ਡੇਰਾ ਮਹੰਤ ਨੂੰ ਬੰਧਕ ਬਣਾ ਕੇ ਢਾਈ ਲੱਖ ਤੋਂ ਵੱਧ ਦੀ ਨਕਦੀ, ਬੰਦੂਕ ਤੇ ਹੋਰ ਸਾਮਾਨ ਲੁੱਟਿਆ

01/24/2021 3:17:34 PM

ਬੁਢਲਾਡਾ (ਮਨਜੀਤ): ਪਿੰਡ ਬੀਰੋਕੇ ਕਲਾਂ ਦੇ ਇਕ ਡੇਰੇ ਦੇ ਸਾਧੂ ਨੂੰ ਸ਼ਨੀਵਾਰ ਦੀ ਰਾਤ ਲੁਟੇਰਿਆਂ ਨੇ ਬੰਧਕ ਬਣਾ ਕੇ ਇਕ ਬੰਦੂਕ, 22 ਕਾਰਤੂਸ, ਢਾਈ ਲੱਖ ਰੁਪਏ ਦੀ ਨਕਦੀ ਅਤੇ ਛਾਪਾਂ ਲੁੱਟ ਲਈਆਂ ਹਨ। ਲੁਟੇਰਿਆਂ ਨੇ ਸਾਧੂ ਦੀ ਕੁੱਟਮਾਰ ਵੀ ਕੀਤੀ ਅਤੇ ਬਾਅਦ ’ਚ ਫਰਾਰ ਹੋ ਗਏ। ਇਹ ਘਟਨਾ ਸ਼ਨੀਵਾਰ ਦੀ ਰਾਤ ਕਰੀਬ ਡੇਢ ਵਜੇ ਵਾਪਰੀ। ਥਾਣਾ ਸਦਰ ਬੁਢਲਾਡਾ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਸਾਧੂ ਤੋਂ ਪੁੱਛਗਿਛ ਕੀਤੀ।

ਪੁਲਸ ਨੂੰ ਪਿੰਡ ਬੀਰੋਕੇ ਕਲਾਂ ਦੇ ਡੇਰਾ ਬਾਬਾ ਅਲਖ ਰਾਮ ਦੇ ਗੱਦੀਨਸ਼ੀਨ ਮਹੰਤ ਬਾਬਾ ਬਾਲਕ ਨਾਥ ਨੇ ਦੱਸਿਆ ਕਿ ਰਾਤ ਵੇਲੇ ਡੇਰੇ ’ਚ ਕੁੱਝ ਵਿਅਕਤੀ ਆਏ ਅਤੇ ਉਨ੍ਹਾਂ ਨੂੰ ਲੱਗਿਆ ਕਿ ਕੋਈ ਡੇਰੇ ’ਚ ਮੱਥਾ ਟੇਕਣ ਆਇਆ ਹੈ। ਜਿਨ੍ਹਾਂ ਨੂੰ ਉਨ੍ਹਾਂ ਨੇ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਲੁਟੇਰਿਆਂ ਨੇ ਉਨ੍ਹਾਂ ਨੂੰ ਕੁੱਟਮਾਰ ਕਰਕੇ ਬੰਧਕ ਬਣਾ ਲਿਆ ਤੇ ਬਾਅਦ ’ਚ ਡੇਰੇ ’ਚ ਪਈ ਚੜਾਵੇ ਦੀ ਰਾਸ਼ੀ ਢਾਈ ਲੱਖ ਰੁਪਏ, 12 ਬੋਰ ਦੀ ਬੰਦੂਕ, 22 ਕਾਰਤੂਸ, ਇਕ ਸੋਨੇ ਦੀ ਅਤੇ 2 ਚਾਂਦੀ ਦੀਆਂ ਛਾਪਾਂ ਲੁੱਟ ਕੇ ਫ਼ਰਾਰ ਹੋ ਗਏ। ਮੌਕੇ ’ਤੇ ਪੁੱਜੇ ਐੱਸ.ਪੀ. ਹੈੱਡਕੁਆਰਟਰ ਸਤਮਾਨ ਸਿੰਘ, ਡੀ.ਐੱਸ.ਪੀ. ਪ੍ਰਭਜੋਤ ਕੌਰ ਨੇ ਦੱਸਿਆ ਕਿ ਸਥਿਤੀ ਜਾ ਜਾਇਜ਼ਾ ਲੈ ਕੇ ਸਾਧੂ ਦੇ ਬਿਆਨ ਦਰਜ ਕਰਕੇ ਪੁਲਸ ਆਪਣੀ ਕਾਰਵਾਈ ਕਰ ਰਹੀ ਹੈ। ਇਸ ਮੌਕੇ ਥਾਣਾ ਸਦਰ ਦੇ ਮੁਖੀ ਜਸਪਾਲ ਸਿੰਘ, ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਗੀਤੂ, ਸਰਪੰਚ ਗੁਰਵਿੰਦਰ ਸਿੰਘ ਤੋਂ ਇਲਾਵਾ ਪਿੰਡ ਦੇ ਲੋਕ ਮੌਜੂਦ ਸਨ।


Shyna

Content Editor

Related News