ਰਾਜਕੁਮਾਰ ਕੋਹਲੀ : ਲਾਹੌਰ ’ਚ ਜਨਮ, ਪੰਜਾਬੀ ਫ਼ਿਲਮਾਂ ਤੋਂ ਆਗਾਜ਼ ਤੇ ਗੁਮਨਾਮੀ ਦੇ ਆਖ਼ਰੀ ਪਲ
Tuesday, Nov 28, 2023 - 12:19 PM (IST)


ਕਦੇ ਬਾਲੀਵੁੱਡ ਦੀਆਂ ਹਿੱਟ ਫ਼ਿਲਮਾਂ ਬਣਾਉਣ ਵਾਲੇ ਫ਼ਿਲਮਸਾਜ਼ ਰਾਜਕੁਮਾਰ ਕੋਹਲੀ ਦਾ 24 ਨਵੰਬਰ ਸ਼ੁੱਕਰਵਾਰ ਨੂੰ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
ਗਲੈਮਰ ਨਾਲ ਭਰੀ ਫ਼ਿਲਮੀ ਦੁਨੀਆ ਵਿੱਚ ਇੱਕ ਤਰ੍ਹਾਂ ਨਾਲ ਉਹ ਅੱਜ-ਕੱਲ ਗੁਮਨਾਮੀ ਦੇ ਦੌਰ ਵਿੱਚ ਹੀ ਸਨ। ਪਰ ਇੱਕ ਅਜਿਹਾ ਦੌਰ ਵੀ ਸੀ ਜਦੋਂ ਉਨ੍ਹਾਂ ਨੂੰ ਵੱਡੇ ਸਿਤਾਰਿਆਂ ਵਾਲੀਆਂ ਫ਼ਿਲਮਾਂ ਦਾ ਰਾਜਾ ਕਿਹਾ ਜਾਂਦਾ ਸੀ।
ਉਹ ‘ਬੇਹੱਦ’ ਕਾਰੋਬਾਰੀ ਫ਼ਿਲਮਸਾਜ਼ ਸਨ, ਕਹਿਣ ਤੋਂ ਭਾਵ ਹੈ ਕਿ ਉਹ ਸਿਰਫ਼ ਤੇ ਸਿਰਫ਼ ਬਾਕਸ ਆਫ਼ਿਸ ਉੱਤੇ ਕਮਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ਿਲਮਾਂ ਬਣਾਉਂਦੇ ਸਨ। ਹਾਲਾਂਕਿ ਹਰ ਫ਼ਿਲਮਸਾਜ਼ ਦੀ ਕਵਾਇਦ ਵੀ ਇਹੀ ਹੁੰਦੀ ਹੈ ਪਰ ਰਾਜਕੁਮਾਰ ਕੋਹਲੀ ਇਸ ਵਿੱਚ ਥੋੜ੍ਹੀ ਜ਼ਿਆਦਾ ਭਾਗਾਂ ਵਾਲੇ ਸਨ।
ਲਾਹੌਰ ’ਚ ਜਨਮ, ਪੰਜਾਬੀ ਫ਼ਿਲਮਾਂ ਤੋਂ ਸ਼ੁਰੂਆਤ

ਰਾਜਕੁਮਾਰ ਕੋਹਲੀ ਲਾਹੌਰ ਵਿੱਚ ਪੈਦਾ ਹੋਏ ਸਨ ਅਤੇ 1963 ਵਿੱਚ ਮੁੰਬਈ ਫ਼ਿਲਮਾਂ ਖ਼ਾਤਿਰ ਆਏ।
ਉਨ੍ਹਾਂ ਨੇ ਆਪਣੀ ਸ਼ੁਰੂਆਤ ਪੰਜਾਬੀ ਫ਼ਿਲਮ ਤੋਂ ਕੀਤੀ।
ਪ੍ਰੇਮਨਾਥ ਅਤੇ ਨਿਸ਼ੀ ਨੂੰ ਲੈਕੇ ਪਹਿਲੀ ਫ਼ਿਲਮ ਬਣਾਈ। ਫ਼ਿਰ ਦਾਰਾ ਸਿੰਘ ਅਤੇ ਨਿਸ਼ੀ ਨੂੰ ਲੈ ਕੇ ਲੁਟੇਰਾ ਬਣਾਈ।
