ਪੱਥਰਗੜ੍ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖੂਨੀ ਖਤਰਾ

01/29/2020 1:52:45 AM

ਵਿਸ਼ਨੂੰ ਗੁਪਤ

ਦੁਨੀਆ ’ਚ ਭਾਰਤ ਇਕ ਇਕੱਲਾ ਦੇਸ਼ ਹੈ, ਜਿਥੇ ਕਦੇ ਆਪਣੇ ਹੀ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਰਾਜਨੀਤੀ ਹੁੰਦੀ ਹੈ, ਕਦੇ ਖੇਤਰ ਦੇ ਨਾਂ ’ਤੇ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ, ਕਦੇ ਭਾਸ਼ਾ ਦੇ ਆਧਾਰ ’ਤੇ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ, ਕਦੇ ਮਜ਼ਹਬ ਦੇ ਨਾਂ ’ਤੇ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ, ਕਦੇ ਵਿਦੇਸ਼ੀ ਸਾਜ਼ਿਸ਼ ਨੂੰ ਸੰਤੁਸ਼ਟ ਕਰਨ ਲਈ ਦੇਸ਼ ਤੋੜਨ ਦੀ ਰਾਜਨੀਤੀ ਹੁੰਦੀ ਹੈ, ਕਦੇ ਵਿਦੇਸ਼ੀ ਸੰਸਕ੍ਰਿਤੀ ਅਤੇ ਵਿਦੇਸ਼ੀ ਵਿਚਾਰਾਂ ਨੂੰ ਸਥਾਪਿਤ ਕਰਨ ਲਈ ਦੇਸ਼ ਤੋੜਨ ਦੀ ਗੱਲ ਅਤੇ ਰਾਜਨੀਤੀ ਹੁੰਦੀ ਹੈ। ਇਹ ਸਾਰੀਆਂ ਗੱਲਾਂ ਅਤੇ ਰਾਜਨੀਤੀ ਕੋਈ ਲੁਕੇ-ਛੁਪੇ ਢੰਗ ਨਾਲ ਨਹੀਂ ਹੁੰਦੀ, ਸਗੋਂ ਇਹ ਗੱਲਾਂ ਅਤੇ ਰਾਜਨੀਤੀ ਸ਼ਰੇਆਮ ਹੁੰਦੀ ਹੈ, ਇਸ ਤੋਂ ਇਲਾਵਾ ਅਜਿਹੇ ਤੋੜਨ ਵਾਲੇ ਵਿਚਾਰਾਂ ਅਤੇ ਰਾਜਨੀਤੀ ਨੂੰ ਸਥਾਪਿਤ ਕਰਨ ਲਈ ਬਵਾਲ ਵੀ ਹੁੰਦਾ ਹੈ, ਹਿੰਸਾ ਵੀ ਹੁੰਦੀ ਹੈ, ਬਵਾਲ ਅਤੇ ਹਿੰਸਾ ਦੇ ਪੱਖ ਵਿਚ ਤੱਥ ਅਤੇ ਤਰਕ ਵੀ ਘੜ ਦਿੱਤੇ ਜਾਂਦੇ ਹਨ।

