ਚੀਨ ਤੋਂ ਸਾਲਾਨਾ 24 ਹਜ਼ਾਰ ਲੋਕ ਨਾਜਾਇਜ਼ ਢੰਗ ਨਾਲ ਅਮਰੀਕਾ ਪਹੁੰਚ ਰਹੇ

12/06/2023 5:35:48 PM

ਹਾਲ ਹੀ ’ਚ ਅਮਰੀਕੀ ਸਰਕਾਰ ਦੇ ਅੰਕੜਿਆਂ ਨੇ ਖੁਲਾਸਾ ਕੀਤਾ ਹੈ ਕਿ ਆਮ ਤੌਰ ’ਤੇ ਸਾਲਾਨਾ 24,000 ਚੀਨੀ ਨਾਜਾਇਜ਼ ਢੰਗ ਨਾਲ ਅਮਰੀਕਾ ਪਹੁੰਚ ਰਹੇ ਹਨ। ਅਮਰੀਕਾ ਨੇ ਇਹ ਤਾਜ਼ਾ ਅੰਕੜੇ ਵਿੱਤੀ ਸਾਲ 2023 ’ਚ ਜਾਰੀ ਕੀਤੇ ਹਨ। ਜੇ ਪਿਛਲੇ ਇਕ ਦਹਾਕੇ ’ਤੇ ਨਜ਼ਰ ਮਾਰੀਏ ਤਾਂ 15,000 ਤੋਂ ਕੁਝ ਵੱਧ ਨਾਜਾਇਜ਼ ਚੀਨੀਆਂ ਦੀਆਂ ਗ੍ਰਿਫਤਾਰੀਆਂ ਦੱਖਣੀ ਖੇਤਰ ’ਚ ਅਮਰੀਕਾ ’ਚ ਦਾਖਲ ਹੋਣ ਦੌਰਾਨ ਹੁੰਦੀਆਂ ਸਨ ਪਰ ਜਦੋਂ ਤੋਂ ਸ਼ੀ ਜਿਨਪਿੰਗ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਨਾਜਾਇਜ਼ ਤੌਰ ’ਤੇ ਅਮਰੀਕਾ ਜਾਣ ਵਾਲੇ ਚੀਨੀਆਂ ਦੀ ਗਿਣਤੀ ’ਚ ਜ਼ਬਰਦਸਤ ਵਾਧਾ ਹੋਇਆ ਹੈ। ਅਮਰੀਕਾ ਨੇ ਚੀਨ ਦੀ ਕਮਿਊਨਿਸਟ ਸਰਕਾਰ ਦੇ ਨਾਲ ਇਨ੍ਹਾਂ ਨਾਜਾਇਜ਼ ਚੀਨੀ ਨਾਗਰਿਕਾਂ ਦੇ ਵੇਰਵੇ ਸਾਂਝੇ ਕੀਤੇ ਹਨ, ਤਾਂ ਕਿ ਚੀਨ ਇਨ੍ਹਾਂ ਲੋਕਾਂ ਨੂੰ ਵਾਪਸ ਸੱਦ ਲਵੇ ਪਰ ਹੈਰਾਨੀਜਨਕ ਢੰਗ ਨਾਲ ਚੀਨ ਨੇ ਆਪਣੇ ਨਾਜਾਇਜ਼ ਚੀਨੀ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕੀ ਕਾਨੂੰਨ ਅਨੁਸਾਰ, ਜਦੋਂ ਕੋਈ ਦੇਸ਼ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਤਦ ਉਨ੍ਹਾਂ ਲੋਕਾਂ ਨੂੰ ਅਮਰੀਕਾ ’ਚ ਹੀ ਪਨਾਹ ਦਿੱਤੀ ਜਾਂਦੀ ਹੈ, ਜਦੋਂ ਤੱਕ ਉਹ ਦੇਸ਼ ਉਨ੍ਹਾਂ ਨੂੰ ਵਾਪਸ ਆਪਣੇ ਘਰ ਨਹੀਂ ਸੱਦ ਲੈਂਦਾ।

