ਮੀਂਹ ਕਾਰਨ ਡਿੱਗੀ ਛੱਤ, 6 ਔਰਤਾਂ ਸਮੇਤ 3 ਨੌਜਵਾਨ ਜ਼ਖ਼ਮੀ, 1 ਦੀ ਮੌਤ

07/11/2022 1:40:47 PM

ਮਾਨਸਾ (ਸੰਦੀਪ ਮਿੱਤਲ) : ਬੀਤੇ ਦਿਨੀਂ ਪਾਏ ਮੀਂਹ ਕਾਰਨ ਮੋਟਰ ਦੇ ਕਮਰੇ ਦੀ ਛੱਤ ਡਿੱਗਣ ਨਾਲ ਜ਼ਖ਼ਮੀ ਹੋਈਆਂ 6 ਔਰਤਾਂ ਅਤੇ 3 ਨੌਜਵਾਨਾਂ ਵਿੱਚੋਂ ਪਟਿਆਲਾ ਵਿਖੇ ਦਾਖਲ ਇਕ ਔਰਤ ਦੀ ਮੌਤ ਹੋ ਗਈ, ਜਿਸ ਦਾ ਐਤਵਾਰ ਦੀ ਸ਼ਾਮ ਪਿੰਡ ਵਿਚ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਜਦੋਂ ਪਿੰਡ ਨੰਗਲ ਕਲਾਂ ਵਿਖੇ ਮਜ਼ਦੂਰ ਔਰਤਾਂ ਝੋਨਾ ਲਗਾ ਰਹੀਆਂ ਸਨ ਤਾਂ ਅਚਾਨਕ ਜ਼ੋਰਦਾਰ ਮੀਂਹ ਆਉਣ ਕਾਰਨ ਉਹ ਖੇਤ ਵਿਚ ਬਣੇ ਮੋਟਰ ਦੇ ਕਮਰੇ ’ਚ ਰੁਕ ਗਏ। ਤੇਜ਼ ਮੀਂਹ ਅਤੇ ਝੱਖੜ ਕਾਰਨ ਮੋਟਰ ਦੇ ਕਮਰੇ ਦੀ ਛੱਤ ਡਿੱਗ ਗਈ। ਜਿਸ ਨਾਲ ਮਜ਼ਦੂਰ ਜਖ਼ਮੀ ਹੋ ਗਏ ਸਨ। ਜ਼ਖਮੀਆਂ ’ਚੋਂ ਜਸਵੀਰ ਕੌਰ ਪਤਨੀ ਜਗਤਾਰ ਸਿੰਘ ਦੀ ਮੌਤ ਹੋ ਗਈ ਹੈ। ਉਧਰ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਇਸ ਘਟਨਾ ’ਤੇ ਸ਼ੋਕ ਪ੍ਰਗਟਾਉਂਦੇ ਮ੍ਰਿਤਕ ਜਸਵੀਰ ਕੌਰ ਦੇ ਪਰਿਵਾਰ ਨੂੰ ਸਰਕਾਰ ਵੱਲੋਂ 1 ਲੱਖ ਰੁਪਏ, ਗੁਰਮੀਤ ਕੌਰ ਨੂੰ ਇਲਾਜ ਲਈ 50 ਹਜ਼ਾਰ ਰੁਪਏ ਅਤੇ ਬਾਕੀ ਜ਼ਖ਼ਮੀਆਂ ਨੂੰ 25-25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News