1947 ਹਿਜਰਤਨਾਮਾ 61: ਠੇਕੇਦਾਰ ਲਾਲ ਸਿੰਘ ਚਾਨੀਂ

07/06/2022 7:23:05 PM

'ਸਾਰੀ ਰਾਤ ਲਾਸ਼ਾਂ ਦੇ ਢੇਰ ’ਚ ਹੀ ਸੁੱਤੇ ਰਹੇ'

"ਰੌਲਿਆਂ ਵੇਲੇ ਮੇਰੀ ਉਮਰ ਕੋਈ ਦਸ ਕੁ ਵਰ੍ਹੇ ਸੀ। ਦੂਜੇ ਸੰਸਾਰ ਯੁੱਧ ਸਮੇਂ ਮੇਰੇ ਪਿਤਾ ਦਰਸ਼ਣ ਸਿੰਘ ਸਪੁੱਤਰ ਸੁਰਜਣ ਸਿੰਘ ਉਨ੍ਹਾਂ ਦੇ ਚਾਚਿਓਂ ਭਰਾ, ਨਰੈਣ ਸਿੰਘ, ਠੇਕੇਦਾਰ ਗੁਰਚਰਨ ਸਿੰਘ ਸਪੁੱਤਰ ਅਰਜਣ ਸਿੰਘ ਵਗੈਰਾ ਵਾਸੀ ਪਿੰਡ ਚਾਨੀਆਂ ਜ਼ਿਲ੍ਹਾ ਜਲੰਧਰ, ਭਾਰਤੀ ਅੰਗਰੇਜ਼ ਸੈਨਾ ਵਲੋਂ ਰੂਸ ਦੇ ਹਮਲੇ ਦੇ ਇਹਤਿਆਤ ਵਜੋਂ ਸੂਬਾ ਸਰਹੱਦ (ਜਿਸ ਨੂੰ ਲਾਰਡ ਕਰਜ਼ਨ ਨੇ 1901 ਵਿੱਚ ਪੰਜਾਬ ਤੋਂ ਵੱਖ ਕੀਤਾ, ਹੁਣ ਖ਼ੈਬਰ ਪਖਤੂਨਖਵਾ) ਦੇ ਅਖ਼ੀਰੀ ਪਿੰਡ ਲੰਡੀ ਕੋਤਲ-ਤੋਰਖ਼ਮ (ਦਰ੍ਹਾ ਖ਼ੈਬਰ, ਹੁਣ ਲੰਡੀ ਕੋਤਲ ਖ਼ੈਬਰ ਜ਼ਿਲ੍ਹਾ ਦੀ ਤਹਿਸੀਲ ਹੈ) ਵਿਖੇ ਬਣਾਏ ਜਾ ਰਹੇ ਰਸਤੇ ਅਤੇ ਬੰਕਰ ਵਗੈਰਾ 'ਚ ਆਪਣੀਆਂ ਸੇਵਾਵਾਂ ਬਤੌਰ ਰਾਜ ਮਿਸਤਰੀ ਦੇਣ ਗਏ। ਵੈਸੇ ਉਹ ਜੰਗ ਸ਼ੁਰੂ ਹੋਣ ਤੋਂ ਕੁੱਝ ਸਾਲ ਪਹਿਲਾਂ ਹੀ ਓਧਰ ਕਿਸੇ ਠੇਕੇਦਾਰ ਪਾਸ ਕੰਮ ਕਰਦੇ ਸਨ। ਉਨ੍ਹਾਂ ਦੇ ਪਰਿਵਾਰ ਵੀ ਨਾਲ ਹੀ ਸਨ। ਉਨ੍ਹਾਂ ਦੀ ਰਿਹਾਇਸ਼ ਹਰੀ ਸਿੰਘ ਨਲਵਾ ਦੀ ਸਮਾਧ (ਜਮਰੌਦ) ਦੇ ਗਲਿਆਰੇ ਵਿੱਚ ਸੀ।