ਸਵਾਲ ਇਹ ਉਠਦਾ ਹੈ ਕਿ ਹਾਲ ਦੇ ਸਾਲਾਂ ’ਚ ਵੱਡੀ ਗਿਣਤੀ ’ਚ ਚੀਨੀ ਅਮਰੀਕਾ ਦਾ ਰੁਖ ਕਿਉਂ ਕਰ ਰਹੇ ਹਨ? ਉਂਝ ਅਮਰੀਕਾ ’ਚ ਸਭ ਤੋਂ ਵੱਧ ਨਾਜਾਇਜ਼ ਪ੍ਰਵਾਸੀ ਨਾਗਰਿਕ ਮੈਕਸੀਕੋ ਤੋਂ ਜਾਂਦੇ ਹਨ, ਇਸ ਪਿੱਛੋਂ ਨੰਬਰ ਆਉਂਦਾ ਹੈ 6 ਕੇਂਦਰੀ ਅਮਰੀਕੀ ਦੇਸ਼ਾਂ ਦਾ ਜਿਨ੍ਹਾਂ ’ਚ ਹੋਂਡੂਰਸ, ਨਿਕਾਰਾਗੁਆ, ਪਨਾਮਾ, ਗਵਾਟੇਮਾਲਾ, ਕੋਸਟਾਰਿਕਾ, ਅਲ ਸਾਲਵਾਡੋਰ ਅਤੇ ਬਲੀਜ਼ ਦਾ। ਇਸ ਪਿੱਛੋਂ ਲਾਤੀਨੀ ਅਮਰੀਕੀ ਅਤੇ ਕਿਊਬਾ ਦੇ ਨਾਗਰਿਕਾਂ ਦਾ ਨੰਬਰ ਆਉਂਦਾ ਹੈ ਪਰ ਚੀਨ ਅਮਰੀਕਾ ਤੋਂ ਬਹੁਤ ਦੂਰ ਹੈ ਅਤੇ ਚੀਨੀ ਲੋਕ ਅਮਰੀਕਾ ਜਾਣ ਦੇ ਲਈ ਮੈਕਸੀਕੋ ਵਾਲਾ ਰਾਹ ਚੁਣਦੇ ਹਨ। ਇਹ ਲੋਕ ਪਹਿਲਾਂ ਲਾਤੀਨੀ ਅਮਰੀਕੀ ਦੇਸ਼ ਇਕਵਾਡੋਰ ਪਹੁੰਚਦੇ ਹਨ ਕਿਉਂਕਿ ਚੀਨੀਆਂ ਨੂੰ ਇੱਥੇ ਬਿਨਾਂ ਵੀਜ਼ੇ ਦੇ ਐਂਟ੍ਰੀ ਮਿਲ ਜਾਂਦੀ ਹੈ। ਇਸ ਪਿੱਛੋਂ ਸ਼ੁਰੂ ਹੁੰਦਾ ਹੈ ਇਨ੍ਹਾਂ ਦਾ ਬਿਖੜਾ ਸਫਰ, ਜਿਸ ’ਚ ਇਹ ਕਈ ਨਦੀ, ਨਾਲੇ, ਪਹਾੜ ਅਤੇ ਜੰਗਲ ਪਾਰ ਕਰਦੇ ਹਨ। ਕਈ ਥਾਵਾਂ ’ਤੇ ਇਹ ਰਾਹ ਇਨ੍ਹਾਂ ਨੇ ਪੈਦਲ ਹੀ ਪਾਰ ਕਰਨਾ ਹੁੰਦਾ ਹੈ ਜਿਸ ਪਿੱਛੋਂ ਇਹ ਮੈਕਸੀਕੋ ਦੇ ਦੱਖਣੀ ਖੇਤਰ ’ਚ ਪਹੁੰਚਦੇ ਹਨ ਅਤੇ ਉੱਥੋਂ ਅਮਰੀਕਾ ਦੇ ਟੈਕਸਾਸ, ਨਿਊ ਮੈਕਸੀਕੋ, ਐਰੀਜ਼ੋਨਾ ਅਤੇ ਕੈਲੀਫੋਰਨੀਆ ਸੂਬਿਆਂ ’ਚ ਪਹੁੰਚਦੇ ਹਨ। ਇਸ ਰਸਤਿਓਂ ਪਿਛਲੇ ਕੁਝ ਸਾਲਾਂ ’ਚ ਇੰਨੇ ਵੱਧ ਚੀਨੀ ਲੋਕ ਜਾਣ ਲੱਗੇ ਹਨ ਕਿ ਸਥਾਨਕ ਲੋਕਾਂ ਨੇ ਇਸ ਪੂਰੇ ਰਸਤੇ ਦਾ ਨਾਂ ਚਾਈਨੀਜ਼ ਰੂਟ ਰੱਖ ਦਿੱਤਾ ਹੈ।

ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਅਨੁਸਾਰ, ਦਰਜਨ ਭਰ ਦੇਸ਼ ਅਜਿਹੇ ਹਨ ਜੋ ਆਪਣੇ ਨਾਜਾਇਜ਼ ਨਾਗਰਿਕਾਂ ਨੂੰ ਵਾਪਸ ਨਹੀਂ ਲੈਂਦੇ, ਇਨ੍ਹਾਂ ’ਚ ਚੀਨ ਦਾ ਨਾਂ ਸਭ ਤੋਂ ਉਪਰ ਆਉਂਦਾ ਹੈ। ਅਜਿਹਾ ਲੱਗਦਾ ਹੈ ਕਿ ਚੀਨ ਜਾਣ-ਬੁੱਝ ਕੇ ਆਪਣੀ ਜਨਤਾ ਨੂੰ ਵਾਪਸ ਨਹੀਂ ਲੈਂਦਾ। ਅਮਰੀਕੀ ਕਾਨੂੰਨ ਅਨੁਸਾਰ ਇਨ੍ਹਾਂ ਨਾਜਾਇਜ਼ ਪ੍ਰਵਾਸੀਆਂ ਨੂੰ ਅਮਰੀਕਾ ਜਬਰੀ ਉਨ੍ਹਾਂ ਦੇਸ਼ਾਂ ’ਚ ਵਾਪਸ ਨਹੀਂ ਭੇਜ ਸਕਦਾ। ਅਜਿਹੇ ’ਚ ਇਨ੍ਹਾਂ ਨਾਜਾਇਜ਼ ਚੀਨੀ ਨਾਗਰਿਕਾਂ ਨੂੰ ਅਮਰੀਕਾ ਆਪਣੀਆਂ ਹੱਦਾਂ ਅੰਦਰ ਰੱਖਣ ਨੂੰ ਮਜਬੂਰ ਹੈ। ਇਸ ਸਾਲ ਦੇ ਪਹਿਲੇ 9 ਮਹੀਨਿਆਂ ’ਚ ਪਨਾਮਾ ਪ੍ਰਵਾਸ ਅਥਾਰਟੀ ਨੇ 15,567 ਚੀਨੀ ਨਾਜਾਇਜ਼ ਪ੍ਰਵਾਸੀਆਂ ਨੂੰ ਸਰਹੱਦ ਪਾਰ ਕਰਦੇ ਸਮੇਂ ਫੜਿਆ। ਉੱਥੇ ਸਾਲ 2022 ’ਚ ਕੁਲ 2005 ਚੀਨੀ ਨਾਜਾਇਜ਼ ਪ੍ਰਵਾਸੀਆਂ ਨੂੰ ਜੰਗਲ ਦੇ ਰਸਤੇ ਅਮਰੀਕਾ ਜਾਂਦੇ ਹੋਏ ਪਨਾਮਾ ’ਚ ਫੜਿਆ ਗਿਆ ਸੀ। ਸਾਲ 2010 ਤੋਂ 2021 ਦਰਮਿਆਨ ਸਿਰਫ 376 ਚੀਨੀਆਂ ਨੂੰ ਫੜਿਆ ਗਿਆ ਸੀ।

