ਅਕਾਲੀ ਦਲ ਦੇ 100 ਸਾਲ: ਬਿਨਾਂ ਮੂਲ ਸਿਧਾਂਤ ਅਤੇ ਆਦਰਸ਼ ਦੇ

12/12/2019 2:05:31 AM

ਜਸਵੰਤ ਸਿੰਘ ‘ਅਜੀਤ’

ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਮੁਖੀਆਂ ’ਤੇ ਅਾਧਾਰਿਤ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਦੇ ਸਬੰਧ ’ਚ ਦੱਸਿਆ ਗਿਆ ਹੈ ਕਿ ਉਹ ਸੰਨ 2021 ’ਚ ਸ਼੍ਰੋਮਣੀ ਅਕਾਲੀ ਦਲ ਦੇ ਜੀਵਨ ਕਾਲ ਦੇ ‘100 ਸਾਲ’ ਪੂਰੇ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਵਿਸ਼ੇਸ਼ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕਰ ਕੇ ਉਸ ਨੂੰ ਕਾਰਜ ਰੂਪ ਦੇਵੇਗੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ, ਅਕਾਲੀ ਦਲ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ’ਤੇ ਜਿਸ ਤਰ੍ਹਾਂ ਪ੍ਰੋਗਰਾਮ ਆਯੋਜਿਤ ਕੀਤੇ ਜਾਣ ਨੂੰ ਲੈ ਕੇ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ, ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਭਰ ਕੇ ਸਾਹਮਣੇ ਆ ਰਹੇ ਹਨ। ਸਭ ਤੋਂ ਵੱਡਾ ਸਵਾਲ ਤਾਂ ਇਹ ਪੁੱਛਿਆ ਜਾ ਰਿਹਾ ਹੈ ਕਿ ਕੀ ਮੂਲ ਸ਼੍ਰੋਮਣੀ ਅਕਾਲੀ ਦਲ ਦਾ ਇਹੀ ਸਰੂਪ ਸੀ, ਜੋ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਦੇਖਣ ਨੂੰ ਮਿਲ ਰਿਹਾ ਹੈ? ਜਿਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਸਿਰਫ ਇਸ ਦਾ ਸਰੂਪ ਨਹੀਂ ਸਗੋਂ ਇਸ ਦੇ ਮੂਲ ਆਦਰਸ਼ ਅਤੇ ਸਿਧਾਂਤ ਵੀ ਪੂਰੀ ਤਰ੍ਹਾਂ ਬਦਲ ਚੁੱਕੇ ਹਨ ਭਾਵ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਮੂਲ ਅਕਾਲੀ ਦਲ ਦੇ ਸਰੂਪ ਨਾਲ ਤਾਂ ਕੀ ਉਸ ਦੇ ਮੂਲ ਸਿਧਾਂਤਾਂ ਅਤੇ ਆਦਰਸ਼ਾਂ ਤਕ ਦੇ ਨਾਲ ਵੀ ਕੋਈ ਸਬੰਧ ਨਹੀਂ ਰਹਿ ਗਿਆ ਹੈ।

