41 ਮਜ਼ਦੂਰਾਂ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੋਰੀਜ਼ੋਂਟਲ ਤੇ ਵਰਟੀਕਲ ਡ੍ਰਿਲਿੰਗ ਕੀ ਹੈ, ਕਦੋਂ ਮੁੱਕੇਗਾ ਆਪਰੇਸ਼ਨ

Monday, Nov 27, 2023 - 07:34 PM (IST)

41 ਮਜ਼ਦੂਰਾਂ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੋਰੀਜ਼ੋਂਟਲ ਤੇ ਵਰਟੀਕਲ ਡ੍ਰਿਲਿੰਗ ਕੀ ਹੈ, ਕਦੋਂ ਮੁੱਕੇਗਾ ਆਪਰੇਸ਼ਨ
ਸੁਰੰਗ
ANI
ਵਰਟੀਕਲ ਡ੍ਰਿਲਿੰਗ ਰਾਹੀਂ ਹੁਣ ਮਜ਼ਦੂਰਾਂ ਤੱਕ ਪਹੁੰਚਣ ਲਈ ਜੱਦੋਜਹਿਦ ਚੱਲ ਰਹੀ ਹੈ

ਉੱਤਰਾਖੰਡ ਦੇ ਉੱਤਰਕਾਸ਼ੀ ਇਲਾਕੇ ਵਿੱਚ ਬਣਾਈ ਜਾ ਰਹੀ ਸੁਰੰਗ ਧਸਣ ਵਿੱਚ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ ਲਈ ਬਚਾਅ ਕਰਮੀ ਹੁਣ ਨਵੇਂ ਉਪਾਅ ਉੱਤੇ ਗ਼ੌਰ ਕਰ ਰਹੇ ਹਨ।

ਪਿਛਲੇ 12 ਦਿਨਾਂ ਤੋਂ ਬਚਾਅ ਕਰਮੀ ਡ੍ਰਿਲਿੰਗ ਮਸ਼ੀਨ ਰਾਹੀਂ ਮਜ਼ਦੂਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਸ਼ੁੱਕਰਵਾਰ ਨੂੰ ਡ੍ਰਿਲਿੰਗ ਮਸ਼ੀਨ ਟੁੱਟਣ ਤੋਂ ਬਾਅਦ ਇਹ ਕੰਮ ਰੁੱਕ ਗਿਆ।

ਇਨ੍ਹਾਂ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਆਪਰੇਸ਼ਨ ਸ਼ੁਰੂ ਤੋਂ ਹੀ ਕਾਫ਼ੀ ਚੁਣੌਤੀਆਂ ਭਰਿਆ ਸੀ।

ਸੁਰੰਗ ਅੰਦਰ ਮਿੱਟੀ ਕਾਫ਼ੀ ਢਿੱਲੀ ਹੈ। ਉੱਥੇ ਪੱਥਰ ਵੀ ਖਿਸਕਦੇ ਰਹਿੰਦੇ ਹਨ। ਇਸ ਦੇ ਨਾਲ ਹੀ ਸੁਰੰਗ ਦੇ ਨਿਰਮਾਣ ਦੌਰਾਨ ਲਗਾਏ ਗਏ ਸਰੀਏ ਨੂੰ ਕੱਟਣਾ ਵੀ ਮੁਸ਼ਕਲ ਸਾਬਤ ਹੋ ਰਿਹਾ ਹੈ।

ਸ਼ੁੱਕਰਵਾਰ ਨੂੰ ਬਚਾਅ ਕਰਮੀ ਸਹੀ ਦਿਸ਼ਾ ਵਿੱਚ ਵਧਦੇ ਨਜ਼ਰ ਆ ਰਹੇ ਸਨ। ਪਰ ਉਦੋਂ ਡ੍ਰਿਲਿੰਗ ਮਸ਼ੀਨ ਮਲਬੇ ਨਾਲ ਮਿਲੇ ਧਾਤੂ ਦੇ ਟੋਟਿਆਂ ਵਿੱਚ ਫਸਣ ਤੋਂ ਬਾਅਦ ਸੁਰੰਗ ਅੰਦਰ ਟੁੱਟ ਗਈ।