ਪ੍ਰੇਮ ਚੋਪੜਾ ਨੂੰ ਵੀ ਪਹਿਲੀ ਵਾਰ ਹੀਰੋ ਦੇ ਰੂਪ ਵਿੱਚ ਪਰਦੇ ਉੱਤੇ ਰਾਜਕੁਮਾਰ ਕੋਹਲੀ ਹੀ ਲੈ ਕੇ ਆਏ ਸਨ।
ਬਾਅਦ ਵਿੱਚ ਕੋਹਲੀ ਨੇ ਅਦਾਕਾਰਾ ਨਿਸ਼ੀ ਨਾਲ ਵਿਆਹ ਕਰਵਾ ਲਿਆ ਸੀ।
ਉਨ੍ਹਾਂ ਦੇ ਪੁੱਤਰ ਬਾਲੀਵੁੱਡ ਅਦਾਕਾਰ ਅਰਮਾਨ ਕੋਹਲੀ ਹਨ।
ਰਾਜਕੁਮਾਰ ਕੋਹਲੀ ਦੇ ਕੰਮ ਕਰਨ ਦਾ ਵੱਖਰਾ ਤਰੀਕਾ

ਇਹ ਗੱਲ ਦਿਲਚਸਪ ਹੈ ਕਿ ਉਨ੍ਹਾਂ ਦੀਆਂ ਫ਼ਿਲਮਾਂ ਦੀਆਂ ਕਹਾਣੀਆਂ ਇੰਟਰਨੈਸ਼ਨਲ ਨਾਵਲਾਂ ਤੋਂ ਲਈਆਂ ਜਾਂਦੀਆਂ ਸਨ। ਹਾਲਾਂਕਿ ਇੰਟਰਨੈੱਟ ਤੋਂ ਪਹਿਲਾਂ ਵਾਲੇ ਜ਼ਮਾਨੇ ਵਿੱਚ ਇਹ ਕੰਮ ਦੂਜੇ ਫ਼ਿਲਮਸਾਜ਼ ਵੀ ਬਖ਼ੂਬੀ ਕਰਦੇ ਸਨ।
ਪਰ ਰਾਜਕੁਮਾਰ ਕੋਹਲੀ ਦੀ ਸਭ ਤੋਂ ਵੱਡੀ ਖ਼ੂਬੀ ਸੀ ਕਿ ਉਹ ਵੱਡੇ ਕੈਨਵਸ ਅਤੇ ਸੈਟਅੱਪ ਵਾਲੀ ਕਹਾਣੀਆਂ ਨੂੰ ਪਰਦੇ ਉੱਤੇ ਵੱਡੇ ਢੰਗ-ਤਰੀਕੇ ਨਾਲ ਲਿਆਉਣ ਵਿੱਚ ਸਮਰੱਥ ਸਾਬਤ ਹੋਏ।
ਉਨ੍ਹਾਂ ਨੇ ਬਹੁਤ ਸਾਰੀਆਂ ਮਲਟੀਸਟਾਰਰ (ਵੱਡੇ ਸਿਤਾਰਿਆਂ) ਫ਼ਿਲਮਾਂ ਨੂੰ ਬਿਨਾਂ ਦੇਰੀ ਜਾਂ ਲੇਟਲਤੀਫ਼ੀ ਦੇ ਆਪਣੇ ਨਿਰਧਾਰਿਤ ਤੈਅ ਸਮੇਂ ਵਿੱਚ ਹੀ ਬਣਾ ਕੇ ਦਿਖਾਇਆ, ਇਹ ਉਨ੍ਹਾਂ ਦਾ ਅਜਿਹਾ ਕੰਮ ਕਰਨ ਦਾ ਤਰੀਕਾ ਤੇ ਪ੍ਰਬੰਧਨ ਸੀ ਜਿਸ ਨੂੰ ਦੇਖ ਕੇ ਮੁੰਬਈ ਦੇ ਦੂਜੇ ਵੱਡੇ ਫ਼ਿਲਮਸਾਜ਼ ਵੀ ਹਿੱਲ ਗਏ ਸਨ।
ਰਾਜਕੁਮਾਰ ਕੋਹਲੀ ਨੂੰ ਅੱਜ ਜਿਹੜੀਆਂ ਫ਼ਿਲਮਾਂ ਕਰਕੇ ਜਾਣਿਆ ਜਾਂਦਾ ਹੈ ਉਹ ਤਿੰਨ ਵੱਡੇ ਸੈਟਅੱਪ ਵਾਲੀਆਂ ਫ਼ਿਲਮਾਂ ਹਨ...