ਦੇਸ਼ ਨੂੰ ਤੋੜਨ ਵਾਲੀਆਂ ਅਨੇਕਾਂ ਸ਼ਕਤੀਆਂ ਸਥਾਪਿਤ ਹਨ

ਜਦੋਂ ਅਜਿਹੇ ਤੱਤਾਂ ’ਤੇ, ਅਜਿਹੇ ਬਵਾਲ ’ਤੇ, ਅਜਿਹੀ ਹਿੰਸਾ ’ਤੇ, ਅਜਿਹੀ ਕਰਤੂਤ ਅਤੇ ਅਜਿਹੀ ਰਾਜਨੀਤੀ ’ਤੇ ਸੱਤਾ ਦੀ ਵੀਰਤਾ ਉੱਠਦੀ ਹੈ, ਉਦੋਂ ਪ੍ਰਗਟਾਵੇ ਦੀ ਕਥਿਤ ਆਜ਼ਾਦੀ ਦੀ ਆਵਾਜ਼ ਉੱਠਣ ਲੱਗਦੀ ਹੈ, ਅਸਹਿਣਸ਼ੀਲਤਾ ਦਾ ਰੌਲਾ ਪੈਣ ਲੱਗਦਾ ਹੈ, ਮੰਨੇ-ਪ੍ਰਮੰਨੇ ਵਕੀਲਾਂ ਦੀ ਟੀਮ ਖੜ੍ਹੀ ਹੋ ਕੇ ਨਿਆਂ ਪਾਲਿਕਾ ਤਕ ਦੌੜ ਲਾ ਦਿੰਦੀ ਹੈ, ਫਿਰ ਭੈੜੇ ਨਤੀਜੇ ਸਾਹਮਣੇ ਆਉਂਦੇ ਹਨ, ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦਾ ਵਿਕਾਸ ਅਤੇ ਪ੍ਰਸਾਰ ਖਤਰਨਾਕ ਤੌਰ ’ਤੇ ਸਾਹਮਣੇ ਖੜ੍ਹਾ ਹੋ ਜਾਂਦਾ ਹੈ। ਸਰਕਾਰ ਵਲੋਂ ਉੱਠੀ ਹੋਈ ਵੀਰਤਾ ਵੀ ਸਥਿਰ ਹੋ ਜਾਂਦੀ ਹੈ। ਇਸ ਤਰ੍ਹਾਂ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਨੂੰ ਉਤਸ਼ਾਹ ਮਿਲਦਾ ਰਹਿੰਦਾ ਹੈ, ਉਨ੍ਹਾਂ ਦੀਆਂ ਸਾਜ਼ਿਸ਼ਾਂ ਦੀ ਲੜੀ ਵੀ ਵਧਦੀ ਜਾਂਦੀ ਹੈ, ਸਾਡੀਆਂ ਸੁਰੱਖਿਆ ਏਜੰਸੀਆਂ ਦੀਆਂ ਚੁਣੌਤੀਆਂ ਵੀ ਖਤਰਨਾਕ ਢੰਗ ਨਾਲ ਵਧਦੀਆਂ ਹੀ ਜਾਂਦੀਆਂ ਹਨ। ਕੀ ਇਹ ਸਹੀ ਨਹੀਂ ਹੈ ਕਿ ਦੇਸ਼ ਦੇ ਅੰਦਰ ਵੀ ਕੋਈ ਇਕ ਨਹੀਂ, ਸਗੋਂ ਅਨੇਕ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਦਾ ਵਿਸਤਾਰ ਅਤੇ ਹੋਂਦ ਸਥਾਪਿਤ ਹੈ? ਕੀ ਇਹ ਸਹੀ ਨਹੀਂ ਹੈ ਕਿ ਦਰਾਮਦੀ ਸੰਸਕ੍ਰਿਤੀ ਦੇ ਨਾਂ ’ਤੇ ਦੇਸ਼ ਦੀ ਇਕ ਵੰਡ ਹੋਈ ਹੈ?

