਂ ਘਟਨਾਂਵਾ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਹੁੰਦੀਆਂ ਹਨ । ਦਾਨ ਤੇ ਪਲਣ ਵਾਲਿਆਂ ਦੀ ਗਿਣਤੀ ਬਹੁਤ ਵਧ ਚੁੱਕੀ ਹੈ ਕਿਰਤ ਕੰਮ ਕਰਨ ਦੀ ਬਜਾਏ ਵਿਹਲਾ ਪਣ ਅਤੇ ਮੁਫਤਖੋਰੀ ਸਿਖਰਾਂ ਤੇ ਹੈ ਹਰ ਗਲੀ ਮਹੱਲੇ ਵਿੱਚ ਵੱਡੀ ਗਿਣਤੀ ਮੰਗਣ ਵਾਲੇ ਮੰਗਤੇ ਮਿਲ ਜਾਣਗੇ ਜਿਹੜੇ ਸਰੀਰਿਕ ਪੱਖੋਂ ਹੱਟੇ ਕੱਟੇ ਦਿਖਾਈ ਦਿੰਦੇ ਹਨ ਪਰ ਕੰਮ ਕਰਨ ਦੀ ਬਜ਼ਾਇ ਮੰਗਣ ਖਾਣ ਨੂੰ ਕਿੱਤਾ ਬਣਾ ਰੱਖਿਆ ਹੈ । ਚੇਲਿਆਂ, ਸੰਤਾਂ, ਭਗਵੇਂ ਕੱਪੜਿਆਂ ਵਾਲਿਆਂ ਦੇ ਝੁੰਡ ਹਰ ਥਾਂ ਆਮ ਦਿਖਾਈ ਦਿੰਦੇ ਹਨ । ਜੇਕਰ ਇਹ ਸਾਰੇ ਕੰਮ ਕਰਨ ਲੱਗ ਜਾਣ ਤਾਂ ਭਾਰਤ ਦੀ ਬਹੁਤ ਸਾਰੀ ਬੰਜ਼ਰ ਧਰਤੀ ਅਬਾਦ ਕੀਤੀ ਜਾ ਸਕਦੀ ਹੈ । ਅਸਲ ਵਿਚ ਇਹ ਸਾਰੇ ਕਿਰਤ ਕਰਨ ਵਾਲੇ ਲੋਕਾਂ ਤੇ  ਅਤੇ ਭਾਰਤ ਦੀ ਧਰਤੀ ਤੇ ਬੋਝ ਹਨ ਜੋ ਮਿਹਨਤੀ ਲੋਕਾਂ ਦੀ ਕਮਾਈ ਤੇ ਪਲਦੇ ਹਨ । ਵਿਕਸਿਤ ਦੇਸ਼ਾਂ ਵਿਚ ਅਜਿਹੇ ਲੋਕ ਨਹੀਂ ਮਿਲਦੇ ਅਜਿਹੇ ਲੋਕਾਂ ਨੂੰ ਘ੍ਰਿਣਾ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ । ਇਹ ਵਹਿਮ ਭਰਮ , ਕਿਸਮਤ ਮੁਕੱਦਰਾਂ ਦੀ ਬਜ਼ਾਇ ਕਿਰਤ ਤੇ ਵਿਸ਼ਵਾਸ਼ ਕਰਦੇ ਹਨ ।
ਭਾਰਤ ਉੱਤੇ ਰਾਜ ਕਰਨ ਸਮੇਂ ਦੀਆਂ ਅਨੇਕਾਂ ਇਮਾਨਦਾਰੀ ਦੇ ਕਿੱਸੇ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਹਨ । ਪਿਛਲੀ ਸਦੀ ਤੋਂ ਏਸ਼ੀਆ ਖਿੱਤੇ ਦੇ ਬਹੁਤ ਸਾਰੇ ਲੋਕ ਪੱਛਮੀਂ ਦੇਸਾਂ ਵਿੱਚ ਪ੍ਰਵੇਸ਼ ਕਰ ਗਏ ਹਨ ਜਿੰਨਾਂ ਵਿੱਚੋਂ ਬਹੁਤ ਸਾਰਿਆਂ ਨੇ ਆਪਣੇ ਸਵਾਰਥ ਲਈ ਇਹਨਾਂ ਦੇਸ਼ਾਂ ਦੇ ਸੱਭਿਆਚਾਰ, ਕਦਰਾਂ ਕੀਮਤਾਂ , ਇਮਾਨਦਾਰੀ ਦਾ ਨਜ਼ਾਇਜ਼ ਵਰਤੋਂ ਕੀਤੀ ਹੈ । ਭਾਰਤ ਵਿਚ ਵੀ ਸਮੇਂ-ਸਮੇਂ ਤੇ ਬਹੁਤ ਸਾਰੇ ਪੀਰਾਂ ਪੈਗੰਬਰਾਂ , ਗੁਰੂਆਂ ਨੇ ਉੱਚ ਸਦਾਚਾਰ ਗੁਣਾ , ਕਦਰਾਂ ਕੀਮਤਾਂ , ਕਿਰਤ ਕਰਨ ਦਾ ਸੰਦੇਸ਼ ਦਿੱਤਾ ਪਰ ਇਹ ਸੰਦੇਸ਼ ਪੱਛਮੀਂ ਦੇਸਾਂ ਦੇ ਲੋਕਾਂ ਵਾਂਗ ਸਮੁੱਚੇ ਲੋਕਾਂ ਦੇ ਜੀਵਨ ਦਾ ਹਿੱਸਾ ਨਹੀਂ ਬਣ ਸਕਿਆ ਅੱਜ ਦੇ ਸਮੇਂ ਵਿੱਚ ਆਰਥਿਕ ਦੋੜ ਇਹਨਾਂ ਗੁਰੂਆਂ, ਪੀਰਾਂ ਦੇ ਸੁਨੇਹਿਆਂ ਤੋਂ ਲੋਕ ਲਗਾਤਾਰ ਦੂਰ ਜਾ ਰਹੇ ਹਨ । ਉੱਚ ਕਦਰਾਂ ਕੀਮਤਾਂ ਦਾ ਸੰਚਾਰ ਦੇਸ਼ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰ ਸਕਦਾ ਹੈ ।

ਪ੍ਰੋ. ਹਰਜਿੰਦਰ ਭੋਤਨਾ