ਇਸ ਤੋਂ ਬਾਅਦ ਅੱਜ (ਸੋਮਵਾਰ) ਦੀ ਸਵੇਰ ਮਸ਼ੀਨ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ।

ਇਸੇ ਵਿਚਾਲੇ, ਬਚਾਅ ਕਰਮੀਆਂ ਨੇ ਮਜ਼ਦੂਰਾਂ ਤੱਕ ਪਹੁੰਚਣ ਲਈ ਪਹਾੜ ਦੇ ਉੱਤੋਂ ਵਰਟੀਕਲ ਖੁਦਾਈ ਸ਼ੁਰੂ ਕਰ ਦਿੱਤੀ ਹੈ।

ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਉਹ ਮਜ਼ਦੂਰਾਂ ਤੱਕ ਤੇਜ਼ੀ ਨਾਲ ਪਹੁੰਚਣ ਲਈ ਇੱਕ ਮੈਨੂਅਲ (ਹੱਥ ਨਾਲ) ਖੁਦਾਈ ਸਣੇ ਹੋਰ ਤਕਨੀਕਾਂ ਬਾਰੇ ਵੀ ਵਿਚਾਰ ਕਰ ਰਹੇ ਹਨ।

ਵਟੀਕਲ ਡ੍ਰਿਲਿੰਗ ਕੀ ਹੁੰਦੀ ਹੈ?

ਸੁਰੰਗ
ANI
ਇਸ ਮਸ਼ੀਨ ਰਾਹੀਂ ਵਰਟੀਕਲ ਡ੍ਰਿਲਿੰਗ ਕੀਤੀ ਜਾ ਰਹੀ ਹੈ

ਯੋਜਨਾ ਇਹ ਹੈ ਕਿ ਬਚਾਅ ਕਰਮੀ ਉੱਤਰਕਾਸ਼ੀ ਜ਼ਿਲ੍ਹੇ ਦੇ ਸਿਲਕਯਾਰਾ ਵਿੱਚ ਸਥਿਤ ਉਸ ਪਹਾੜੀ ਦੀ ਚੋਟੀ ਤੋਂ ਮਜ਼ਦੂਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਗੇ, ਜਿਸ ਦੇ ਹੇਠਾਂ ਸੁਰੰਗ ਦਾ ਨਿਰਮਾਣ ਕੀਤਾ ਜਾ ਰਿਹਾ ਸੀ।

ਅਧਿਕਾਰੀਆਂ ਨੇ ਪਹਾੜੀ ਦੇ ਉੱਤੇ ਪਹੁੰਚਣ ਲਈ ਇੱਕ ਆਰਜ਼ੀ ਸੜਕ ਅਤੇ ਪਲੇਟਫਾਰਮ ਪਹਿਲਾਂ ਹੀ ਬਣਾ ਲਿਆ ਹੈ।

ਬਚਾਅ ਕਰਮੀਆਂ ਨੂੰ ਮਜ਼ਦੂਰਾਂ ਤੱਕ ਪਹੁੰਚਣ ਲਈ 86 ਮੀਟਰ (282 ਫੁੱਟ) ਹੇਠਾਂ ਵੱਲ ਡ੍ਰਿਲ ਕਰਨਾ ਹੋਵੇਗਾ – ਇਹ ਹੋਰੀਜ਼ੋਂਟਲ ਮਾਰਗ (46.6 ਮੀਟਰ) ਦੀ ਦੂਰੀ ਤੋਂ ਲਗਭਗ ਦੁੱਗਣਾ ਹੈ।