ਮੂਲ ਸੰਵਿਧਾਨ

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਨਾਲ ਸਬੰਧਤ ਚੱਲੇ ਆ ਰਹੇ ਇਤਿਹਾਸ ਦੇ ਨਾਲ ਜਦੋਂ 20ਵੀਂ ਸਦੀ ਦੇ ਤੀਸਰੇ ਦਹਾਕੇ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਤਾਂ ਉਸ ਸਮੇਂ ਉਸ ਦਾ ਜੋ ਸੰਵਿਧਾਨ ਤਿਆਰ ਕੀਤਾ ਗਿਆ, ਉਸ ਦੇ ਅਨੁਸਾਰ ਇਕ ਤਾਂ ਇਹ ਯਕੀਨੀ ਕੀਤਾ ਗਿਆ ਕਿ ਇਹ ਜਥੇਬੰਦੀ ਇਤਿਹਾਸਕ ਗੁਰਦੁਆਰਿਆਂ ’ਚ ਸਥਾਪਿਤ ਧਾਰਮਿਕ ਮਰਿਆਦਾਵਾਂ, ਪ੍ਰੰਪਰਾਵਾਂ ਅਤੇ ਮਾਨਤਾਵਾਂ ਦੀ ਪਾਲਣਾ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਕਰੇਗੀ ਅਤੇ ਦੂਸਰਾ ਇਸ ਦਾ ਗਠਨ ਮੁਕੰਮਲ ਤੌਰ ’ਤੇ ਜਮਹੂਰੀ ਮਾਨਤਾਵਾਂ ਦੇ ਆਧਾਰ ’ਤੇ ਹੀ ਕੀਤਾ ਜਾਵੇਗਾ। ਇਸ ਨੂੰ ਹੋਂਦ ’ਚ ਲਿਆਉਣ ਲਈ ਦਲ ਦੇ ਸੰਵਿਧਾਨ ’ਚ, ਇਸ ਦਾ ਮੁੱਖ ਉਦੇਸ਼ ‘ਗੁਰਮਤਿ ਅਤੇ ਰਹਿਤ ਮਰਿਆਦਾ’ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਨਾਲ ਹੀ, ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ’ਚ ਸੁਧਾਰ ਅਤੇ ਸੇਵਾ-ਸੰਭਾਲ ਲਈ ਯਤਨ ਕਰਨਾ ਨਿਸ਼ਚਿਤ ਕੀਤਾ ਗਿਆ ਸੀ।

ਸੰਗਠਨ

ਇਸ ਦੇ ਸੰਗਠਨ ਦੇ ਗਠਨ ਦੀ ਸ਼ੁਰੂਆਤ ਲਈ ਸਭ ਤੋਂ ਪਹਿਲਾਂ ਸਾਧਾਰਨ ਮੈਂਬਰਾਂ ਦੀ ਭਰਤੀ ਕੀਤੀ ਜਾਂਦੀ, ਫਿਰ ਇਸ ਤਰ੍ਹਾਂ ਬਣੇ ਮੈਂਬਰਾਂ ਵਲੋਂ ਆਪਣੇ-ਆਪਣੇ ਇਲਾਕਿਆਂ ਦੇ ਜਥਿਆਂ ਦਾ ਗਠਨ ਕੀਤਾ ਜਾਂਦਾ। ਇਲਾਕਿਆਂ ਦੇ ਜਥਿਆਂ ਦੇ ਪ੍ਰਤੀਨਿਧੀ ਸ਼ਹਿਰੀ ਜਥਿਆਂ ਦਾ ਗਠਨ ਕਰਦੇ ਅਤੇ ਸ਼ਹਿਰੀ ਜਥਿਆਂ ਦੇ ਪ੍ਰਤੀਨਿਧੀ ਜ਼ਿਲਾ ਜਥੇ ਗਠਿਤ ਕਰਦੇ। ਇਨ੍ਹਾਂ ਹੀ ਜ਼ਿਲਾ ਜਥਿਆਂ ਦੇ ਪ੍ਰਤੀਨਿਧੀ ਸੂਬਾਈ ਜਥਿਆਂ ਦੇ ਗਠਨ ਦਾ ਆਧਾਰ ਬਣਦੇ। ਇਸ ਤਰ੍ਹਾਂ ਇਲਾਕਾਈ ਜਥਿਆਂ ਤੋਂ ਲੈ ਕੇ ਕੇਂਦਰੀ ਗਠਨ ਤਕ ਦੇ ਪ੍ਰਧਾਨ ਸਮੇਤ ਸਾਰੇ ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਦੀ ਸਾਰੀ ਪ੍ਰਕਿਰਿਆ ਜਮਹੂਰੀ ਮਾਨਤਾਵਾਂ ਦੀ ਪਾਲਣਾ ਕਰਦੇ ਹੋਏ ਪੂਰੀ ਕੀਤੀ ਜਾਂਦੀ। ਕਿਸੇ ਵੀ ਪੱਧਰ ’ਤੇ ਨਾਮਜ਼ਦਗੀ ਨਹੀਂ ਕੀਤੀ ਜਾਂਦੀ ਸੀ। ਇਸ ਤਰ੍ਹਾਂ ਬਣੇ ਸੰਗਠਨ ਦਾ ਸਰੂਪ ਸਮੁੱਚੇ ਪੰਥ ਨੂੰ ਸਵੀਕਾਰ ਹੁੰਦਾ। ਉਸ ਸਮੇਂ ਦਲ ਦੇ ਪ੍ਰਧਾਨ ਤੋਂ ਲੈ ਕੇ ਇਲਾਕਾਈ ਜਥੇ ਦੇ ਜਥੇਦਾਰ ਤਕ, ਕਿਸੇ ਵਿਅਕਤੀ ਵਿਸ਼ੇਸ਼ ਪ੍ਰਤੀ ਨਹੀਂ, ਸਗੋਂ ਸਮੁੱਚੇ ਪੰਥ ਪ੍ਰਤੀ ਜਵਾਬਦੇਹ ਹੋਇਆ ਕਰਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਹਰੇਕ ਮੁਖੀ ਪੰਥ ਪ੍ਰਤੀ ਜਵਾਬਦੇਹ ਹੁੰਦਾ, ਇਸ ਕਾਰਣ ਉਹ ਪੰਥ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੁੰਦਾ।

ਭਟਕਣਾ ਸ਼ੁਰੂ

ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਖੀਆਂ ਦੇ ਦਿਲ ’ਚ ਸਵਾਰਥ ਦੀ ਭਾਵਨਾ ਨੇ ਜ਼ੋਰ ਫੜਨਾ ਅਤੇ ਸੱਤਾ ਦੀ ਲਾਲਸਾ ਨੇ ਉਸ ’ਚ ਆਪਣੀ ਜਗ੍ਹਾ ਬਣਾਉਣੀ ਸ਼ੁਰੂ ਕੀਤੀ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਜਾਗੀਰ ਸਮਝਣ ਲੱਗੇ। ਨਤੀਜਾ ਇਹ ਹੋਇਆ ਕਿ ਹੌਲੀ-ਹੌਲੀ ਸ਼੍ਰੋਮਣੀ ਅਕਾਲੀ ਦਲ ’ਚ ਜਮਹੂਰੀ ਪ੍ਰਕਿਰਿਆ ’ਤੇ ਅਮਲ ਕੀਤਾ ਜਾਣਾ ਬੰਦ ਹੋਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਜਦੋਂ ਦਲ ’ਤੇ ਹੀ ਵਿਅਕਤੀ ਵਿਸ਼ੇਸ਼ ਦੀ ਸੱਤਾ ਕਾਇਮ ਹੋਣ ਲੱਗੀ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ’ਚ ਫੁੱਟ ਪੈਣ ਲੱਗੀ। ਅਕਾਲੀ ਦਲਾਂ ਦੇ ਨਾਂ ਦੇ ਨਾਲ ਸੰਤ ਫਤਿਹ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਸਿਮਰਨਜੀਤ ਸਿੰਘ ਮਾਨ ਅਤੇ ਪ੍ਰਕਾਸ਼ ਸਿੰਘ ਬਾਦਲ ਆਦਿ ਦੇ ਨਾਂ ਜੁੜਨ ਲੱਗੇ। ਨਤੀਜਾ ਇਹ ਹੋਇਆ ਕਿ ਆਏ ਦਿਨ ਇਕ-ਇਕ ਕਰ ਕੇ ਨਵੇਂ ਤੋਂ ਨਵੇਂ ਅਕਾਲੀ ਦਲ ਬਣਨੇ ਸ਼ੁਰੂ ਹੋ ਗਏ, ਜਿਸ ਤਰ੍ਹਾਂ ਇਨ੍ਹਾਂ ਅਕਾਲੀ ਦਲਾਂ ਦੇ ਨਾਂ ਦੇ ਨਾਲ ਨਿੱਜੀ ਵਿਅਕਤੀਆਂ ਦੇ ਨਾਂ ਜੁੜਨ ਲੱਗੇ, ਉਸ ਨਾਲ ਇਹ ਅਕਾਲੀ ਦਲ ਸਮੁੱਚੇ ਪੰਥ ਦੇ ਪ੍ਰਤੀਨਿਧੀ ਨਾ ਰਹਿ ਕੇ ‘ਪ੍ਰਾਈਵੇਟ ਲਿਮਟਿਡ’ ਕੰਪਨੀਆਂ ਬਣਨ ਲੱਗੇ। ਜੋ ਜਿਸ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਾਂ ਦੂਸਰਿਆਂ ’ਚ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਹੁੰਦਾ, ਉਹ ਨਾ ਸਿਰਫ ਆਪਣੀ ਵਰਕਿੰਗ ਕਮੇਟੀ (ਬੋਰਡ ਆਫ ਡਾਇਰੈਕਟਰਜ਼) ਦਾ ਗਠਨ ਹੀ ਆਪ ਕਰਦਾ ਸਗੋਂ ਉੱਪਰੋਂ ਹੇਠਾਂ ਤਕ ਦੀਆਂ ਨਿਯੁਕਤੀਆਂ ਸਭ ਆਪ ਹੀ ਆਪਣੀ ਇੱਛਾ ਅਨੁਸਾਰ ਕਰਦਾ। ਅੱਜ ਜਿੰਨੇ ਵੀ ਅਕਾਲੀ ਦਲ ਹੋਂਦ ’ਚ ਹਨ, ਉਹ ਸਾਰੇ ਹੀ ਇਸ ਤਰ੍ਹਾਂ ਦੀਆਂ ਪ੍ਰਾਈਵੇਟ ਲਿਮਟਿਡ ਕੰਪਨੀਆਂ ਬਣੇ ਚੱਲੇ ਆ ਰਹੇ ਹਨ।