- ਨਾਗਿਨ
- ਜਾਨੀ ਦੁਸ਼ਮਨ
- ਗੋਰਾ ਔਰ ਕਾਲਾ
ਇਹਨਾਂ ਫ਼ਿਲਮਾਂ ਵਿੱਚੋਂ ‘ਗੋਰਾ ਔਰ ਕਾਲਾ’ ਸਭ ਤੋਂ ਪਹਿਲਾਂ ਰਿਲੀਜ਼ ਹੋਈ ਸੀ, ਰਾਜਕੁਮਾਰ ਕੋਹਲੀ ਇਸ ਫ਼ਿਲਮ ਦੇ ਪ੍ਰੋ਼ਡਿਊਸਰ ਸਨ।
ਰਾਜੇਂਦਰ ਕੁਮਾਰ ਦੇ ਡਬਲ ਰੋਲ, ਹੇਮਾ ਮਾਲਿਨੀ ਅਤੇ ਰੇਖਾ ਦੀ ਇਹ ਫ਼ਿਲਮ ਬੇਹੱਦ ਸਫ਼ਲ ਰਹੀ। ਇਹ ਉਹੀ ਸਾਲ ਸੀ ਜਦੋਂ ਹੇਮਾ ਮਾਲਿਨੀ ਦੇ ਡਬਲ ਰੋਲ ਵਾਲੀ ‘ਸੀਤਾ ਔਰ ਗੀਤਾ’ ਨੇ ਬਾਕਸ ਆਫ਼ਿਸ ਉੱਤੇ ਸਭ ਤੋਂ ਜ਼ਿਆਦਾ ਸਫ਼ਲਤਾ ਹਾਸਲ ਕੀਤੀ ਸੀ।

‘ਗੋਰਾ ਔਰ ਕਾਲਾ’ ਦੇ ਸਮੇਂ ਰਾਜੇਂਦਰ ਕੁਮਾਰ ਟੌਪ ਸਟਾਰ ਸਨ ਅਤੇ ਰਾਜਕੁਮਾਰ ਕੋਹਲੀ 10 ਸਾਲ ਤੱਕ ਪੰਜਾਬੀ ਅਤੇ ਘੱਟ ਬਜਟ ਦੀਆਂ ਫ਼ਿਲਮਾਂ ਪ੍ਰੋ਼ਡਿਊਸ ਕਰਨ ਤੋਂ ਬਾਅਦ ਆਪਣੀ ਪਹਿਲੀ ਵੱਡੀ ਫ਼ਿਲਮ ਨਾਲ ਕਾਮਯਾਬੀ ਦਾ ਸਵਾਦ ਚਖ਼ਿਆ ਸੀ।
ਇਸ ਫ਼ਿਲਮ ਦੀ ਕਹਾਣੀ ਵੈਸੇ ਤਾਂ 1971 ਵਿੱਚ ਆਈ ਤਾਮਿਲ ਫ਼ਿਲਮ ‘ਨੇਰੁਪੱਮ’ ਤੋਂ ਲਈ ਗਈ ਸੀ ਪਰ ਤਾਮਿਲ ਫ਼ਿਲਮ ਵੀ ਮੂਲ ਰੂਪ ਤੋਂ ਫ੍ਰਾਂਸੀਸੀ ਨਾਵਲਕਾਰ ਅਲੇਕਜ਼ੇਂਡਰ ਡੁਮਾਸ ਦੀ ਫਿਕਸ਼ਨ ‘ਦਿ ਕ੍ਰਾਸਿਕਨ ਬ੍ਰਦਰਜ਼’ ਉੱਤੇ ਆਧਾਰਿਤ ਸੀ।
