ਮਲੇਸ਼ੀਆ ਸਣੇ ਇਨ੍ਹਾਂ 19 ਦੇਸਾਂ ਵਿੱਚ ਹੁਣ ਭਾਰਤੀਆਂ ਨੂੰ ਵੀਜ਼ਾ ਲੈਣ ਦੀ ਲੋੜ ਨਹੀਂ
Monday, Nov 27, 2023 - 05:34 PM (IST)


ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਇਹ ਐਲਾਨ ਕੀਤਾ ਹੈ ਕਿ ਭਾਰਤੀ ਨਾਗਰਿਕ 1 ਦਸੰਬਰ ਤੋਂ ਮਲੇਸ਼ੀਆ ਵਿੱਚ ਬਿਨ੍ਹਾਂ ਵੀਜ਼ੇ ਦੇ ਆ ਸਕਦੇ ਹਨ।
ਉਨ੍ਹਾਂ ਕਿਹਾ ਕਿ ਵੀਜ਼ਾ ਲੱਗਣ ਮਗਰੋਂ ਉਹ 30 ਦਿਨਾਂ ਤੱਕ ਮਲੇਸ਼ੀਆ ਵਿੱਚ ਰਹਿ ਸਕਦੇ ਹਨ।
ਅਨਵਰ ਨੇ ਇਹ ਐਲਾਨ ਐਤਵਾਰ ਨੂੰ ਪੀਪਲਸ ਜਸਟਿਸ ਪਾਰਟੀ ਦੀ ਕਾਂਗਰਸ ਨੂੰ ਸੰਬੋਧਤ ਕਰਦੇ ਹੋਏ ਕੀਤਾ।
ਹਾਲਾਂਕਿ ਮਲੇਸ਼ੀਆਈ ਪ੍ਰਧਾਨ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਭਾਰਤੀਆਂ ਦੇ ਲਈ ਬਿਨਾਂ ਵੀਜ਼ਾ ਦੇ ਇੱਥੇ ਦਾਖ਼ਲ ਹੋਣ ਦੀ ਸੁਵਿਧਾ ਕਦੋਂ ਤੱਕ ਰਹੇਗੀ।

ਭਾਰਤ ਦੇ ਨਾਲ-ਨਾਲ ਅਨਵਰ ਨੇ ਚੀਨੀ ਨਾਗਰਿਕਾਂ ਨੂੰ ਵੀ ਬਿਨ੍ਹਾਂ ਵੀਜ਼ਾ ਦੇ ਦਾਖ਼ਲ ਹੋਣ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ।
ਚੀਨ ਅਤੇ ਭਾਰਤ ਮਲੇਸ਼ੀਆ ਦੇ ਚੌਥੇ ਅਤੇ ਪੰਜਵੇ ਵੱਡੇ ਵਪਾਰਕ ਭਾਈਵਾਲ ਹਨ।
ਮਲੇਸ਼ੀਆਈ ਸਰਕਾਰ ਦੇ ਮੁਤਾਬਕ ਇਸ ਸਾਲ ਜਨਵਰੀ ਤੋਂ ਜੂਨ ਦੇ ਵਿੱਚ ਭਾਰਤ ਤੋਂ 283,885 ਸੈਲਾਨੀ ਮਲੇਸ਼ੀਆ ਆਏ।
ਇਸੇ ਦੌਰਾਨ ਭਾਰਤ ਵਿੱਚ 2019 ਵਿੱਚ 354,486 ਸੈਨਾਨੀ ਮਲੇਸ਼ੀਆ ਤੋਂ ਆਏ।

ਥਾਈਲੈਂਡ ਅਤੇ ਸ਼੍ਰੀਲੰਕਾ ਵੀ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਭਾਰਤੀਆਂ ਨੂੰ ਬਿਨ੍ਹਾਂ ਵੀਜ਼ਾ ਦੇ ਦਾਖ਼ਲ ਹੋਣ ਦੀ ਸੁਵਿਧਾ ਦੇ ਚੁੱਕੇ ਹਨ।
ਭਾਰਤ ਨੇ ਸਾਲ 1957 ਵਿੱਚ ਮਲੇਸ਼ੀਆ(ਉਦੋਂ ਮਲਾਯਾ) ਦੇ ਨਾਲ ਰਾਜਨੀਤਕ ਸਬੰਧ ਸਥਾਪਤ ਕੀਤੇ ਸਨ।
ਮਲੇਸ਼ੀਆ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ 27 ਲੱਖ 50 ਹਜ਼ਾਰ ਦੇ ਕਰੀਬ ਹੈ।
ਭਾਰਤੀ ਲੋਕ ਉੱਥੋਂ ਦੀ ਆਬਾਦੀ ਦਾ ਕਰੀਬ 9 ਫ਼ੀਸਦ ਬਣਦੇ ਹਨ।

ਭਾਰਤੀ ਮੂਲ ਦੇ 90 ਫ਼ੀਸਦ ਲੋਕ ਤਾਮਿਲ ਭਾਸ਼ਾ ਬੋਲਦੇ ਹਨ, ਬਾਕੀ ਤੇਲੁਗੂ, ਮਲਿਆਲਮ, ਪੰਜਾਬੀ, ਬੰਗਾਲੀ, ਗੁਜਰਾਤੀ, ਮਰਾਠੀ ਅਤੇ ਹੋਰ ਭਾਸ਼ਾਵਾਂ ਬੋਲਦੇ ਹਨ।
ਮਲੇਸ਼ੀਆ ਵਿੱਚ ਕਰੀਬ 1 ਲੱਖ 30 ਹਜ਼ਾਰ ਭਾਰਤੀ ਪ੍ਰਵਾਸੀ ਕੰਮ ਕਰਦੇ ਹਨ।
ਜਿਨ੍ਹਾਂ ਦੇਸ਼ਾਂ ਤੋਂ ਮਲੇਸ਼ੀਆ ਵਿੱਚ ਸਭ ਤੋਂ ਵੱਧ ਸੈਲਾਨੀ ਆਉਂਦੇ ਹਨ। ਉਨ੍ਹਾਂ ਵਿੱਚ ਭਾਰਤ ਛੇਵੇਂ ਨੰਬਰ ਉੱਤੇ ਹਨ।
2018 ਵਿੱਚ ਉੱਥੇ ਛੇ ਲੱਖ ਤੋਂ ਵੱਧ ਸੈਲਾਨੀ ਆਏ ਸੀ।
ਇਸ ਤਰ੍ਹਾਂ ਭਾਰਤ ਵਿੱਚ ਜਿਨ੍ਹਾਂ ਦੇਸਾਂ ਤੋਂ ਜ਼ਿਆਦਾ ਸੈਲਾਨੀ ਆਉਂਦੇ ਹਨ, ਉਨ੍ਹਾਂ ਵਿੱਚ ਮਲੇਸ਼ੀਆ ਵੀ ਛੇਵੇਂ ਨੰਬਰ ਉੱਤੇ ਹੈ।
ਇਸੇ ਸਾਲ ਭਾਰਤ ਵਿੱਚ ਕਰੀਬ ਸਵਾ ਤਿੰਨ ਲੱਖ ਮਲੇਸ਼ੀਆਈ ਸੈਲਾਨੀ ਆਏ ਸਨ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2018 ਵਿੱਚ ਮਲੇਸ਼ੀਆ ਦੇ ਦੌਰੇ ਦੇ ਦੌਰਾਨ ਸੈਰ-ਸਪਾਟੇ ਉੱਤੇ ਇੱਕ ਸਮਝੌਤੇ ਉੱਤੇ ਦਸਤਖ਼ਤ ਕੀਤੇ ਸਨ।
ਚੰਗੇ ਕਾਰੋਬਾਰੀ ਸਬੰਧ