ਨਾ ਮੂਲ ਸਰੂਪ ਰਿਹਾ ਅਤੇ ਨਾ ਹੀ...

ਸ਼੍ਰੋਮਣੀ ਅਕਾਲੀ ਦਲਾਂ ਦੇ ਮੁਖੀਆਂ ਨੇ ਧਾਰਮਿਕ ਮਰਿਆਦਾਵਾਂ ਦੀ ਪਾਲਣਾ ਅਤੇ ਉਨ੍ਹਾਂ ਦੀਆਂ ਪ੍ਰੰਪਰਾਵਾਂ ਦੀ ਰੱਖਿਆ ਕਰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਧਾਰਮਿਕ ਸੰਸਥਾਵਾਂ ਨੂੰ ਸਹਿਯੋਗ ਦੇਣ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ’ਤੇ ਇਨ੍ਹਾਂ ਸੰਸਥਾਵਾਂ ਨੂੰ ਰਾਜਨੀਤੀ ’ਚ ਸਥਾਪਿਤ ਹੋਣ ਲਈ ਪੌੜੀ ਦੇ ਰੂਪ ’ਚ ਵਰਤਣ ਦੇ ਉਦੇਸ਼ ਨਾਲ ਹੀ ਇਨ੍ਹਾਂ ਦੀ ਸੱਤਾ ’ਤੇ ਆਪਣਾ ਕਬਜ਼ਾ ਬਣਾਈ ਰੱਖਣ ਲਈ ਹਰ ਤਰ੍ਹਾਂ ਦੇ ਜਾਇਜ਼-ਨਾਜਾਇਜ਼ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਮੈਂਬਰਾਂ ਦਾ ਸਹਿਯੋਗ ਅਤੇ ਸਮਰਥਨ ਹਾਸਲ ਕਰੀ ਰੱਖਣ ਲਈ ਉਨ੍ਹਾਂ ਦੇ ਸਾਹਮਣੇ ਗੋਡੇ ਟੇਕੇ ਜਾਣ ਲੱਗੇ। ਮੈਂਬਰ ਇਸ ਸਥਿਤੀ ਦਾ ਪੂਰਾ-ਪੂਰਾ ਲਾਭ ਉਠਾਉਣ ’ਚ ਜੁਟ ਗਏ ਹਨ। ਉਹ ਆਪਣਾ ਸਹਿਯੋਗ ਅਤੇ ਸੰਗਠਨ ਦਾ ਪੂਰਾ-ਪੂਰਾ ਮੁੱਲ ਵਸੂਲ ਕਰਦੇ ਹਨ। ਇਹ ਮੁੱਲ ਉਹ ਵਫਾਦਾਰੀ ਬਦਲਣ ਲਈ ਵੀ ਲੈਂਦੇ ਹਨ ਅਤੇ ਵਫਾਦਾਰ ਬਣੇ ਰਹਿਣ ਲਈ ਵੀ ਵਸੂਲਦੇ ਹਨ, ਜਿਸ ਕਾਰਣ ਉਨ੍ਹਾਂ ਨੂੰ ਸੰਸਥਾ ’ਚ ਹਰ ਤਰ੍ਹਾਂ ਦੀ ਲੁੱਟ ਕਰਨ ਦੀ ਖੁੱਲ੍ਹੀ ਛੋਟ ਮਿਲ ਜਾਂਦੀ ਹੈ।