ਸੋਮਵਾਰ ਸਵੇਰ ਤੱਕ ਅਧਿਕਾਰੀ ਸੁਰੰਗ ਵਿੱਚ 31 ਮੀਟਰ ਤੱਕ ਖੁਦਾਈ ਕਰਨ ਵਿੱਚ ਕਾਮਯਾਬ ਰਹੇ ਹਨ।

ਨੈਸ਼ਨਲ ਹਾਈਵੇਅ ਐਂਡ ਇੰਫ਼ਰਾਸਟ੍ਰਕਚਰ ਡਿਵੈਲਪਮੇਂਟ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀ ਮਹਿਮੂਦ ਅਹਿਮਦ ਇਸ ਬਚਾਅ ਮੁਹਿੰਮ ਦੀ ਅਗਵਾਈ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਮੌਜੂਦਾ ਰਫ਼ਤਾਰ ਨਾਲ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ 100 ਘੰਟੇ ਹੋਰ ਲੱਗ ਸਕਦੇ ਹਨ, ਜੇ ਕੋਈ ਰੁਕਾਵਟ ਨਾ ਆਵੇ।

ਦਿ ਹਿੰਦੂ ਅਖ਼ਬਾਰ ਮੁਤਾਬਕ ਜੇ ਸਾਰੀ ਪ੍ਰਕਿਰਿਆ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣੇ ਅੰਜਾਮ ਤੱਕ ਪਹੁੰਚਦੀ ਹੈ ਤਾਂ ਮਜ਼ਦੂਰਾਂ ਨੂੰ ਵਰਟੀਕਲ ਛੇਦ ਰਾਹੀਂ ਬਾਲਟੀਆਂ ਵਿੱਚ ਪਾ ਕੇ ਉੱਤੇ ਖਿੱਚਿਆ ਜਾਵੇਗਾ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਤੂਫ਼ਾਨ ਅਤੇ ਬਰਫ਼ਬਾਰੀ ਦਾ ਖ਼ਤਰਾ ਇਸ ਪ੍ਰਕਿਰਿਆ ਨੂੰ ਔਖਾ ਬਣਾ ਸਕਦਾ ਹੈ।

ਹਾਲਾਂਕਿ, ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਉਹ ਹਾਲਾਤ ਲਈ ਤਿਆਰ ਹੈ।

ਸੁਰੰਗ
ANI

ਹੋਰੀਜ਼ੋਂਟਲ ਡ੍ਰਿਲਿੰਗ ਕੀ ਹੈ?

ਸੁਰੰਗ
ANI

ਹੁਣ ਤੱਕ ਬਚਾਅ ਕਰਮੀ ਸਿੱਧੇ ਰਸਤੇ ਤੋਂ ਇੱਕ ਪਤਲੀ ਸੁਰੰਗ ਬਣਾ ਕੇ ਕੋਈ 60 ਮੀਟਰ ਮਲਬੇ ਦੀ ਕੰਧ ਦੇ ਵਿਚਾਲਿਓਂ ਵੱਖ-ਵੱਖ ਚੌੜਾਈ ਦੀਆਂ ਕਈ ਪਾਈਪਾਂ ਭੇਜਣ ਉੱਤੇ ਕੰਮ ਕਰ ਰਹੇ ਸਨ।

ਇਸ ਰਾਹੀਂ ਮਜ਼ਦੂਰਾਂ ਨੂੰ ਸਟ੍ਰੈਚਰ ਉੱਤੇ ਬਾਹਰ ਕੱਢਿਆ ਜਾ ਸਕਦਾ ਸੀ।

ਹੁਣ, ਇਹ ਮਜ਼ਦੂਰਾਂ ਤੱਕ ਪਹੁੰਚਣ ਲਈ ਇੱਕ ਬਦਲ ਵਾਲਾ ਰਸਤਾ ਬਣਾਉਣ ਲਈ ਡ੍ਰਿਲਿੰਗ ਦੀ ਮੁੱਖ ਥਾਂ ਉੱਤੇ 180 ਮੀਟਰ ਵਰਟੀਕਲ ਡ੍ਰਿਲਿੰਗ ਕਰ ਰਹੇ ਹਨ।

