ਕੇਂਦਰ ਵੱਲੋਂ ਖੇਤੀ ਸੈਕਟਰ ਨੂੰ ਇੰਡਸਟਰੀ ਅਤੇ ਹੋਰ ਕਾਰੋਬਾਰਾਂ ਦੇ ਮੁਕਾਬਲੇ ਰਿਆਇਤਾਂ ਨਾ-ਮਾਤਰ: ਕਿਸਾਨ ਆਗੂ

03/06/2021 6:00:36 PM

ਬੁਢਲਾਡਾ (ਬਾਂਸਲ): ਦੇਸ਼ ਵਿਆਪੀ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਜਿੱਥੇ ਦਿੱਲੀ ਦੀਆਂ ਹੱਦਾਂ ’ਤੇ ਕਿਰਤੀ-ਕਿਸਾਨ ਪੂਰੇ ਜੋਸ਼ ਅਤੇ ਹੋਸ਼ ਨਾਲ ਸੰਘਰਸ਼ੀ ਜਲੌਅ ਨਾਲ ਮੋਰਚੇ ਸੰਭਾਲੀ ਬੈਠੇ ਹਨ ਉੱਥੇ ਕਿਸਾਨ ਅੱਜ ਮੋਰਚੇ ਦੇ 156 ਵੇਂ ਦਿਨ ਵੀ ਡੱਟੇ ਰਹੇ । ਅੱਜ ਕਿਸਾਨਾਂ ਦੇ ਇਕੱਠ ਨੂੰ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ ਦਲਿਓ  ਨੇ ਕਿਹਾ ਕਿ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਖੇਤੀ ਸੈਕਟਰ ਦਾ ਵੱਡਾ ਰੋਲ ਹੋਣ ਬਾਵਜੂਦ ਦੂਜੇ ਕਾਰੋਬਾਰਾਂ ਅਤੇ ਇੰਡਸਟਰੀ ਦੇ ਮੁਕਾਬਲੇ ਕੇਂਦਰ ਸਰਕਾਰ ਖੇਤੀ ਸੈਕਟਰ ਖਾਸ ਕਰਕੇ ਕਿਰਤੀਆਂ,ਕਿਸਾਨਾਂ ਲਈ ਨਾ-ਮਾਤਰ ਰਿਆਇਤਾਂ ਦਿੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਅਤੇ ਅਮਰੀਕਾ ਸਾਮਰਾਜ ਦੇ ਹੱਥਾਂ ਵਿੱਚ ਖੇਡ ਰਹੀ ਹੈ।

ਭਾਰਤ ਨੂੰ ਇਨ੍ਹਾਂ ਕੋਲ ਗਹਿਣੇ ਰੱਖਣਾ ਚਾਹੁੰਦੀ ਹੈ। ਪਰ ਦੇਸ਼ ਵਾਸੀ ਮੋਦੀ ਸਰਕਾਰ ਦੇ ਇਹ ਨਾਪਾਕ ਮਨਸੂਬੇ ਸਫ਼ਲ ਨਹੀਂ ਹੋਣ ਦੇਣਗੇ। ਕਿਸਾਨ ਆਗੂਆਂ ਨੇ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਸਮੇਤ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ , ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਸਿਰ ਚੜਿਆ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ।ਕਿਸਾਨ ਨੇਤਾਵਾਂ ਨੇ ਕੇਂਦਰ ਵੱਲੋਂ ਸ਼ਕਤੀਆਂ ਦੇ ਕੇਂਦਰੀਕਰਨ ਕੀਤੇ ਜਾਣ ਦਾ ਸਖਤ ਵਿਰੋਧ ਕਰਦਿਆਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕੀਤੀ। 


Shyna

Content Editor

Related News