ਜਦ ਮੇਰਾ ਜਨਮ ਹੋਣ ਨਜ਼ਦੀਕ ਹੋਇਆ ਤਾਂ ਪਿਤਾ ਜੀ, ਮੇਰੀ ਮਾਂ ਨੂੰ ਮੇਰੇ ਭੂਆ ਅਮਰ ਕੌਰ ਪਾਸ ਸਿਆਲਕੋਟ ਛੱਡ ਆਏ। ਫੁੱਫੜ ਹਜ਼ਾਰਾ ਸਿੰਘ ਜੀ ਜੋ ਪਿੱਛਿਓਂ ਰਮੀਦੀ-ਕਰਤਾਰਪੁਰ ਦੇ ਸਨ, ਉਥੇ ਤਰਖਾਣਾਂ ਕੰਮ ਕਰਦੇ। ਕੋਈ ਤਿੰਨ ਕੁ ਮਹੀਨੇ ਬਾਅਦ ਪਿਤਾ ਜੀ ਸਾਨੂੰ ਸਿਆਲਕੋਟੋਂ, ਜਮਰੌਦ ਲੈ ਆਏ। ਮੇਰਾ ਬਚਪਨ ਤਾਂ ਜਮਰੌਦ ਕਿਲ੍ਹੇ ਵਿੱਚ ਹੀ ਬੀਤਿਆ। ਕਦੇ ਕਦਾਈਂ ਪਿਤਾ ਜੀ ਲੰਡੀ ਕੋਤਲ ਕੰਮ ’ਤੇ ਵੀ ਲੈ ਜਾਂਦੇ। ਰਸਤੇ ’ਚ ਵਲੀ ਖੇਲ ਇਕ ਕਸਬਾ ਆਉਂਦਾ। ਈਸਾਖੇਲ, ਬਾਬਾ ਕਰਮ ਸਿੰਘ ਦਾ ਹੋਤੀ ਮਰਦਾਨ, ਬਨੂੰ ਕੋਹਾਟ ਅਤੇ ਨੌਸ਼ਹਿਰਾ ਵੀ ਗੁਆਂਢੀ ਸ਼ਹਿਰ ਸੁਣੀਂਦੇ। ਮੈਂ ਲੰਡੀ ਕੋਤਲ ਫ਼ੌਜੀ ਟੈਂਕਾਂ, ਟਰੱਕਾਂ ਤੇ ਚੜ੍ਹ, ਖੇਡਦਾ ਰਹਿੰਦਾ। ਉਥੋਂ ਦਾ ਇਕ ਵਾਕਿਆ ਕਈ ਦਫ਼ਾ ਬੜਾ ਯਾਦ ਆ ਜਾਂਦੈ। ਇਕ ਦਿਨ ਮੈਂ ਮੇਵੇ ਤੋੜਦਾ, ਖਾਂਦਾ ਭੁਲੇਖੇ ਨਾਲ ਅਫਗਾਨਿਸਤਾਨ ਦੀ ਸਰਹੱਦ ਟੱਪ ਗਿਆ। ਤਦੋਂ ਖੁੱਲ੍ਹੇ ਉਜਾੜ ਹੀ ਸਨ। ਕੋਈ ਤਾਰ ਜਾਂ ਵਾੜ ਨਹੀਂ ਸੀ। ਅਫ਼ਗ਼ਾਨਿਸਤਾਨ ਦੀ ਸਰਹੱਦੀ ਚੌਂਕੀ ਵਾਲਿਆਂ ਮੈਨੂੰ ਫੜ ਲਿਆ। ਦੁਪਹਿਰ ਤੱਕ ਉਥੇ ਬੈਠਾਈ ਰੱਖਿਆ। ਪਿਤਾ ਜੀ ਦੋ ਤਿੰਨ ਸਿਆਣਿਆਂ ਦੇ ਨਾਲ ਗੋਰੇ ਅਫ਼ਸਰ ਨੂੰ ਨਾਲ ਲੈਜਾ ਕੇ ਮੈਨੂੰ ਛੁਡਾ ਲਿਆਏ।

