ਲਾਕਡਾਊਨ ਵਧਾਉਣ ’ਤੇ ਸਹਿਮਤ ਹਨ ਸਾਰੇ ਸੀ. ਐੱਮ.

04/13/2020 2:03:51 AM

ਰਾਹਿਲ ਨੋਰਾ ਚੋਪੜਾ

ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਬੈਠਕ ਹੋਈ। ਇਸ ਦੌਰਾਨ ਪ੍ਰਧਾਨ ਮੰਤਰੀ ਅਤੇ ਲੱਗਭਗ ਸਾਰੇ ਮੰਤਰੀ ਇਸ ਗੱਲ ’ਤੇ ਸਹਿਮਤ ਨਜ਼ਰ ਆਏ ਕਿ ਰਾਸ਼ਟਰ ਪੱਧਰੀ ਲਾਕਡਾਊਨ ਨੂੰ ਹੋਰ 2 ਹਫਤਿਆਂ ਲਈ ਵਧਾਇਆ ਜਾਣਾ ਚਾਹੀਦਾ ਹੈ ਤਾਂ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਇਸ ਵੀਡੀਓ ਕਾਨਫਰੰਸ ਿਵਚ ਮੋਦੀ ਨੇ ‘ਜਾਨ ਵੀ ਜਹਾਨ ਵੀ’ ਉੱਤੇ ਜ਼ੋਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਇਹ ਸੰਕੇਤ ਦਿੱਤਾ ਕਿ ਲਾਕਡਾਊਨ ਦੇ ਦੁੂਸਰੇ ਪੜਾਅ ’ਚ ਮਹੱਤਵਪੂਰਨ ਆਰਥਿਕ ਸਰਗਰਮੀਆਂ ਲਈ ਕੁਝ ਢਿੱਲ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਇਸ ਗੱਲ ਦਾ ਵੀ ਸੰਕੇਤ ਦਿੱਤਾ ਕਿ ਲਾਕਡਾਊਨ ਦੇ ਦੋ ਹੋਰ ਹਫਤੇ ਉਚਿਤ ਨਹੀਂ ਹੋਣਗੇ ਅਤੇ ਇਕ ਸਰਕਾਰੀ ਬਿਆਨ ਅਨੁਸਾਰ ਆਉਣ ਵਾਲੇ 3-4 ਹਫਤੇ ਕਾਫੀ ਮਹੱਤਵਪੂਰਨ ਹੋਣਗੇ, ਹਾਲਾਂਕਿ ਮੋਦੀ ਨੇ ਅਜੇ ਰਸਮੀ ਤੌਰ ’ਤੇ ਲਾਕਡਾਊਨ ਵਧਾਉਣ ਦਾ ਐਲਾਨ ਕਰਨਾ ਹੈ। ਪ੍ਰਧਾਨ ਮੰਤਰੀ ਨਾਲ ਗੱਲ ਕਰਨ ਵਾਲੇ ਮੁੱਖ ਮੰਤਰੀਆਂ ’ਚ ਭੂਪੇਸ਼ ਬਘੇਲ (ਛੱਤੀਸਗੜ੍ਹ), ਪਿਨਾਰਈ ਵਿਜਯਨ (ਕੇਰਲ) ਅਤੇ ਵਾਈ. ਐੱਸ. ਆਰ. ਜਗਨਮੋਹਨ ਰੈੱਡੀ (ਆਂਧਰਾ ਪ੍ਰਦੇਸ਼) ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਅਧਿਕਾਰ ਦਿੱਤਾ ਜਾਵੇ ਕਿ ਉਹ ਖੇਤੀ ਅਤੇ ਉਦਯੋਗ ਆਦਿ ਆਰਥਿਕ ਸਰਗਰਮੀਆਂ ਬਾਰੇ ਫੈਸਲਾ ਲੈ ਸਕਣ। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਸੀ. ਆਰ. ਨੇ ਹੈਲੀਕਾਪਟਰ ਲਈ ਰੁਪਿਆਂ ਦੀ ਮੰਗ ਕੀਤੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 10 ਲੱਖ ਕਰੋੜ ਰੁਪਏ ਦੇ ਿਵੱਤੀ ਰਾਹਤ ਪੈਕੇਜ ਦੀ ਮੰਗ ਰੱਖੀ। ਸੂਤਰਾਂ ਦਾ ਕਹਿਣਾ ਹੈ ਕਿ ਮੋਦੀ 14 ਅਪ੍ਰੈਲ ਨੂੰ ਮੌਜੂਦਾ ਲਾਕਡਾਊਨ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਰਾਸ਼ਟਰ ਨੂੰ ਸੰਬੋਧਨ ਕਰਨਗੇ ਅਤੇ ਉਸ ਸਮੇਂ ਉਹ ਲਾਕਡਾਊਨ ਨੂੰ ਵਧਾਉਣ ਦੇ ਨਾਲ-ਨਾਲ ਕੁਝ ਰਿਆਇਤਾਂ ਦਾ ਐਲਾਨ ਕਰ ਸਕਦੇ ਹਨ। ਮੋਦੀ ਨੇ ਮੁੱਖ ਮੰਤਰੀਆਂ ਨੂੰ ਯਾਦ ਦਿਵਾਇਆ ਕਿ ਜਦੋਂ ਮਾਰਚ ’ਚ ਉਨ੍ਹਾਂ ਨੇ ਲਾਕਡਾਊਨ ਦਾ ਐਲਾਨ ਕੀਤਾ ਸੀ ਤਾਂ ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ‘ਜਾਨ ਹੈ ਤੋ ਜਹਾਨ ਹੈ’। ਹੁਣ ਜ਼ੋਰ ਇਸ ਗੱਲ ’ਤੇ ਹੋਵੇਗਾ ਕਿ ‘ਜਾਨ ਵੀ ਜਹਾਨ ਵੀ’। ਸੂਤਰਾਂ ਦਾ ਕਹਿਣਾ ਹੈ ਕਿ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਕੁਝ ਰਿਆਇਤਾਂ ਦੇ ਸਕਦੇ ਹਨ, ਖਾਸ ਤੌਰ ’ਤੇ ਅਰਥਵਿਵਸਥਾ ਦੇ ਮਹੱਤਵਪੂਰਨ ਖੇਤਰਾਂ ਲਈ। ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਵਧੇਰੇ ਮੁੱਖ ਮੰਤਰੀ ਲਾਕਡਾਊਨ ਨੂੰ 2 ਹਫਤਿਆਂ ਤੱਕ ਵਧਾਏ ਜਾਣ ਦੇ ਪੱਖ ’ਚ ਸਨ। ਓਡਿਸ਼ਾ, ਪੰਜਾਬ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਪਹਿਲਾਂ ਹੀ ਲਾਕਡਾਊਨ ਨੂੰ ਅਪ੍ਰੈਲ ਦੇ ਅੰਤ ਤੱਕ ਵਧਾ ਚੁੱਕੇ ਹਨ। ਬਿਆਨ ’ਚ ਮੋਦੀ ਨੂੰ ਇਹ ਕਹਿੰਦੇ ਹੋਏ ਦਰਸਾਇਆ ਗਿਆ ਹੈ ਕਿ ਹਾਲਾਂਕਿ ਕੇਂਦਰ ਅਤੇ ਸੂਬਿਆਂ ਦੇ ਸਾਂਝੇ ਯਤਨਾਂ ਨਾਲ ਕੋਵਿਡ-19 ਦੇ ਅਸਰ ’ਚ ਕਮੀ ਆਈ ਹੈ ਪਰ ਅਜੇ ਲਗਾਤਾਰ ਸੁਚੇਤ ਰਹਿਣ ਦੀ ਲੋੜ ਹੈ। ਇਹ ਵੀ ਿਕਹਾ ਗਿਆ ਹੈ ਕਿ ਮੌਜੂਦਾ ਸਮੇਂ ਚੁੱਕੇ ਗਏ ਕਦਮਾਂ ਦਾ ਅਸਰ ਜਾਣਨ ਲਈ ਆਉਣ ਵਾਲੇ 3-4 ਹਫਤੇ ਮਹੱਤਵਪੂਰਨ ਹੋਣਗੇ। ਮੋਦੀ ਨੇ ਮੁੱਖ ਮੰਤਰੀਆਂ ਨੂੰ ਬੇਨਤੀ ਕੀਤੀ ਕਿ ਉਹ ਕੇਂਦਰ ਵੱਲੋਂ ਤਿਆਰ ਕੀਤੀ ਗਈ ਆਰੋਗਿਆ ਸੇਤੂ ਐਪ ਬਾਰੇ ਲੋਕਾਂ ਨੂੰ ਜਾਗਰੂਕ ਕਰਨ। ਇਹ ਐਪ ਵਿਅਕਤੀ ਦੇ ਫੋਨ ਦੀ ਲੋਕੇਸ਼ਨ ਦੀ ਵਰਤੋਂ ਕਰਦੇ ਹੋਏ ਉਸ ਦੇ ਇਨਫੈਕਟਿਡ ਹੋਣ ਦੀ ਸੰਭਾਵਨਾ ਬਾਰੇ ਦੱਸਦੀ ਹੈ। ਪ੍ਰਧਾਨ ਮੰਤਰੀ ਨੇ ਅਰਥਵਿਵਸਥਾ ਬਾਰੇ ਭੈਅ ਨੂੰ ਖਤਮ ਕਰਦੇ ਹੋਏ ਮੁੱਖ ਮੰਤਰੀਆਂ ਨੂੰ ਕਿਹਾ ਕਿ ਇਹ ਸਮਾਂ ਆਤਮ ਨਿਰਭਰਤਾ ਦੀ ਦਿਸ਼ਾ ’ਚ ਅੱਗੇ ਵਧਣ ਲਈ ਇਕ ਚੰਗਾ ਮੌਕਾ ਹੈ।

