ਬੁਢਲਾਡਾ: ਕਿਸਾਨੀ ਧਰਨਾ 201ਵੇਂ ਦਿਨ ਵਿਚ ਦਾਖ਼ਲ

04/21/2021 4:32:14 PM

ਬੁਢਲਾਡਾ (ਬਾਂਸਲ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾ ਤੇ ਦਿੱਤੇ ਜਾ ਰਹੇ ਧਰਨੇ ਨੂੰ ਜਿੱਥੇ 100 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਉੱਥੇ ਸਥਾਨਕ ਪੱਧਰ ਦਾ ਧਰਨਾ 201ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਸ ਮੋਕੇ ਸਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਅਤੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰ੍ਹੇ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ੍ਹ ਧਿਆਨ ਨਾ ਦੇ ਕੇ ਕੋਰੋਨਾ ਦੇ ਨਾਮ ਤੇ ਲੋਕਾਂ ਦਾ ਧਿਆਨ ਤਿੰਨੇ ਖੇਤੀ ਕਾਨੂੰਨਾਂ ਤੋਂ ਭਟਕਾਅ ਰਹੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਧਰਨਿਆਂ ਨੂੰ ਉਠਾਉਣ ਲਈ ਚਲਾਇਆ ਜਾ ਰਿਹਾ ਮਿਸ਼ਨ ਕਲੀਨ ਧੱਕੇ ਨਾਲ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਸਗੋਂ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਕਰੇ। ਜਦੋਂ ਤੱਕ ਤਿੰਨੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਕਿਸਾਨ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਹਾੜੀ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਬਾਰਦਾਨੇ ਦੀ ਆ ਰਹੀ ਕਮੀ ਨੂੰ ਪੂਰਾ ਕੀਤਾ ਜਾਵੇ। ਕਿਉਕਿ ਇਹ ਹਰ ਵਾਰ ਹੀ ਇਸ ਤਰ੍ਹਾ ਹੁੰਦਾ ਹੈ ਕਿ ਬਾਰਦਾਨੇ ਦੀ ਕਮੀ ਪੂਰੀ ਨਹੀਂ ਹੁੰਦੀ ਤੇ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਹੀ ਰੁੱਲ ਜਾਂਦੀ ਹੈ ਅਤੇ ਬਰਸਾਤ ਕਾਰਨ ਫਸਲ ਦਾ ਬਹੁਤ ਨੁਕਸਾਨ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਬਾਰਦਾਨੇ ਦੀ ਕਮੀ ਨੂੰ ਜਲਦ ਪੂਰਾ ਕੀਤਾ ਜਾਵੇ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਸਵਰਨ ਸਿੰਘ ਬੋੜਾਵਾਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਰੂਪ ਸਿੰਘ, ਕਰਨੈਲ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਬਲਵੀਰ ਸਿੰਘ ਗੁਰਨੇ ਖੁਰਦ, ਸੁਖਵਿੰਦਰ ਸਿੰਘ, ਲੱਖਾ ਸਿੰਘ ਅਹਿਮਦਪੁਰ, ਜਰਨੈਲ ਸਿੰਘ ਨੰਬਰਦਾਰ, ਹਾਕਮ ਸਿੰਘ ਆਦਿ ਹਾਜ਼ਰ ਸਨ।

Shyna

This news is Content Editor Shyna