ਚੁਣੌਤੀਆਂ ਅਤੇ ਖਦਸ਼ਿਆਂ ਨਾਲ ਭਰਪੂਰ ਹੋਵੇਗਾ 2022

12/28/2021 3:47:44 AM

ਕਲਿਆਣੀ ਸ਼ੰਕਰ
ਸਾਲ 2022 ਸੰਬੰਧੀ ਕ੍ਰਿਸਟਲ ਬਾਲ ਕੀ ਕਹਿੰਦਾ ਹੈ? ਜਦੋਂ ਅਸੀਂ ਨਵੇਂ ਸਾਲ ’ਚ ਦਾਖਲ ਹੋ ਰਹੇ ਹਾਂ, ਇਹੀ ਸਮਾਂ ਹੈ ਕਿ ਅਸੀਂ ਅੱਗੇ ਦੇਖੀਏ ਅਤੇ ਭਵਿੱਖ ’ਤੇ ਨਜ਼ਰ ਮਾਰੀਏ। ਯਕੀਨੀ ਤੌਰ ’ਤੇ ਬਹੁਤ ਕੁਝ ਹੋ ਸਕਦਾ ਹੈ, ਜੋ ਅਸੀਂ ਸੋਚਿਆ ਵੀ ਨਹੀਂ ਅਤੇ ਜੋ ਅਗਿਆਤ ਹੈ। ਸਾਲ ਦੀਆਂ ਕਈ ਧੁਰੀਆਂ ਹੋਣਗੀਆਂ-ਆਰਥਿਕ, ਚੌਗਿਰਦਾ, ਸਿਆਸੀ, ਸਮਾਜਿਕ ਅਤੇ ਨਿੱਜੀ। ਸੰਖੇਪ ’ਚ 2022 ਸਿਆਸੀ ਪੱਖੋਂ ਚੁਣੌਤੀ ਭਰਿਆ ਹੋਵੇਗਾ ਅਤੇ ਕੋਵਿਡ ਸੰਬੰਧੀ ਕੁਝ ਵੀ ਨਹੀਂ ਕਿਹਾ ਜਾ ਸਕਦਾ।

ਭਾਰਤ ਨਵੇਂ ਸਾਲ ’ਚ ਕਾਫੀ ਉਤਸੁਕਤਾ ਅਤੇ ਮਾਣ ਨਾਲ ਦਾਖਲ ਹੋਵੇਗਾ। ਦੇਸ਼ ਆਪਣੀ ਆਜ਼ਾਦੀ ਦਾ 75ਵਾਂ ਸਾਲ ਮਨਾਏਗਾ ਜੋ ਭਾਰਤੀ ਇਤਿਹਾਸ ’ਚ ਇਕ ਇਤਿਹਾਸਕ ਘਟਨਾ ਹੈ। ਦੇਸ਼ ਕਈ ਤਰ੍ਹਾਂ ਦੀ ਉਥਲ-ਪੁਥਲ ਦੇ ਦੌਰ ’ਚੋਂ ਲੰਘਿਆ ਹੈ। ਸਭ ਤੋਂ ਵੱਧ ਅਹਿਮ ਪ੍ਰਾਪਤੀ ਲੋਕਰਾਜ ਦਾ ਬਣਿਆ ਰਹਿਣਾ ਅਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ 17 ਵਾਰ ਸੱਤਾ ਦੀ ਤਬਦੀਲੀ ਹੈ। ਜਦੋਂ ਭਾਰਤ ਨੇ ਆਜ਼ਾਦੀ ਹਾਸਲ ਕੀਤੀ, ਕਈ ਪੱਛਮੀ ਦੇਸ਼ਾਂ ਨੇ ਭਵਿੱਖਬਾਣੀ ਕੀਤੀ ਕਿ ਇਸ ਦੇ ਟੁਕੜੇ ਹੋ ਜਾਣਗੇ ਪਰ ਇਤਿਹਾਸ ਨੇ ਉਨ੍ਹਾਂ ਦੀ ਧਾਰਨਾ ਨੂੰ ਗਲਤ ਸਾਬਿਤ ਕਰ ਦਿੱਤਾ।

ਕ੍ਰਿਸਟਲ ਬਾਲ ’ਤੇ ਇਕ ਨਜ਼ਰ ਮਾਰਨ ਨਾਲ ਖੁਲਾਸਾ ਹੁੰਦਾ ਹੈ ਕਿ ਚੜ੍ਹਦੇ ਸਾਲ ਹੋਣ ਵਾਲੀਆਂ ਚੋਣਾਂ ਇਕ ਅਹਿਮ ਵਿਸ਼ਾ ਹੋਣਗੀਆਂ। ਇਹ ਚੋਣਾਂ ਰਾਸ਼ਟਰਪਤੀ, ਉੱਪ-ਰਾਸ਼ਟਰਪਤੀ, ਰਾਜ ਸਭਾ ਲਈ ਅਤੇ 7 ਸੂਬਿਆਂ ਦੀਆਂ ਵਿਧਾਨ ਸਭਾਵਾਂ ਲਈ ਹੋਣਗੀਆਂ। ਇਨ੍ਹਾਂ ’ਚ ਉੱਤਰ ਪ੍ਰਦੇਸ਼ ਅਤੇ ਕੁਝ ਹੋਰ ਉਪ ਚੋਣਾਂ ਸ਼ਾਮਲ ਹਨ।

ਸੰਭਾਵਨਾ ਹੈ ਕਿ ਭਾਜਪਾ ਦੇ ਉਮੀਦਵਾਰ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੁਣ ਲਏ ਜਾਣਗੇ। ਸੰਸਦ ਅਤੇ ਸੂਬਾਈ ਵਿਧਾਨ ਸਭਾਵਾਂ ’ਚ ਆਪਣੀ ਤਾਕਤ ਕਾਰਨ ਭਾਜਪਾ ਬਹੁਮਤ ਹਾਸਲ ਕਰ ਸਕਦੀ ਹੈ। ਇਹ ਵਿਰੋਧੀ ਧਿਰ ਲਈ ਇਕ ਪ੍ਰੀਖਿਆ ਹੋਵੇਗੀ ਕਿਉਂਕਿ ਉਸ ਕੋਲ ਆਪਣੇ ਉਮੀਦਵਾਰਾਂ ਨੂੰ ਚੋਣ ਜਿਤਾਉਣ ਲਈ ਲੋੜੀਂਦੀ ਗਿਣਤੀ ਨਹੀਂ ਹੈ।

ਕੀ ਮੌਜੂਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੂਜਾ ਕਾਰਜਕਾਲ ਹਾਸਲ ਕਰਨਗੇ ਜਾਂ ਭਾਜਪਾ ਇਕ ਨਵੇਂ ਰਾਸ਼ਟਰਪਤੀ ਬਾਰੇ ਵਿਚਾਰ ਕਰੇਗੀ, ਇਸ ਬਾਰੇ ਪਤਾ ਨਹੀਂ ਹੈ। ਇਸ ਦੇ ਨਾਲ ਹੀ ਕੀ ਉਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੂੰ ਤਰੱਕੀ ਦਿੱਤੀ ਜਾਵੇਗੀ, ਇਹ ਵੀ ਸਪੱਸ਼ਟ ਨਹੀਂ ਹੈ।

ਸੂਬਾਈ ਵਿਧਾਨ ਸਭਾਵਾਂ ਦੀਆਂ ਆਉਣ ਵਾਲੀਆਂ ਚੋਣਾਂ ਕੌਮੀ ਪਾਰਟੀਆਂ ਅਤੇ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਕੁਝ ਹੋਰ ਛੋਟੀਆਂ ਪਾਰਟੀਆਂ ਦੀ ਹੋਂਦ ਲਈ ਅਹਿਮ ਹੋਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਦੇ 2024 ਦੀਆਂ ਆਮ ਚੋਣਾਂ ਦੇ ਲਈ ਸੰਕੇਤਕ ਹੋਣ ਦੀ ਵੀ ਸੰਭਾਵਨਾ ਹੈ।

ਜਿਹੜੇ 7 ਸੂਬਿਆਂ ’ਚ ਚੋਣਾਂ ਹੋਣੀਆਂ ਹਨ ਉਨ੍ਹਾਂ ’ਚ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ, ਮਣੀਪੁਰ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਸ਼ਾਮਲ ਹਨ। ਭਾਜਪਾ ਨੂੰ 4 ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ’ਚ ਸੱਤਾ ਦਾ ਸੁੱਖ ਪ੍ਰਾਪਤ ਹੈ ਜਦਕਿ ਕਾਂਗਰਸ ਪੰਜਾਬ ’ਚ ਰਾਜ ਕਰ ਰਹੀ ਹੈ। ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ।