ਪਨਾਮਾ ਇਮੀਗ੍ਰੇਸ਼ਨ ਅਥਾਰਟੀ ਦੀ ਰਿਪੋਰਟ ਅਨੁਸਾਰ, ਚੀਨ ਚੌਥਾ ਵੱਡਾ ਦੇਸ਼ ਹੈ, ਜਿੱਥੋਂ ਦੇ ਲੋਕ ਪਨਾਮਾ ਦੇ ਰਸਤੇ ਨਾਜਾਇਜ਼ ਤੌਰ ’ਤੇ ਅਮਰੀਕਾ ਪਹੁੰਚਦੇ ਹਨ। ਚੀਨ ਤੋਂ ਪਹਿਲਾਂ ਇਸ ਸੂਚੀ ’ਚ ਪਨਾਮਾ, ਵੇਨੇਜੂਏਲਾ, ਇਕਵਾਡੋਰ ਅਤੇ ਹੈਤੀ ਦੇ ਲੋਕ ਆਉਂਦੇ ਹਨ। ਇਸ ਤੋਂ ਪਹਿਲਾਂ ਅਮਰੀਕੀ ਡਿਪਲੋਮੈਟਾਂ ਨੇ ਕਈ ਵਾਰ ਚੀਨੀ ਅਧਿਕਾਰੀਆਂ ਤੋਂ ਆਪਣੇ ਨਾਜਾਇਜ਼ ਨਾਗਰਿਕਾਂ ਨੂੰ ਵਾਪਸ ਚੀਨ ਸੱਦਣ ਲਈ ਬੈਠਕਾਂ ਕੀਤੀਆਂ ਪਰ ਇਹ ਬੈਠਕਾਂ ਬੇਨਤੀਜਾ ਸਾਬਤ ਹੋਈਆਂ ਕਿਉਂਕਿ ਚੀਨੀ ਅਧਿਕਾਰੀ ਇਸ ਗੱਲ ’ਤੇ ਅੜੇ ਰਹੇ ਕਿ ਉਹ ਆਪਣੇ ਨਾਗਰਿਕਾਂ ਨੂੰ ਵਾਪਸ ਚੀਨ ਨਹੀਂ ਸੱਦਣਗੇ।

ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ਚਾਹੁੰਦਾ ਹੈ ਕਿ ਅਮਰੀਕਾ ’ਚ ਉਸ ਦੇ ਨਾਗਰਿਕਾਂ ਦੀ ਗਿਣਤੀ ਜਾਇਜ਼ ਅਤੇ ਨਾਜਾਇਜ਼ ਢੰਗ ਨਾਲ ਵਧੇ ਕਿਉਂਕਿ ਇਸ ਨਾਲ ਚੀਨ ਦਾ ਅਮਰੀਕਾ ਨਾਲ ਸੰਪਰਕ ਵੀ ਨਹੀਂ ਟੁੱਟੇਗਾ ਭਾਵੇਂ ਅਮਰੀਕਾ ਚੀਨ ’ਤੇ ਕਿੰਨੀਆਂ ਵੀ ਪਾਬੰਦੀਆਂ ਕਿਉਂ ਨਾ ਲਾ ਦੇਵੇ। ਚੀਨ ਇਸ ਸੰਪਰਕ ਦੇ ਰਸਤੇ ਅਮਰੀਕਾ ਦੇ ਨਾਲ ਆਪਣੇ ਵਪਾਰਕ ਰਿਸ਼ਤੇ ਬਣਾ ਕੇ ਰੱਖਣਾ ਚਾਹੁੰਦਾ ਹੈ। ਅਮਰੀਕਾ ਦੀ ਸਾਬਕਾ ਉਪ ਵਿਦੇਸ਼ ਮੰਤਰੀ ਮਿਸ਼ੇਲ ਥੋਰਨ ਬਾਂਡ ਨੇ ਦੱਸਿਆ ਕਿ ਚੀਨ ਸਰਕਾਰ ਸਪਾਟ ਅਤੇ ਸਿੱਧੇ ਸ਼ਬਦਾਂ ’ਚ ਇਨ੍ਹਾਂ ਨਾਜਾਇਜ਼ ਪ੍ਰਵਾਸੀਆਂ ਨੂੰ ਚੀਨ ਦਾ ਨਾਗਰਿਕ ਮੰਨਣ ਤੋਂ ਨਾਂਹ ਕਰ ਦਿੰਦੀ ਹੈ। ਬਾਂਡ ਨੇ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਜਿਸ ਦੇਸ਼ ’ਚ ਹਰੇਕ ਨਾਗਰਿਕ ਦੇ ਅੰਕੜੇ ਅਤੇ ਤਸਵੀਰਾਂ ਸਰਕਾਰ ਕੋਲ ਸੁਰੱਖਿਅਤ ਰੱਖੀਆਂ ਹਨ ਉਹ ਆਪਣੇ ਹੀ ਨਾਗਰਿਕਾਂ ਨੂੰ ਪਛਾਣਨ ਤੋਂ ਨਾਂਹ ਕਰ ਰਿਹਾ ਹੈ।

Rakesh

This news is Content Editor Rakesh