ਦਿ ਹਿੰਦੂ ਮੁਤਾਬਕ ਐਤਵਾਰ ਨੂੰ ਵਰਟੀਕਲ ਡ੍ਰਿਲਿੰਗ ਵਾਲੀ ਥਾਂ ਉੱਤੇ ਇੱਕ ਪਲੇਟਫਾਰਮ ਬਣਾ ਦਿੱਤਾ ਗਿਆ ਸੀ।

ਪਰ ਅਧਿਕਾਰੀਆਂ ਨੇ ਫ਼ਿਲਹਾਲ ਵਰਟੀਕਲ ਡ੍ਰਿਲਿੰਗ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਮੈਨਿਊਲ ਖੁਦਾਈ ਕਿਵੇਂ ਹੋਵੇਗੀ?

ਸੁਰੰਗ
Getty Images
ਇਸੇ ਮਸ਼ੀਨ ਰਾਹੀਂ ਡ੍ਰਿਲਿੰਗ ਕੀਤਾ ਜਾ ਰਹੀ ਹੈ

ਬਚਾਅ ਕਰਮੀਆਂ ਨੇ 34 ਮੀਟਰ ਹੋਰੀਜ਼ੋਂਟਲ ਖੁਦਾਈ ਵੀ ਕਰ ਲਈ ਸੀ। ਉਹ ਮਜ਼ਦੂਰਾਂ ਤੋਂ ਮਹਿਜ਼ 12 ਮੀਟਰ ਦੀ ਦੂਰੀ ਉੱਤੇ ਪਹੁੰਚ ਚੁੱਕੇ ਸੀ ਪਰ ਸ਼ੁੱਕਰਵਾਰ ਨੂੰ ਡ੍ਰਿਲਿੰਗ ਕਰਨ ਵਾਲੀ ਔਗਰ ਮਸ਼ੀਨ ਵਿਚਾਲੇ ਹੀ ਟੁੱਟ ਗਈ।

ਇਸ ਤੋਂ ਬਾਅਦ ਆਪਰੇਸ਼ਨ ਨੂੰ ਰੋਕ ਦਿੱਤਾ ਗਿਆ ਸੀ। ਇੱਕ ਐਮਰਜੈਂਸੀ ਟੀਮ ਅੰਦਰ ਗਈ ਅਤੇ ਮਸ਼ੀਨ ਨੂੰ ਸਖ਼ਤ ਮਿਹਨਤ ਤੋਂ ਬਾਅਦ ਸੋਮਵਾਰ ਨੂੰ ਬਾਹਰ ਕੱਢਿਆ ਗਿਆ।

ਹੁਣ ਇਸ ਥਾਂ ਉੱਤੇ ਵੀ ਬਚਾਅ ਕਰਮੀ ਹੱਥਾਂ ਨਾਲ ਬਾਕੀ ਬਚੇ 12 ਮੀਟਰ ਦੀ ਖੁਦਾਈ ਦੀ ਕੋਸ਼ਿਸ਼ ਕਰਨਗੇ।

ਪਰ ਹੱਥ ਨਾਲ ਹੋਣ ਵਾਲੀ ਖੁਦਾਈ ਤੋਂ ਬਾਅਦ ਇਸ ਥਾਂ ਤੋਂ ਮਸ਼ੀਨਾਂ ਸਹਾਰੇ ਹੀ ਪਾਈਪਾਂ ਪਾਈਆਂ ਜਾਣੀਆਂ ਹਨ।

