ਮਾਨਸਾ ’ਚ FCI ਅਧਿਕਾਰੀਆਂ ਦਾ ਗੋਰਖਧੰਦਾ, ਪੈਸੇ ਲੈ ਕੇ ਚੌਲ ਡੰਪ ਕਰਨ ਲਈ ਦੇ ਰਹੇ ਨੇ ਜਗ੍ਹਾ

04/14/2021 3:13:29 PM

ਮਾਨਸਾ (ਅਮਰਜੀਤ ਚਾਹਲ)-ਮਾਨਸਾ ’ਚ ਸੈਲਰ ਮਾਲਕਾਂ ਨੂੰ ਚੌਲ ਡੰਪ ਕਰਨ ਲਈ ਜਗ੍ਹਾ ਦੀ ਜਾਣਬੁੱਝ ਕੇ ਘਾਟ ਪੈਦਾ ਕਰ ਕੇ ਐੱਫ. ਸੀ. ਆਈ. ਅਧਿਕਾਰੀ ਰਿਸ਼ਵਤ ਦਾ ਵੱਡਾ ਰੈਕੇਟ ਚਲਾ ਰਹੇ ਹਨ । ਇਸ ਸਬੰਧੀ ਕੁਝ ਮਿੱਲ ਮਾਲਕਾਂ ਨੇ ਵੱਡੇ ਭ੍ਰਿਸ਼ਟਾਚਾਰ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਐੱਫ. ਸੀ. ਆਈ. ਦੇ ਅਧਿਕਾਰੀ ਮਿੱਲ ਮਾਲਕਾਂ ਤੋਂ 10 ਹਜ਼ਾਰ ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਇਸ ਗੱਲ ਦੇ ਲੈ ਰਹੇ ਹਨ ਕਿ ਉਨ੍ਹਾਂ ਨੂੰ ਚੌਲ ਡੰਪ ਕਰਨ ਲਈ ਜਗ੍ਹਾ ਪਹਿਲ ਦੇ ਆਧਾਰ ’ਤੇ ਦਿੱਤੀ ਜਾਵੇਗੀ। ਇਸ ਗੋਰਖਧੰਦੇ ’ਚ ਲੱਖਾਂ ਰੁਪਏ ਅਧਿਕਾਰੀ ਗੋਲ-ਮੋਲ ਕਰ ਰਹੇ ਹਨ। ਇਸ ਸਬੰਧੀ ਜਦੋਂ ਐੱਫ. ਸੀ. ਆਈ. ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਅਜਿਹਾ ਧੰਦਾ ਹੋ ਰਿਹਾ ਹੈ ਤੇ ਉਹ ਦੋਸ਼ੀਆਂ ’ਤੇ ਕਾਨੂੰਨੀ ਕਾਰਵਾਈ ਕਰਵਾਉਣਗੇ।