ਪੱਥਰਗੜ੍ਹੀ ’ਚ ਘਰ ਛੱਡਣ ਲਈ ਮਜਬੂਰ ਹਨ ਪਿੰਡ ਵਾਸੀ

ਪੱਥਰਗੜ੍ਹੀ ਦੇ ਨਾਂ ’ਤੇ ਇਕ ਹੋਰ ਦੇਸ਼ ਤੋੜਨ ਵਾਲੀ ਰਾਜਨੀਤੀ, ਸਾਜ਼ਿਸ਼ ਖਤਰਨਾਕ ਤੌਰ ’ਤੇ ਵਿਸਤਾਰ ਹਾਸਿਲ ਕਰ ਰਹੀ ਹੈ, ਜਿਸ ਦੇ ਪਿੱਛੇ ਨਾ ਸਿਰਫ ਵੋਟਾਂ ਦੀ ਰਾਜਨੀਤੀ ਹੈ, ਸਗੋਂ ਵਿਦੇਸ਼ੀ ਸਾਜ਼ਿਸ਼ ਹੈ। ਕੁਝ ਦਰਾਮਦੀ ਸੰਸਕ੍ਰਿਤੀਆਂ ਦੇ ਖਤਰਨਾਕ ਅਤੇ ਖੂਨੀ ਪੰਜੇ ਹਨ। ਹੁਣੇ-ਹੁਣੇ ਝਾਰਖੰਡ ਅੰਦਰ ਪੱਥਰਗੜ੍ਹੀ ਦੀ ਹਿੰਸਾ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਸੰਦੇਸ਼ ਵੀ ਦਿੱਤਾ ਗਿਆ ਕਿ ਇਹ ਤਾਂ ਅਜੇ ਝਾਕੀ ਹੈ, ਅਜਿਹੀ ਹਿੰਸਾ ਦੀ ਹਨੇਰੀ ਆਉਣ ਵਾਲੀ ਹੈ, ਇਹ ਹਿੰਸਾ ਸਿਰਫ ਝਾਰਖੰਡ ਦੇ ਅੰਦਰ ਹੀ ਨਹੀਂ, ਸਗੋਂ ਇਸ ਹਿੰਸਾ ਦਾ ਵਿਸਤਾਰ ਛੱਤੀਸਗੜ੍ਹ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਗੁਜਰਾਤ ਆਦਿ ਸੂਬਿਆਂ ’ਚ ਹੋਵੇਗਾ। ਝਾਰਖੰਡ ਦੇ ਪੱਛਮੀ ਸਿੰਹਭੂਮ ਜ਼ਿਲੇ ’ਚ ਪੱਥਰਗੜ੍ਹੀ ਸਮਰਥਕਾਂ ਨੇ ਇਕੱਠੇ 9 ਦਿਹਾਤੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦੀਆਂ ਘਿਨਾਉਣੀਆਂ ਹੱਤਿਆਵਾਂ ਕਰ ਦਿੱਤੀਆਂ। ਜਿਸ ਜ਼ਾਲਿਮਾਨਾ ਢੰਗ ਨਾਲ ਹੱਤਿਆਵਾਂ ਹੋਈਆਂ ਹਨ, ਉਸ ਤੋਂ ਲੱਗਦਾ ਹੈ ਕਿ ਇਨ੍ਹਾਂ ਨੂੰ ਹੱਤਿਆਵਾਂ ਅਤੇ ਬਵਾਲ ਕਰਨ ਦੀ ਟ੍ਰੇਨਿੰਗ ਹਾਸਿਲ ਸੀ। ਅਗਵਾ ਕੀਤੇ ਗਏ ਦਿਹਾਤੀਆਂ ਦੇ ਪਹਿਲਾਂ ਅੰਗ ਭੰਗ ਕੀਤੇ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜ ਦਿੱਤਾ ਗਿਆ। ਮਾਰੇ ਗਏ ਦਿਹਾਤੀ ਪੱਥਰਗੜ੍ਹੀ ਦੇ ਵਿਰੋਧੀ ਸਨ ਅਤੇ ਉਨ੍ਹਾਂ ਵਲੋਂ ਪੱਥਰਗੜ੍ਹੀ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਝਾਰਖੰਡ ਦੇ ਆਦਿਵਾਸੀ ਇਲਾਕੇ ਦੀ ਸਥਿਤੀ ਇੰਨੀ ਖਤਰਨਾਕ ਅਤੇ ਹਿੰਸਕ ਹੋ ਗਈ ਹੈ ਕਿ ਪੱਥਰਗੜ੍ਹੀ ਪ੍ਰੋਗਰਾਮ ਵਿਚ ਸ਼ਾਮਿਲ ਨਾ ਹੋਣ ਵਾਲੇ ਦਿਹਾਤੀਆਂ ਨੂੰ ਪੱਥਰਗੜ੍ਹੀ ਵਿਰੋਧੀ ਮੰਨ ਲਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਹੱਤਿਆ ਦੇ ਫਰਮਾਨ ਜਾਰੀ ਕਰ ਦਿੱਤੇ ਜਾਂਦੇ ਹਨ। ਝਾਰਖੰਡ ਦੇ ਆਦਿਵਾਸੀ ਇਲਾਕੇ ਤੋਂ ਵੱਡੀ ਪੱਧਰ ’ਤੇ ਹਿਜਰਤ ਹੋ ਰਹੀ ਹੈ ਕਿਉਂਕਿ ਪੱਥਰਗੜ੍ਹੀ ਇਲਾਕੇ ਵਿਚ ਪੁਲਸ ਅਤੇ ਨੀਮ ਫੌਜੀ ਬਲ ਦੇ ਜਵਾਨ ਵੀ ਜਾਣ ਤੋਂ ਡਰਦੇ ਹਨ, ਉਪਰੋਂ ਨਕਸਲਵਾਦ ਦਾ ਖੌਫ਼ ਹੁੰਦਾ ਹੈ। ਕਹਿਣ ਦਾ ਅਰਥ ਇਹ ਹੈ ਕਿ ਪੱਥਰਗੜ੍ਹੀ ਪ੍ਰਭਾਵਿਤ ਖੇਤਰਾਂ ਵਿਚ ਦਿਹਾਤੀ ਆਪਣੇ ਬਲ ’ਤੇ ਸੁਰੱਖਿਆ ਕਰਨ ਜਾਂ ਫਿਰ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹਨ।