PunjabKesari

ਭਾਈਏ ਹੋਰੀਂ ਸਮਾਧ ਤੋਂ ਲੰਡੀ ਕੋਤਲ ਰੋਜ਼ਾਨਾ ਫੌਜੀ ਟਰੱਕ ’ਤੇ ਜਾਂਦੇ-ਆਉਂਦੇ। ਭਾਈਏ ਨਰੈਣ ਸਿੰਘ ਵਿੱਚ ਇੱਕ ਬੜੀ ਖ਼ਾਸ ਗੱਲ ਸੀ। ਉਹ ਗਰਮੀ ਬਹੁਤਾ ਮੰਨਦੇ। ਉਨ੍ਹਾਂ ਇੱਕ ਪਠਾਣ ਇੱਕ ਆਨਾ ਦਿਹਾੜੀ ’ਤੇ ਪੱਕਾ ਰੱਖਿਆ ਹੁੰਦਾ। ਉਹ ਆਉਂਦੇ-ਜਾਂਦੇ ਇਥੋਂ ਤੱਕ ਕਿ ਕੰਮ ’ਤੇ ਵੀ ਉਸ ’ਤੇ ਛੱਤਰੀ ਤਾਣ ਕੇ ਰੱਖਦਾ। ਰਾਜ ਮਿਸਤਰੀ ਦੀ ਦਿਹਾੜੀ ਤਦੋਂ ਇੱਕ ਰੁ:ਮਿਲਦੀ। ਸਾਡੀ ਸਮਾਧ ਵਾਲੀ ਰਿਹਾਇਸ਼ ਪੱਕੀ ਸੀ ਪਰ ਪਿੰਡ ਜੋ ਅੱਧਾ ਕੁ ਕਿ:ਮੀ: ਹੱਟ ਕੇ ਸੀ ਸਾਰਾ ਹੀ ਕੱਚਾ ਹੁੰਦਾ। ਸਮਾਧ ਨਾਲ ਇਕ ਪਾਣੀ ਦਾ ਤਲਾਬ ਹੁੰਦਾ। ਪਹਾੜੀ ਤੋਂ ਚਸ਼ਮੇ ਦਾ ਪਾਣੀ, ਬਾਂਸਾਂ ਨੂੰ ਲੰਬੇ ਰੁਕ ਵਿਚਕਾਰੋਂ ਚੀਰ ਕੇ ਪਾਈਪ ਵਾਂਗ ਲਿਆ ਕੇ ਤਲਾਬ ਵਿਚ ਸੁੱਟਿਆ ਹੁੰਦਾ। ਉਥੋਂ ਹੀ ਸਾਰਾ ਪਿੰਡ ਪਾਣੀ ਭਰਦਾ। ਪਠਾਣਾਂ ਦਾ ਇਲਾਕਾ ਈ ਸੀ ਉਹ ਸਾਰਾ। ਹਰ ਘਰ ਉੱਪਰ ਮੋਰਚਾ ਬਣਿਆ ਹੁੰਦਾ। ਹਰ ਘਰ ’ਚ 1-2 ਬੰਦੂਕਾਂ ਆਮ ਸਨ। ਚੋਬਰ ਪਠਾਣ ਅਕਸਰ ਹਥਿਆਰ ਚੁੱਕੀ ਫਿਰਦੇ। ਬੰਦਾ ਮਾਰਨ ਨੂੰ ਉਹ ਕਦੇ ਤਰਸ ਨਾ ਖਾਂਦੇ। ਆਏ ਹਫ਼ਤੇ ਕੋਈ ਨਾ ਕੋਈ ਬੰਦਾ ਮਾਰਿਆ ਜਾਂਦਾ। ਉਹ ਸਿਰ ਤੇ ਕੁੱਲ੍ਹਾ (ਮੁਸਲਿਮ ਟੋਪੀ) ਰੱਖ ਕੇ ਲੜ ਛੱਡਵੀਂਆਂ ਤੁਰ੍ਹੇ ਵਾਲ਼ੀਆਂ ਬੋਸਕੀ ਦੀਆਂ ਪੱਗਾਂ ਬੰਨ੍ਹਦੇ। ਕਦੇ ਵੀ ਪਠਾਣ ਸਰਦਾਰ ਨੂੰ ਅਸੀਂ ਵਗੈਰ ਪੱਗ ਤੋਂ ਨਾ ਡਿੱਠਾ। 

