ਬੁੱਢਾ ਅਮਰਨਾਥ ਧਾਮ ’ਚ ਧਾਰਮਿਕ ਸੈਰ-ਸਪਾਟੇ ਲਈ ਅਪਾਰ ਸੰਭਾਵਨਾਵਾਂ, ਚੰਗੀ ਸੜਕ ਤਕ ਦੀ ਨਹੀਂ ਸਹੂਲਤ

07/19/2019 7:17:04 AM

ਬਲਰਾਮ ਸੈਣੀ 

ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ’ਚ ਭਗਵਾਨ ਸ਼ਿਵ ਵੱਖ-ਵੱਖ ਰੂਪਾਂ ’ਚ ਬਿਰਾਜਮਾਨ ਹਨ। ਸ਼੍ਰੀ ਅਮਰਨਾਥ ਗੁਫਾ ’ਚ ਜਿਥੇ ਸ਼ਿਵਜੀ ਦੇ ਬਰਫਾਨੀ ਰੂਪ ਦੀ ਪੂਜਾ ਹੁੰਦੀ ਹੈ ਤਾਂ ਸ਼ਿਵਖੋੜੀ ’ਚ ਉਹ ਸ਼ਿਲਾ ਦੇ ਰੂਪ ’ਚ ਬਿਰਾਜਮਾਨ ਹਨ। ਸ਼ੰਕਰਾਚਾਰੀਆ ਮੰਦਰ ’ਚ ਵਿਸ਼ਾਲ ਸ਼ਿਵਲਿੰਗ ਹੈ ਅਤੇ ਖੀਰ ਭਵਾਨੀ ’ਚ ਸ਼ਕਤੀ ਦੇ ਨਾਲ ਸ਼ਿਵ ਜੀ ਦੀ ਅਰਾਧਨਾ ਹੁੰਦੀ ਹੈ। ਅਜਿਹਾ ਹੀ ਇਕ ਧਾਮ ਹੈ ਬੁੱਢਾ ਅਮਰਨਾਥ, ਜਿੱਥੇ ਸ਼ਿਵ ਭਗਤ ਚੱਟਾਨ ਵਜੋਂ ਸਥਾਪਿਤ ਭਗਵਾਨ ਸ਼ਿਵ ਦੇ ਬਿਰਧ ਰੂਪ ਦੀ ਪੂਜਾ ਕਰਦੇ ਹਨ। ਇਸ ਲਈ ਬੁੱਢਾ ਅਮਰਨਾਥ ਨੂੰ ਬਾਬਾ ਚੱਟਾਨੀ ਵੀ ਕਿਹਾ ਜਾਂਦਾ ਹੈ। ਪੁੰਛ ਜ਼ਿਲੇ ਦੇ ਮੰਡੀ ਇਲਾਕੇ ’ਚ ਸਥਿਤ ਬੁੱਢਾ ਅਮਰਨਾਥ ਧਾਮ ਦੇ ਸਬੰਧ ਵਿਚ ਅਜਿਹੀ ਮਾਨਤਾ ਹੈ ਕਿ ਇਸ ਸਥਾਨ ’ਤੇ ਭਗਵਾਨ ਸ਼ਿਵ ਨੇ ਬਿਰਧ ਸਰੂਪ ’ਚ ਪ੍ਰਗਟ ਹੋ ਕੇ ਆਪਣੀ ਬਹੁਤ ਵੱਡੀ ਸ਼ਰਧਾਲੂ ਮਹਾਰਾਣੀ ਚੰਦ੍ਰਿਕਾ ਨੂੰ ਦਰਸ਼ਨ ਦਿੱਤੇ। ਸੁੰਦਰ ਪਹਾੜੀ ਮਾਲਾਵਾਂ ਨਾਲ ਘਿਰੇ ਅਤੇ ਕੁਦਰਤੀ ਸੁਹੱਪਣ ਨਾਲ ਭਰਪੂਰ ਇਸ ਧਾਮ ਦੇ ਕੋਲੋਂ ਸ਼ਿਵ ਗੰਗਾ ਦੀ ਕਲ-ਕਲ ਕਰਦੀ ਆਵਾਜ਼ ਵਾਤਾਵਰਣ ਨੂੰ ਹੋਰ ਵੀ ਮਨਮੋਹਕ ਬਣਾ ਦਿੰਦੀ ਹੈ। ਬੁੱਢਾ ਅਮਰਨਾਥ ਧਾਮ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤੇ ਜਾਣ ਦੀਆਂ ਬਹੁਤ ਸੰਭਾਵਨਾਵਾਂ ਹਨ। ਸ਼ਰਧਾਲੂਆਂ ਨੂੰ ਪੈਦਲ ਚੱਲਣ ਦੀ ਵੀ ਲੋੜ ਨਹੀਂ ਕਿਉਂਕਿ ਗੱਡੀ ਮੰਦਰ ਦੇ ਮੁੱਖ ਦਰਵਾਜ਼ੇ ਤਕ ਪਹੁੰਚਦੀ ਹੈ ਅਤੇ ਸ਼ਿਵ ਭਗਤ ਸਾਰਾ ਸਾਲ ਕਿਸੇ ਵੀ ਮੌਸਮ ਵਿਚ ਮੰਡੀ ਪਹੁੰਚ ਕੇ ਬਾਬਾ ਚੱਟਾਨੀ ਦੇ ਦਰਸ਼ਨ ਕਰ ਸਕਦੇ ਹਨ ਪਰ ਸੈਰ-ਸਪਾਟੇ ਦੇ ਨਾਂ ’ਤੇ ਕਰੋੜਾਂ ਰੁਪਏ ਲੁਟਾਉਣ ਵਾਲੀ ਜੰਮੂ-ਕਸ਼ਮੀਰ ਸਰਕਾਰ ਨੇ ਇਸ ਧਾਮ ਦਾ ਪ੍ਰਚਾਰ-ਪ੍ਰਸਾਰ ਕਰਨਾ ਤਾਂ ਦੂਰ, ਸ਼ਿਵ ਭਗਤਾਂ ਨੂੰ ਚੰਗੀ ਸੜਕ ਵਰਗੀ ਮੁੱਢਲੀ ਸਹੂਲਤ ਤਕ ਵੀ ਮੁਹੱਈਆ ਨਹੀਂ ਕਰਵਾਈ। ਆਲਮ ਇਹ ਹੈ ਕਿ ਜੰਮੂ-ਕਸ਼ਮੀਰ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਸ਼ਿਵ ਭਗਤ ਖਸਤਾਹਾਲ ਸੜਕਾਂ ਤੋਂ ਲੰਘ ਕੇ ਮੰਡੀ ਸਥਿਤ ਬੁੱਢਾ ਅਮਰਨਾਥ ਧਾਮ ਪਹੁੰਚਦੇ ਹਨ। ਮੰਦਰ ਦੇ ਪੁਜਾਰੀ ਅਰੁਣ ਸ਼ਰਮਾ ਅਤੇ ਮੁੱਖ ਦਰਵਾਜ਼ੇ ਦੇ ਨੇੜੇ ਸਥਾਪਿਤ ਨੀਂਹ ਪੱਥਰ ਦੇ ਅਨੁਸਾਰ ਪੁੰਛ ਨੂੰ ਰਾਵਣ ਦੇ ਦਾਦੇ ਪੁਲਤਸ ਰਿਸ਼ੀ ਨੇ ਵਸਾਇਆ ਸੀ, ਇਸ ਲਈ ਇਸ ਦਾ ਪੁਰਾਣਾ ਨਾਂ ਪੁਲਤਸ ਹੀ ਸੀ ਪਰ ਬਾਅਦ ’ਚ ਸਮਾਂ ਬੀਤਣ ਦੇ ਨਾਲ ਇਹ ਨਾਂ ਬਦਲਦਾ-ਬਦਲਦਾ ਪੁੰਛ ਹੋ ਗਿਆ। ਲੱਗਭਗ 2000 ਸਾਲ ਪਹਿਲਾਂ ਪੁਲਤਸ ਇਲਾਕੇ ’ਚ ਹੀ ਲੋਵਰਕੋਟ (ਅੱਜ ਦੀ ਲੌਰਨ ਘਾਟੀ) ਦੀ ਮਹਾਰਾਣੀ ਚੰਦ੍ਰਿਕਾ ਹਰ ਸਾਲ ਸਾਉਣ ਦੇ ਮਹੀਨੇ ਦੀ ਪੂਰਨਮਾਸ਼ੀ ਨੂੰ ਹਿਮ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਅਮਰਨਾਥ ਗੁਫਾ ਜਾਂਦੀ ਸੀ ਪਰ ਇਕ ਸਾਲ ਖਰਾਬ ਮੌਸਮ ਅਤੇ ਭਾਰੀ ਬਰਫਬਾਰੀ ਕਾਰਣ ਮਹਾਰਾਣੀ ਅਮਰਨਾਥ ਦੀ ਯਾਤਰਾ ਨਾ ਕਰ ਸਕੀ।

