‘‘ਜੋ ਜਨਮਿਆਂ ਹੈ ਉਹ ਜਾਏਗਾ ਜ਼ਰੂਰ ਪਰ ਕਦੋਂ ਅਤੇ ਕਿਵੇਂ’’?

06/25/2020 3:45:09 AM

ਪ੍ਰੋ. ਪ੍ਰੇਮ ਕੁਮਾਰ ਧੂਮਲ

21 ਸਾਲ ਦੀ ਉਮਰ ਇਸ ਸੰਸਾਰ ਨੂੰ ਛੱਡ ਕੇ ਜਾਣ ਦੀ ਉਮਰ ਨਹੀਂ ਪਰ ਕਹਿੰਦੇ ਹਨ ਕਿ ਪ੍ਰਮਾਤਮਾ ਜਿਨ੍ਹਾਂ ਨੂੰ ਪਿਆਰ ਕਰਦੇ ਹਨ ਉਨ੍ਹਾਂ ਨੂੰ ਜਲਦੀ ਹੀ ਆਪਣੇ ਕੋਲ ਸੱਦ ਲੈਂਦੇ ਹਨ ਅਤੇ ਸੱਦਦੇ ਹਨ ਤਾਂ ਅਜਿਹੀ ਸ਼ਾਨੋ-ਸ਼ੌਕਤ ਦੇ ਨਾਲ, ਜਿਸ ਦੇ ਲਈ ਦੁਨੀਆ ਤਰਸਦੀ ਹੈ ਪਰ ਇਹ ਸਨਮਾਨ, ਸਰਵਉੱਚ ਬਲੀਦਾਨ ਦੇਣ ਵਾਲਿਅਾਂ ਨੂੰ ਹੀ ਪ੍ਰਾਪਤ ਹੋ ਸਕਦਾ ਹੈ। ਹਿਮਾਚਲ ਪ੍ਰਦੇਸ਼ ਦੇਵ ਭੂਮੀ ਵੀ ਹੈ ਅਤੇ ਵੀਰ ਭੂਮੀ ਵੀ। 15 ਜੂਨ ਦੀ ਰਾਤ ਨੂੰ ਗਲਵਾਨ ਘਾਟੀ ’ਚ ਚੀਨੀ ਫੌਜਾਂ ਦੇ ਨਾਲ ਝੜਪ ’ਚ ਜਿਹੜੇ ਵੀਰਾਂ ਨੇ ਸ਼ਹਾਦਤ ਪਾਈ ਉਨ੍ਹਾਂ ’ਚੋਂ ਸਭ ਤੋਂ ਘੱਟ ਉਮਰ ਦੇ ਹਿਮਾਚਲ ਪ੍ਰਦੇਸ਼, ਹਮੀਰਪੁਰ ਜ਼ਿਲਾ ਭੋਰੰਜ ਉਪ-ਮੰਡਲ ਦੇ ਊਨਾ-ਮੰਡੀ ਐਕਸਪ੍ਰੈੱਸ ਹਾਈਵੇ ’ਤੇ ਸਥਿਤ ਕੜੋਹਤਾ ਪਿੰਡ ਦੇ ਸਾਬਕਾ ਫੌਜੀ ਸ਼੍ਰੀ ਅਨਿਲ ਕੁਮਾਰ ਠਾਕੁਰ ਦੇ ਸਪੁੱਤਰ ਅਮਰ ਸ਼ਹੀਦ ਅੰਕੁਸ਼ ਠਾਕੁਰ ਵੀ ਸਨ।

ਦੇਸ਼ ਦੀ ਫੌਜ ’ਚ ਭਰਤੀ ਹੋ ਕੇ ਭਾਰਤ ਦੀ ਰੱਖਿਆ ਕਰਨ ਲਈ ਅੰਕੁਸ਼ ਦੇ ਪਰਿਵਾਰ ਦੀ ਇਹ ਚੌਥੀ ਪੀੜ੍ਹੀ ਹੈ। ਅੰਕੁਸ਼ ਦੇ ਪੜਦਾਦਾ, ਫਿਰ ਦਾਦਾ ਅਤੇ ਫਿਰ ਪਿਤਾ ਸ਼੍ਰੀ ਅਨਿਲ ਠਾਕੁਰ ਇਸ ਤੋਂ ਪਹਿਲਾਂ ਫੌਜ ’ਚ ਦੇਸ਼ ਨੂੰ ਆਪਣੀਅਾਂ ਸੇਵਾਵਾਂ ਦੇ ਚੁੱਕੇ ਹਨ। ਬੀ.ਐੱਸ. ਸੀ. ’ਚ ਪੜ੍ਹ ਰਹੇ ਅੰਕੁਸ਼ ਆਪਣੇ ਬਜ਼ੁਰਗਾਂ ਵਾਂਗ ਪੰਜਾਬ ਰੈਜੀਮੈਂਟ ’ਚ 2019 ’ਚ ਭਰਤੀ ਹੋਏ ਸੀ। ਕੁਝ ਮਹੀਨੇ ਪਹਿਲਾਂ ਹੀ ਉਸ ਦੀ ਰੰਗਰੂਟੀ ਦੀ ਮਿਆਦ ਖਤਮ ਹੋਈ ਅਤੇ ਪਾਸ ਹੋ ਕੇ ਕੁਝ ਦਿਨਾਂ ਲਈ ਘਰ ਵੀ ਆਇਆ ਸੀ। ਹੁਣ ਉਸ ਦੀ ਫਿਰ ਤੋਂ ਛੁੱਟੀ ਆਉਣ ਦੀ ਆਸ ਲੱਗੀ ਹੋਈ ਸੀ ਪਰ ਉਹ ਤਾਂ ਬਹੁਤ ਵੱਡਾ ਵੀਰਤਾ ਦਾ ਕਾਰਨਾਮਾ ਕਰਕੇ ਦੇਸ਼ ਲਈ ਸ਼ਹੀਦ ਹੋ ਗਿਆ।