ਪਠਾਣਾਂ ਦੇ ਬੱਚੇ ਕਾਲੂ, ਅਬਦੁਲ ਤੇ ਉਨ੍ਹਾਂ ਦੀ ਚਾਚਾਓਂ ਤਾਈਓਂ ਭੈਣ ਢੱਠੀ ਬਚਪਨ ’ਚ ਮੇਰੇ ਨਾਲ ਖੇਡਿਆ ਕਰਦੇ। ਪਠਾਣ ਬੱਚੇ ਹਰੀ ਸਿੰਘ ਨਲਵਾ ਦੇ ਨਾਮ ਤੋਂ ਬੜਾ ਭੈਅ ਖਾਂਦੇ। ਜਿਵੇਂ ਸਾਨੂੰ ਭਾਈਏ ਨੇ ਸਿਖਾਇਆ ਸੀ, ਅਸੀਂ ਪਠਾਣ ਬੱਚਿਆਂ ਨੂੰ ਹਰੀਆ ਉਲ੍ਹਾ ਜਾਂ ਹਰੀਆਂ ਰਾਗਲੇ ਕਹਿਣਾ ਤਾਂ ਉਨ੍ਹਾਂ ਮੂੰਹ ’ਤੇ ਦੋਵੇਂ ਹੱਥ ਰੱਖ ਕੇ ਤਦੋਂ ਹੀ ਮੂਧਾ ਲੇਟ ਜਾਣਾ। ਕਾਲ਼ੀਆਂ ਮਿਰਚਾਂ, ਛੋਟੀਆਂ ਲੈਚੀਆਂ ਜਾਂ ਹੋਰ ਮੇਵਿਆਂ ਦੇ ਬੂਟੇ ਰਾਹਾਂ ਟੋਭਿਆਂ ਤੇ (ਆਪਣੇ ਇਧਰ ਭੰਗ ਦੇ ਬੂਟਿਆਂ ਵਾਂਗ) ਆਵਾਗੌਣ ਹੋਏ ਹੁੰਦੇ। ਉਹ ਅਕਸਰ ਫਲਾਂ ਨਾਲ ਲੱਦੇ ਹੁੰਦੇ। ਜਿਵੇਂ ਮੁਸਲਮਾਨ ਅਕਸਰ ਦਾਲ ਸਬਜ਼ੀ ਵਿਚ ਗੋਸ਼ਤ ਦਾ ਇਸਤੇਮਾਲ ਕਰਦੇ, ਇਸੇ ਤਰ੍ਹਾਂ ਉਹ ਪਠਾਣ ਸੁੱਕੇ ਮੇਵਿਆਂ ਦੀ ਵਰਤੋਂ ਕਰਦੇ। ਇਥੋਂ ਤੱਕ ਕਿ ਰੋਟੀਆਂ ਵਿਚ ਵੀ। ਰੋਟੀਆਂ ਵੀ ਉਨ੍ਹਾਂ ਦੀਆਂ ਛੋਟੀ ਤਵੀ ਵਰਗੀਆਂ ਹੁੰਦੀਆਂ। ਬੱਚਿਆਂ ਨੇ ਬਾਹਾਂ ਤੇ ਲਮਕਾ ਕੇ ਉਵੇਂ ਘਰਾਂ ਬਾਹਰ ਰੋਟੀਆਂ ਖਾਂਦੇ ਫਿਰਨਾ। ਕਸਬੇ ਵਿੱਚ 3-4 ਪਿਸ਼ੌਰੀ ਸਿੱਖਾਂ ਦੀਆਂ ਦੁਕਾਨਾਂ ਹੁੰਦੀਆਂ।

PunjabKesari

ਜਦ ਰੌਲਿਆਂ ਦੀ ਅੱਗ ਦਾ ਸੇਕ ਵਾਇਆ ਰਾਵਲਪਿੰਡੀ ਮਾਰਚ ਦੇ ਕਰੀਬ ਪਿਸ਼ਾਵਰ ਵੱਲ ਪਹੁੰਚਿਆ ਤਾਂ ਬੀਬੀਆਂ ਬੱਚਿਆਂ ਨੂੰ ਲਾਹੌਰ ਦੀ ਗੱਡੀ ਚੜ੍ਹਾ ਦਿੱਤਾ। ਮੈਨੂੰ ਪਿਤਾ ਜੀ ਨੇ ਆਪਣੇ ਪਾਸ ਹੀ ਠਹਿਰਾ ਲਿਆ। ਰੌਲਾ ਵੱਧਦਾ ਦੇਖ ਚਾਚੇ ਤਾਏ ਵੀ ਸਾਰੇ ਪਿੰਡ ਵਾਪਸ ਆ ਗਏ। ਪਿਤਾ ਜੀ ਕਿਉਂ ਜੋ ਫੋਰਮੈਨ ਸਨ, ਉਨ੍ਹਾਂ ਤਾਈਂ ਵੱਡੇ ਠੇਕੇਦਾਰ ਨੇ ਠਹਿਰਾਈ ਰੱਖਿਆ। ਬਰਸਾਤ ਆਪਣੀ ਸਿਖ਼ਰ ’ਤੇ ਸੀ ਜਦ ਅਸੀਂ ਪਿਸ਼ੌਰ ਤੋਂ ਬਰਾਸਤਾ ਰਾਵਲਪਿੰਡੀ-ਟੈਕਸਲਾ- ਲਾਹੌਰ ਹੁੰਦੇ ਹੋਏ ਅੰਮ੍ਰਿਤਸਰ ਆਣ ਪਹੁੰਚੇ। ਕਿਉਂ ਜੋ ਸਾਡੀ ਗੱਡੀ ਤੇ ਮਿਲਟਰੀ ਦਾ ਪਹਿਰਾ ਸੀ ਸੋ ਰਸਤੇ ’ਚ ਕੋਈ ਹਮਲਾ ਨਾ ਹੋਇਆ। ਜਿਸ ਗੱਡੀ ਵਿੱਚ ਅਸੀਂ ਸਵਾਰ ਸਾਂ ਉਸ ਡੱਬਿਆਂ ਵਿੱਚ ਕਈ ਥਾਂ ਖੂਨ ਦੇ ਨਿਸ਼ਾਨ ਦੇਖੇ।'ਟੇਸਣਾਂ ਦੇ ਨਾਲ ਖਤਾਨਾਂ 'ਚ ਕਈ ਥਾਈਂ ਵੱਢੀਆਂ ਟੁੱਕੀਆਂ ਲਾਸ਼ਾਂ ਵੀ ਵੇਖੀਆਂ।