ਐੱਫ. ਸੀ. ਆਈ. ਦੇ ਦਫਤਰ ’ਚ ਕੁਝ ਮਿੱਲ ਮਾਲਕਾਂ ਨੇ ਅੱਜ ਹੰਗਾਮਾ ਕਰਦਿਆਂ ਕਿਹਾ ਕਿ ਵਿਭਾਗ ਨੇ ਏ. ਐੱਮ. ਕਾਨੂੰਨ ਬਣਾਇਆ ਸੀ ਕਿ ਇਕ ਸੈਲਰ ਦੀ ਇਕ ਗੱਡੀ ਗੋਦਾਮ ’ਚ ਡੰਪ ਹੋਵੇਗੀ ਪਰ ਰਿਸ਼ਵਤ ਦਾ ਅਜਿਹਾ ਜਾਲ ਬੁਣਿਆ ਕਿ ਜਗ੍ਹਾ ਮੁੱਲ ਵਿਕਣ ਲੱਗੀ ਹੈ। ਜਿਸ ਮਿੱਲ ਮਾਲਕ ਨੇ ਐੱਫ. ਸੀ. ਆਈ. ਦੇ ਅਧਿਕਾਰੀਆਂ ਨੂੰ ਜ਼ਿਆਦਾ ਰਕਮ ਦੇ ਦਿੱਤੀ, ਉਸ ਨੂੰ ਕਾਫੀ ਜਗ੍ਹਾ ਮੁਹੱਈਆ ਕਰਵਾਈ ਗਈ, ਜਦਕਿ ਜਿਨ੍ਹਾਂ ਪੈਸੇ ਨਹੀਂ ਦਿੱਤੇ, ਉਨ੍ਹਾਂ ਨੂੰ ਚੌਲ ਲਾਉਣ ਲਈ ਕੋਈ ਜਗ੍ਹਾ ਨਹੀਂ ਦਿੱਤੀ। ਇਸ ਮਾਮਲੇ ’ਤੇ ਸੈਲਰ ਮਾਲਕ ਰਾਜੇਸ਼ ਕੁਮਾਰ ਬਿੱਟੂ ਨੇ ਦੱਸਿਆ ਕਿ ਐੱਫ. ਸੀ. ਆਈ. ਦੇ ਕੁਝ ਕਰਮਚਾਰੀ ਰਿਸ਼ਵਤ ਲੈ ਰਹੇ ਹਨ ਤੇ ਉਹ ਮਿੱਲ ਮਾਲਕਾਂ ਨੂੰ ਜਗ੍ਹਾ ਪੈਸੇ ਦੇ ਬਦਲੇ ਦੇ ਰਹੇ ਹਨ, ਜਦਕਿ ਚੌਲ ਸਰਕਾਰ ਦੇ ਹਨ ਅਤੇ ਉਸ ਨੂੰ ਡੰਪ ਕਰਵਾਉਣਾ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ ਪਰ ਮਾਨਸਾ ’ਚ ਇਕ ਵੱਡੇ ਰਿਸ਼ਵਤ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਇਸ ਦੀ ਜਾਂਚ ਕੀਤੀ ਜਾਵੇ ਤਾਂ ਇਕ ਵੱਡਾ ਘਪਲਾ ਸਾਹਮਣੇ ਆਵੇਗਾ ।

ਐੱਫ. ਸੀ. ਆਈ. ਦੇ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਕਿਸੇ ਤੋਂ ਪੈਸਾ ਲੈਣ ਦੀ ਗੱਲ ਤਾਂ ਦੱਬੀ ਆਵਾਜ਼ ’ਚ ਗੋਲ-ਮੋਲ ਕਰ ਰਹੇ ਹਨ ਪਰ ਉਹ ਇਹ ਜ਼ਰੂਰ ਕਹਿ ਰਹੇ ਹਨ ਕਿ ਕਿਸੇ ਤੋਂ ਅਣਜਾਣੇ ’ਚ ਗਲਤੀ ਹੋ ਸਕਦੀ ਹੈ। ਇਸ ਸਬੰਧੀ ਸਥਾਨਕ ਡਿਪੂ ਮੈਨੇਜਰ ਪ੍ਰੇਮ ਸਿੰਘ ਨੇ ਦੱਸਿਆ ਕਿ ਮਿੱਲ ਮਾਲਕਾਂ ਨੇ ਜੋ ਦੋਸ਼ ਲਾਏ ਹਨ, ਉਹ ਸਹੀ ਹਨ ਤੇ ਉਹ ਦੋਸ਼ੀ ਕਰਮਚਾਰੀਆਂ ਖ਼ਿਲਾਫ਼ ਲਿਖ ਕੇ ਉੱਚ ਅਧਿਕਾਰੀਆਂ ਨੂੰ ਭੇਜਣਗੇ ਤੇ ਉਨ੍ਹਾਂ ’ਤੇ ਕਾਰਵਾਈ ਵੀ ਜ਼ਰੂਰ ਕਰਵਾਉਣਗੇ।

Anuradha

This news is Content Editor Anuradha