ਇਸ ਦੀ ਕਾਮਯਾਬੀ ਨਾਲ ਰਾਜਕੁਮਾਰ ਕੋਹਲੀ ਦਾ ਹੌਂਸਲਾ ਅਜਿਹਾ ਵਧਿਆ ਕਿ ਉਨ੍ਹਾਂ ਨੇ ਅਗਲੇ ਹੀ ਸਾਲ ਫ਼ਿਲਮ ਨਿਰਦੇਸ਼ਨ ਦਾ ਜ਼ਿੰਮਾ ਵੀ ਸੰਭਾਲ ਲਿਆ। ਵਿਨੋਦ ਮਹਿਰਾ ਅਤੇ ਮਾਲਾ ਸਿਨਹਾ ਦੀ ਇਹ ਫ਼ਿਲਮ ਨਾਕਾਮ ਹੋ ਗਈ ਅਤੇ ਇਸ ਸਦਮੇ ਤੋਂ ਉਭਰਨ ਲਈ ਰਾਜਕੁਮਾਰ ਕੋਹਲੀ ਨੂੰ ਤਿੰਨ ਸਾਲ ਲੱਗੇ।
ਪਰ ਵਿਦੇਸ਼ੀ ਨਾਵਲ ਅਤੇ ਫ਼ਿਲਮਾਂ ਦੇ ਆਈਡੀਆਜ਼ ਉੱਤੇ ਉਨ੍ਹਾਂ ਦਾ ਧਿਆਨ ਕਾਇਮ ਰਿਹਾ।
ਅਮਿਤਾਭ ਦੇ ਸਟਾਰਡਮ ਅੱਗੇ ਵੀ ‘ਨਾਗਿਨ’ ਸੁਪਰਹਿੱਟ

ਅਮਰੀਕੀ ਨਾਵਲਕਾਰ ਕਾਰਨੇਲ ਵੂਲਰਿਚ ਦੇ ਨਾਵਲ ‘ਦਿ ਬ੍ਰਾਈਡ ਵੋਰ ਬਲੈਕ’ ਉੱਤੇ ਰਾਜਕੁਮਾਰ ਕੋਹਲੀ ਨੇ ‘ਨਾਗਿਨ’ ਫ਼ਿਲਮ ਦਾ ਪਲਾਟ ਤਿਆਰ ਕੀਤਾ।
ਇਸ ਫ਼ਿਲਮ ਲਈ ਉਨ੍ਹਾਂ ਨੇ ਸੁਨੀਲ ਦੱਤ, ਫ਼ਿਰੋਜ਼ ਖ਼ਾਨ, ਜਿਤੇਂਦਰ, ਸੰਜੇ ਖ਼ਾਨ, ਰੇਖਾ, ਮੁਮਤਾਜ਼, ਕਬੀਰ ਬੇਦੀ ਅਤੇ ਰੀਨਾ ਰੋਏ ਨੂੰ ਚੁਣਿਆ।
ਰੀਨਾ ਰੋਏ ਇਸ ਫ਼ਿਲਮ ਵਿੱਚ ਨਾਗਿਨ ਦੀ ਭੂਮਿਕਾ ਵਿੱਚ ਸਨ, ਉਨ੍ਹਾਂ ਦੇ ਪੂਰੇ ਕਰੀਅਰ ਵਿੱਚ ਇਸ ਤੋਂ ਜ਼ਿਆਦਾ ਮਸ਼ਹੂਰੀ ਕਿਸੇ ਦੂਜੇ ਕਿਰਦਾਰ ਨੂੰ ਨਹੀਂ ਮਿਲੀ।
ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਦੀ ਹੈਸੀਅਤ ਸੁਪਰਸਟਾਰ ਵਰਗੀ ਹੋ ਗਈ ਸੀ।
ਇਸੇ ਸਟਾਰ ਕਾਸਟ ਵਿੱਚ ਥੋੜ੍ਹਾ ਬਦਲਾਅ ਕਰਦੇ ਹੋਏ ਅਤੇ ਸ਼ਤਰੁਘਨ ਸਿਨਹਾ, ਨੀਤੂ ਸਿੰਘ ਅਤੇ ਵਿਨੋਦ ਮਹਿਰਾ ਨੂੰ ਸ਼ਾਮਲ ਕਰਦਿਆਂ ਰਾਜਕੁਮਾਰ ਕੋਹਲੀ ਨੇ ‘ਜਾਨੀ ਦੁਸ਼ਮਨ’ ਫ਼ਿਲਮ ਬਣਾਈ।
