ਕੇਸਰੀ ਝੰਡੇ ਝੁਲਾਉਣ ਦਾ ਪ੍ਰੋਗਰਾਮ ਕੁਝ ਜਥੇਬੰਦੀਆਂ ਦਾ ਨਿੱਜੀ, ਅਸੀਂ 10 ਨੂੰ ਵਿਚਾਰਾਂਗੇ: ਪ੍ਰਧਾਨ ਸ਼੍ਰੋਮਣੀ ਕਮੇਟੀ

08/08/2022 10:41:15 AM

ਤਲਵੰਡੀ ਸਾਬੋ (ਮੁਨੀਸ਼) : ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ 13 ਤੋਂ 15 ਅਗਸਤ ਤਕ ਕੇਂਦਰ ਸਰਕਾਰ ਵੱਲੋਂ ‘ਹਰ ਘਰ ਤਿਰੰਗਾ’ ਮੁਹਿੰਮ ਦੇ ਉਲਟ ਸੂਬੇ ਦੀਆਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਸੰਗਤਾਂ ਨੂੰ ਤਿਰੰਗੇ ਦੀ ਥਾਂ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦੀ ਕੀਤੀ ਅਪੀਲ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਫ਼ੈਸਲਾ ਕੁਝ ਜਥੇਬੰਦੀਆਂ ਦਾ ਨਿੱਜੀ ਫ਼ੈਸਲਾ ਹੈ।

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਕ ਧਾਰਮਿਕ ਸਮਾਗਮ ’ਚ ਸ਼ਿਰਕਤ ਕਰਨ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਜਦੋਂ ਪੁੱਛਿਆ ਗਿਆ ਕਿ ਦਲ ਖ਼ਾਲਸਾ ਨੇ ਤਾਂ ਇੱਥੋਂ ਤਕ ਅਪੀਲ ਕੀਤੀ ਹੈ ਕਿ ਘਰਾਂ ਦੀਆਂ ਛੱਤਾਂ ’ਤੇ ਝੁਲਾਉਣ ਲਈ ਲਾਏ ਜਾਣ ਵਾਲੇ ਕੇਸਰੀ ਨਿਸ਼ਾਨ ਸਾਹਿਬ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਲੱਬਧ ਕਰਵਾਵੇ ਤਾਂ ਸਵਾਲ ਦਾ ਸਪੱਸ਼ਟ ਜਵਾਬ ਦੇਣ ਦੀ ਥਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ 10 ਅਗਸਤ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਇਕੱਤਰਤਾ ਹੋ ਰਹੀ ਹੈ। ਅਜਿਹੇ ਸਾਰੇ ਮਸਲੇ ਉਸ ਮੀਟਿੰਗ ਵਿਚ ਵਿਚਾਰ ਕੇ ਹੀ ਕੋਈ ਫ਼ੈਸਲਾ ਲਵਾਂਗੇ।


Harnek Seechewal

Content Editor

Related News