ਜੀ-20 ਗਰੁੱਪ ਕੀ ਹੈ, ਕੀ ਕੰਮ ਕਰਦਾ ਹੈ ਤੇ ਦੁਨੀਆਂ ’ਤੇ ਇਸ ਦਾ ਕੀ ਅਸਰ ਹੈ – 7 ਨੁਕਤਿਆਂ ’ਚ ਸਮਝੋ

Thursday, Mar 02, 2023 - 07:45 AM (IST)

ਜੀ-20 ਗਰੁੱਪ ਕੀ ਹੈ, ਕੀ ਕੰਮ ਕਰਦਾ ਹੈ ਤੇ ਦੁਨੀਆਂ ’ਤੇ ਇਸ ਦਾ ਕੀ ਅਸਰ ਹੈ – 7 ਨੁਕਤਿਆਂ ’ਚ ਸਮਝੋ
ਜੀ-20 ਗਰੁੱਪ
Getty Images

“ਜੀ-20 ਦੇਸਾਂ ਦੀ ਪ੍ਰਧਾਨਗੀ ਪੂਰੇ ਦੇਸ ਦੀ ਹੈ। ਇਹ ਮੌਕਾ ਹੈ ਕਿ ਭਾਰਤ ਬਾਰੇ ਪੂਰੀ ਦੁਨੀਆਂ ਨੂੰ ਦੱਸਿਆ ਜਾ ਸਕੇ। ਪੂਰੀ ਦੁਨੀਆਂ ਦੀ ਉਤਸੁਕਤਾ ਤੇ ਧਿਆਨ ਭਾਰਤ ਦੀ ਪ੍ਰਧਾਨਗੀ ਵੱਲ ਹੈ। ਇਹ ਪ੍ਰਧਾਨਗੀ ਭਾਰਤ ਵਿੱਚ ਸੈਰ-ਸਪਾਟੇ ਅਤੇ ਸਥਾਨਕ ਅਰਥਚਾਰੇ ਲਈ ਨਵੇਂ ਮੌਕੇ ਲੈ ਕੇ ਆਵੇਗੀ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਦੇਸਾਂ ਦੇ ਗਰੁੱਪ ਦੀ ਪ੍ਰਧਾਨਗੀ ਦੇ ਭਾਰਤ ਲਈ ਫਾਇਦੇ ਗਿਣਵਾਉਂਦੇ ਹੋਏ ਇਹ ਗੱਲਾਂ ਕੀਤੀਆਂ।

2022-2023 ਲਈ ਭਾਰਤ ਨੂੰ ਜੀ-20 ਦੇਸਾਂ ਦੀ ਪ੍ਰਧਾਨਗੀ ਮਿਲੀ ਹੈ। ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜੀ-20 ਦੇਸਾਂ ਦੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਸੰਮੇਲਨ ਤੇ ਮੀਟਿੰਗਾਂ ਹੋ ਰਹੀਆਂ ਹਨ। ਪੰਜਾਬ ਵਿੱਚ ਇਸ ਲੜੀ ਵਿੱਚ ਮੀਟਿੰਗ ਰੱਖੀ ਗਈ ਹੈ।

ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਜੀ-20 ਗਰੁੱਪ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ ਤੇ ਕਿਹੜੇ ਦੇਸ ਇਸ ਦੇ ਮੈਂਬਰ ਹਨ, ਇਸ ਬਾਰੇ ਦੱਸ ਰਹੇ ਹਾਂ।

ਜੀ-20 ਗਰੁੱਪ ਕੀ ਹੈ?