ਇਸ ਦੌਰਾਨ ਵਿਰੋਧੀ ਪਾਰਟੀਆਂ ਸੱਤਾਧਾਰੀ ਭਾਜਪਾ ਵਿਰੁੱਧ ਆਪਣਾ ਖੰਜਰ ਤਿੱਖਾ ਕਰ ਰਹੀਆਂ ਹਨ। ਉਨ੍ਹਾਂ ਕੋਲ ਕਾਫੀ ਚੋਣ ਮੁੱਦੇ ਹਨ। ਇਨ੍ਹਾਂ ’ਚ ਸੱਤਾ ਵਿਰੋਧੀ ਲਹਿਰ, ਕੋਵਿਡ-19 ਨਾਲ ਨਜਿੱਠਣਾ, ਸਿੱਕੇ ਦਾ ਪਸਾਰ, ਅਪਰਾਧ ਦੀ ਦਰ, ਅਮਨ ਕਾਨੂੰਨ ਦੀ ਹਾਲਤ ਤੇ ਕਿਸਾਨਾਂ ਦੇ ਪ੍ਰਦਰਸ਼ਨ ਆਦਿ ਸ਼ਾਮਲ ਹਨ। ਹੋਰ ਅਹਿਮ ਮੁੱਦਾ ਉੱਤਰ ਪ੍ਰਦੇਸ਼ ’ਚ ਜਾਤੀਵਾਦੀ ਸਿਆਸਤ ਦਾ ਹੈ।

ਭਾਜਪਾ ਮੁਸਲਮਾਨਾਂ ਨੂੰ ਲੁਭਾਉਣ ਦਾ ਯਤਨ ਕਰ ਰਹੀ ਹੈ, ਜੋ ਬ੍ਰਾਹਮਣਾਂ ਨੂੰ ਲੈ ਕੇ ਯਕੀਨੀ ਨਹੀਂ ਹੈ ਅਤੇ ਜਾਟਾਂ ਅਤੇ ਹੋਰਨਾਂ ਪਛੜੇ ਵਰਗਾਂ ਨੂੰ ਖਫਾ ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਕਿਸਾਨਾਂ ਦੇ ਲਈ ਗੰਨੇ ਦੀ ਖਰੀਦ ਕੀਮਤਾਂ ’ਚ ਵਾਧੇ ਦਾ ਐਲਾਨ ਕੀਤਾ ਹੈ।

ਕਾਂਗਰਸ ਕੋਲ ਚੋਣ ਸੂਬਿਆਂ ’ਚ ਆਪਣੀ ਕਾਰਗੁਜ਼ਾਰੀ ਦਿਖਾਉਣ ਦਾ ਇਕ ਮੌਕਾ ਹੈ ਪਰ ਸ਼ਰਤ ਇਹ ਹੈ ਕਿ ਉਹ ਆਪਣੀ ਲੀਡਰਸ਼ਿਪ ਦੇ ਸੰਕਟ, ਧੜੇਬੰਦੀਆਂ ’ਚ ਝਗੜੇ ਅਤੇ ਅਨੁਸ਼ਾਸਨਹੀਣਾ ਵਰਗੇ ਮੁੱਦਿਆਂ ਦਾ ਹੱਲ ਕਰ ਲੈਣ। ਰਾਹੁਲ ਗਾਂਧੀ ਸ਼ਾਇਦ ਅਗਲੇ ਸਾਲ ਪਾਰਟੀ ਦੀ ਕਮਾਨ ਸੰਭਾਲ ਲੈਣਗੇ।

ਕੌਮੀ ਪੱਧਰ ’ਤੇ ਭਾਜਪਾ ਜਿੰਨੇ ਵਧੇਰੇ ਸੂਬਿਆਂ ’ਚ ਸੰਭਵ ਹੋ ਸਕਿਆ, ਆਪਣੀ ਤਾਕਤ ਦਾ ਪਸਾਰ ਕਰਨਾ ਚਾਹੇਗੀ। ਸਮੱਸਿਆ ਇਹ ਹੈ ਕਿ ਪਾਰਟੀ ਦੇ ਕੋਲ ਸੂਬਿਆਂ ’ਚ ਮਜ਼ਬੂਤ ਨੇਤਾ ਨਹੀਂ ਹੈ। ਉੱਤਰ ਪ੍ਰਦੇਸ਼ ਨੂੰ ਜਿੱਤਣਾ ਭਗਵਾ ਪਾਰਟੀ ਲਈ ਅਹਿਮ ਹੈ।

