‘ਜ਼ਿੰਦਗੀ ਦੀ ਸ਼ਾਮ ’ਚ : ਬੇਰਹਿਮ ਔਲਾਦਾਂ ’ ‘ ਆਪਣੇ ਮਾਤਾ-ਪਿਤਾ ’ਤੇ ਕਰ ਰਹੀਆਂ ਜ਼ੁਲਮ’

06/17/2021 3:31:20 AM

ਇਕ ਸਮਾਂ ਸੀ ਜਦੋਂ ਔਲਾਦਾਂ ਮਾਂ ਦੇ ਪੈਰਾਂ ’ਚ ਸਵਰਗ ਅਤੇ ਪਿਤਾ ਦੇ ਚਿਹਰੇ ’ਚ ਭਗਵਾਨ ਦੇਖਦੀਆਂ ਸਨ ਅਤੇ ਉਨ੍ਹਾਂ ਦੇ ਹੁਕਮ ’ਤੇ ਸਾਰਾ ਕੁਝ ਵਾਰਨ ਲਈ ਤਿਆਰ ਰਹਿੰਦੀਆਂ ਸਨ ਪਰ ਅੱਜ ਕੁਝ ਮਾਤਾ-ਪਿਤਾ ਆਪਣੀਆਂ ਔਲਾਦਾਂ ਦੇ ਹੱਥੋਂ ਹੀ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਹਨ।

ਔਲਾਦਾਂ ਵੱਲੋਂ ਆਪਣੇ ਬਜ਼ੁਰਗਾਂ ਦੀ ਅਣਦੇਖੀ ਤੋਂ ਪਸੀਜੇ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੇ ‘ਪੰਜਾਬ ਕੇਸਰੀ’ ’ਚ ‘ਜੀਵਨ ਦੀ ਸੰਧਿਆ’ ਸਿਰਲੇਖ ਨਾਲ ਲਗਾਤਾਰ ਲੇਖ ਲਿਖ ਕੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਮੁੜ-ਵਸੇਬੇ ਦੇ ਲਈ ਬਿਰਧ ਆਸ਼ਰਮਾਂ ਦੀ ਉਸਾਰੀ ਦੀ ਲੋੜ ਬਾਰੇ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਦਾ ਧਿਆਨ ਦਿਵਾਇਆ ਸੀ।

ਵਰਨਣਯੋਗ ਹੈ ਕਿ ਵਿਆਹ ਦੇ ਬਾਅਦ ਕੁਝ ਔਲਾਦਾਂ ਦਾ ਇਕੋ-ਇਕ ਮਕਸਦ ਕਿਸੇ ਵੀ ਤਰ੍ਹਾਂ ਮਾਤਾ-ਪਿਤਾ ਦੀ ਜਾਇਦਾਦ ’ਤੇ ਕਬਜ਼ਾ ਕਰਨਾ ਹੀ ਰਹਿ ਜਾਂਦਾ ਹੈ ਅਤੇ ਅਜਿਹਾ ਕਰਨ ਦੇ ਬਾਅਦ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦੇਣ ਦੇ ਬਾਅਦ ਕੁਝ ਔਲਾਦਾਂ ਤਾਂ ਉਨ੍ਹਾਂ ਦੀ ਹੱਤਿਆ ਤੱਕ ਕਰ ਦਿੰਦੀਆਂ ਹਨ, ਜਿਸ ਦੀਆਂ ਸਿਰਫ ਇਕ ਮਹੀਨੇ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 16 ਮਈ ਨੂੰ ਔਰੈਯਾ ਜ਼ਿਲੇ ’ਚ ਇਕ ਪੁੱਤਰ ਨੇ ਆਪਣੇ ਬਜ਼ੁਰਗ ਪਿਤਾ ਰਮੇਸ਼ ਚੰਦਰ ਅਤੇ ਮਾਂ ਨਾਲ ਕੁੱਟ-ਮਾਰ ਕਰਨ ਦੇ ਬਾਅਦ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ। ਗਸ਼ਤ ’ਤੇ ਨਿਕਲੀ ਪੁਲਸ ਸੁਪਰਡੈਂਟ ਅਪਰਣਾ ਗੌਤਮ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਭਿਜਵਾਇਆ।

* 20 ਮਈ ਨੂੰ ਸੋਹਾਨਾ ਥਾਣੇ ਦੀ ਪੁਲਸ ਨੇ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਕੁੱਟ-ਮਾਰ ਕਰ ਕੇ ਘਰੋਂ ਕੱਢ ਦੇਣ ਅਤੇ ਦੁਬਾਰਾ ਘਰ ’ਚ ਦਾਖਲ ਹੋਣ ’ਤੇ ਜਾਨੋਂ ਮਾਰ ਦੇਣ ਦੀ ਧਮਕੀ ਦੇ ਦੋਸ਼ ’ਚ ਇਕ ਨੌਜਵਾਨ ਅਤੇ ਉਸ ਦੀ ਪਤਨੀ ਦੇ ਵਿਰੁੱਧ ਕੇਸ ਦਰਜ ਕੀਤਾ।

* 26 ਮਈ ਨੂੰ ਸੰਭਲ ਦੇ ‘ਢਵਾਰਸੀ’ ਪਿੰਡ ’ਚ ਇਕ ਨੌਜਵਾਨ ਆਪਣੀ ਬੁੱਢੀ ਮਾਂ ਨੂੰ ਬੱਸ ਅੱਡੇ ’ਤੇ ਲਾਵਾਰਿਸ ਛੱਡ ਕੇ ਖਿਸਕ ਗਿਆ।

* 26 ਮਈ ਨੂੰ ਪਾਨੀਪਤ ਜ਼ਿਲੇ ਦੇ ਵਿਕਾਸ ਨਗਰ ’ਚ ਜਾਇਦਾਦ ਦੇ ਲਾਲਚ ’ਚ ਇਕਲੌਤੇ ਬੇਟੇ ਤੇ ਉਸ ਦੀ ਪਤਨੀ ਵੱਲੋਂ ਆਪਣੀ 60 ਸਾਲਾ ਮਾਂ ਨੂੰ ਕੁੱਟਣ ਅਤੇ ਉਸ ਦੇ ਨਾਲ ਜਾਨਵਰਾਂ ਤੋਂ ਵੀ ਭੈੜਾ ਸਲੂਕ ਕਰਨ ਦਾ ਮਾਮਲਾ ਸਾਹਮਣੇ ਆਇਆ।

* 31 ਮਈ ਨੂੰ ਗਾਜ਼ੀਆਬਾਦ ’ਚ ਇਕਲੌਤੇ ਲੜਕੇ ਵੱਲੋਂ ਜਾਇਦਾਦ ਦੇ ਲਾਲਚ ’ਚ ਘਰੋਂ ਕੱਢੀ ਗਈ ਬਿਰਧ ਮਾਂ ਨੂੰ ਉਸ ਦੀ ਧੀ ਅਤੇ ਜਵਾਈ ਨੇ ਪਨਾਹ ਦਿੱਤੀ। ਬਿਰਧ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਲੜਕੇ ਦਾ ਵਤੀਰਾ ਠੀਕ ਸੀ ਪਰ ਨੂੰਹ ਦੇ ਆਉਂਦੇ ਹੀ ਬਦਲ ਗਿਆ।

* 1 ਜੂਨ ਨੂੰ ਜਲੰਧਰ ’ਚ ਆਪਣੀ ਨੂੰਹ ਤੋਂ ਪ੍ਰੇਸ਼ਾਨ ਹੋ ਕੇ ਇਕ 60 ਸਾਲਾ ਬਜ਼ੁਰਗ ਨੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਨੋਟ ’ਚ ਮ੍ਰਿਤਕ ਨੇ ਆਪਣੀ ਮੌਤ ਦੇ ਲਈ ਆਪਣੇ ਬੇਟੇ ਅਤੇ ਨੂੰਹ ਨੂੰ ਜ਼ਿੰਮੇਵਾਰ ਦੱਸਿਆ।