ਅਮਿਤਾਭ ਬੱਚਨ ਦੇ ਸਟਾਰਡਮ ਸਾਹਮਣੇ ਵੀ ਇਹ ਫ਼ਿਲਮ ਨਾ ਸਿਰਫ਼ ਸੁਪਰਹਿੱਟ ਸਾਬਿਤ ਹੋਈ ਸਗੋਂ ਹੌਰਰ ਮੂਵੀ (ਡਰਾਵਨੀ) ਦੇ ਤੌਰ ਉੱਤੇ ਲੋਕਾਂ ਦੇ ਜ਼ਹਿਨ ਵਿੱਚ ਅੱਜ ਵੀ ਠਹਿਰੀ ਹੋਈ ਹੈ।
ਇਸੇ ਫ਼ਿਲਮ ਦਾ ਗੀਤ ‘ਚਲੋ ਰੇ, ਡੋਲੀ ਉਠਾਓ ਕਹਾਰ ਪਿਆ ਮਿਲਨ ਕੀ ਰੁੱਤ ਆਈ....’ ਅੱਜ ਵੀ ਵਿਆਹਾਂ ਵਿੱਚ ਕਾਫ਼ੀ ਵੱਜਦਾ ਹੈ।
ਪੰਜਾਬੀ ਭਾਈਚਾਰੇ ਦੇ ਵੱਡੇ ਅਦਾਕਾਰਾਂ ਨੂੰ ਫ਼ਿਲਮਾਂ ’ਚ ਲੈਣਾ

‘ਨਾਗਿਨ’ ਅਤੇ ‘ਜਾਨੀ ਦੁਸ਼ਮਨ’ ਜ਼ਰੀਏ ਜਿਹੜੀ ਕਾਮਯਾਬੀ ਰਾਜਕੁਮਾਰ ਕੋਹਲੀ ਨੂੰ ਮਿਲੀ, ਉਹ ਉਸ ਨੂੰ ਅੱਗੇ ਦੁਹਰਾ ਨਹੀਂ ਸਕੇ।
ਹਾਲਾਂਕਿ ‘ਨੌਕਰ ਬੀਵੀ ਕਾ’ ਫ਼ਿਲਮ ਰਾਹੀਂ ਉਨ੍ਹਾਂ ਨੇ 1983 ਵਿੱਚ ਇੱਕ ਵਾਰ ਫ਼ਿਰ ਬਲਾਕ ਬਸਟਰ ਸਿਨੇਮਾ ਜ਼ਰੂਰ ਬਣਾਇਆ ਪਰ ਉਹ ਫ਼ਿਰ ਤੋਂ ਅਜਿਹਾ ਜਾਦੂ ਨਹੀਂ ਦੁਹਰਾ ਸਕੇ।
ਪਰ ਰਾਜਕੁਮਾਰ ਕੋਹਲੀ ਦੀ ਸਭ ਤੋਂ ਵੱਡੀ ਖ਼ਾਸੀਅਤ ਸੀ ਕਿ ਉਨ੍ਹਾਂ ਦੀ ਫ਼ਿਲਮੀ ਦੁਨੀਆ ਵਿੱਚ ਗਹਿਰੀ ਪੈਠ ਸੀ। ਖ਼ਾਸ ਤੌਰ ਉੱਤੇ ਪੰਜਾਬੀ ਭਾਈਚਾਰੇ ਦੇ ਕਲਾਕਾਰਾਂ ਵਿੱਚ ਹਰ ਵੱਡੇ ਅਦਾਕਾਰ ਨੂੰ ਉਨ੍ਹਾਂ ਨੇ ਆਪਣੀਆਂ ਫ਼ਿਲਮਾਂ ਵਿੱਚ ਲਿਆ। ਦਰਜਨਾਂ ਵੱਡੇ ਅਦਾਕਾਰ ਇੱਕੋ ਸਮੇਂ ਉਨ੍ਹਾਂ ਡੇਟਸ ਦਿੰਦੇ ਰਹੇ।