ਪੱਥਰਗੜ੍ਹੀ ਕੀ ਹੈ, ਪੱਥਰਗੜ੍ਹੀ ਦੀਆਂ ਸਾਜ਼ਿਸ਼ਾਂ ਕੀ ਹਨ? ਪੱਥਰਗੜ੍ਹੀ ਦੇ ਪਿੱਛੇ ਕਿਹੜੀ ਦਰਾਮਦੀ ਸੰਸਕ੍ਰਿਤੀ ਦੀ ਖੂਨੀ ਭੂਮਿਕਾ ਹੈ, ਪੱਥਰਗੜ੍ਹੀ ਦਾ ਕੇਂਦਰਬਿੰਦੂ ਕਿੱਥੇ ਹੈ, ਪੱਥਰਗੜ੍ਹੀ ਦੇ ਕੇਂਦਰਬਿੰਦੂ ਤੋਂ ਝਾਰਖੰਡ ਤਕ ਇਹ ਪੱਥਰਗੜ੍ਹੀ ਕਿਵੇਂ ਪਹੁੰਚੀ ਅਤੇ ਇਸ ਪੱਥਰਗੜ੍ਹੀ ਨੂੰ ਪਹੁੰਚਾਇਆ ਕਿਸ ਨੇ ਅਤੇ ਕੀ ਇਹ ਪੱਥਰਗੜ੍ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਇਕ ਭਿਆਨਕ ਤੇ ਖੂਨੀ ਖਤਰਾ ਹੈ? ਪੱਥਰਗੜ੍ਹੀ ਦਾ ਕੇਂਦਰਬਿੰਦੂ ਝਾਰਖੰਡ ਨਹੀਂ, ਸਗੋਂ ਗੁਜਰਾਤ ਹੈ, ਗੁਜਰਾਤ ਤੋਂ ਇਸ ਸਾਜ਼ਿਸ਼ ਨੂੰ ਝਾਰਖੰਡ ਵਿਚ ਲਿਆਂਦਾ ਗਿਆ ਹੈ ਅਤੇ ਹੁਣ ਇਸ ਦਾ ਵਿਸਤਾਰ ਸਿਰਫ ਝਾਰਖੰਡ ਤਕ ਹੀ ਸੀਮਤ ਰਹੇਗਾ, ਅਜਿਹਾ ਨਹੀਂ ਹੈ। ਇਸ ਦਾ ਵਿਸਤਾਰ ਹੁਣ ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਓਡਿਸ਼ਾ ਵਰਗੇ ਸੂਬਿਆਂ ’ਚ ਕਰਨ ਦੀ ਯੋਜਨਾ ਹੈ। ਗੁਜਰਾਤ ਜਿਥੇ ਪੱਥਰਗੜ੍ਹੀ ਦਾ ਕੇਂਦਰਬਿੰਦੂ ਹੈ, ਉਥੇ ਇਹ ਸਾਜ਼ਿਸ਼ ਬਹੁਤ ਜ਼ਿਆਦਾ ਕਾਮਯਾਬ ਨਹੀਂ ਹੋਈ ਤਾਂ ਫਿਰ ਇਸ ਪ੍ਰਯੋਗ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਕਰਨ ਦੀਆਂ ਵਿਦੇਸ਼ੀ ਸਾਜ਼ਿਸ਼ਾਂ ਤੇਜ਼ ਹੋਈਆਂ ਸਨ। ਇਹ ਵੀ ਸਹੀ ਹੈ ਕਿ ਗੁਜਰਾਤ ਵਿਚ ਪੱਥਰਗੜ੍ਹੀ ਰਾਹੀਂ ਧਰਮ ਤਬਦੀਲ ਕਰਵਾਉਣ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ’ਤੇ ਸੇਕ ਲਾਉਣ ਵਰਗੇ ਕੰਮਾਂ ਵਿਚ ਇਨ੍ਹਾਂ ਨੂੰ ਕਾਮਯਾਬੀ ਵੀ ਮਿਲੀ ਹੈ।

