ਕ੍ਰਿਸ਼ਨਾ ਕਾਲਜ ਰੱਲੀ ਵਿਖੇ ਨੁੱਕੜ ਨਾਟਕ ਦਾ ਆਯੋਜਨ

03/23/2018 2:52:10 PM

ਬੁਢਲਾਡਾ (ਮਨਜੀਤ) — ਕ੍ਰਿਸ਼ਨਾ ਕਾਲਜ ਰੱਲੀ ਵਿਖੇ ਜਲ ਦਿਵਸ ਨੂੰ ਸਮਰਪਤੀ ਨੁੱਕੜ ਨਾਟਕ 'ਵਾਹ ਨੀ ਧਰਤ ਸੁਹਾਵੀਏ, ਤੈਨੂੰ ਚੜ੍ਹਿਆ ਰੂਪ ਕੇਹਾ' 'ਲੀਜ਼ਡ ਆਰਟ ਗਰੁੱਪ' ਵਲੋਂ ਖੇਡਿਆ ਗਿਆ, ਜਿਸ 'ਚ ਨਾਟਕ ਮੰਡਲੀ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਵਿਚਲਾ ਪ੍ਰਦੂਸ਼ਣ ਦੀਆਂ ਕਿਸਮਾਂ ਤੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਇਸ ਨਾਟਕ 'ਚ ਜਲ ਪ੍ਰਦੂਸ਼ਣ, ਧੁਨੀ ਪ੍ਰਦੂਸ਼ਣ, ਮਿਟੀ ਪ੍ਰਦੂਸ਼ਣ, ਹਵਾ ਪ੍ਰਦੂਸ਼ਣ ਆਦਿ ਵਰਗੇ ਵਿਸ਼ਿਆਂ ਨੂੰ ਨੁੱਕੜ ਨਾਟਕ ਰਾਹੀਂ ਪੇਸ਼ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਾਲਜ ਐੱਮ. ਡੀ. ਕਮਲ ਸਿੰਗਲਾ ਤੇ ਮੈਨੇਜਮੈਂਟ ਕਮੇਟੀ ਮੈਂਬਰ, ਸ. ਸੁਖਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਵਾਤਾਵਰਣ ਵਿਚਲੇ ਪ੍ਰਦੂਸ਼ਣ ਕਰਕੇ ਮਨੁੱਖ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਲੋੜ ਹੈ ਅਧਿਆਪਕ ਤੇ ਵਿਦਿਆਰਥੀ ਆਪਣੇ ਆਲੇ-ਦੁਆਲੇ ਫੈਲ ਰਹੇ ਪ੍ਰਦੂਸ਼ਣ ਦੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ। ਇਸ ਮੌਕੇ ਕਾਲਜ ਇੰਚਾਰਜ ਗੁਰਪ੍ਰੀਤ ਸਿੰਘ ਮੱਲ੍ਹੀ ਨੇ ਨਾਟਕ ਮੰਡਲੀ ਨੂੰ ਜੀ ਆਇਆ ਕਿਹਾ ਤੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ 'ਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਨੁੱਕੜ ਨਾਟਕ ਦੇਖਿਆ।