ਸਮਾਜਵਾਦੀ ਪਾਰਟੀ, ਬਹੁਜਨ ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ ਆਦਿ ਵੱਖ-ਵੱਖ ਖੇਤਰੀ ਪਾਰਟੀਆਂ ਜੇ ਚੰਗੀ ਕਾਰਗੁਜ਼ਾਰੀ ਨਹੀਂ ਦਿਖਾਉਂਦੀਆਂ ਤਾਂ ਫਿਸਲ ਸਕਦੀਆਂ ਹਨ। ਬਹੁਕੋਣੀ ਸੰਪਦਾ ਸ਼ਾਇਦ ਸਪਾ, ਬਸਪਾ ਅਤੇ ਕਾਂਗਰਸ ਦੇ ਲਈ ਚੰਗੀ ਨਹੀਂ ਹੋਵੇਗੀ ਕਿਉਂਕਿ ਇਸ ਕਾਰਨ ਵੋਟਾਂ ਦੀ ਵੰਡ ਹੋ ਜਾਵੇਗੀ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਫਰਵਰੀ ’ਚ ਨਵਾਂ ਬਜਟ ਪੇਸ਼ ਕਰੇਗੀ ਜੋ ਸਰਕਾਰ ਦੀ ਦਿਸ਼ਾ ਦਾ ਸੰਕੇਤ ਦੇਵੇਗਾ। ਸਿਹਤ ਸੇਵਾ ਅਤੇ ਸਿੱਖਿਆ ਨੂੰ ਵਧੇਰੇ ਹਿੱਸਾ ਮਿਲੇਗਾ। ਸੰਭਾਵਨਾ ਹੈ ਕਿ ਪੇਂਡੂ ਅਰਥਵਿਵਸਥਾ ਨੂੰ ਧਿਆਨ ’ਚ ਰੱਖਿਆ ਜਾਵੇਗਾ। ਕੌਮਾਂਤਰੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਆਸਾਨੀ ਦਾ ਵਾਅਦਾ ਕੀਤਾ ਜਾਵੇਗਾ। ਅਰਥਵਿਵਸਥਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ 2022 ’ਚ ਕੋਵਿਡ ਕਿਸ ਤਰ੍ਹਾਂ ਦਾ ਵਤੀਰਾ ਅਪਣਾਉਂਦਾ ਹੈ।

ਭਾਰਤ ਵਲੋਂ ਵਿਦੇਸ਼ੀ ਮਾਮਲਿਆਂ ’ਚ ਇਕ ਵਰਣਨਯੋਗ ਭੂਮਿਕਾ ਨਿਭਾਉਣ ਦੀ ਉਮੀਦ ਹੈ। ਜੀ-20 ਦੀ ਪ੍ਰਧਾਨਗੀ ਭਾਰਤ ਨੂੰ ਆਪਣੇ ਕੌਮਾਂਤਰੀ ਦ੍ਰਿਸ਼ਟੀਕੋਣ ਦਾ ਪ੍ਰਦਰਸ਼ਨ ਕਰਨ ਦੀ ਸਹੂਲਤ ਦਿੰਦੀ ਹੈ। ਮੋਦੀ ਨੇ ਪਿਛਲੇ 7 ਸਾਲਾਂ ’ਚ ਵਧੇਰੇ ਕੌਮਾਂਤਰੀ ਆਗੂਆਂ ਨਾਲ ਗੂੜ੍ਹੀ ਦੋਸਤੀ ਬਣਾਈ ਹੈ।