ਨਰਿੰਦਰ ਮੋਦੀ
Getty Images

ਜੀ-20 ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਵਥਵਿਵਸਥਾਵਾਂ ਦਾ ਗਰੁੱਪ ਹੈ ਜੋ ਪੂਰੀ ਦੁਨੀਆਂ ਦੀ ਅਰਥਵਿਵਸਥਾ ਦੀ ਦਿਸ਼ਾ ਤੇ ਦਸ਼ਾ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਜੀ-20 ਦੇ ਸ਼ਿਖਰ ਸੰਮੇਲਨ ਦੌਰਾਨ ਦੁਨੀਆਂ ਦੀ ਅਰਥਵਿਵਸਥਾ ਦੇ ਏਜੰਡੇ ਤੈਅ ਕੀਤੇ ਜਾਂਦੇ ਹਨ। ਸ਼ੁਰੂਆਤੀ ਸਾਲਾਂ ਵਿੱਚ ਜੀ-20 ਸੰਮੇਲਨ ਨਾਲ ਕੌਮਾਂਤਰੀ ਕਾਰੋਬਾਰ ਅਤੇ ਆਰਥਿਕ ਟੀਚਿਆਂ ਨੂੰ ਲੈ ਕੇ ਦੇਸਾਂ ਵਿਚਾਲੇ ਤਾਲਮੇਲ ਬਣਿਆ। ਇਸ ਦਾ ਅਸਰ ਵੀ ਵੇਖਿਆ ਗਿਆ ਤੇ ਹੁਣ ਇਸ ਦਾ ਦਾਇਰਾ ਕਾਫੀ ਖੇਤਰਾਂ ਤੱਕ ਫੈਲ ਗਿਆ ਹੈ।

ਜੀ-20 ਸੰਮੇਲਨ ਦੀ ਵੈਬਸਾਈਟ ਮੁਤਾਬਕ ਜੀ-20 ਮੈਂਬਰ ਦੇਸਾਂ ਦੀ ਕੁੱਲ ਜੀਡੀਪੀ ਦੁਨੀਆਂ ਦੀ 85 ਫੀਸਦ ਜੀਡੀਪੀ ਦੇ ਬਰਾਬਰ ਹੈ। ਇਨ੍ਹਾਂ ਮੈਂਬਰ ਦੇਸ਼ਾਂ ਕੋਲ ਦੁਨੀਆਂ ਦੇ ਕਾਰੋਬਾਰ ਦਾ 75 ਫੀਸਦੀ ਹਿੱਸਾ ਹੈ ਤੇ ਦੁਨੀਆਂ ਦੀ ਦੋ ਤਿਹਾਈ ਅਬਾਦੀ ਇਨ੍ਹਾਂ ਦੇਸ਼ਾਂ ਵਿੱਚ ਵਸਦੀ ਹੈ।

ਜੀ-20 ਗਰੁੱਪ ਦੀ ਸਥਾਪਨਾ ਸਾਲ 1999 ਵਿੱਚ ਹੋਈ ਸੀ। ਜਦੋਂ ਏਸ਼ੀਆ ਵਿੱਚ ਉਸ ਵੇਲੇ ਵਿੱਤੀ ਸੰਕਟ ਆਇਆ ਸੀ ਤਾਂ ਉਸ ਵੇਲੇ ਇਸ ਦੀ ਸਥਾਪਨਾ ਕੀਤੀ ਗਈ ਸੀ। ਜੀ-20 ਸ਼ੁਰੂ ਵਿੱਚ ਦੇਸਾਂ ਦੇ ਵਿੱਤ ਮੰਤਰੀਆਂ ਤੇ ਉਨ੍ਹਾਂ ਦੇ ਸੈਂਟਰਲ ਬੈਂਕਾਂ ਦੇ ਫੋਰਮ ਵਜੋਂ ਸਥਾਪਿਤ ਹੋਇਆ ਸੀ।

ਸਾਲ 2007 ਵਿੱਚ ਜਦੋਂ ਪੂਰੀ ਦੁਨੀਆਂ ਵਿੱਚ ਆਰਥਿਕ ਮੰਦੀ ਆਈ ਸੀ, ਉਸ ਵੇਲੇ ਇਸ ਦੇ ਢਾਂਚੇ ਨੂੰ ਬਦਲਿਆ ਗਿਆ ਸੀ ਤੇ ਇਸ ਨੂੰ ਦੇਸਾਂ ਦੇ ਪ੍ਰਮੁੱਖਾਂ ਦਾ ਫੋਰਮ ਬਣਾਇਆ ਗਿਆ। ਸਾਲ 2009 ਵਿੱਚ ਇਸ ਨੂੰ ‘ਕੌਮਾਂਤਰੀ ਆਰਥਿਕ ਸਹਿਯੋਗ ਦਾ ਪ੍ਰੀਮੀਅਮ ਫੋਰਮ’ ਕਰਾਰ ਦਿੱਤਾ ਗਿਆ।

ਜੀ-20 ਵਿੱਚ ਕਿਹੜੇ ਦੇਸ ਮੈਂਬਰ ਹਨ?