ਅਪਰਾਧ ਦਾ ਫੈਸਲਾ ਖ਼ੁਦ ਕਰਦੇ ਹਨ ਪੱਥਰਗੜ੍ਹ ਵਾਸੀ

ਆਦਿਵਾਸੀ ਖੇਤਰਾਂ ਵਿਚ ਪਿੰਡ ਦੇ ਬਾਹਰ ਇਕ ਵੱਡਾ ਪੱਥਰ ਜ਼ਮੀਨ ਵਿਚ ਸਥਾਪਿਤ ਕਰ ਦਿੱਤਾ ਜਾਂਦਾ ਹੈ, ਇਸ ਨੂੰ ਹੀ ਪੱਥਰਗੜ੍ਹੀ ਕਹਿੰਦੇ ਹਨ। ਇਸ ਦਾ ਅਰਥ ਇਹ ਹੋਇਆ ਕਿ ਜਿੱਥੇ ਪੱਥਰ ਸਥਾਪਿਤ ਕੀਤਾ ਗਿਆ ਹੈ, ਉਸ ਦੇ ਅੰਦਰ ਸਰਕਾਰ ਦਾ ਕੋਈ ਕਰਮਚਾਰੀ, ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆ ਸਕਦਾ, ਸਰਕਾਰੀ ਕਰਮਚਾਰੀ ਅਤੇ ਅਹੁਦੇਦਾਰ ਨੂੰ ਪਿੰਡ ਦੇ ਅੰਦਰ ਆਉਣ ਲਈ ਆਦਿਵਾਸੀਆਂ ਦੇ ਪ੍ਰਧਾਨ ਤੋਂ ਇਜਾਜ਼ਤ ਲੈਣੀ ਪਵੇਗੀ, ਇਜਾਜ਼ਤ ਨਾ ਲੈਣ ’ਤੇ ਹਿੰਸਾ ਦਾ ਭਾਈਵਾਲ ਬਣਨਾ ਪਵੇਗਾ। ਦਰਅਸਲ, ਆਦਿਵਾਸੀਆਂ ਨੂੰ ਸੰਵਿਧਾਨ ਦੀ 5ਵੀਂ ਧਾਰਾ ਨੂੰ ਲੈ ਕੇ ਵਰਗਲਾਇਆ ਗਿਆ ਹੈ। ਉਨ੍ਹਾਂ ਦੇ ਦਿਮਾਗ ਵਿਚ ਹਿੰਸਾ ਭਰੀ ਗਈ ਹੈ। ਇਹ ਕਿਹਾ ਗਿਆ ਹੈ ਕਿ ਸੰਵਿਧਾਨ ਦੀ 5ਵੀਂ ਧਾਰਾ ਉਨ੍ਹਾਂ ਨੂੰ ਆਪਣਾ ਸ਼ਾਸਨ ਚਲਾਉਣ ਦੀ ਇਜਾਜ਼ਤ ਦਿੰਦੀ ਹੈ। ਪੱਥਰਗੜ੍ਹੀ ਦੇ ਸਾਜ਼ਿਸ਼ਕਰਤਾ ਇਹ ਵੀ ਕਹਿੰਦੇ ਹਨ ਕਿ ਅਸੀਂ ਸਰਕਾਰ ਨੂੰ ਕੋਈ ਟੈਕਸ ਨਹੀਂ ਦੇਵਾਂਗੇ, ਅਸੀਂ ਸਰਕਾਰ ਵਲੋਂ ਨਿਰਧਾਰਿਤ ਕੋਈ ਪਛਾਣ-ਪੱਤਰ ਨਹੀਂ ਰੱਖਾਂਗੇ, ਜ਼ਮੀਨ ਦੇ ਕਾਗਜ਼ਾਤ ਵੀ ਨਹੀਂ ਰੱਖਾਂਗੇ, ਸੂਬਾਈ ਸਰਕਾਰ ਹੀ ਨਹੀਂ, ਸਗੋਂ ਕੇਂਦਰ ਸਰਕਾਰ ਵੀ ਸਾਡੇ ਤੋਂ ਕੋਈ ਟੈਕਸ ਨਹੀਂ ਵਸੂਲ ਸਕਦੀ, ਨਿਆਂ ਪਾਲਿਕਾ ਵੀ ਸਾਡੇ ਸਬੰਧ ਵਿਚ ਕੋਈ ਫੈਸਲਾ ਨਹੀਂ ਦੇ ਸਕਦੀ, ਅਸੀਂ ਅਪਰਾਧ ਦਾ ਫੈਸਲਾ ਖ਼ੁਦ ਕਰਾਂਗੇ, ਅਸੀਂ ਖ਼ੁਦ ਜੇਲ ਬਣਾਵਾਂਗੇ, ਅਸੀਂ ਖ਼ੁਦ ਆਪਣਾ ਜੱਜ ਚੁਣਾਂਗੇ। ਇਹ ਸਭ ਸਿਰਫ ਫਰਮਾਨ ਤਕ ਹੀ ਸੀਮਤ ਨਹੀਂ ਹੈ, ਸਗੋਂ ਇਸ ਫਰਮਾਨ ਨੂੰ ਅੰਜਾਮ ਤਕ ਪਹੁੰਚਾਉਣ ਲਈ ਹੱਤਿਆਵਾਂ ਦਾ ਦੌਰ ਵੀ ਚੱਲ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਆਦਿਵਾਸੀਆਂ ਕੋਲ ਪਹਿਲਾਂ ਰਵਾਇਤੀ ਹਥਿਆਰ ਸਨ, ਉਹ ਸਿਰਫ ਤੀਰ-ਕਮਾਨ ਦੀ ਵਰਤੋਂ ਕਰਦੇ ਸਨ ਪਰ ਹੁਣ ਉਨ੍ਹਾਂ ਕੋਲ ਆਧੁਨਿਕ ਹਥਿਆਰ ਵੀ ਆ ਗਏ ਹਨ। ਇਹ ਆਧੁਨਿਕ ਹਥਿਆਰ ਉਨ੍ਹਾਂ ਨੂੰ ਕੌਣ ਮੁਹੱਈਆ ਕਰਵਾ ਰਿਹਾ ਹੈ, ਇਸ ’ਤੇ ਵੀ ਅਜੇ ਤਕ ਕੋਈ ਖੁਲਾਸਾ ਨਹੀਂ ਹੋਇਆ ਹੈ।