ਇਸ ਸਥਿਤੀ ਦੇ ਸਬੰਧ ’ਚ ਜਦੋਂ ਬਜ਼ੁਰਗ ਟਕਸਾਲੀ ਅਕਾਲੀ ਮੁਖੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਝੱਟ ਕਿਹਾ ਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲੱਗੇ ਮੋਰਚਿਆਂ ’ਚ ਸ਼ਾਮਲ ਹੋ ਕੇ ਕੁਰਬਾਨੀਆਂ ਇਸ ਕਰ ਕੇ ਨਹੀਂ ਦਿੱਤੀਆਂ ਸਨ ਕਿ ਇਹ ਪੰਥਕ ਜਥੇਬੰਦੀਆਂ ਗੈਰ-ਪੰਥਕ ਸ਼ਕਤੀਆਂ ਦੇ ਹਵਾਲੇ ਕਰ ਦਿੱਤੀਆਂ ਜਾਣ ਅਤੇ ਇਸ ’ਤੇ ਉਹ ਲੋਕ ਕਾਬਜ਼ ਹੋ ਜਾਣ, ਜਿਨ੍ਹਾਂ ਦੇ ਦਿਲ ’ਚ ਪੰਥਕ ਸੇਵਾ ਕਰਨ, ਇਤਿਹਾਸਕ ਗੁਰਦੁਆਰਿਆਂ ਦੀ ਪਵਿੱਤਰਤਾ ਕਾਇਮ ਰੱਖਣ ਅਤੇ ਧਾਰਮਿਕ ਮਰਿਆਦਾਵਾਂ ਅਤੇ ਪ੍ਰੰਪਰਾਵਾਂ ਦੀ ਪਾਲਣਾ ਕਰਨ ਪ੍ਰਤੀ ਮਾਮੂਲੀ ਜਿਹੀ ਵੀ ਭਾਵਨਾ ਨਾ ਹੋਵੇ। ਇਹ ਸਿਰਫ ਆਪਣੀ ਸਿਆਸੀ ਲਾਲਸਾ ਨੂੰ ਹੀ ਪੂਰਾ ਕਰਨ ਲਈ ਇਸ ਜਥੇਬੰਦੀ ਦੇ ਨਾਂ ਦੀ ਵਰਤੋਂ ਕਰਨ ਲੱਗ ਪੈਣਗੇ।

