ਮਾਨਸਾ ਅਦਾਲਤ 'ਚ ਪੇਸ਼ ਨਹੀਂ ਹੋਏ ਮੁੱਖ ਮੰਤਰੀ ਮਾਨ, ਵਧ ਸਕਦੀਆਂ ਨੇ ਮੁਸ਼ਕਿਲਾਂ, ਜਾਣੋ ਪੂਰਾ ਮਾਮਲਾ

07/22/2022 12:06:57 PM

ਮਾਨਸਾ : ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਕੀਤੇ ਗਏ ਮਾਣਹਾਨੀ ਦੇ ਕੇਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਬੀਤੇ ਦਿਨ ਮੁੱਖ ਮੰਤਰੀ ਮਾਨ ਦੀ ਮਾਨਸਾ ਦੀ ਅਦਾਲਤ 'ਚ ਪੇਸ਼ੀ ਸੀ ਪਰ ਮੁੱਖ ਮੰਤਰੀ ਪੇਸ਼ੀ ਭੁਗਤਣ ਨਹੀਂ ਗਏ। ਹੁਣ ਅਦਾਲਤ ਨੇ ਉਨ੍ਹਾਂ ਨੂੰ 20 ਸਤੰਬਰ ਨੂੰ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਹੈ। ਦੱਸ ਦੇਈਏ ਕਿ ਇਹ ਕੇਸ ਵਿਧਾਇਕ ਨਾਜ਼ਰ ਸਿੰਘ ਵੱਲੋਂ 2019 'ਚ ਦਰਜ ਕਰਵਾਇਆ ਗਿਆ ਸੀ। ਉਸ ਵੇਲੇ ਉਹ ਮਾਨਸਾ ਤੋਂ ਵਿਧਾਇਕ ਸਨ ਅਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ 'ਆਪ' ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਮੁੱਖ ਮੰਤਰੀ ਮਾਨ ਵੱਲੋਂ ਵਿਧਾਇਕ ਨਾਜ਼ਰ 'ਤੇ ਦੋਸ਼ ਲਾਏ ਗਏ ਸਨ ਕਿ ਉਨ੍ਹਾਂ ਨੇ 10 ਕਰੋੜ ਰੁਪਏ ਅਤੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਦਾ ਅਹੁਦਾ ਲੈ ਕੇ ਪਾਰਟੀ ਬਦਲੀ ਕੀਤੀ ਹੈ। 

ਇਹ ਵੀ ਪੜ੍ਹੋ- ਗੋਰਾਇਆ: ਭੈਣਾਂ ਨੇ ਸਿਰ 'ਤੇ ਸਿਹਰਾ ਸਜਾ ਫੁੱਟਬਾਲ ਖਿਡਾਰੀ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਮਚਿਆ ਚੀਕ-ਚਿਹਾੜਾ

ਜਾਣਕਾਰੀ ਮੁਤਾਬਕ ਮਾਨਸਾ ਅਦਾਲਤ ਨੇ ਇਸ ਸਾਲ 20 ਅ੍ਰਪੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ 21 ਜੁਲਾਈ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ ਪਰ ਮਾਨ ਬੀਤੀ 21 ਜੁਲਾਈ ਨੂੰ ਆਪਣੀ ਪੇਸ਼ੀ ਭੁਗਤਣ ਨਹੀਂ ਪਹੁੰਚੇ। ਜਿਸ ਤੋਂ ਬਾਅਦ ਅਦਾਲਤ ਨੇ ਮਾਨ ਨੂੰ 20 ਸਤੰਬਰ ਨੂੰ ਪੇਸ਼ ਹੋਣ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਵਿਧਾਇਕ ਨਾਜ਼ਰ ਨੇ ਕਿਹਾ ਕਿ ਜੇਕਰ ਮਾਨ ਅਗਲੀ ਪੇਸ਼ੀ 'ਤੇ ਵੀ ਨਹੀਂ ਆਉਂਦੇ ਤਾਂ ਉਨ੍ਹਾਂ ਵੱਲੋਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਜਾਵੇਗੀ। ਵਿਧਾਇਕ ਦੇ ਵਕੀਲ ਨੇ ਦੱਸਿਆ ਕਿ ਮਾਨ ਨੂੰ ਸੰਮਨ ਜਾਰੀ ਹੋ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਕੋਈ ਵੀ ਵਕੀਲ ਹਾਜ਼ਰ ਨਹੀਂ ਹੋਇਆ ਅਤੇ ਨਾ ਹੀ ਮਾਨ ਨੇ ਅਦਾਲਤ 'ਚ ਪੇਸ਼ੀ ਭੁਗਤੀ ਹੈ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Simran Bhutto

Content Editor

Related News