ਇਸ ਵੇਲੇ ਕੀ ਹਨ ਹਾਲਾਤ

ਸੁਰੰਗ
ANI
ਮਾਈਕਰੋ ਟਨਲਿੰਗ ਐਕਸਪਰਟ ਅਰਨੋਲਡ ਡਿਕਸ ਵੀ ਬਚਾਅ ਕਾਰਜ ਵਿੱਚ ਲੱਗੇ ਹਨ

ਘਟਨਾ ਵਾਲੀ ਥਾਂ ਉੱਤੇ ਮੌਜੂਦ ਮਾਈਕਰੋ ਟਨਲਿੰਗ ਮਾਹਰ ਕ੍ਰਿਸ ਕੂਪਰ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਸੀਂ ਔਗਰ ਮਸ਼ੀਨ ਦੇ ਟੁੱਟੇ ਹੋਏ ਟੋਟਿਆਂ ਨੂੰ ਕੱਢ ਰਹੇ ਹਾਂ, ਕਈ ਪਾਈਪਾਂ ਹਨ, ਉਨ੍ਹਾਂ ਨੂੰ ਵੀ ਕੱਟਣਾ ਹੈ। ਲਗਭਗ ਤਿੰਨ ਘੰਟਿਆਂ ਦਾ ਸਮਾਂ ਇਸ ਵਿੱਚ ਲੱਗ ਸਕਦਾ ਹੈ, ਉਸ ਤੋਂ ਬਾਅਦ ਸਾਨੂੰ ਹੱਥਾਂ ਨਾਲ ਟਨਲ ਨੂੰ ਕੱਟਣਾ ਹੋਵੇਗਾ।’’

‘‘ਇਸ ਵਿੱਚ ਕਿੰਨਾ ਵਕਤ ਲੱਗੇਗਾ, ਇਸ ਬਾਰੇ ਅਸੀਂ ਨਹੀਂ ਦੱਸ ਸਕਦੇ। ਇਹ ਗਰਾਊਂਡ ਦੇ ਹਾਲਾਤ ਉੱਤੇ ਨਿਰਭਰ ਕਰਦਾ ਹੈ। ਫੌਜ ਇਸ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੀ ਹੈ। 30 ਮੀਟਰ ਦੀ ਵਰਟੀਕਲ ਡ੍ਰਿਲਿੰਗ ਕੀਤੀ ਜਾ ਚੁੱਕੀ ਹੈ।’’

ਇਸ ਤੋਂ ਇਲਾਵਾ ਸਾਬਕਾ ਇੰਜੀਨੀਅਰ-ਇਨ-ਚੀਫ਼ ਅਤੇ ਰਿਟਾਇਰਡ ਬੀਆਰਓ ਡੀਜੀ ਲੇਫ਼ਟੀਨੈਂਟ ਜਨਰਲ ਹਰਪਾਲ ਸਿੰਘ ਨੇ ਦੱਸਿਆ ਹੈ, ‘‘ਔਗਰ ਮਸ਼ੀਨ ਜੋ ਫਸੀ ਸੀ ਉਸ ਨੂੰ ਪੂਰਾ ਕੱਢ ਲਿਆ ਗਿਆ ਹੈ ਪਰ ਡੇਢ ਮੀਟਰ ਦੀ ਨੁਕਸਾਨੀ ਪਾਈਪ ਅਜੇ ਵੀ ਫਸੀ ਹੈ, ਉਸ ਨੂੰ ਕੱਢਣ ਦਾ ਕੰਮ ਜਾਰੀ ਹੈ।''''''''

''''''''ਉਹ ਹੋ ਜਾਵੇਗਾ ਤਾਂ ਅਸੀਂ ਹੱਥਾਂ ਨਾਲ ਟਨਲ ਖੋਦਾਂਗੇ ਅਤੇ ਬਚੀ ਹੋਈ ਦੂਰੀ ਨੂੰ ਹੌਲੀ-ਹੌਲੀ ਖੋਦਾਂਗੇ। ਉਮੀਦ ਹੈ ਛੇਤੀ ਤੋਂ ਛੇਤੀ ਇਹ ਕੰਮ ਪੂਰਾ ਹੋਵੇਗਾ।’’

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News