ਸ਼੍ਰੀ ਅਨਿਲ ਠਾਕੁਰ ਦੇ ਅਨੁਸਾਰ ਉਹ ਸੇਵਾ ਦੇ ਦੌਰਾਨ ਵੀ ਪੜ੍ਹਾਈ ਜਾਰੀ ਰੱਖਣਾ ਚਾਹੁੰਦਾ ਸੀ ਅਤੇ ਉਹ ਕਿਤਾਬਾਂ ਵੀ ਨਾਲ ਲੈ ਗਿਆ ਸੀ। ਪਿਤਾ ਦੇ ਦਿਲ ’ਚ ਨੌਜਵਾਨ ਬੇਟੇ ਦੇ ਜਾਣ ਦਾ ਗਮ ਵੀ ਸੀ ਅਤੇ ਅੱਖਾਂ ’ਚ ਦੇਸ਼ ਲਈ ਬੇਟੇ ਦੀ ਕੁਰਬਾਨੀ ਦੇ ਮਾਣ ਦੀ ਚਮਕ ਵੀ ਸੀ। ਗੱਲਬਾਤ ’ਚ ਸਾਡੀ ਹਿੰਦੂ ਸੱਭਿਅਤਾ ਦੀ ਅਤੇ ਜੀਵਨ ਦਰਸ਼ਨ ਦੀ ਝਲਕ ਵੀ ਸਪਸ਼ਟ ਸੀ। ਉਹ ਬਹੁਤ ਹੌਸਲੇ ਨਾਲ ਕਹਿੰਦੇ ਹਨ ਕਿ ਜਦੋਂ ਦਸ ਸਾਲ ਤਕ ਉਨ੍ਹਾਂ ਦੇ ਬੱਚਾ ਨਾ ਹੋਇਆ ਤਾਂ ਉਨ੍ਹਾਂ ਨੇ ਇਸ ਨੂੰ ਬਾਬੇ ਤੋਂ ਮੰਗਿਆ। ਇਹ ਬਾਬੇ ਦਾ ਦਿੱਤਾ ਹੋਇਆ ਬੇਟਾ ਸੀ। ਆਪਣੇ ਥੋੜ੍ਹੇ ਜਿਹੇ ਜੀਵਨਕਾਲ ’ਚ ਅੰਕੁਸ਼ ਦੇਸ਼ ਲਈ ਸ਼ਹੀਦ ਹੋ ਗਿਆ ਅਤੇ ਪਰਿਵਾਰ ਕੁਲ, ਪ੍ਰਦੇਸ਼ ਅਤੇ ਦੇਸ਼ ਦਾ ਨਾਂ ਉੱਚਾ ਕਰ ਗਿਆ।

ਸ਼ਹੀਦ ਦੇ ਪਿਤਾ ਸ਼੍ਰੀ ਅਨਿਲ ਕੁਮਾਰ ਠਾਕੁਰ ਨਾਲ ਗੱਲ ਕਰਕੇ ਮੈਂ ਕਾਫੀ ਦੇਰ ਸੋਚਦਾ ਰਿਹਾ ਕਿ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਕੀ ਹੈ। ਮੈਨੂੰ ਲੱਗਾ ਕਿ ਸਾਡੀ ਸਭ ਤੋਂ ਵੱਡੀ ਸ਼ਕਤੀ ਹੈ ਸਾਡੇ ਦੇਸ਼ ਦੇ ਲੋਕਾਂ ਦੀ ਆਪਣੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਅਤੇ ਭਗਵਾਨ ’ਚ ਅਟੁੱਟ ਸ਼ਰਧਾ। ਸ਼੍ਰੀ ਅਨਿਲ ਜੀ ਨੂੰ ਇਸ ਗੱਲ ਦਾ ਮਾਣ ਹੈ ਕਿ ਚਾਰ ਪੀੜ੍ਹੀਅਾਂ ਤੋਂ ਜੋ ਦੇਸ਼ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਦੇ ਪਰਿਵਾਰ ਦੀ ਚੌਥੀ ਪੀੜ੍ਹੀ ਨੂੰ ਸ਼ਹਾਦਤ ਦਾ ਸਨਮਾਨ ਮਿਲਿਆ, ਦੇਸ਼ ਭਰ ’ਚ ਉਨ੍ਹਾਂ ਦਾ ਸਨਮਾਨ ਹੋਇਆ। ਉਨ੍ਹਾਂ ਦੀਅਾਂ ਗੱਲਾਂ ਤੋਂ ਜਾਪਿਅਾ ਕਿ ਉਨ੍ਹਾਂ ਦਾ ਯਕੀਨ ਹੈ ਕਿ ਉਨ੍ਹਾਂ ਨੇ ਅੰਕੁਸ਼ ਨੂੰ ਭਗਵਾਨ ਤੋਂ ਮੰਗਿਆ ਸੀ ਪਰ ਜਿੰਨੇ ਸਮੇਂ ਲਈ ਉਨ੍ਹਾਂ ਨੂੰ ਭਗਵਾਨ ਨੇ ਦਿੱਤਾ ਉਹ ਉਸ ਕੰਮ ਨੂੰ ਪੂਰਾ ਕਰ ਗਿਆ।

ਸ਼ਹੀਦ ਦੇ ਪਿਤਾ ਸ਼੍ਰੀ ਅਨਿਲ ਠਾਕੁਰ ਨੇ ਦੱਸਿਆ ਕਿ ਪੰਜਾਬ ਰੈਜੀਮੈਂਟ ਦੇ ਜੋ ਅਧਿਕਾਰੀ ਉਨ੍ਹਾਂ ਨਾਲ ਮਿਲਣ ਆਏ ਸਨ ਉਨ੍ਹਾਂ ਦੇ ਸਲੀਕੇ ਅਤੇ ਅੰਕੁਸ਼ ਪ੍ਰਤੀ ਦਿਖਾਏ ਗਏ ਉਨ੍ਹਾਂ ਦੇ ਪਿਆਰ ਅਤੇ ਸਨਮਾਨ ਤੋਂ ਉਹ ਪ੍ਰਭਾਵਿਤ ਸਨ ਅਤੇ ਉਨ੍ਹਾਂ ਦਾ ਆਚਰਣ ਬਹੁਤ ਹੀ ਪ੍ਰਸ਼ੰਸਾਯੋਗ ਸੀ। ਉੱਚ ਅਧਿਕਾਰੀਅਾਂ ਨੇ ਕਿਹਾ ਕਿ ਅੰਕੁਸ਼ ਉਨ੍ਹਾਂ ਦਾ ਵੀ ਬੱਚਾ ਸੀ। ਉਨ੍ਹਾਂ ਦਾ ਅਜਿਹਾ ਕਹਿਣਾ ਕਿ ਅੰਕੁਸ਼ ਦੇ ਪਿਤਾ ਲਈ ਬੜੇ ਮਾਣ ਅਤੇ ਪ੍ਰਸ਼ੰਸਾ ਦੀ ਗੱਲ ਸੀ।

1999 ’ਚ ਕਾਰਗਿਲ ਜੰਗ ਦੌਰਾਨ ਵੀ ਅਜਿਹੀਅਾਂ ਹੀ ਭਾਵਨਾਵਾਂ ਲੋਕਾਂ ਦੇ ਦਿਲਾਂ ’ਚ ਸਨ। ਕਈ ਸਾਬਕਾ ਫੌਜੀ ਜਿਨ੍ਹਾਂ ਦੇ ਬੇਟੇ ਸ਼ਹੀਦ ਹੋਏ ਸਨ, ਉਹ ਖੁਦ ਫੌਜ ’ਚ ਜਾ ਕੇ ਸਰਹੱਦ ’ਤੇ ਲੜਨ ਲਈ ਤਿਆਰ ਸਨ। ਸ਼੍ਰੀ ਅਨਿਲ ਠਾਕੁਰ ਨਾਲ ਮਿਲ ਕੇ ਵੀ ਲੱਗਾ ਕਿ ਸਾਡੇ ਲੋਕਾਂ ਦਾ ਇਹੀ ਜਜ਼ਬਾ ਅਤੇ ਦੇਸ਼ ਭਗਤੀ ਦੀ ਭਾਵਨਾ ਸਾਡੀ ਆਜ਼ਾਦੀ, ਏਕਤਾ ਅਤੇ ਅਖੰਡਤਾ ਦੀ ਸਭ ਤੋਂ ਵੱਡੀ ਗਾਰੰਟੀ ਹੈ।

ਸ਼ਾਇਦ ਇਸੇ ਲਈ ਕਿਹਾ ਗਿਆ ਹੈ ਕਿ : ‘ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਸਦੀਓਂ ਰਹਾ ਹੈ ਦੁਸ਼ਮਨ ਦੌਰ-ਏ-ਜਹਾਂ ਹਮਾਰਾ’’

Email -officeexcmhmr@gmail.com


Bharat Thapa

Content Editor

Related News