ਨੋਟਾਂ ਦੇ ਨਾਲ-ਨਾਲ ਹੁਣ ‘ਨਕਲੀ ਸਿੱਕੇ ਭਾਰਤ ’ਚ ਬਣਨ ਲੱਗੇ’

04/26/2022 2:25:11 AM

ਪਾਕਿਸਤਾਨ, ਨੇਪਾਲ, ਬੰਗਲਾਦੇਸ਼ ਆਦਿ ਤੋਂ ਨਕਲੀ ਨੋਟਾਂ ਦੀ ਸਮੱਗਲਿੰਗ ਅਤੇ ਦੇਸ਼ ’ਚ ਇਨ੍ਹਾਂ ਨੂੰ ਛਾਪਣ ਦੀਆਂ ਮਸ਼ੀਨਾਂ ਫੜਣ ਦੀਆਂ ਖਬਰਾਂ ਕਦੇ-ਕਦੇ ਆਉਂਦੀਆਂ ਰਹਿੰਦੀਆਂ ਹਨ ਪਰ ਹੁਣ ਦੇਸ਼ ’ਚ ਨਕਲੀ ਸਿੱਕੇ ਬਣਾਉਣ ਦਾ ਧੰਦਾ ਵੀ ਕੁਝ ਸਮੇਂ ਤੋਂ ਸ਼ੁਰੂ ਹੋ ਗਿਆ ਹੈ ਅਤੇ ਅਪਰਾਧੀ ਅਨਸਰ ਨਕਲੀ ‘ਸਿੱਕਿਆਂ’ ਦੀਆਂ ਫੈਕਟਰੀਆਂ ਲਾਉਣ ਲੱਗੇ ਹਨ।
ਹੁਣੇ ਜਿਹੇ ਹੀ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਹਰਿਆਣਾ ਚਰਖੀ ਦਾਦਰੀ ਦੇ ਇਮੋਲਟਾ ਪਿੰਡ ’ਚ ਛਾਪਾ ਮਾਰ ਕੇ ਨਕਲੀ ਸਿੱਕੇ ਬਣਾਉਣ ਵਾਲੇ ਗਿਰੋਹ ਦਾ ਭਾਂਡਾ ਭੰਨ੍ਹ ਕੇ ਅਸਲੀ ਸਿੱਕਿਆਂ ਨਾਲ ਬਿਲਕੁਲ ਮਿਲਦੇ-ਜੁਲਦੇ ਅਤੇ ਆਸਾਨੀ ਨਾਲ ਪਕੜ ’ਚ ਨਾ ਆਉਣ ਵਾਲੇ 10 ਲੱਖ ਰੁਪਏ ਦੀ ਕੀਮਤ ਦੇ 1 ਲੱਖ ਤੋਂ ਵੱਧ ਨਕਲੀ ਸਿੱਕੇ ਬਰਾਮਦ ਕੀਤੇ ਹਨ। ਪੁਲਸ ਨੇ ਇਸ ਸੰਬੰਧੀ ਗਿਰੋਹ ਦੇ ਸਰਗਨਾ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਇਨ੍ਹਾਂ ਨੂੰ ਬਣਾਉਣ ’ਚ ਵਰਤੀ ਜਾਣ ਵਾਲੀ ਪ੍ਰੈਸ਼ਰ ਮਸ਼ੀਨ, ਇਲੈਕਟ੍ਰਿਕ ਮੋਟਰ, ਡਾਈ, 212 ਕਿੱਲੋ ਡਿਸਕ ਜਾਂ ਟਿੱਕੀ, 70 ਕਿੱਲੋ ਅਧੂਰੇ ਬਣੇ ਸਿੱਕੇ, ਪੈਕੇਜਿੰਗ ਸਮੱਗਰੀ, ਪਾਲੀਥੀਨ ਬੈਗ ਅਤੇ ਸਿੱਕਿਆਂ ’ਤੇ ਪ੍ਰਤੀਕ ਉਕੇਰਨ ਵਾਲੇ ਸਾਮਾਨ ਕਬਜ਼ੇ ’ਚ ਲਏ ਗਏ ਹਨ।
ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਗੈਂਗ ਸਰਗਨਾ ਨਰੇਸ਼ ਕੁਮਾਰ (ਬਹਾਦੁਰਗੜ੍ਹ) ਤੋਂ ਇਲਾਵਾ ਸੰਤੋਸ਼ ਕੁਮਾਰ ਮੰਡਲ, ਧਰਮਿੰਦਰ ਕੁਮਾਰ ਸ਼ਰਮਾ, ਧਰਮਿੰਦਰ ਮੇਹਤੋ ਅਤੇ ਸ਼੍ਰਵਣ ਕੁਮਾਰ ਸ਼ਰਮਾ ਵਜੋਂ ਹੋਈ ਹੈ, ਜੋ ਸਾਰੇ ਬਿਹਾਰ ਦੇ ਰਹਿਣ ਵਾਲੇ ਹਨ। ਇਨ੍ਹਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਕੇ ਪੁਲਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਹੁਣ ਤਕ ਬਾਜ਼ਾਰ ’ਚ ਕਿੰਨੇ ਸਿੱਕੇ ਖਪਾ ਚੁੱਕੇ ਹਨ।
ਇਹ ਸਥਿਤੀ ਕੇਂਦਰ ਸਰਕਾਰ ਲਈ ਚਿੰਤਾ ਦਾ ਵਿਸ਼ਾ ਤਾਂ ਹੈ ਹੀ, ਅਫਸੋਸ ਵਾਲੀ ਗੱਲ ਇਹ ਵੀ ਹੈ ਕਿ ਸਰਕਾਰ ਦੇ ਦੇਸ਼ ’ਚ ਛੋਟੀ ਰਕਮ ਦੇ ਨੋਟਾਂ ਦੀ ਲਗਾਤਾਰ ਚੱਲੀ ਆ ਰਹੀ ਕਮੀ ਦੂਰ ਕਰਨ ’ਚ ਅਸਫਲ ਰਹਿਣ ਕਾਰਨ ਛੋਟੇ ਕਰੰਸੀ ਨੋਟਾਂ ਦੇ ਬਦਲ ਵਜੋਂ ਜਾਰੀ ਕੀਤੇ ਜਾਣ ਵਾਲੇ ਨਕਲੀ ਸਿੱਕੇ ਬਾਜ਼ਾਰ ’ਚ ਉਤਾਰ ਕੇ ਦੇਸ਼-ਧ੍ਰੋਹੀ ਅਨਸਰ ਸਾਡੀ ਅਰਥਵਿਵਸਥਾ ਨੂੰ ਸੱਟ ਮਾਰ ਰਹੇ ਹਨ। ਇਸ ਲਈ ਮਾਮੂਲੀ ਨਹੀਂ ਸਗੋਂ ਦੇਸ਼-ਧ੍ਰੋਹ ਵਰਗੀਆਂ ਧਾਰਾਵਾਂ ਲਾਗੂ ਕਰ ਕੇ ਲੰਬੇ ਸਮੇਂ ਦੀ ਸਖਤ ਸਜ਼ਾ ਦਾ ਪ੍ਰਬੰਧ ਕਰਨ ਦੀ ਲੋੜ ਹੈ।


Gurdeep Singh

Content Editor

Related News