ਪਾਕਿਸਤਾਨ ਇਕ ਸਮੱਸਿਆ ਬਣਿਆ ਰਹੇਗਾ। ਚੀਨ ਨਾਲ ਸੰਬੰਧਾਂ ’ਚ ਸ਼ਾਇਦ ਸੁਧਾਰ ਹੋਵੇਗਾ। ਪ੍ਰਧਾਨ ਮੰਤਰੀ ਦੇ ਲਈ ਸ਼੍ਰੀਲੰਕਾ ਇਕ ਮੰਜ਼ਿਲ ਹੋਵੇਗੀ ਜਦੋਂ ਉਹ ਬੇ ਆਫ ਬੰਗਾਲ ਇਨੀਸ਼ਿਏਟਿਵ ਫਾਰ ਮਲਟੀ-ਸੈਕਟੋਰਲ ਟੈਕਨੀਕਲ ਐਂਡ ਇਕਨਾਮਿਕ ਕੋ-ਆਪ੍ਰੇਸ਼ਨ (ਬਿਮਸਟੇਕ) ਦੇ ਪੰਜਵੇਂ ਸੰਮੇਲਨ ’ਚ ਹਿੱਸਾ ਲੈਣ ਲਈ ਉਥੇ ਜਾਣਗੇ। ਭਾਰਤ ਅਫਗਾਨਿਸਤਾਨ ’ਚ ਇਕ ਅਰਥ ਭਰਪੂਰ ਭੂਮਿਕਾ ਨਿਭਾ ਸਕਦਾ ਹੈ।

ਚੜ੍ਹਦੇ ਸਾਲ ਪ੍ਰਧਾਨ ਮੰਤਰੀ ਲਈ ਕਈ ਵਿਦੇਸ਼ੀ ਦੌਰੇ ਤੈਅ ਹਨ। ਉਹ 2022 ’ਚ ਅਫਰੀਕਾ, ਆਸੀਆਨ ਖੇਤਰ ਯੂਰਪ, ਪੱਛਮੀ ਏਸ਼ੀਆ, ਰੂਸ ਅਤੇ ਕੁਝ ਹੋਰ ਦੇਸ਼ਾਂ ’ਚ ਜਾ ਸਕਦੇ ਹਨ। ਪ੍ਰਧਾਨ ਮੰਤਰੀ 6ਵੀਂ ਇੰਡੋ-ਜਰਮਨ ਅੰਤਰ ਸਰਕਾਰੀ ਕੰਸਲਟੇਸ਼ਨਜ਼ (ਆਈ.ਜੀ.ਸੀ.) ਦੇ ਲਈ ਯੂਰਪੀਨ ਦੇਸ਼ਾਂ ’ਚ ਜਾਣਗੇ। ਉਹ ਜਰਮਨ ਦੇ ਨਵੇਂ ਚਾਂਸਲਰ ਓਲਾਫ ਸ਼ੋਲਜ਼ ਨਾਲ ਵੀ ਮਿਲਣਗੇ। ਉਹ ਸਾਲ ਦੇ ਅੰਤ ’ਚ ਕੰਬੋਡੀਆ ਵਿਖੇ ਹੋਣ ਵਾਲੇ ਆਸੀਆਨ ਸਿਖਰ ਸੰਮੇਲਨ ’ਚ ਵੀ ਹਿੱਸਾ ਲੈਣਗੇ। ਉਸ ਪਿਛੋਂ ਉਹ 2022 ਦੇ ਦੂਜੇ ਮਹੀਨੇ ਸ਼ਾਇਦ ਜਾਪਾਨ ’ਚ ਕਵਾਡ ਆਗੂਆਂ ਦੀ ਅਗਾਮੀ ਇਨ-ਪਰਸਨ ਸ਼ਿਖਰ ਬੈਠਕ ’ਚ ਸ਼ਾਮਲ ਹੋਣਗੇ।

ਕੁਲ ਮਿਲਾ ਕੇ 2022 ਦਾ ਸਾਲ ਚੁਣੌਤੀਆਂ ਅਤੇ ਕਈ ਤਰ੍ਹਾਂ ਦੇ ਖਦਸ਼ਿਆਂ ਨਾਲ ਭਰਪੂਰ ਹੈ। ਵੱਖ-ਵੱਖ ਮੁੱਦਿਆਂ ਨਾਲ ਨਜਿੱਠਣ ਲਈ ਚੌਕਸੀ ਅਤੇ ਵਿਵੇਕ ਦੀ ਲੋੜ ਹੈ ਜੋ ਉੱਭਰ ਸਕਦੇ ਹਨ।

Bharat Thapa

This news is Content Editor Bharat Thapa