ਘਰ ਵੜੇ ਲੁਟੇਰਿਆਂ ਦੀ ਭਿਣਕ ਲੱਗਣ ''ਤੇ ਜਾਗੇ ਬਜ਼ੁਰਗ ਪਤੀ-ਪਤਨੀ, ਰੋਕਣ ''ਤੇ ਲੋਹੇ ਦੀਆਂ ਰਾਡਾਂ ਨਾਲ ਕੀਤੀ ਹਮਲਾ

09/27/2022 11:26:38 AM

ਤਲਵੰਡੀ ਸਾਬੋ (ਮੁਨੀਸ਼) : ਦੋ ਸਕੇ ਫੌਜੀ ਭਰਾਵਾਂ ਦੇ ਘਰ ਬੀਤੀ ਅੱਧੀ ਰਾਤ ਨੂੰ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਉਨ੍ਹਾਂ ਦੇ ਮਾਤਾ-ਪਿਤਾ ਦੀ ਗੰਭੀਰ ਰੂਪ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਲੋਹੇ ਦੀਆਂ ਰਾਡਾਂ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ , ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਜ਼ਖ਼ਮੀ ਅਮਰੀਕ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਬੁਢਲਾਡਾ ’ਚ ਵੱਡੀ ਵਾਰਦਾਤ, ਘਰ ’ਚ ਸੁੱਤੇ ਪਏ ਕਬੱਡੀ ਖਿਡਾਰੀ ਦਾ ਬੇਰਹਿਮੀ ਨਾਲ ਕਤਲ

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਵਾਸੀ ਅਮਰੀਕ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਦੋ ਲੜਕੇ ਬਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਹਨ, ਜੋ ਭਾਰਤੀ ਫੌਜ ਵਿਖੇ ਆਪਣੀ ਡਿਊਟੀ ਦੇ ਰਹੇ ਹਨ, ਜਿਸ ਕਰਕੇ ਘਰ ਵਿੱਚ ਉਨ੍ਹਾਂ ਦਾ ਪਿਤਾ ਅਮਰੀਕ ਸਿੰਘ ਅਤੇ ਮਾਤਾ ਮਲਕੀਤ ਕੌਰ ਰਹਿੰਦੇ ਹਨ। ਬੀਤੀ ਰਾਤ ਜਦ ਅਮਰੀਕ ਸਿੰਘ ਤੇ ਉਸਦੀ ਪਤਨੀ ਮਲਕੀਤ ਕੌਰ ਕਮਰੇ ਵਿੱਚ ਸੁੱਤੇ ਪਏ ਸੀ ਤਾਂ ਰਾਤ ਤਕਰੀਬਨ ਇਕ ਵਜੇ ਤਿੰਨ ਨਕਾਬਪੋਸ਼ ਲੁਟੇਰੇ ਘਰ ਵਿੱਚ ਦਾਖ਼ਲ ਹੋ ਗਏ। ਅਚਾਨਕ ਮਲਕੀਤ ਕੌਰ ਦੀ ਅੱਖ ਖੁੱਲਣ੍ਹ ’ਤੇ ਉਸ ਨੇ ਦੇਖਿਆ ਕਿ ਲੁਟੇਰੇ ਪੇਟੀਆਂ ਦੀ ਫਰੋਲਾ ਫਰਾਲੀ ਕਰ ਰਹੇ ਸਨ ਤੇ ਉਨ੍ਹਾਂ ਮਲਕੀਤ ਕੌਰ ’ਤੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਉਸਦਾ ਪਤੀ ਅਮਰੀਕ ਸਿੰਘ ਬੈੱਡ ਤੋਂ ਉੱਠਣ ਲੱਗਾ ਤਾਂ ਉਸ ਦੇ ਸਿਰਹਾਣੇ ਖੜ੍ਹੇ ਇਕ ਲੁਟੇਰੇ ਨੇ ਉਸ ਉਪਰ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਰੌਲਾ ਪੈਣ ਕਾਰਨ ਲੁਟੇਰੇ ਭੱਜ ਗਏ ਤੇ ਅਮਰੀਕ ਸਿੰਘ ਦਾ ਭਰਾ ਮਿੱਠੂ ਸਿੰਘ ਆਪਣੇ ਘਰੋਂ ਆ ਗਿਆ, ਜਿਸ ਨੇ ਉਨ੍ਹਾਂ ਨੂੰ ਇਲਾਜ ਲਈ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ। ਸੂਚਨਾ ਮਿਲਣ ’ਤੇ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਜਾਂਚ ਅਧਿਕਾਰੀ ਏ.ਐੱਸ.ਆਈ. ਲਛਮਣ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto