ਕਿਸਾਨ ਅੰਦੋਲਨ ਬਣਿਆ ਦੇਸ਼ ਅਤੇ ਦੁਨੀਆ ਲਈ ਰਾਹ ਦਸੇਰਾ: ਕਿਸਾਨ ਆਗੂ

05/04/2021 5:39:03 PM

ਬੁਢਲਾਡਾ (ਬਾਂਸਲ): ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਦੇ ਕਾਲੇ ਕਾਨੂੰਨਾਂ ਵਿਰੋਧ ਵਿੱਚ ਧਰਨੇ ਦੇ 215 ਵੇਂ ਦਿਨ ਵੀ ਅੰਦੋਲਨਕਾਰੀ ਕਿਸਾਨ ਡਟੇ ਰਹੇ ਅਤੇ ਪਿੰਡ ਆਲਮਪੁਰ ਮੰਦਰਾਂ ਦੇ ਕਿਸਾਨ ਯੋਧੇ ਅਮਰੀਕ ਸਿੰਘ ਮੰਦਰਾਂ ਨੇ ਦਿੱਲੀ ਮੋਰਚੇ ਤੋਂ ਪਰਤ ਇਸ ਰਿਲਾਇੰਸ ਪੰਪ 'ਤੇ ਲਾਏ ਮੋਰਚੇ ਦੀ ਕਮਾਨ ਸੰਭਾਲ ਲਈ ਹੈ ਅਤੇ ਤੰਬੂ ’ਚ ਬੈਠ ਗਿਆ ਹੈ। 

 ਅੱਜ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਬਲਦੇਵ ਸਿੰਘ ਪਿੱਪਲੀਆਂ , ਸਰੂਪ ਸਿੰਘ ਗੁਰਨੇ ਕਲਾਂ , ਗੁਰਦਰਸ਼ਨ ਸਿੰਘ ਰੱਲੀ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ ਦਲਿਓ, ਬਲਦੇਵ ਸਿੰਘ ਗੁਰਨੇ ਕਲਾਂ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਦੇਵ ਦਾਸ ਬੋੜਾਵਾਲ ਅਤੇ ਹਰਿੰਦਰ ਸਿੰਘ ਸੋਢੀ ਨੇ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅੱਜ ਦੇਸ਼ ਅਤੇ ਦੁਨੀਆ ਵਿੱਚ ਹਿੰਦੋਸਤਾਨ ਦਾ ਕਿਸਾਨ ਅੰਦੋਲਨ ਰਾਹ ਦਸੇਰਾ ਬਣਿਆ ਹੋਇਆ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਕਿਰਤੀ - ਕਿਸਾਨਾਂ ਦੀ ਮੰਦਹਾਲੀ ਲਈ ਸਾਮਰਾਜ ਵਲੋਂ ਸੇਧਤ ਨਵ-ਉਦਾਰਵਾਦੀ ਨੀਤੀਆਂ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹਨ।

ਇਸੇ ਕਰਕੇ ਕਿਸਾਨ ਅੰਦੋਲਨ ਨੂੰ ਇਨ੍ਹਾਂ ਲੋਕ ਮਾਰੂ ਨੀਤੀਆਂ ਵਿਰੁੱਧ ਪ੍ਰਗਟਾਵੇ ਦੇ ਰੂਪ ਦੇਖਿਆ ਜਾ ਰਿਹਾ ਹੈ। ਆਗੂਆਂ ਨੇ ਆਪਣੀਆਂ ਤਕਰੀਰਾਂ ਵਿੱਚ ਦੋਸ਼ ਲਾਇਆ ਕਿ ਸਮੇਂ-ਸਮੇਂ 'ਤੇ ਰਹੇ ਭਾਰਤੀ ਹਾਕਮ ਸਾਮਰਾਜੀ ਅਤੇ ਉਨ੍ਹਾਂ ਦੀਆਂ ਪੱਖੀ ਸੰਸਥਾਵਾਂ ਦੇ ਇਸ਼ਾਰਿਆਂ 'ਤੇ ਦੇਸ਼ ਅਤੇ ਦੇਸ਼ ਦੀ ਜਨਤਾ ਦਾ ਘਾਣ ਕਰਦੇ ਰਹੇ ਹਨ। ਕਿਸਾਨ ਆਗੂਆਂ ਨੇ ਮੋਦੀ ਸਰਕਾਰ ਦੇ ਆਤਮ ਨਿਰਭਰਤਾ ਦੇ ਨਾਅਰੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜਲ, ਜੰਗਲ ਅਤੇ ਜ਼ਮੀਨ ਸਾਮਰਾਜੀ ਬਘਿਆੜਾਂ ਨੂੰ ਸੌਪ ਕੇ ਦੇਸ਼ਵਾਸੀਆਂ ਨੂੰ ਆਤਮਘਾਤ ਕਰਨ ਲਈ ਮਜਬੂਰ ਕਰਨ ਦੇ ਰਾਹ ਤੁਰੇ ਹੋਏ ਹਨ ਜੋ ਕਿ ਦੇਸ਼ ਨੂੰ ਮੁੜ ਗੁਲਾਮੀ ਵੱਲ ਧਕੇਲਣ ਦੀ ਡੂੰਘੀ ਸਾਜਿਸ਼ ਹੈ।ਕਿਸਾਨ ਆਗੂਆਂ ਨੇ ਪੰਜਾਬ ਅਤੇ ਦੇਸ਼ ਵਿੱਚ ਕਰੌਨਾ ਮਹਾਮਾਰੀ ਦੀ ਦਹਿਸ਼ਤ ਥੱਲੇ ਦੁਕਾਨਦਾਰਾਂ-ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਆਰਥਿਕ ਪੱਖੋਂ ਬਰਬਾਦ ਕਰਨ ਦੀ ਸਖ਼ਤ ਨਿੰਦਾ ਕੀਤੀ ਅਤੇ ਜ਼ੋਰਦਾਰ ਮੰਗ ਕੀਤੀ ਕਿ ਸਿੱਖਿਆ ਅਤੇ ਸਿਹਤ ਦਾ ਕੌਮੀਕਰਨ ਕੀਤਾ ਜਾਵੇ ਅਤੇ ਇਨ੍ਹਾਂ ਦੋਵੇਂ ਸੇਵਾਵਾਂ 'ਤੇ ਜੀ.ਡੀ.ਪੀ. ਦਾ 25 ਫੀਸਦੀ ਹਿੱਸਾ ਖਰਚ ਕੀਤਾ ਜਾਵੇ।


Shyna

Content Editor

Related News