ਪੱਥਰਗੜ੍ਹੀ ਵਿਰੋਧੀ ਗੁਜਰਾਤ ਦੇ ਆਦਿਵਾਸੀ ਨੇਤਾ ਵਿਜੇ ਗਮੀਤ ਕਹਿੰਦੇ ਹਨ ਕਿ ਇਹ ਆਦਿਵਾਸੀ ਅਧਿਕਾਰਾਂ ਦੀ ਲੜਾਈ ਨਹੀਂ ਹੈ, ਇਹ ਸਿਰਫ ਤੇ ਸਿਰਫ ਵਿਦੇਸ਼ੀ ਦੇਸ਼ ਨੂੰ ਤੋੜਨ ਵਾਲੀਆਂ ਸਾਜ਼ਿਸ਼ਾਂ ਹਨ ਅਤੇ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਵਿਦੇਸ਼ਾਂ ਤੋਂ ਧਨ ਆਉਂਦਾ ਹੈ। ਗੋਰੇ ਲੋਕ ਵਿਦੇਸ਼ ਤੋਂ ਆਦਿਵਾਸੀ ਇਲਾਕੇ ਵਿਚ ਆ ਕੇ ਦੇਸ਼ ਵਿਰੁੱਧ ਭੜਕਾਉਂਦੇ ਹਨ। ਪਹਿਲਾਂ ਦੇਸ਼ ਤੋੜਨ ਵਾਲੀਆਂ ਵਿਦੇਸ਼ੀ ਸ਼ਕਤੀਆਂ ਕਹਿੰਦੀਆਂ ਹਨ ਕਿ ਤੁਹਾਡਾ ਹਿੰਦੂ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਤੁਹਾਡਾ ਕੋਈ ਵੀ ਭਗਵਾਨ ਨਹੀਂ ਹੈ, ਫਿਰ ਇਹ ਦੇਸ਼ ਤੋੜਨ ਵਾਲੀਆਂ ਵਿਦੇਸ਼ੀ ਸੰਸਕ੍ਰਿਤੀਆਂ ਆਪਣੇ ਧਰਮ ਦੀ ਮਹੱਤਤਾ ਨੂੰ ਸਥਾਪਿਤ ਕਰਦੀਆਂ ਹਨ। ਵਿਜੇ ਗਮੀਤ ਅੱਗੇ ਕਹਿੰਦੇ ਹਨ ਕਿ ਅਜਿਹੀ ਹੀ ਇਕ ਸਾਜ਼ਿਸ਼ ਗੁਜਰਾਤ ਵਿਚ ਹੋਈ ਸੀ, ਜਿਥੇ ਸੂਬੇ ਅਤੇ ਦੇਸ਼ ਦੇ ਅਧਿਕਾਰ ਨੂੰ ਨਾ ਮੰਨਣ ਦਾ ਫਰਮਾਨ ਜਾਰੀ ਹੋਇਆ ਸੀ ਪਰ ਇਹ ਫਰਮਾਨ ਕੁਝ ਹੀ ਦਿਨਾਂ ’ਚ ਦਮ ਤੋੜ ਚੁੱਕਾ ਸੀ। ਭਾਵੇਂ ਗੁਜਰਾਤ ਵਿਚ ਇਹ ਪ੍ਰਯੋਗ ਸਫਲ ਹੋ ਗਿਆ ਸੀ, ਫਿਰ ਵੀ ਦੇਸ਼ ਤੋੜਨ ਵਾਲੀਆਂ ਵਿਦੇਸ਼ੀ ਸ਼ਕਤੀਆਂ ਇਸ ਸਾਜ਼ਿਸ਼ ਨੂੰ ਗੁਜਰਾਤ ’ਚੋਂ ਬਾਹਰ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਝਾਰਖੰਡ ਸੂਬੇ ਵਿਚ ਲਿਜਾਣ ਅਤੇ ਪੱਥਰਗੜ੍ਹੀ ਨੂੰ ਢਾਲ ਬਣਾ ਕੇ ਧਰਮ ਤਬਦੀਲ ਕਰਵਾਉਣ ਅਤੇ ਹਿੰਸਾ ਦਾ ਬਾਜ਼ਾਰ ਲਾਉਣ ’ਚ ਜ਼ਰੂਰ ਕਾਮਯਾਬ ਹੋਈਆਂ ਹਨ। ਗੁਜਰਾਤ ਵਿਚ ਵੀ ਆਦਿਵਾਸੀਆਂ ਵਿਚਾਲੇ ਅਜਿਹੇ ਹੀ ਹੱਥਕੰਡਿਆਂ ਨਾਲ ਵੱਡੀ ਪੱਧਰ ’ਤੇ ਧਰਮ ਤਬਦੀਲੀਆਂ ਕਰਵਾਈਆਂ ਗਈਆਂ ਹਨ।

ਬੀਤੇ ’ਚ ਰਘੁਵਰ ਦਾਸ ਸਰਕਾਰ ਨੇ ਉਦਾਸੀਨਤਾ ਵਰਤੀ ਸੀ

ਝਾਰਖੰਡ ਵਿਚ ਪੱਥਰਗੜ੍ਹੀ ਦੇ ਨਾਂ ’ਤੇ ਡਰ-ਭੈਅ ਦਾ ਵਾਤਾਵਰਣ ਬਣਾਉਣ, ਗੈਰ-ਆਦਿਵਾਸੀਆਂ ਨੂੰ ਦੌੜਾਉਣ, ਪੁਲਸ ਅਤੇ ਨੀਮ ਫੌਜੀ ਬਲਾਂ ’ਤੇ ਹਮਲਾ ਕਰਵਾਉਣ ਦੀ ਖੇਡ ਬਹੁਤ ਪਹਿਲਾਂ ਤੋਂ ਸਰਗਰਮ ਹੈ, ਜਾਰੀ ਹੈ। ਝਾਰਖੰਡ ਦੇ ਅੰਦਰ ਵੀ ਪੱਥਰਗੜ੍ਹੀ ਰਾਜਨੀਤੀ ਘੱਟ ਨਹੀਂ ਹੈ। ਪਿਛਲੀ ਰਘੁਵਰ ਦਾਸ ਸਰਕਾਰ ਨੇ ਇਸ ’ਤੇ ਸ਼ੁਰੂ ’ਚ ਉਦਾਸੀਨਤਾ ਵਰਤੀ ਸੀ। ਜਦੋਂ ਪੱਥਰਗੜ੍ਹੀ ਕਾਨੂੰਨ ਅਤੇ ਸੰਵਿਧਾਨ ਦਾ ਮੂੰਹ ਚਿੜ੍ਹਾਉਣ ਲੱਗੀ ਤਾਂ ਰਘੁਵਰ ਸਰਕਾਰ ਨੇ ਕਾਰਵਾਈ ਕੀਤੀ ਸੀ ਪਰ ਸਰਕਾਰ ਦੇ ਕਦਮ ਬਹੁਤ ਲੇਟ ਉੱਠੇ ਸਨ। ਉਸ ਤੋਂ ਪਹਿਲਾਂ ਹੀ ਪੱਥਰਗੜ੍ਹੀ ਦੀਆਂ ਸਾਜ਼ਿਸ਼ਾਂ ਪੂਰੇ ਸੂਬੇ ਵਿਚ ਬਵਾਲ ਪੈਦਾ ਕਰ ਚੁੱਕੀਆਂ ਸਨ, ਆਪਣੇ ਖੂਨੀ ਪੰਜੇ ਪਸਾਰ ਚੁੱਕੀਆਂ ਸਨ, ਵਿਦੇਸ਼ੀ ਸ਼ਕਤੀਆਂ ਦੀਆਂ ਦੇਸ਼ ਤੋੜਨ ਵਾਲੀਆਂ ਸਾਜ਼ਿਸ਼ਾਂ ਕਾਮਯਾਬ ਹੋ ਚੁੱਕੀਆਂ ਸਨ। ਸੂਬੇ ਦੀ ਸੱਤਾ ਬਦਲ ਗਈ। ਹੰਕਾਰ ਅਤੇ ਵਿਅਕਤੀਵਾਦ ਦੀ ਰਘੁਵਰ ਦਾਸ ਦੀ ਸਰਕਾਰ ਦਾ ਪਤਨ ਹੋਇਆ, ਨਵੀਂ ਹੇਮੰਤ ਸੋਰੇਨ ਦੀ ਸਰਕਾਰ ਆਈ। ਹੇਮੰਤ ਸੋਰੇਨ ਨੂੰ ਜਿਤਾਉਣ ਵਿਚ ਦੇਸ਼ ਤੋੜਨ ਵਾਲੀਆਂ ਵਿਦੇਸ਼ੀ ਸ਼ਕਤੀਆਂ ਨੇ ਵੱਡੀ ਭੂਮਿਕਾ ਨਿਭਾਈ ਸੀ। ਇਕ ਵਿਦੇਸ਼ੀ ਸੰਸਕ੍ਰਿਤੀ ਦੇ ਪੋਸ਼ਕ ਨੇ ਇਹ ਕਹਿ ਕੇ ਤਹਿਲਕਾ ਮਚਾ ਦਿੱਤਾ ਸੀ ਕਿ ਅਸੀਂ ਰਘੁਵਰ ਦਾਸ ਦੀ ਭਾਜਪਾ ਸਰਕਾਰ ਨੂੰ ਹਰਾਉਣ ਅਤੇ ਹੇਮੰਤ ਸੋਰੇਨ ਸਰਕਾਰ ਨੂੰ ਜਿਤਾਉਣ ਅਤੇ ਸਥਾਪਿਤ ਕਰਨ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਸੀ। ਹੇਮੰਤ ਸੋਰੇਨ ਨੇ ਸਰਕਾਰ ਦੀ ਵਾਗਡੋਰ ਸੰਭਾਲਣ ਤੋਂ ਤੁਰੰਤ ਬਾਅਦ ਹੀ ਪੱਥਰਗੜ੍ਹੀ ਦੇ ਹਿੰਸਕ ਗੁਨਾਹਗਾਰਾਂ ’ਤੇ ਮੁਕੱਦਮੇ ਵਾਪਿਸ ਲੈਣ ਦਾ ਐਲਾਨ ਕੀਤਾ ਸੀ। ਇਸ ਦਾ ਭੈੜਾ ਨਤੀਜਾ ਕੋਈ ਇਕ ਨਹੀਂ, ਸਗੋਂ 9-9 ਨਿਰਦੋਸ਼ ਵਿਅਕਤੀਆਂ ਦੀ ਹੱਤਿਆ ਹੈ।