...ਅਤੇ ਅਾਖਿਰ ’ਚ

ਇਕ ਸੱਜਣ ਨੇ ਨਿੱਜੀ ਗੱਲਬਾਤ ’ਚ ਬਹੁਤ ਹੀ ਦੁਖੀ ਹੋ ਕੇ ਕਿਹਾ ਕਿ ਉਹ ਇਹ ਕਹਿਣ ’ਚ ਜ਼ਰਾ ਵੀ ਸੰਕੋਚ ਨਹੀਂ ਕਰਦੇ ਕਿ ਅੱਜ ਕੋਈ ਵੀ ਅਜਿਹਾ ਅਕਾਲੀ ਦਲ ਹੋਂਦ ’ਚ ਨਹੀਂ, ਜੋ ਪੁਰਾਤਨ ਅਕਾਲੀਆਂ ਦੀਆਂ ਕੁਰਬਾਨੀਆਂ ਅਤੇ ਪ੍ਰੰਪਰਾਵਾਂ ਦਾ ਵਾਰਿਸ ਹੋਣ ਦਾ ਦਾਅਵਾ ਕਰ ਸਕੇ। ਸਾਰੇ ਦੇ ਸਾਰੇ ਅਕਾਲੀ ਦਲ ਨਿੱਜੀ ਦੁਕਾਨਾਂ ਅਤੇ ਪ੍ਰਾਈਵੇਟ ਲਿਮਟਿਡ ਕੰਪਨੀਆਂ ਬਣ ਕੇ ਰਹਿ ਗਏ ਹਨ। ਉਸ ਨੇ ਅੱਖਾਂ ’ਚੋਂ ਹੰਝੂ ਵਹਾਉਂਦੇ ਹੋਏ ਕਿਹਾ ਕਿ ਇਨ੍ਹਾਂ ਅਕਾਲੀ ਦਲਾਂ ਦੇ ਨਾਂ ਦੀਆਂ ਕੰਪਨੀਆਂ ਦੇ ਦਰਵਾਜ਼ਿਆਂ ’ਤੇ ਪ੍ਰਾਈਵੇਟ ਮਾਲਕਾਂ ਦੇ ਨਾਂ ਦੇ ਨਾਲ ‘ਸ਼੍ਰੋਮਣੀ ਅਕਾਲੀ ਦਲ’ ਦੇ ਨਾਂ ਲਿਖੇ ਦੇਖ ਕੇ, ਉਨ੍ਹਾਂ ਸ਼ਹੀਦਾਂ ਦੀਆਂ ਆਤਮਾਵਾਂ ਜ਼ਰੂਰ ਹੀ ਤੜਫਦੀਆਂ ਹੋਣਗੀਆਂ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਸੰਵਿਧਾਨ ਦਾ ਸਨਮਾਨ ਕਰਦੇ ਹੋਏ ਇਸ ਦੇ ਝੰਡੇ ਹੇਠ ਲਾਏ ਗਏ ਮੋਰਚਿਆਂ ’ਚ ਵਧ-ਚੜ੍ਹ ਕੇ ਹਿੱਸਾ ਲਿਆ ਸੀ ਅਤੇ ਕੁਰਬਾਨੀਆਂ ਦਿੱਤੀਆਂ ਸਨ ਅਤੇ ਜਿਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਪੰਥਕ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਸਿੱਖ ਧਰਮ ਅਤੇ ਸਿੱਖਾਂ ਦਾ ਮਾਣ-ਸਨਮਾਨ ਵਧਣ ’ਚ ਇਸ ਦੀ ਵਿਸ਼ੇਸ਼ ਭੂਮਿਕਾ ਹੋਵੇਗੀ, ਜਿਨ੍ਹਾਂ ਨੂੰ ਇਹ ਵਿਸ਼ਵਾਸ ਵੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤੀ ’ਚ ਗੁਰਦੁਆਰਿਆਂ ਦੀ ਮਰਿਆਦਾ, ਪ੍ਰੰਪਰਾ ਅਤੇ ਪਵਿੱਤਰਤਾ ਕਾਇਮ ਰਹੇਗੀ।

Bharat Thapa

This news is Content Editor Bharat Thapa