ਅੰਮ੍ਰਿਤਸਰ ਤੋਂ ਦੂਜੇ ਦਿਨ ਗੱਡੀ ਬਦਲ ਕੇ ਜਲੰਧਰ ਲਈ ਚੱਲੇ। ਬਿਆਸ ਪੁੱਲ਼ ਤੇ ਕਤਲੇਆਮ ਅਤੇ ਹੜਾਂ ਦੀ ਤਬਾਹੀ ਦੇ ਭਿਆਨਕ ਦ੍ਰਿਸ਼ ਦੇਖਣ ਨੂੰ ਮਿਲੇ। ਅਗਲੇ ਟੇਸ਼ਣ ਤੇ ਕਈ ਘੰਟੇ ਗੱਡੀ ਉਵੇਂ ਖੜੀ ਰਹੀ। ਭੁੱਖ ਅਤੇ ਪਿਆਸ ਨਾਲ ਬਹੁਤਾ ਵਿਆਕੁਲ ਹੋਏ। ਜਲੰਧਰ ਕਰੀਬ ਰਾਤ ਗਿਆਰਾਂ ਵਜੇ ਗੱਡੀ ਲੱਗੀ। ਪਿਤਾ ਜੀ ਫ਼ਿਕਰ ਮੰਦ ਹੋਏ ਕਿ ਇਸ ਵੇਲੇ ਕਿਧਰ ਜਾਈਏ? 'ਟੇਸ਼ਣ ਦੇ ਨੇੜੇ ਤਾਂਗਿਆਂ ਦਾ ਅੱਡਾ ਹੁੰਦਾ। ਅਸੀਂ ਉਸ ਵਿਚ ਡੇਰਾ ਲਾਇਆ। ਭੁੱਖੇ ਥੱਕਿਆਂ ਨੂੰ ਨੀਂਦ ਆ ਗਈ। ਪਿਤਾ ਜੀ ਵੱਡੇ ਤੜਕੇ ਉੱਠ ਖੜ੍ਹੇ। ਮੈਨੂੰ ਵੀ ਉਠਾਉਣ ਲੱਗੇ। ਮੈਂ ਅੰਗੜਾਈ ਲਈ ਤਾਂ ਮੇਰੇ ਦੋਹੇਂ ਹੱਥ ਪਿੱਛੇ ਕਿਸੇ ਦੇ ਵਾਲ਼ਾ ਵਿਚ ਫਸ ਗਏ।ਮੇਰਾ ਸਰੀਰ ਵੀ ਚਿੱਪ ਚਿਪਾ ਲੱਗਿਆ। ਮੈਂ ਪਿਤਾ ਜੀ ਨੂੰ ਦੱਸਿਆ। ਪਿਤਾ ਜੀ ਨੇ ਟੋਹ ਕੇ ਦੇਖਿਆ, ਉਹ ਤਾਂ ਖ਼ੂਨ ਨਾਲ ਲੱਥ ਪੱਥ ਲਾਸ਼ਾਂ ਦਾ ਢੇਰ ਸੀ, ਜਿਸ ਲਾਸ਼ ਦੇ ਵਾਲ਼ਾ ਵਿੱਚ ਮੇਰੇ ਹੱਥ ਫਸੇ ਉਹ ਕਿਸੇ ਸਿੱਖ ਦੀ ਲਾਸ਼ ਹੋਵੇਗੀ ਜਾਂ ਫਿਰ ਕਿਸੇ ਮੁਟਿਆਰ ਦੀ।

