ਸਿਹਤ ਸੇਵਾਵਾਂ ਨਿੱਜੀ ਹੱਥਾਂ ’ਚ ਦੇਣ ਤੋਂ ਭਡ਼ਕੇ ਕਾਰਕੁੰਨਾਂ ਹਸਪਤਾਲ ’ਚ ਲਾਇਆ ਧਰਨਾ

01/24/2019 10:53:56 AM

ਬਠਿੰਡਾ (ਮਨਜੀਤ)-ਪਿੰਡ ਘੁੱਦਾ ਵਿਖੇ ਨੌਜਵਾਨ ਭਾਰਤ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪੇਂਡੂ ਪ੍ਰਾਇਮਰੀ ਕੇਂਦਰ, ਕਮਿਊਨਿਟੀ ਸਿਹਤ ਕੇਂਦਰ ’ਤੇ ਸ਼ਹਿਰੀ ਕਮਿਊਨਿਟੀ ਸਿਹਤ ਕੇਂਦਰਾਂ ਨੂੰ ਵੇਚਣ ਦੇ ਪੰਜਾਬ ਸਰਕਾਰ ਵਲੋਂ ਲਏ ਫੈਸਲੇ ਦਾ ਵਿਰੋਧ ਕਰਦਿਆਂ ਜਿਥੇ ਸਬ-ਡਵੀਜ਼ਨ ਹਸਪਤਾਲ ’ਚ ਧਰਨਾ ਲਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਉਥੇ ਸੀਨੀਅਰ ਮੈਡੀਕਲ ਅਫਸਰ ਨੂੰ ਮੰਗ-ਪੱਤਰ ਦਿੰਦਿਆਂ ਸਰਕਾਰ ਦੇ ਇਸ ਲੋਕ ਦੋਖੀ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਅਸ਼ਵਨੀ ਘੁੱਦਾ ਨੇ ਕਿਹਾ ਕਿ ਸਰਕਾਰੀ ਸਿਹਤ ਸੇਵਾਵਾਂ ਵੇਚਣ ਦਾ ਮਤਲਬ ਇਨ੍ਹਾਂ ਅਦਾਰਿਆ ਨੂੰ ਨਿੱਜੀ ਅਦਾਰਿਆਂ ’ਚ ਤਬਦੀਲ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੇਵਾਵਾਂ ਦੀ ਅਣਹੋਦ ਕਾਰਨ ਭਿਆਨਕ ਬੀਮਾਰੀਆਂ ’ਚ ਗ੍ਰਸਤ ਲੋਕ ਨਿੱਜੀ ਹਸਪਤਾਲਾਂ ਤੋਂ ਮਹਿੰਗੇ ਇਲਾਜ ਕਰਵਾਉਣ ਲਈ ਮਜਬੂਰ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਸਿਹਤ ਸਹੂਲਤਾਂ ਤੋਂ ਸਰਕਾਰ ਆਪਣਾ ਹੱਥ ਪਿੱਛੇ ਖਿੱਚ ਰਹੀ ਹੈ ਤੇ ਇਨ੍ਹਾਂ ਅਦਾਰਿਆਂ ਨੂੰ ਮੁਨਾਫਾਖੌਰ ਕਾਰੋਬਾਰੀਆਂ ਨੂੰ ਸੌਂਪ ਰਹੀ ਹੈ। ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਸਿਹਤ ਬਜਟ ਤਾਂ ਪਹਿਲਾਂ ਹੀ ਨਿਗੁਣਾ ਹੈ ਇਸ ਨੂੰ ਹੋਰ ਵਧਾਉਣ ਦੀ ਥਾਂ ਇਸ ਬਜਟ ਨੂੰ ਵੀ ਛਾਂਗਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਸਤੀਆਂ ’ਤੇ ਬਿਹਤਰ ਸਰਕਾਰੀ ਸਿਹਤ ਸਹੂਲਤਾਂ ਦਾ ਵਾਅਦਾ ਕੀਤਾ ਗਿਆ ਸੀ, ਇਨ੍ਹਾਂ ਅਦਾਰਿਆਂ ਨੂੰ ਬਿਹਤਰ ਬਣਾਉਣ ਲਈ ਢੁੱਕਵੇਂ ਕਦਮ ਚੁੱਕਣ ਦੀ ਥਾਂ ਇਨ੍ਹਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਅਤੇ ਸਿਹਤ ਸੇਵਾਵਾਂ ’ਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ। ਕਾਰਕੁੰਨਾਂ ਵੱਲੋਂ ਧਰਨੇ ਤੋਂ ਬਾਅਦ ਸੀਨੀਅਰ ਮੈਡੀਕਲ ਅਫਸਰ ਨੂੰ ਮੰਗ-ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਮਿੱਠੂ ਸਿੰਘ ਘੁੱਦਾ, ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ, ਪਿੰਡ ਇਕਾਈ ਪ੍ਰਧਾਨ ਸੁਖਮੰਦਰ ਸਿੰਘ ਝੁੰਬਾ, ਜਸਕਰਨ ਸਿੰਘ ਅਤੇ ਕੁਲਦੀਪ ਸਿੰਘ ਮੌਜੂਦ ਸਨ।