ਭਾਰਤ ਅਤੇ ਮਲੇਸ਼ੀਆ ਦੇ ਦਰਮਿਆਨ ਵਪਾਰਕ ਰਿਸ਼ਤੇ ਵੀ ਚੰਗੇ ਹਨ। ਮਲੇਸ਼ੀਆ ਭਾਰਤ ਦਾ 13ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ।
2018-19 ਵਿੱਚ ਦੋਵਾਂ ਦੇਸਾਂ ਦੇ ਵਿੱਚ 17.21 ਡਾਲਰ ਦਾ ਕਾਰੋਬਾਰ ਹੋਇਆ ਸੀ।
ਇਸ ਵਿੱਚ ਭਾਰਤ ਨੇ 6.43 ਅਰਬ ਡਾਲਰ ਮੁੱਲ ਦੀਆਂ ਵਸਤਾਂ ਬਰਾਮਦ ਕੀਤੀਆਂ ਜਦਕਿ 10.81 ਡਾਲਰ ਦੀਆਂ ਵਸਤਾਂ ਦਰਾਮਦ ਕੀਤੀਆਂ।
ਭਾਰਤ ਮਲੇਸ਼ੀਆ ਨੂੰ ਖਣਿਜ ਤੇਲ, ਐਲੂਮੀਨੀਅਮ, ਮਾਸ, ਲੋਹਾ, ਸਟੀਲ ਤਾਂਬਾ, ਕੈਮਿਕਲ, ਨਿਊਕਲੀਅਰ ਰਿਐਕਟਰ, ਬਾਈਸਲ ਅਤੇ ਮਸ਼ੀਨੀ ਯੰਤਰ ਭੇਜਦਾ ਹੈ।
ਉੱਥੇ ਹੀ ਮਲੇਸ਼ੀਆ ਤੋਂ ਭਾਰਤ ਖਣਿਜ ਤੇਲ, ਬਿਜਲੀ ਯੰਤਰ, ਮਸ਼ੀਨਾਂ ਪਸ਼ੂਆਂ ਦੀ ਚਰਬੀ, ਵਨਸਪਤੀ ਫੈਟ ਅਤੇ ਲੱਕੜੀ ਖਰੀਦਦਾ ਹੈ।
ਉਹ ਦੇਸ ਜਿੱਥੇ ਭਾਰਤ ਨੂੰ ਮਿਲਦੀ ਹੈ ਵੀਜ਼ਾ ਫ੍ਰੀ ਐਂਟਰੀ

ਹੁਣ ਭਾਰਤੀ ਨਾਗਰਿਕਾਂ ਨੂੰ 19 ਦੇਸਾਂ ਵਿੱਚ ਜਾਣ ਦੇ ਲਈ ਵੀਜ਼ਾ ਲੈਣ ਦੀ ਲੋੜ ਨਹੀਂ ਹੈ।
ਜੇਕਰ ਤੁਹਾਡੇ ਕੋਲ ਪਾਸਪੋਰਟ ਹੈ ਤਾਂ ਇਨ੍ਹਾਂ 19 ਦੇਸਾਂ ਦੀ ਯਾਤਰਾ ਬਿਨ੍ਹਾਂ ਵੀਜ਼ੇ ਦੇ ਕਰ ਸਕਦੇ ਹਨ।
ਉਹ ਦੇਸ ਜਿੱਥੇ ਭਾਰਤੀ ਬਿਨ੍ਹਾਂ ਵੀਜ਼ਾ ਦੇ ਜਾ ਸਕਦੇ ਹਨ -
ਬਾਰਬੇਡੋਸ, ਭੂਟਾਨ, ਡੋਮਿਨਿਕਾ, ਗ੍ਰੇਨਾਡਾ, ਹੈਤੀ, ਹੌਂਗਕੋਂਗ, ਮਾਲਦੀਵ, ਮੌਰਿਸ਼ਸ, ਮੌਂਟਸੇਰਾਟ ,ਨੇਪਾਲ, ਨਿਊ ਆਈਲੈਂਡ, ਸੇਂਟ ਵਿਨਸੇਂਟ ਐਂਡ ਦ ਗ੍ਰੇਨਾਡੀਸ, ਸਮੋਆ, ਸੈਨੇਗਲ, ਸਰਬੀਆ, ਤਰਿਨਿਦਾਦ ਐਂਡ ਟੋਬੈਗੋ, ਥਾਈਲੈਂਡ, ਸ਼੍ਰੀਲੰਕਾ, ਮਲੇਸ਼ੀਆ
ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ 26 ਦੇਸਾਂ ਵਿੱਚ ਭਾਰਤੀਆਂ ਦੇ ਲਈ ਵੀਜ਼ਾ ਓਨ ਅਰਾਈਵਲ ਦੀ ਸੁਵਿਧਾ ਹੈ।
25 ਦੇਸਾਂ ਦੇ ਲਈ ਈ-ਵੀਜ਼ਾ ਲੈਣਾ ਪਵੇਗਾ ਅਤੇ 11 ਦੇਸਾਂ ਵਿੱਚ ਜਾਣ ਦੇ ਲਈ ਵੀਜ਼ਾ ਓਨ ਅਰਾਈਵਲ ਜਾਂ ਈ-ਵੀਜ਼ਾ ਦੋਵਾਂ ਵਿੱਚੋਂ ਕੋਈ ਇੱਕ ਬਦਲ ਚੁਣਿਆ ਜਾ ਸਕਦਾ ਹੈ।