ਵਿਧਾਨ ਪ੍ਰੀਸ਼ਦ ’ਚ ਐਂਟਰੀ ਲਈ ਬੇਤਾਬ ਹੋ ਰਹੇ ਊਧਵ ਠਾਕਰੇ

ਮਹਾਰਾਸ਼ਟਰ ’ਚ ਕੋਵਿਡ-19 ਦੇ ਸਭ ਤੋਂ ਵੱਧ ਮਾਮਲੇ ਹੋਣ ਕਾਰਣ ਇਥੋਂ ਦੀ ਸਰਕਾਰ ’ਤੇ ਕਾਫੀ ਦਬਾਅ ਹੈ ਪਰ ਕੋਰੋਨਾ ਵਾਇਰਸ ਤੋਂ ਇਲਾਵਾ ਇਥੋਂ ਦੀ ਸਰਕਾਰ ਇਕ ਹੋਰ ਚਿੰਤਾ ਦਾ ਸਾਹਮਣਾ ਕਰ ਰਹੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਵਿਧਾਨ ਸਭਾ ਦੇ ਮੈਂਬਰ ਨਹੀਂ ਹਨ ਅਤੇ ਜੇਕਰ ਉਹ 27 ਮਈ ਤੱਕ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ ਦੇ ਮੈਂਬਰ ਨਾ ਬਣੇ ਤਾਂ ਉਨ੍ਹਾਂ ਦੀ ਕੁਰਸੀ ਖਤਰੇ ’ਚ ਪੈ ਸਕਦੀ ਹੈ। ਊਧਵ ਠਾਕਰੇ ਨੇ ਬੀਤੀ 28 ਨਵੰਬਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਚੋਣ ਕਮਿਸ਼ਨ ਨੇ ਕੋਰੋਨਾ ਵਾਇਰਸ ਕਾਰਣ ਰਾਜ ਸਭਾ ਅਤੇ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਸੀ। ਊਧਵ ਠਾਕਰੇ ਨੇ ਸੂਬਾ ਵਿਧਾਨ ਪ੍ਰੀਸ਼ਦ (ਐੱਮ. ਐੱਲ. ਸੀ.) ਰਾਹੀਂ ਸਦਨ ’ਚ ਜਾਣ ਦੀ ਯੋਜਨਾ ਬਣਾਈ ਸੀ ਪਰ ਕੋਰੋਨਾ ਕਾਰਣ ਚੋਣਾਂ ਮੁਲਤਵੀ ਹੋ ਗਈਆਂ ਹਨ ਅਤੇ ਹੁਣ ਉਹ ਵਿਧਾਨ ਪ੍ਰੀਸ਼ਦ ਰਾਹੀਂ ਸਦਨ ’ਚ ਪਹੁੰਚਣਾ ਚਾਹੁੰਦੇ ਹਨ, ਜਿਸ ਦੇ ਲਈ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਉਨ੍ਹਾਂ ਨੂੰ ਨਾਮਜ਼ਦ ਕਰਨਾ ਹੋਵੇਗਾ ਤਾਂ ਕਿ ਕੋਈ ਸੰਵਿਧਾਨਿਕ ਸੰਕਟ ਪੈਦਾ ਨਾ ਹੋਵੇ। ਇਸ ਦੇ ਲਈ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪ੍ਰਧਾਨਗੀ ’ਚ ਹੋਈ। ਕੈਬਨਿਟ ਦੀ ਬੈਠਕ ’ਚ ਵਿਧਾਨ ਪ੍ਰੀਸ਼ਦ ਦੀਆਂ ਦੋ ਖਾਲੀ ਸੀਟਾਂ ’ਚੋਂ ਇਕ ਲਈ ਊਧਵ ਠਾਕਰੇ ਦੇ ਨਾਂ ਦੀ ਸਿਫਾਰਿਸ਼ ਕੀਤੀ ਗਈ ਹੈ ਪਰ ਹੁਣ ਇਹ ਰਾਜਪਾਲ ਭਗਤ ਸਿੰਘ ਕੋਸ਼ਿਆਰੀ ’ਤੇ ਨਿਰਭਰ ਕਰਦਾ ਹੈ ਕਿ ਉਹ ਕਦੋਂ ਊਧਵ ਠਾਕਰੇ ਨੂੰ ਨਾਮਜ਼ਦ ਕਰਦੇ ਹਨ। ਸੰਵਿਧਾਨ ਅਨੁਸਾਰ ਰਾਜਪਾਲ ਲਈ ਕੈਬਨਿਟ ਦੀ ਸਲਾਹ ਨੂੰ ਮੰਨਣਾ ਜ਼ਰੂਰੀ ਹੈ।