ਸੁਨੀਲ ਦੱਤ ਅਤੇ ਧਰਮੇਂਦਰ ਵਰਗੇ ਅਦਾਕਾਰਾਂ ਨਾਲ ਉਨ੍ਹਾਂ ਦੇ ਘਰੇਲੂ ਰਿਸ਼ਤੇ ਬਣ ਗਏ ਸਨ। ਇਸ ਦਾ ਕਾਰਨ ਉਨ੍ਹਾਂ ਦਾ ਵਿਵਹਾਰ ਸੀ।
ਬਹੁਤ ਗਹਿਰਾਈ ਤੱਕ ਜੋੜ ਕੇ ਰੱਖਦੀਆਂ ਫ਼ਿਲਮਾਂ

80 ਦੇ ਦਹਾਕੇ ਵਿੱਚ ਫ਼ਿਲਮੀ ਪੱਤਰਕਾਰਾਂ ਵਿਚਾਲੇ ਇਹ ਕਿੱਸਾ ਬਹੁਤ ਮਸ਼ਹੂਰ ਸੀ ਕਿ ਰਾਜਕੁਮਾਰ ਕੋਹਲੀ ਖ਼ੁਦ ਬੈਗ ਲੈ ਕੇ ਕਲਾਕਾਰਾਂ ਦੇ ਘਰ ਜਾਂਦੇ ਸੀ ਅਤੇ ਆਪਣੇ ਹੱਥ ਨਾਲ ਉਨ੍ਹਾਂ ਨੂੰ ਤੈਅ ਪੈਸੇ ਦਿੰਦੇ ਸਨ। ਇਸ ਕਰਕੇ ਉਨ੍ਹਾਂ ਨੂੰ ਇੱਕ ਦਮ ਖ਼ਰਾ ਕਾਰੋਬਾਰੀ ਦਾ ਖ਼ਿਤਾਬ ਮਿਲਿਆ ਹੋਇਆ ਸੀ।
ਨਾਕਾਮੀ ਨੇ ਉਨ੍ਹਾਂ ਨੂੰ ਲਾਈਮ ਲਾਈਟ ਤੋਂ ਦੂਰ ਜ਼ਰੂਰ ਕਰ ਦਿੱਤਾ ਸੀ ਪਰ ਜ਼ਿੰਦਗੀ ਭਰ ਉਨ੍ਹਾਂ ਦਾ ਇਹੀ ਅੰਦਾਜ਼ ਚੱਲਿਆ।
‘ਹੀ ਮੈਨ’ ਦੇ ਨਾਮ ਨਾਲ ਮਸ਼ਹੂਰ ਧਰਮੇਂਦਰ ਜਦੋਂ ਐਕਸ਼ਨ ਹੀਰੋ ਦੀ ਭੂਮਿਕਾ ਨਿਭਾ ਰਹੇ ਸਨ ਤਾਂ ਉਸ ਦੌਰ ਵਿੱਚ ਰਾਜਕੁਮਾਰ ਕੋਹਲੀ ਨੇ ਉਨ੍ਹਾਂ ਨੂੰ ‘ਨੌਕਰ ਬੀਵੀ ਕਾ’ ਵਰਗੀ ਹਾਸਰਸ ਫ਼ਿਲਮ ਵਿੱਚ ਲਿਆ।
ਇਸ ਫ਼ਿਲਮ ਵਿੱਚ ਅਨੀਤਾ ਰਾਜ ਵਰਗੀ ਨਵੀਂ ਅਦਾਕਾਰਾ ਨੂੰ ਆਪਣੇ ਤੋਂ 40 ਸਾਲ ਵੱਡੇ ਧਰਮੇਂਦਰ ਦੇ ਨਾਲ ਪੇਸ਼ ਕੀਤਾ ਗਿਆ ਅਤੇ ਫ਼ਿਲਮ ਬਾਕਸ ਆਫ਼ਿਸ ਉੱਤੇ ਵੀ ਕਾਫ਼ੀ ਹਿੱਟ ਹੋਈ।
ਬਾਅਦ ਦੇ ਦੌਰ ਵਿੱਚ ਉਹ ਆਪਣੇ ਪੁੱਤਰ ਲਈ ਅਜਿਹੇ ਹੀ ਫਾਰਮੁਲਿਆਂ ਨੂੰ ਅਜ਼ਮਾਉਣ ਲੱਗੇ ਤਾਂ ਉਹ ਲਗਾਤਾਰ ਫੇਲ੍ਹ ਹੋਏ ਅਤੇ ਅਰਮਾਨ ਕੋਹਲੀ ਵੀ ਅਦਾਕਾਰ ਨਹੀਂ ਬਣ ਸਕੇ।
ਜਿਹੜੇ ਦਰਸ਼ਕਾਂ ਨੇ ਰਾਜਕੁਮਾਰ ਕੋਹਲੀ ਦੀਆਂ ਫ਼ਿਲਮਾਂ ਨੂੰ ਦੇਖਿਆ ਹੈ, ਉਹ ਇੱਕ ਗੱਲ ਨਾਲ ਸਹਿਮਤ ਹੋਣਗੇ ਕਿ ਉਨ੍ਹਾਂ ਦੀਆਂ ਫ਼ਿਲਮਾਂ ਆਮ ਇਨਸਾਨ ਨੂੰ ਬਹੁਤ ਗਹਿਰਾਈ ਤੱਕ ਜੋੜ ਕੇ ਰੱਖਦੀਆਂ ਹਨ। ਉਨ੍ਹਾਂ ਦੀਆਂ ਫ਼ਿਲਮਾਂ ਵਿੱਚ ਨਕਲੀ ਪਿੰਡ ਜਾਂ ਨਕਲੀ ਘਟਨਾਵਾਂ ਵੀ ਦਰਸ਼ਕਾਂ ਨੂੰ ਕਦੇ ਬੁਰੀਆਂ ਨਹੀਂ ਲੱਗੀਆਂ।
ਉਨ੍ਹਾਂ ਦੀਆਂ ਫ਼ਿਲਮਾਂ ਦੀ ਐਡੀਟਿੰਗ ਅਜਿਹੀ ਹੁੰਦੀ ਸੀ ਕਿ ਦਰਸ਼ਕਾਂ ਨੂੰ ਸੋਚਣ ਦਾ ਮੌਕਾ ਵੀ ਹੱਥ ਨਹੀਂ ਲਗਦਾ ਸੀ। ਬਹੁਤ ਤੇਜ਼ ਸਪੀਡ, ਮਧੁਰ ਸੰਗੀਤ – ਬਸ ਇਹਨਾਂ ਗੱਲਾਂ ਦੇ ਦਮ ਉੱਤੇ ਹੀ ਰਾਜਕੁਮਾਰ ਕੋਹਲੀ ਖੇਡ ਜਾਂਦੇ ਸਨ।
ਰਾਜਕੁਮਾਰ ਕੋਹਲੀ ਭਾਵੇਂ ਕੋਈ ਯਾਦਗਾਰ ਫ਼ਿਲਮਸਾਜ਼ ਨਾ ਰਹੇ ਹੋਣ ਪਰ ਲੋਕਾਂ ਵੱਲੋਂ ਪਸੰਦ ਕੀਤੇ ਜਾਣ ਵਾਲੇ ਸਿਨੇਮਾ ਦੀ ਜਦੋਂ ਵੀ ਗੱਲ ਹੋਵੇਗੀ, ਉਨ੍ਹਾਂ ਦਾ ਵੀ ਜ਼ਿਕਰ ਹੋਵੇਗਾ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)