ਨਿਤਿਸ਼ ਨੇ ਜਿੰਨੇ ਪ੍ਰਬੰਧ ਕੀਤੇ, ਮੈਂ ਵੀ ਓਨੇ ਨਹੀਂ ਕਰ ਸਕਦਾ : ਬਾਦਲ

01/06/2017 12:04:53 PM

ਪਟਨਾ (ਜੁਗਿੰਦਰ ਸੰਧੂ, ਕੁਲਦੀਪ ਬੇਦੀ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਦੌਰਾਨ ਗਾਂਧੀ ਮੈਦਾਨ ''ਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਪਟਨਾ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਜਨਮ ਦਿਹਾੜੇ ਸੰਬੰਧੀ ਕੀਤੇ ਗਏ ਪ੍ਰਬੰਧਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ ਹਨ ਅਤੇ ਬਿਹਾਰ ਸਰਕਾਰ ਦੇ ਰਿਣੀ ਹਨ। ਉਨ੍ਹਾਂ ਕਿਹਾ ਕਿ ਨਿਤਿਸ਼ ਦੀ ਜਗ੍ਹਾ ''ਤੇ ਜੇ ਮੈਂ ਹੁੰਦਾ ਤਾਂ ਸ਼ਾਇਦ ਇੰਨੇ ਪ੍ਰਬੰਧ ਨਾ ਕਰ ਸਕਦਾ। ਮੁੱਖ ਮੰਤਰੀ ਬਾਦਲ ਨੇ ਮੋਦੀ ਸਰਕਾਰ ਦੀ ਸਵੱਛਤਾ ਮੁਹਿੰਮ ਦੀ ਗੱਲ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ 300 ਸਾਲ ਪਹਿਲਾਂ ''ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤੁ'' ਦਾ ਉਚਾਰਨ ਕਰਕੇ ਪੌਣ-ਪਾਣੀ ਨੂੰ ਸਵੱਛ ਰੱਖਣ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਦੇਸ਼ ਲਈ ਕੁਰਬਾਨੀਆਂ ਦੀ ਲੋੜ ਪਈ ਤਾਂ ਵਧ ਕੁਰਬਾਨੀਆਂ ਸਿੱਖਾਂ ਅਤੇ ਪੰਜਾਬੀਆਂ ਨੇ ਦਿੱਤੀਆਂ। ਦੇਸ਼ ਅੰਦਰ ਐਮਰਜੈਂਸੀ ਲੱਗੀ ਤਾਂ ਇਸ ਦੇ ਵਿਰੁੱਧ ਦੇਸ਼ ''ਚ ਸਿਰਫ ਪੰਜਾਬੀ ਹੀ ਖੜ੍ਹੇ ਹੋਏ। ਸ਼੍ਰੋਮਣੀ ਅਕਾਲੀ ਦਲ ਨੇ ਇਸ ਐਮਰਜੈਂਸੀ ਵਿਰੁੱਧ ਮੋਰਚਾ ਲਾਇਆ ਅਤੇ 18 ਮਹੀਨੇ ਲੜਾਈ ਲੜੀ। ਨਿਤਿਸ਼ ਕੁਮਾਰ ਦੀ ਪ੍ਰਸ਼ੰਸਾ ਕਰਦਿਆਂ ਮੁੱਖ ਮੰਤਰੀ ਬਾਦਲ ਨੇ ਇਹ ਵੀ ਕਿਹਾ ਕਿ ਜਦੋਂ ਨਿਤਿਸ਼ ਕੁਮਾਰ ਖਾਲਸੇ ਦੀ ਤੀਜੀ ਜਨਮ ਸ਼ਤਾਬਦੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਤਾਂ ਉਹ ਇਕ ਮੀਲ ਨੰਗੇ ਪੈਰੀਂ ਤੁਰ ਕੇ ਗਏ। ਉਨ੍ਹਾਂ ਦੀ ਗੁਰੂ ਸਾਹਿਬ ਪ੍ਰਤੀ ਅਟੁੱਟ ਸ਼ਰਧਾ ਨੂੰ ਦੇਖ ਕੇ ਉਦੋਂ ਵੀ ਉਹ ਨਿਹਾਲ ਹੋਏ ਸਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਉਨ੍ਹਾਂ ਵਲੋਂ ਮਿਲੇ ਸਨੇਹ ਪ੍ਰਤੀ ਹਮੇਸ਼ਾ ਰਿਣੀ ਰਹੇਗੀ। 
 

Babita Marhas

This news is News Editor Babita Marhas