ਮੱਧ ਪ੍ਰਦੇਸ਼ ’ਚ ਇਕੱਲੇ ਲੜ ਰਹੇ ਸ਼ਿਵਰਾਜ ਸਿੰਘ ਚੌਹਾਨ

ਕੋਰੋਨਾ ਵਾਇਰਸ ਕਾਰਣ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਿਰਹਾ ਹੈ ਪਰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਲਈ ਕੁਝ ਰਾਹਤ ਹੈ ਕਿਉਂਿਕ ਉਨ੍ਹਾਂ ਨੇ 23 ਮਾਰਚ ਨੂੰ ਚੌਥੀ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਅਤੇ ਪ੍ਰਧਾਨ ਮੰਤਰੀ ਨੇ 22 ਮਾਰਚ ਨੂੰ ਹੀ ਜਨਤਾ ਕਰਫਿਊ ਦਾ ਐਲਾਨ ਕਰ ਦਿੱਤਾ ਸੀ, ਜਿਸ ਲਈ ਉਨ੍ਹਾਂ ਨੂੰ ਇਕੱਲੇ ਹੀ ਸਹੁੰ ਚੁੱਕਣੀ ਪਈ। ਚੌਹਾਨ ਨੂੰ ਜਯੋਤਿਰਾਦਿੱਤਿਆ ਸਿੰਧੀਆ ਦੇ ਨਾਲ ਆਏ ਵਿਧਾਇਕਾਂ ਅਤੇ ਭਾਜਪਾ ਦੇ ਆਪਣੇ ਵਿਧਾਇਕਾਂ ਨੂੰ ਵੀ ਐਡਜਸਟ ਕਰਨਾ ਪੈਣਾ ਹੈ। ਇਹ ਵਾਅਦਾ ਕੀਤਾ ਗਿਆ ਸੀ ਕਿ ਸਿੰਧੀਆ ਧੜੇ ਦੇ ਇਕ ਵਿਧਾਇਕ ਨੂੰ ਉੱਪ ਮੁੱਖ ਮੰਤਰੀ ਬਣਾਇਆ ਜਾਵੇਗਾ। ਭਾਜਪਾ ਵਿਧਾਇਕ ਨਰੋਤਮ ਮਿਸ਼ਰਾ ਦੇ ਉੱਪ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਇਸ ਲਈ ਚੌਹਾਨ ਨੂੰ ਭਾਜਪਾ ਹਾਈਕਮਾਨ ਦੀ ਇਜਾਜ਼ਤ ਲੈਣੀ ਪਵੇਗੀ। ਇਸ ਦੇ ਨਤੀਜੇ ਵਜੋਂ ਮੁੱਖ ਮੰਤਰੀ ਹੁਣ ਤਕ ਆਪਣੀ ਕੈਬਨਿਟ ਦਾ ਵਿਸਤਾਰ ਨਹੀਂ ਕਰ ਸਕੇ। ਇਸ ਸਮੇਂ ਮੁੱਖ ਮੰਤਰੀ ਸੂਬੇ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਖੁਦ ਹੀ ਸੰਘਰਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਬਾਅਦ ’ਚ ਆਪਣੇ ਸਾਰੇ ਫੈਸਲਿਆਂ ਲਈ ਕੈਬਨਿਟ ਦੀ ਮਨਜ਼ੂਰੀ ਲੈਣੀ ਹੋਵੇਗੀ ਕਿਉਂਕਿ ਅਜੇ ਤੱਕ ਕੈਬਨਿਟ ਦਾ ਗਠਨ ਨਾ ਹੋਣ ਕਾਰਣ ਉਨ੍ਹਾਂ ਨੂੰ ਖੁਦ ਹੀ ਸਾਰੇ ਫੈਸਲੇ ਲੈਣੇ ਪੈ ਰਹੇ ਹਨ।

Bharat Thapa

This news is Content Editor Bharat Thapa