* 1 ਜੂਨ ਨੂੰ ਆਪਣੇ ਸੱਸ-ਸਹੁਰੇ ਨੂੰ ਕੁੱਟਣ, ਉਨ੍ਹਾਂ ’ਤੇ ਜ਼ੁਲਮ ਕਰਨ ਅਤੇ ਇਕ ਹਨੇਰੇ ਕਮਰੇ ’ਚ ਬੰਦ ਰੱਖਣ ਦੇ ਦੋਸ਼ ’ਚ ਹਿਮਾਚਲ ਦੇ ਧਰਮਪੁਰ ਸਬ ਡਵੀਜ਼ਨ ਦੇ ਪਿੰਡ ‘ਹਿਊਨ’ ’ਚ ਇਕ ਔਰਤ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ।

* 2 ਜੂਨ ਨੂੰ ਹਰਦੋਈ ਦੇ ‘ਟਡਿਯਾਵਾਂ’ ਪਿੰਡ ’ਚ ਬੇਟਿਆਂ -ਨੂੰਹਾਂ ਵੱਲੋਂ ਘਰੋਂ ਕੱਢੀ ਗਈ ਦਰ-ਦਰ ਭਟਕਦੀ ਬਜ਼ੁਰਗ ਨੂੰ ਪੁਲਸ ਨੇ ਦੋਬਾਰਾ ਉਸ ਦੇ ਘਰ ਪਹੁੰਚਾਇਆ।

* 6 ਜੂਨ ਨੂੰ ਕੁਰੂਕਸ਼ੇਤਰ ਜ਼ਿਲੇ ਦੇ ‘ਜੁਰਾਸੀ ਕਲਾਂ’ ਪਿੰਡ ’ਚ ਇਕ ਨੌਜਵਾਨ ਨੇ ਦਾਤਰੀ ਨਾਲ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ।

* 9 ਜੂਨ ਨੂੰ ਬਾਂਬੇ ਹਾਈ ਕੋਰਟ ਨੇ ਆਪਣੇ ਪਿਤਾ ਨਾਲ ਘਟੀਆ ਸਲੂਕ ਕਰਨ ਵਾਲੇ ਬੇਟੇ ਨੂੰ ਚਾਰ ਹਫਤਿਆਂ ਦੇ ਅੰਦਰ ਉਸ ਦਾ ਮਕਾਨ ਖਾਲੀ ਕਰ ਕੇ ਚਲੇ ਜਾਣ ਦਾ ਹੁਕਮ ਸੁਣਾਇਆ।

* 13 ਜੂਨ ਨੂੰ ਗਾਜ਼ੀਆਬਾਦ ਦੇ ‘ਬਲਰਾਮ ਨਗਰ’ ’ਚ ਜੱਦੀ ਜਾਇਦਾਦ ’ਚ ਹਿੱਸੇਦਾਰੀ ਤੋਂ ਨਾਂਹ ਕਰਨ ’ਤੇ ਇਕ ਵਿਅਕਤੀ ਨੇ ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਗਲਾ ਘੁੱਟ ਕੇ ਹੱਤਿਆ ਕਰਨ ਦੇ ਬਾਅਦ ਘਟਨਾ ਨੂੰ ਲੁੱਟ ਦਾ ਰੂਪ ਦੇਣ ਲਈ ਘਰ ’ਚ ਭੰਨਤੋੜ ਕਰ ਦਿੱਤੀ।

* 14 ਜੂਨ ਨੂੰ ਨੂੰਹ ਦੇ ਨਾਲ ਵਿਵਾਦ ਦੇ ਕਾਰਨ ਹਿਸਾਰ ਅਦਾਲਤ ਕੰਪਲੈਕਸ ’ਚ ਜ਼ਹਿਰੀਲਾ ਪਦਾਰਥ ਨਿਗਲ ਕੇ ਇਕ ਬਜ਼ੁਰਗ ਜੋੜੇ ਵੱਲੋਂ ਖੁਦਕੁਸ਼ੀ ਕਰ ਲੈਣ ਦੇ ਮਾਮਲੇ ’ਚ ਪੁਲਸ ਨੇ ਮ੍ਰਿਤਕਾਂ ਦੀ ਨੂੰਹ ਅਤੇ ਉਸ ਦੇ ਮਾਤਾ-ਪਿਤਾ ਦੇ ਵਿਰੁੱਧ ਕੇਸ ਦਰਜ ਕੀਤਾ।

ਔਲਾਦਾਂ ਵੱਲੋਂ ਆਪਣੇ ਬਜ਼ੁਰਗਾਂ ਨਾਲ ਬਦਸਲੂਕੀ ਦੀਆਂ ਇਹ ਤਾਂ ਉਦਾਹਰਣ ਮਾਤਰ ਹਨ। ਇਕ ਐੱਨ.ਜੀ.ਓ. ਵੱਲੋਂ ਕਰਵਾਏ ਗਏ ਨਵੇਂ ਸਰਵੇ ’ਚ ਕਿਹਾ ਗਿਆ ਹੈ ਕਿ ਕੋਰੋਨਾ ਕਾਲ ’ਚ ਆਪਣੇ ਬਜ਼ੁਰਗਾਂ ਦੇ ਨਾਲ ਔਲਾਦਾਂ ਦਾ ਅਣਦੇਖੀ ਕਰਨ ਵਾਲਾ ਸਲੂਕ ਹੋਰ ਵੀ ਵੱਧ ਗਿਆ।

ਇਸ ਲਈ ਅਸੀਂ ਆਪਣੇ ਲੇਖਾਂ ’ਚ ਵਾਰ-ਵਾਰ ਲਿਖਦੇ ਰਹਿੰਦੇ ਹਾਂ ਕਿ ਮਾਤਾ-ਪਿਤਾ ਆਪਣੀ ਜਾਇਦਾਦ ਦੀ ਵਸੀਅਤ ਤਾਂ ਆਪਣੇ ਬੱਚਿਆਂ ਦੇ ਨਾਂ ਕਰ ਦੇਣ ਪਰ ਉਨ੍ਹਾਂ ਦੇ ਨਾਂ ’ਤੇ ਟਰਾਂਸਫਰ ਨਾ ਕਰਨ। ਅਜਿਹਾ ਕਰ ਕੇ ਉਹ ਆਪਣੀ ਜ਼ਿੰਦਗੀ ਦੀ ਸ਼ਾਮ ’ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਨ ਪਰ ਉਹ ਇਹ ਭੁੱਲ ਕਰ ਬੈਠਦੇ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਆਪਣੀ ਬਾਕੀ ਜ਼ਿੰਦਗੀ ’ਚ ਭੁਗਤਣਾ ਪੈਂਦਾ ਹੈ।

ਔਲਾਦਾਂ ਵੱਲੋਂ ਆਪਣੇ ਬਜ਼ੁਰਗਾਂ ਦੀ ਅਣਦੇਖੀ ਨੂੰ ਰੋਕਣ ਲਈ ਹਿਮਾਚਲ ਸਰਕਾਰ ਨੇ 2002 ’ਚ ‘ਬਿਰਧ ਮਾਤਾ-ਪਿਤਾ ਅਤੇ ਆਸ਼ਰਿਤ ਪਾਲਣ-ਪੋਸ਼ਨ ਕਾਨੂੰਨ’ ਬਣਾਇਆ ਸੀ।

ਬਾਅਦ ’ਚ ਕੇਂਦਰ ਸਰਕਾਰ ਤੇ ਕੁਝ ਹੋਰ ਸੂਬਾ ਸਰਕਾਰਾਂ ਨੇ ਵੀ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਹਨ ਪਰ ਬਜ਼ੁਰਗਾਂ ਨੂੰ ਉਨ੍ਹਾਂ ਦੀ ਜਾਣਕਾਰੀ ਨਾ ਹੋਣ ਦੇ ਕਾਰਨ ਇਨ੍ਹਾਂ ਦਾ ਲਾਭ ਉਨ੍ਹਾਂ ਨੂੰ ਨਹੀਂ ਮਿਲ ਰਿਹਾ। ਇਸ ਲਈ ਇਨ੍ਹਾਂ ਕਾਨੂੰਨਾਂ ਦੇ ਬਾਰੇ ’ਚ ਬਜ਼ੁਰਗਾਂ ਨੂੰ ਜਾਣਕਾਰੀ ਮੁਹੱਈਆ ਕਰਨ ਦੇ ਲਈ ਇਨ੍ਹਾਂ ਦਾ ਢੁੱਕਵਾਂ ਪ੍ਰਚਾਰ ਕਰਨ ਦੀ ਤੁਰੰਤ ਲੋੜ ਹੈ।

-ਵਿਜੇ ਕੁਮਾਰ


Bharat Thapa

Content Editor

Related News