‘ਅਰਥਵਿਵਸਥਾ ’ਚ ਸੁਧਾਰ ਦਿਖਾਈ ਦੇਣ ਲੱਗਾ’

02/28/2021 5:51:28 AM

ਡਾ. ਜਯੰਤੀਲਾਲ ਭੰਡਾਰੀ

ਹਾਲ ਹੀ ’ਚ 26 ਫਰਵਰੀ ਨੂੰ ਰਾਸ਼ਟਰੀ ਅੰਕੜਾ ਦਫਤਰ ਵੱਲੋਂ ਜਾਰੀ ਕੀਤੇ ਗਏ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਅੰਕੜਿਆਂ ਦੇ ਅਨੁਸਾਰ ਚਾਲੂ ਵਿੱਤੀ ਸਾਲ 2020-21 ਦੀ ਤੀਸਰੀ ਤਿਮਾਹੀ (ਅਕਤੂਬਰ-ਦਸੰਬਰ 2020) ’ਚ ਵਿਕਾਸ ਦਰ ’ਚ 0.4 ਫੀਸਦੀ ਦਾ ਵਾਧਾ ਹੋਇਆ ਹੈ। ਦੇਸ਼ ’ਚ ਵਿਕਾਸ ਦਰ ਪਹਿਲੀ ਤਿਮਾਹੀ ’ਚ ਮਾਈਨਸ 24.4 ਫੀਸਦੀ ਅਤੇ ਦੂਜੀ ਤਿਮਾਹੀ ’ਚ ਮਾਈਨਸ 7.3 ਫੀਸਦੀ ਰਹੀ ਸੀ। ਅਜਿਹੇ ’ਚ ਹੁਣ ਭਾਰਤ ਦੁਨੀਆ ਦੀਆਂ 10 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ’ਚ ਚੀਨ ਦੇ ਬਾਅਦ ਦੂਸਰਾ ਦੇਸ਼ ਬਣ ਗਿਆ ਹੈ, ਜਿੱਥੇ ਵਿਕਾਸ ਦਰ ਹਾਂਪੱਖੀ ਹੋ ਗਈ ਹੈ।

ਬਿਨਾਂ ਸ਼ੱਕ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ’ਚ ਲਾਕਡਾਊਨ ਦੇ ਕਾਰਨ ਤੇਜ਼ ਗਿਰਾਵਟ ਅਤੇ ਫਿਰ ਦੂਜੀ ਤਿਮਾਹੀ ’ਚ ਸੰਕੇਤ ਦੇ ਬਾਅਦ ਵਿਕਾਸ ਦਰ ਵਧਣ ਦਾ ਅੰਕੜਾ ਤੇਜ਼ ਸੁਧਾਰ ਦਾ ਸੂਚਕ ਹੈ। ਇਸ ਸੁਧਾਰ ’ਚ ਅਹਿਮ ਭੂਮਿਕਾ ਖੇਤੀਬਾੜੀ, ਨਿਰਮਾਣ, ਮੈਨੂਫੈਕਚਰਿੰਗ ਸੈਕਟਰਾਂ ਦੀ ਰਹੀ ਹੈ। ਹਾਲਾਂਕਿ ਚਾਲੂ ਵਿੱਤੀ ਸਾਲ ’ਚ ਜੀ. ਡੀ. ਪੀ. ’ਚ 8 ਫੀਸਦੀ ਗਿਰਾਵਟ ਆਉਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਪਹਿਲਾਂ 7.7 ਫੀਸਦੀ ਗਿਰਾਵਟ ਦਾ ਅੰਦਾਜ਼ਾ ਲਗਾਇਆ ਗਿਆ ਸੀ।

ਿਜੱਥੇ ਚਾਲੂ ਵਿੱਤੀ ਵਰ੍ਹੇ ਦੀ ਤੀਸਰੀ ਤਿਮਾਹੀ ਦੇ ਜੀ. ਡੀ. ਪੀ. ਅੰਕੜੇ ਹਾਂਪੱਖੀ ਸੁਧਾਰ ਦਰਸਾਉਂਦੇ ਹਨ, ਉੱਥੇ ਹਾਲ ਹੀ ’ਚ ਚਾਲੂ ਵਿੱਤੀ ਵਰ੍ਹੇ ਦੀ ਤੀਸਰੀ ਤਿਮਾਹੀ ਦੇ ਕੰਪਨੀਆਂ ਦੇ ਕਾਰੋਬਾਰੀ ਨਤੀਜੇ ਵੀ ਕਾਰੋਬਾਰ ’ਚ ਸੁਧਾਰ ਦਾ ਸਪੱਸ਼ਟ ਸੰਕੇਤ ਦੇ ਰਹੇ ਹਨ। ਇਨ੍ਹਾਂ ਨਤੀਜਿਆਂ ਦੇ ਅਨੁਸਾਰ ਘੱਟ ਲਾਗਤ ਅਤੇ ਵਿਕਰੀ ’ਚ ਸੁਧਾਰ ਨਾਲ ਮੁਨਾਫਾ ਵਧਿਆ ਹੈ।

ਖਪਤ ਅਾਧਾਰਿਤ ਖੇਤਰਾਂ ’ਚ ਵਾਹਨ ਦੇ ਨਾਲ-ਨਾਲ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਅਤੇ ਟਿਕਾਊ ਵਰਤੋਂ ਵਾਲੀਆਂ ਵਸਤਾਂ ਦੀ ਵਿਕਰੀ ਵਧੀ ਹੈ। ਬੁਨਿਆਦੀ ਖੇਤਰਾਂ ’ਚ ਕਾਰੋਬਾਰੀ ਆਕਾਰ ਵਧਿਆ ਹੈ ਅਤੇ ਲੋਹਾ, ਗੈਰ-ਲੋਹ ਧਾਤੂਆਂ, ਸੀਮੈਂਟ ’ਚ ਸੁਧਾਰ ਦਰਜ ਹੋਇਆ ਹੈ। ਬਿਜਲੀ ਉਤਪਾਦਨ, ਭਵਨ ਨਿਰਮਾਣ ਅਤੇ ਲਾਜਿਸਟਿਕ ਦੇ ਨਾਲ-ਨਾਲ ਖੋਦਾਈ ਖੇਤਰ ਦੀ ਕਾਰਗੁਜ਼ਾਰੀ ਵੀ ਚੰਗੀ ਰਹੀ ਹੈ। ਬਰਾਮਦ ਦੇ ਮੋਰਚੇ ’ਤੇ ਦਵਾਈਆਂ ਅਤੇ ਸੂਚਨਾ ਤਕਨਾਲੋਜੀ ਖੇਤਰ ਦੀਆਂ ਕੰਪਨੀਆਂ ਦੇ ਨਾਲ-ਨਾਲ ਕੱਪੜਿਆਂ ਦੀ ਬਰਾਮਦ ਵੀ ਵਧੀ ਹੈ।

ਇੱਥੇ ਇਹ ਵੀ ਵਰਨਣਯੋਗ ਹੈ ਕਿ 25 ਫਰਵਰੀ ਨੂੰ ਵਿਸ਼ਵ ਪੱਧਰੀ ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਨੇ ਅਗਲੇ ਵਿੱਤੀ ਸਾਲ 2021-22 ਲਈ ਭਾਰਤ ਦੇ ਆਰਥਿਕ ਵਾਧੇ ਦਾ ਅਨੁਮਾਨ ਪਹਿਲਾਂ ਅਨੁਮਾਨਿਤ ਕੀਤੇ ਗਏ 10.8 ਫੀਸਦੀ ਤੋਂ ਵਧਾ ਕੇ 13.7 ਫੀਸਦੀ ਕਰ ਦਿੱਤਾ ਹੈ। ਆਰਥਿਕ ਸਰਗਰਮੀਆਂ ਦੇ ਆਮ ਹੋਣ ਅਤੇ ਕੋਵਿਡ-19 ਦਾ ਟੀਕਾ ਬਾਜ਼ਾਰ ’ਚ ਆਉਣ ਦੇ ਬਾਅਦ ਭਾਰਤੀ ਬਾਜ਼ਾਰ ’ਚ ਵਧਦੇ ਭਰੋਸੇ ਨੂੰ ਦੇਖਦੇ ਹੋਏ ਇਹ ਨਵਾਂ ਅਨੁਮਾਨ ਲਗਾਇਆ ਗਿਆ ਹੈ। ਇਸ ਰੇਟਿੰਗ ਏਜੰਸੀ ਨੇ ਇਸ ਦੇ ਨਾਲ ਹੀ ਚਾਲੂ ਵਿੱਤੀ ਵਰ੍ਹੇ ਦੌਰਾਨ ਭਾਰਤੀ ਅਰਥਵਿਵਸਥਾ ’ਚ ਆਉਣ ਵਾਲੀ ਗਿਰਾਵਟ ਦੇ ਅਨੁਮਾਨ ਨੂੰ ਵੀ ਆਪਣੇ ਪਹਿਲਾਂ ਦੇ 10.6 ਫੀਸਦੀ ’ਚ ਸੁਧਾਰ ਲਿਆਉਂਦੇ ਹੋਏ ਇਸ ਨੂੰ 7 ਫੀਸਦੀ ਕਰ ਦਿੱਤਾ ਹੈ।

ਬਿਨਾਂ ਸ਼ੱਕ ਸਾਲ 2021 ਦੀ ਸ਼ੁਰੂਆਤ ਤੋਂ ਹੀ ਅਰਥਵਿਵਸਥਾ ’ਚ ਸੁਧਾਰ ਦਿਖਾਈ ਦੇ ਰਿਹਾ ਹੈ ਪਰ ਅਰਥਵਿਵਸਥਾ ਨੂੰ ਤੇਜ਼ੀ ਨਾਲ ਗਤੀਸ਼ੀਲ ਕਰਨ ਅਤੇ ਆਉਣ ਵਾਲੇ ਵਿੱਤੀ ਸਾਲ 2021-22 ’ਚ ਭਾਰਤ ਨੂੰ ਦੁਨੀਆ ਤੋਂ ਤੇਜ਼ ਵਿਕਾਸ ਦਰ ਵਾਲਾ ਦੇਸ਼ ਬਣਾਉਣ ਦੀਆਂ ਵਿਸ਼ਵ ਪੱਧਰੀ ਆਰਥਿਕ ਰਿਪੋਰਟਾਂ ਨੂੰ ਸਾਕਾਰ ਕਰਨ ਲਈ ਕਈ ਗੱਲਾਂ ’ਤੇ ਧਿਆਨ ਦੇਣਾ ਹੋਵੇਗਾ। ਦੇਸ਼ ’ਚ ਜੀ. ਡੀ. ਪੀ. ਦੀ ਸਥਿਤੀ ਸੁਧਰੀ ਹੈ ਪਰ ਪਰਿਵਾਰਾਂ ਦੀ ਖਰਚ ਸਬੰਧੀ ਧਾਰਨਾ ਵਧੀਆ ਨਹੀਂ ਹੋਈ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦਾ ਖਪਤਕਾਰ ਭਰੋਸਾ ਸਰਵੇ ਅਜਿਹਾ ਰੁਝਾਨ ਦਿਖਾ ਰਿਹਾ ਹੈ, ਨਹੀਂ ਤਾਂ ਖਪਤਕਾਰਾਂ ਦੇ ਖਰਚ ਦੀ ਧਾਰਨਾ ਨੂੰ ਹਾਂਪੱਖੀ ਕਰ ਕੇ ਖਰਚ ਦੀ ਪ੍ਰਵਿਰਤੀ ਵਧਾਉਣਾ ਜ਼ਰੂਰੀ ਹੈ। ਭਾਰਤ ਦੀ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਜ਼ਰੂਰੀ ਹੈ ਕਿ ਇਸ ਦੇ ਵਿਸ਼ਾਲ ਖਪਤਕਾਰ ਬਾਜ਼ਾਰ ’ਚ ਬੁਨਿਆਦੀ ਲੋੜਾਂ ਲਈ ਵੱਧ ਖਰਚ ਕਰਨ ਦੀ ਰੀਝ ਪੈਦਾ ਕੀਤੀ ਜਾਵੇ।

ਵਿੱਤ ਮੰਤਰੀ ਨੇ ਜਿੱਥੇ ਐੱਮ. ਐੱਸ. ਐੱਮ. ਈ. ਨੂੰ ਬੜਾ ਪ੍ਰਭਾਵੀ ਬਜਟ ਦਿੱਤਾ ਹੈ, ਉੱਥੇ ਸੈਰ-ਸਪਾਟਾ ਉਦਯੋਗ, ਹੋਟਲ ਉਦਯੋਗ ਸਮੇਤ ਜੋ ਵੱਖ-ਵੱਖ ਉਦਯੋਗ-ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਉਨ੍ਹਾਂ ਨੂੰ ਵੀ ਮੁੜ-ਜੀਵਤ ਕਰਨ ਲਈ ਨਵੇਂ ਬਜਟ ’ਚ ਵੱਡੀ ਧਨਰਾਸ਼ੀ ਰੱਖੀ ਗਈ ਹੈ।

ਸਰਕਾਰ ਨੇ ਅਜਿਹੇ ਨਵੇਂ ਉੱਦਮਾਂ ਅਤੇ ਖੇਤੀਬਾੜੀ ਬਾਜ਼ਾਰਾਂ ਨੂੰ ਉਤਸ਼ਾਹਿਤ ਕੀਤਾ ਹੈ ਜਿਨ੍ਹਾਂ ’ਚ ਖੇਤੀਬਾੜੀ ਉਤਪਾਦਾਂ ਨੂੰ ਲਾਭਦਾਇਕ ਕੀਮਤ ਦਿਵਾਉਣ ’ਚ ਮਦਦ ਕਰਨ ਦੇ ਨਾਲ ਖਪਤਕਾਰਾਂ ਨੂੰ ਇਹ ਉਤਪਾਦ ਢੁੱਕਵੀਂ ਕੀਮਤ ’ਤੇ ਪਹੁੰਚਾਉਣ ’ਚ ਮਦਦ ਹੋ ਸਕੇ। ਅਸੀਂ ਆਸ ਕਰੀਏ ਕਿ ਸਰਕਾਰ ਮੰਦੀ ’ਚੋਂ ਬਾਹਰ ਨਿਕਲੀ ਦੇਸ਼ ਦੀ ਅਰਥਵਿਵਸਥਾ ਦੀ ਰਫਤਾਰ ਤੇ ਵਿਕਾਸ ਦਰ ਵਧਾਉਣ ਲਈ ਇਕ ਪਾਸੇ ਆਮ ਆਦਮੀ ਦੀ ਖਰਚ ਸ਼ਕਤੀ ਵਧਾਉਣ ਦੇ ਯਤਨ ਕਰੇਗੀ, ਉਧਰ ਦੂਸਰੇ ਪਾਸੇ ਦੇਸ਼ ਦੇ ਉਦਯੋਗ-ਕਾਰੋਬਾਰ ਨੂੰ ਰਫਤਾਰ ਦੇਣ ਲਈ ਹਰ ਸੰਭਵ ਯਤਨ ਕਰੇਗੀ।


Bharat Thapa

Content Editor

Related News