PunjabKesari

ਪਿਤਾ ਜੀ ਦੇ ਕੱਪੜੇ ਹੱਥ ਲਾ ਕੇ ਦੇਖਿਆ ਤਾਂ ਉਹ ਵੀ ਖੂਨ ਨਾਲ ਲਿਬੜੇ ਸਨ। ਉਥੋਂ ਪਿਤਾ ਜੀ ਨੇ ਆਪਣਾ ਟਰੰਕ ਅਤੇ ਬਰਛਾ ਚੁੱਕਿਆ। ਮੈਂ ਗਠੜੀ ਸਿਰ ’ਤੇ ਰੱਖ ਲਈ। ਸ਼ਾਸਤਰੀ ਚੌਂਕ ਤੋਂ ਹੁੰਦੇ ਹੋਏ ਕੂਲ ਰੋਡ, ਗੰਦੇ ਨਾਲੇ ਦੇ ਨਾਲ ਨਾਲ ਹੋ ਕੇ ਨਕੋਦਰ ਰੇਲਵੇ ਲਾਈਨ ’ਤੇ ਆਣ ਚੜ੍ਹੇ। ਭੁੱਖ ਤੇਹ ਬਹੁਤ ਲੱਗੀ। ਤੁਰਿਆ ਵੀ ਨਾ ਜਾਏ। ਹਰ ਪਾਸੇ ਹੜਾਂ ਦਾ ਪਾਣੀ ਹੀ ਪਾਣੀ ਪਰ ਪੀਣ ਵਾਲਾ ਪਾਣੀ ਕੋਈ ਨਾ। ਮੀਂਹ ਵੀ ਮੱਠਾ ਮੱਠਾ ਪਈ ਜਾਏ। ਅੱਗੇ ਬੇਈਂ ਦੇ ਪੁੱਲ਼ ਤੇ ਕੀ ਦੇਖਦੇ ਹਾਂ ਕਿ ਹੜ੍ਹ ਦਾ ਪਾਣੀ ਲਾਈਨ ਦੇ ਗਾਡਰਾਂ ਤੋਂ ਉੱਪਰ ਤੇਜੀ ਨਾਲ ਪਿਆ ਵਗੇ। ਬੂਟੀ, ਖੁਰਲੀਆਂ,ਤੂੜੀ ਦੇ ਕੁੱਪ, ਮਰੇ ਹੋਏ ਪਸ਼ੂ ਅਤੇ ਮਨੁੱਖੀ ਲਾਸ਼ਾਂ ਲਾਈਨ ਵਿੱਚ ਫਸੀਆਂ ਹੋਈਆਂ। ਰੱਬ ਰੱਬ ਕਰ ਕੇ ਲੰਘ ਆਏ।

ਘਰ ਪਹੁੰਚੇ ਤਾਂ ਦਿਨ ਚੰਗਾ ਚੜ੍ਹ ਚੁੱਕਾ ਸੀ। ਸਾਡੇ ਖੂਨ ਲਿੱਬੜੇ ਕੱਪੜੇ ਦੇਖ ਕੇ ਘਰਦੇ ਘਬਰਾ ਗਏ। ਜਦ ਉਨ੍ਹਾਂ ਤਾਈਂ ਅਸਲੀਅਤ ਬਿਆਨ ਕੀਤੀ ਤਾਂ ਉਨ੍ਹਾਂ ਦੀ ਘਬਰਾਹਟ ਜਾਂਦੀ ਰਹੀ। ਦਾਦੀ ਮਾਂ ਨੇ ਸਾਡੇ ਪਿਓ-ਪੁੱਤ ਦੇ ਮੱਥੇ ਚੁੰਮ ਚੁੰਮ ਵਾਹਿਗੁਰੂ ਜੀ ਦਾ ਸ਼ੁਕਰ ਮਨਾਇਆ। ਸ਼ਾਮ ਰਹਿਰਾਸ ਸਮੇਂ ਗੁਰਦੁਆਰਾ ਸਾਹਿਬ ਦੇਗ ਕਰਾਈ। ਉਦੋਂ ਹੀ ਕਿਸੇ ਆਣ ਖ਼ਬਰ ਕੀਤੀ ਕਿ ਬੇਈਂ ਵਾਲਾ ਰੇਲਵੇ ਪੁੱਲ਼, ਹੜ੍ਹ ਦੇ ਤੇਜ਼ ਪਾਣੀ ਨੇ ਵਗਾਹ ਮਾਰਿਆ ਏ।"

ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
92569-73526


rajwinder kaur

Content Editor

Related News