ਮਹਾਰਾਣੀ ਨੂੰ ਚਿੰਤਾ ਹੋਈ ਕਿ ਇਸ ਭੁੱਲ ਲਈ ਭਗਵਾਨ ਸ਼ਿਵ ਉਨ੍ਹਾਂ ਨਾਲ ਰੁੱਸ ਗਏ ਹੋਣਗੇ, ਇਹੀ ਸੋਚ ਕੇ ਮਹਾਰਾਣੀ ਬਹੁਤ ਦੁਖੀ ਹੋਈ ਅਤੇ ਅੰਨ-ਜਲ ਦਾ ਤਿਆਗ ਕਰ ਦਿੱਤਾ। ਇਸ ਨਾਲ ਮਹਾਰਾਣੀ ਸਰੀਰਕ ਤੌਰ ’ਤੇ ਬਹੁਤ ਕਮਜ਼ੋਰ ਹੋ ਗਈ, ਜਿਸ ਨਾਲ ਭਗਵਾਨ ਭੋਲੇਨਾਥ ਨੂੰ ਵੀ ਚਿੰਤਾ ਹੋਈ। ਤਦ ਇਕ ਦਿਨ ਅੰਮ੍ਰਿਤ ਵੇਲੇ ਭਗਵਾਨ ਸ਼ਿਵ ਨੇ ਮਹਾਰਾਣੀ ਨੂੰ ਸੁਪਨੇ ਵਿਚ ਬੁੱਢੇ ਅਮਰਨਾਥ ਦੇ ਰੂਪ ’ਚ ਆ ਕੇ ਦਰਸ਼ਨ ਦਿੱਤੇ ਅਤੇ ਕਿਹਾ ਕਿ ਇਥੋਂ ਸਿਰਫ 10 ਕਿਲੋਮੀਟਰ ਦੀ ਦੂਰੀ ’ਤੇ ਭਗਵਾਨ ਸ਼ਿਵ ਦਾ ਲੁਕਵਾਂ ਸਥਾਨ ਹੈ, ਜਿਸ ਦੇ ਦਰਸ਼ਨਾਂ ਦਾ ਲਾਭ ਵੀ ਹਿਮ ਸ਼ਿਵਲਿੰਗ ਦੇ ਦਰਸ਼ਨਾਂ ਦੇ ਬਰਾਬਰ ਹੈ। ਸੁਪਨੇ ਦੇ ਕੁਝ ਦੇਰ ਬਾਅਦ ਹੀ ਮਹੱਲ ਦੇ ਗੇਟ ’ਤੇ ਪਹੁੰਚੇ ਇਕ ਗੋਰੇ ਵਸਤਰਧਾਰੀ ਬੁੱਢੇ ਸਾਧੂ ਨੇ ਮਹਾਰਾਣੀ ਕੋਲ ਭਿੱਖਿਆ ਲੈਣ ਦੀ ਇੱਛਾ ਪ੍ਰਗਟ ਕੀਤੀ। ਪਹਿਲਾਂ ਤਾਂ ਦਾਸੀਆਂ ਨੇ ਮਹਾਰਾਣੀ ਦੀ ਖਰਾਬ ਸਿਹਤ ਦੀ ਦਲੀਲ ਦਿੱਤੀ ਪਰ ਜਦੋਂ ਬਾਬਾ ਸਾਧੂ ਮਹਾਰਾਣੀ ਤੋਂ ਹੀ ਭਿੱਖਿਆ ਲੈਣ ਦੀ ਜ਼ਿੱਦ ’ਤੇ ਅੜੇ ਰਹੇ ਤਾਂ ਮਹਾਰਾਣੀ ਨੂੰ ਸੱਦਿਆ ਗਿਆ। ਮਹਾਰਾਣੀ ਨੇ ਭਿੱਖਿਆ ਦਿੰਦੇ ਸਮੇਂ ਦੇਖਿਆ ਕਿ ਜਿਸ ਸਾਧੂ ਨੇ ਥੋੜ੍ਹੀ ਦੇਰ ਪਹਿਲਾਂ ਸੁਪਨੇ ਵਿਚ ਦਰਸ਼ਨ ਦਿੱਤੇ ਸਨ, ਹੁਣ ਭਿਖਾਰੀ ਦੇ ਰੂਪ ’ਚ ਉਹੀ ਸਾਹਮਣੇ ਖੜ੍ਹਾ ਹੈ। ਸਾਧੂ ਨੇ ਕਿਹਾ ਕਿ ਜੋ ਦੱਸਿਆ ਸੀ, ਉਹ ਯਾਦ ਹੈ ਕਿ ਨਹੀਂ, ਤਾਂ ਰਾਣੀ ਨੇ ‘ਹਾਂ’ ਕਿਹਾ।

ਇਸ ਤੋਂ ਬਾਅਦ ਸਾਧੂ ਬਾਬਾ ਖ਼ੁਦ ਹੀ ਮਹਾਰਾਣੀ ਨੂੰ ਬੁੱਢਾ ਅਮਰਨਾਥ ਲੈ ਆਏ ਅਤੇ ਇਥੇ ਆ ਕੇ ਖੋਦਾਈ ਕਰਵਾਈ ਤਾਂ ਚੱਟਾਨ ਦਾ ਇਹ ਮੰਦਰ ਦਿਖਾਈ ਦੇਣ ਲੱਗਾ, ਜਿਸ ਨੂੰ ਸ਼ਿਵ ਪਾਲਕੀ ਕਿਹਾ ਜਾਂਦਾ ਹੈ। ਇਸ ਵਿਚ ਚਾਰ ਦਰਵਾਜ਼ੇ ਬਣੇ ਹੋਏ ਹਨ। ਪਾਲਕੀ ਦੇ ਅੰਦਰ ਦੀ ਸਫਾਈ ਦੌਰਾਨ ਭਗਵਾਨ ਸ਼ਿਵ ਦਾ ਚੱਟਾਨੀ ਸ਼ਿਵਲਿੰਗ ਨਜ਼ਰ ਆਇਆ। ਜਦੋਂ ਮਹਾਰਾਣੀ ਚੰਦ੍ਰਿਕਾ ਉਸ ਬੁੁੱਢੇ ਸਾਧੂ ਨਾਲ ਮੰਦਰ ਵਿਚ ਪੂਜਾ-ਅਰਚਣਾ ਲਈ ਦਾਖਲ ਹੋਈ ਤਾਂ ਅੱਖ ਝਪਕਦੇ ਹੀ ਬੁੱਢਾ ਸਾਧੂ ਬਾਬਾ ਅਲੋਪ ਹੋ ਗਿਆ। ਸਾਧੂ ਬਾਬਾ ਦੇ ਅਲੋਪ ਹੁੰਦੇ ਹੀ ਮਹਾਰਾਣੀ ਨੇ ਬਹੁਤ ਦੁਖੀ ਹਾਲਤ ’ਚ ਹੀ ਅਰਾਧਨਾ ਕਰਦਿਆਂ ਕਿਹਾ, ‘‘ਦੇਵਾਂ ਦੇ ਦੇਵ ਮਹਾਦੇਵ, ਤੁਸੀਂ ਖ਼ੁਦ ਬੁੱਢੇ ਬਾਬਾ ਦਾ ਰੂਪ ਧਾਰਨ ਕਰ ਕੇ ਮੈਨੂੰ ਇਥੇ ਲਿਆਏ ਸੀ ਪਰ ਮੈਂ ਤੁਹਾਡੀ ਮਹਿਮਾ ਨਾ ਜਾਣ ਸਕੀ।’’ ਉਦੋਂ ਤੋਂ ਇਸ ਮੰਦਰ ਦਾ ਨਾਂ ਬਾਬਾ ਬੁੱਢਾ ਅਮਰਨਾਥ ਚੱਟਾਨੀ ਪਿਆ। ਉਂਝ ਤਾਂ ਸਾਰਾ ਸਾਲ ਇਥੇ ਸ਼ਿਵ ਭਗਤਾਂ ਦਾ ਤਾਂਤਾ ਲੱਗਾ ਰਹਿੰਦਾ ਹੈ ਪਰ ਸਾਉਣ ਦੀ ਪੂਰਨਮਾਸ਼ੀ ਤੋਂ ਪਹਿਲਾਂ 10 ਦਿਨਾਂ ਤਕ ਇਥੇ ਵਿਸ਼ੇਸ਼ ਯਾਤਰਾ ਦਾ ਆਯੋਜਨ ਹੁੰਦਾ ਹੈ, ਜਿਸ ਵਿਚ ਹਿੰਦੂਆਂ-ਸਿੱਖਾਂ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਲੋਕ ਵੀ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇਸ ਸਾਲ ਇਹ ਯਾਤਰਾ 6 ਅਗਸਤ ਤੋਂ 15 ਅਗਸਤ ਤਕ ਆਯੋਜਿਤ ਹੋਵੇਗੀ। ਇਸ ਦੌਰਾਨ ਮਹਾਮੰਡਲੇਸ਼ਵਰ ਸਵਾਮੀ ਵਿਸ਼ਵਾਤਮਾਨੰਦ ਜੀ ਮਹਾਰਾਜ ਦੀ ਅਗਵਾਈ ’ਚ ਪੁੰਛ ਸਥਿਤ ਇਤਿਹਾਸਿਕ ਦਸ਼ਨਾਮੀ ਅਖਾੜੇ ਤੋਂ ਵਿਸ਼ੇਸ਼ ਛੜੀ ਮੁਬਾਰਕ ਦੀ ਯਾਤਰਾ ਕੱਢੀ ਜਾਵੇਗੀ।
 

Bharat Thapa

This news is Content Editor Bharat Thapa