ਨਰਿੰਦਰ ਮੋਦੀ
Getty Images

ਜੀ-20 ਦੇਸਾਂ ਵਿੱਚ ਅਰਜਨਟੀਨਾ, ਆਸਟਰੇਲੀਆ, ਭਾਰਤ, ਕੈਨੇਡਾ, ਫਰਾਂਸ, ਜਰਮਨੀ, ਇੰਡੋਨੇਸ਼ੀਆ, ਇਟਲੀ, ਜਪਾਨ, ਰਿਪਬਲਿਕ ਆਫ ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫ਼ਰੀਕਾ, ਤੁਰਕੀ, ਬ੍ਰਿਟੇਨ, ਅਮਰੀਕਾ ਅਤੇ ਯੂਰਪੀ ਯੂਨੀਅਨ ਦੇ ਦੇਸ਼ ਸ਼ਾਮਲ ਹਨ।

ਇਸ ਤੋਂ ਇਲਾਵਾ ਗੈਸਟ ਦੇਸ਼ ਵੀ ਜੀ-20 ਸੰਮੇਲਨ ਵਿੱਚ ਸ਼ਾਮਿਲ ਹੁੰਦੇ ਹਨ। ਇਨ੍ਹਾਂ ਵਿੱਚ, ਬੰਗਲਾਦੇਸ਼, ਮਿਸਰ, ਮੋਰਸ਼ੀਅਸ, ਨੀਦਰਲੈਂਡਜ਼, ਨਾਈਜੀਰੀਆ, ਓਮਾਨ, ਸਿੰਗਾਪੁਰ, ਸਪੇਨ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ।

ਇਸ ਤੋਂ ਇਲਾਵਾ ਕਈ ਸੰਯਕੁਤ ਰਾਸ਼ਟਰ ਦੀਆਂ ਸੰਸਥਾਵਾਂ ਸਣੇ ਕਈ ਕੌਮਾਂਤਰੀ ਸੰਸਥਾਵਾਂ ਨੂੰ ਇਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।

ਜੀ-20 ਗਰੁੱਪ
BBC

ਜੀ-20 ਗਰੁੱਪ ਬਾਰੇ ਖ਼ਾਸ ਗੱਲਾਂ:

  • ਜੀ-20 ਗਰੁੱਪ ਦੀ ਸਥਾਪਨਾ 1999 ਵਿੱਚ ਹੋਈ ਸੀ।
  • ਜੀ-20 ਮੈਂਬਰ ਦੇਸਾਂ ਦੀ ਕੁੱਲ ਜੀਡੀਪੀ ਦੁਨੀਆਂ ਦੀ 85 ਫੀਸਦ ਜੀਡੀਪੀ ਦੇ ਬਰਾਬਰ ਹੈ।
  • ਸਾਲ 2009 ਵਿੱਚ ਇਸ ਨੂੰ ‘ਕੌਮਾਂਤਰੀ ਆਰਥਿਕ ਸਹਿਯੋਗ ਦਾ ਪ੍ਰੀਮੀਅਮ ਫੋਰਮ’ ਕਰਾਰ ਦਿੱਤਾ ਗਿਆ।
  • ਜੀ-20 ਦੇਸ਼ਾਂ ਦੇ ਪ੍ਰਮੁੱਖਾਂ ਦੀ ਮੀਟਿੰਗ ਨਵੀਂ ਦਿੱਲੀ ਵਿੱਚ 9-10 ਸਿਤੰਬਰ ਨੂੰ ਹੋਵੇਗੀ।
  • ਸਾਲ 2024 ਲਈ ਜੀ-20 ਗਰੁੱਪ ਦੀ ਪ੍ਰਧਾਨਗੀ ਬ੍ਰਾਜ਼ੀਲ ਨੂੰ ਦਿੱਤੀ ਗਈ ਹੈ।

ਜੀ-20 ਦੇ ਸੰਮਲੇਨ ਦਾ ਦਾਇਰਾ ਕੀ ਹੁੰਦਾ ਹੈ?

ਜੀ-20 ਦੇਸਾਂ ਦਾ ਸੰਮੇਲਨ ਹਰ ਸਾਲ ਕੀਤਾ ਜਾਂਦਾ ਹੈ। ਇਸ ਦੀ ਪ੍ਰਧਾਨਗੀ ਦੇਸਾਂ ਵਿੱਚ ਇੱਕ ਕ੍ਰਮ ਅਨੁਸਾਰ ਆਉਂਦੀ ਹੈ। ਮੋਟੇ ਤੌਰ ਉੱਤੇ ਇਹ ਸੰਮੇਲਨ ਵੱਡੇ ਆਰਥਿਕ ