ਸਿਵਲ ਹਸਪਤਾਲ ਬਠਿੰਡਾ ’ਚ ਦੂਜੇ ਦਿਨ ਵੀ ਹੰਗਾਮਾ ; ਮਹਿਲਾ ਕਾਂਸਟੇਬਲ ਸਾਥੀ ਦੀ ਪਤਨੀ ਨਾਲ ਉਲਝੀ

07/28/2022 10:41:14 AM

ਬਠਿੰਡਾ(ਸੁਖਵਿੰਦਰ) : ਸਿਵਲ ਹਸਪਤਾਲ ਬਠਿੰਡਾ ਵਿਚ ਬੁੱਧਵਾਰ ਨੂੰ ਫਿਰ ਤੋਂ ਹਾਈ ਵੋਲਟੇਜ਼ ਡਰਾਮਾ ਹੋਇਆ। ਪਿਛਲੇ ਦਿਨੀਂ ਕਈ ਵਾਰ ਸੁਰਖੀਆਂ ’ਚ ਰਹੀ ਪੰਜਾਬ ਪੁਲਸ ਦੀ ਮਹਿਲਾ ਕਾਂਸਟੇਬਲ ਨੇ ਬੀਤੇ ਦਿਨ ਆਪਣੇ ਸਾਥੀ ਨਾਲ ਮਿਲ ਕੇ ਫਿਨਾਇਲ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਦਕਿ ਮਹਿਲਾ ਪੁਲਸ ਕਾਂਸਟੇਬਲ ਬੁੱਧਵਾਰ ਨੂੰ ਆਪਣੇ ਸਾਥੀ ਦੀ ਪਤਨੀ ਨਾਲ ਉਲਝ ਗਈ। ਦੋਵਾਂ ਵਿਚਾਲੇ ਜ਼ਬਰਦਸਤ ਹੱਥੋਪਾਈ ਅਤੇ ਲੜਾਈ ਹੋਈ ਅਤੇ ਦੋਵਾਂ ਨੇ ਇਕ-ਦੂਜੇ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ 3 ਭਗੌੜੇ ਮੁਲਾਜ਼ਮ ਊਨਾ ਤੋਂ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਬਾਅਦ ਵਿਚ ਪੁਲਸ ਦੀ ਮੌਜੂਦਗੀ ਵਿਚ ਮਹਿਲਾ ਪੁਲਸ ਮੁਲਾਜ਼ਮਾਂ ਨੇ ਇਕ ਵਾਰ ਫਿਰ ਜ਼ਹਿਰੀਲੀ ਵਸਤੂ ਨਿਗਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਸ ਨੇ ਮਹਿਲਾ ਪੁਲਸ ਮੁਲਾਜ਼ਮ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਮਹਿਲਾ ਪੁਲਸ ਅਧਿਕਾਰੀ ਅਤੇ ਉਸ ਦੇ ਸਾਥੀ ਨੇ ਹਸਪਤਾਲ ’ਚ ਹੰਗਾਮਾ ਕੀਤਾ ਸੀ ਅਤੇ ਡਾਕਟਰਾਂ ਅਤੇ ਸਟਾਫ਼ ਨਾਲ ਬਦਸਲੂਕੀ ਕੀਤੀ ਸੀ। ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਸ ਨੇ ਉਕਤ ਮਹਿਲਾ ਪੁਲਸ ਮੁਲਾਜ਼ਮ ਅਮਨਦੀਪ ਕੌਰ ਵਾਸੀ ਚੱਕਾ ਫਤਿਹ ਸਿੰਘ ਵਾਲਾ ਅਤੇ ਬਲਵਿੰਦਰ ਸਿੰਘ ਵਾਸੀ ਬਠਿੰਡਾ ਖ਼ਿਲਾਫ਼ ਸਰਕਾਰੀ ਨੌਕਰੀ ਵਿਚ ਰੁਕਾਵਟ ਪਾਉਣ ਅਤੇ ਡਾਕਟਰਾਂ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਪੁਲਸ ਅਜੇ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਹੀ ਕਰ ਰਹੀ ਸੀ ਕਿ ਬੁੱਧਵਾਰ ਨੂੰ ਬਲਵਿੰਦਰ ਸਿੰਘ ਦੀ ਪਤਨੀ ਹਸਪਤਾਲ ਪਹੁੰਚ ਗਈ।

ਇਹ ਵੀ ਪੜ੍ਹੋ- ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪੁਲਸ ਰਿਮਾਂਡ ਵਧਿਆ, ਪੁੱਛਗਿੱਛ ਦੌਰਾਨ ਹੋਣਗੇ ਅਹਿਮ ਖ਼ੁਲਾਸੇ

ਇਸ ਦੌਰਾਨ ਉਨ੍ਹਾਂ ਦੀ ਮਹਿਲਾ ਪੁਲਸ ਮੁਲਾਜ਼ਮ ਨਾਲ ਹੱਥੋਪਾਈ ਹੋ ਗਈ, ਜਿਸ ਕਾਰਨ ਕਾਫ਼ੀ ਹੰਗਾਮਾ ਹੋਇਆ। ਬਾਅਦ ਵਿਚ ਪੁਲਸ ਮੁਲਾਜ਼ਮਾਂ ਨੇ ਦਖ਼ਲ ਦੇ ਕੇ ਅਮਨਦੀਪ ਕੌਰ ਅਤੇ ਬਲਵਿੰਦਰ ਸਿੰਘ ਨੂੰ ਕਾਬੂ ਕਰ ਲਿਆ। ਜ਼ਿਕਰਯੋਗ ਹੈ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਅਤੇ ਉਸ ਦੇ ਸਾਥੀ ਬਲਵਿੰਦਰ ਸਿੰਘ ਨੇ ਬੀਤੇ ਦਿਨ ਆਪਣੀ ਹੀ ਪੁਲਸ ਦੀ ਕਾਰਵਾਈ ਤੋਂ ਅਸੰਤੁਸ਼ਟ ਹੋ ਕੇ ਜ਼ਹਿਰੀਲੀ ਵਸਤੂ ਪੀ ਲਈ ਸੀ। ਐਮਰਜੈਂਸੀ ਅਫ਼ਸਰ ਅਤੇ ਪੀ. ਸੀ. ਐੱਮ. ਐੱਸ. ਯੂਨੀਅਨ ਦੇ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਇਸ ਤਰ੍ਹਾਂ ਦਾ ਹੰਗਾਮਾ ਅਕਸਰ ਹੁੰਦਾ ਰਹਿੰਦਾ ਹੈ, ਜਿਸ ਕਾਰਨ ਡਾਕਟਰਾਂ ਅਤੇ ਹੋਰ ਸਟਾਫ਼ ਦੀ ਸੁਰੱਖਿਆ ਖ਼ਤਰੇ ਵਿਚ ਰਹਿੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਦੰਗਿਆਂ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Simran Bhutto

Content Editor

Related News