ਸਾਡੇ ਦੇਸ਼ ’ਚ ਕਮਜ਼ੋਰੀ ਇਹ ਹੈੈ ਕਿ ਅਸੀਂ ਸਮੇਂ ਸਿਰਫ ਜਾਗਦੇ ਨਹੀਂ ਹਾਂ ਅਤੇ ਨਾ ਹੀ ਅਸੀਂ ਸਮੇਂ ਸਿਰ ਆਪਣੀ ਵੀਰਤਾ ਦਿਖਾਉਂਦੇ ਹਾਂ, ਸਾਡੀ ਰਾਜਨੀਤੀ ਉਦੋਂ ਜਾਗਦੀ ਹੈ, ਸਾਡੀ ਸੱਤਾ ਉਦੋਂ ਜਾਗਦੀ ਹੈ, ਜਦੋਂ ਦੇਸ਼ ਨੂੰ ਤੋੜਨ ਵਾਲੀਆਂ ਸ਼ਕਤੀਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਪ੍ਰਭਾਵਿਤ ਕਰਨ ਲਈ ਖਤਰਨਾਕ ਹੋ ਜਾਂਦੀਆਂ ਹਨ, ਸ਼ਕਤੀ ਹਾਸਿਲ ਕਰ ਲੈਂਦੀਆਂ ਹਨ। ਅਜਿਹਾ ਕਸ਼ਮੀਰ ਵਿਚ ਹੋਇਆ, ਅਜਿਹਾ ਆਸਾਮ ਵਿਚ ਹੋਇਆ, ਨਾਗਾਲੈਂਡ, ਮਣੀਪੁਰ ਆਦਿ ’ਚ ਹੋਇਆ। ਹੁਣ ਅਜਿਹੀ ਖਤਰਨਾਕ ਦੇਸ਼ ਤੋੜਨ ਵਾਲੀ ਸਮੱਸਿਆ ਝਾਰਖੰਡ ਵਿਚ ਹੀ ਪੈਦਾ ਨਹੀਂ ਹੋਈ ਹੈ, ਸਗੋਂ ਹੁਣ ਇਹ ਸਮੱਸਿਆ ਆਪਣੇ ਕਲਾਵੇ ਵਿਚ ਛੱਤੀਸਗੜ੍ਹ, ਮੱਧ ਪ੍ਰਦੇਸ਼, ਓਡਿਸ਼ਾ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ਨੂੰ ਵੀ ਲਵੇਗੀ। ਇਸ ਲਈ ਪੱਥਰਗੜ੍ਹੀ ਦੇ ਨਾਂ ’ਤੇ ਦੇਸ਼ ਤੋੜਨ ਵਾਲੀਆਂ ਵਿਦੇਸ਼ੀ ਸ਼ਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਸੰਵਿਧਾਨ ਅਤੇ ਕਾਨੂੰਨ ਦਾ ਪਾਠ ਪੜ੍ਹਾਇਆ ਜਾਣਾ ਚਾਹੀਦਾ ਹੈ।

(guptvishnu@gmail.com)

Bharat Thapa

This news is Content Editor Bharat Thapa