ਪਿਛਲੇ ਮਹੀਨੇ ਥਾਈਲੈਂਡ ਨੇ ਵੀ ਐਲਾਨ ਕੀਤਾ ਸੀ ਕਿ ਭਾਰਤ ਅਤੇ ਤਾਈਵਾਨ ਦੇ ਸੈਲਾਨੀ ਬਿਨ੍ਹਾਂ ਵੀਜ਼ਾ ਦੇ ਛੇ ਮਹੀਨੇ ਲਈ ਇੱਥੇ ਆ ਸਕਦੇ ਹਨ।
ਇਹ ਯੋਜਨਾ ਇਸ ਸਾਲ 10 ਨਵੰਬਰ ਤੋਂ 10 ਮਈ ਤੱਕ ਜਾਰੀ ਰਹੇਗੀ।
ਥਾਈਲੈਂਡ ਦੇ ਪ੍ਰਧਾਨ ਮੰਤਰੀ ਸ਼੍ਰੇਥਾ ਥਾਵਿਸਿਨ ਨੇ ਕਿਹਾ ਸੀ, “ਅਸੀਂ ਭਾਰਤੀਆਂ ਅਤੇ ਤਾਈਵਾਨੀਆਂ ਨੂੰ ਵੀਜ਼ਾ ਫ੍ਰੀ ਐਂਟਰੀ ਦੇਵਾਂਗੇ ਕਿਉਂਕਿ ਇੱਥੋਂ ਬਹੁਤ ਲੋਕ ਸਾਡੇ ਲੋਕ ਆਉਂਦੇ ਹਨ।”
ਇਸ ਤਰ੍ਹਾਂ ਸ਼੍ਰੀਲੰਕਾਈ ਕੈਬਿਨੇਟ ਵਿੱਚ ਭਾਰਤ, ਚੀਨ, ਰੂਸ, ਮਲੇਸ਼ੀਆ, ਜਾਪਾਨ, ਇੰਡੋਨੇਸ਼ੀਆ ਅਤੇ ਥਾਈਲੈਂਡ ਦੇ ਨਾਗਰਿਕਾਂ ਨੂੰ ਇੱਕ ਪਾਇਲਟ ਪ੍ਰੌਜੈਕਟ ਦੇ ਤਹਿਤ 31 ਮਾਰਚ 2024 ਤੱਕ ਫ੍ਰੀ ਵੀਜ਼ਾ ਜਾਰੀ ਕਰਨ ਦੀ ਮੰਜ਼ੂਰੀ ਦਿੱਤੀ ਹੈ।
ਵੀਅਤਨਾਮ ਵਿੱਚ ਵੀ ਭਾਰਤ ਅਤੇ ਚੀਨ ਦੇ ਨਾਗਰਿਕਾਂ ਨੂੰ ਵੀਜ਼ੇ ਦੇ ਬਗੈਰ ਦਾਖ਼ਲਾ ਦੇਣ ਉੱਤੇ ਵਿਚਾਰ ਕਰ ਰਹੇ ਹਨ।
ਹਾਲੇ ਵੀ ਉੱਥੇ ਜਰਮਨੀ, ਫਰਾਂਸ, ਸਵੀਡਨ, ਇਟਲੀ, ਸਪੇਨ, ਡੈੱਨਮਾਰਕ ਅਤੇ ਫਿਨਲੈਂਡ ਦੇ ਨਾਗਰਿਕ ਵੀਜ਼ਾ ਫ੍ਰੀ ਐਂਟਰੀ ਪਾ ਸਕਦੇ ਹਨ।
ਬਾਕੀ ਦੇਸਾਂ ਦੇ ਲਈ ਉਹ 90 ਦਿਨਾਂ ਦੇ ਲਈ ਈ ਵੀਜ਼ਾ ਦਿੰਦੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)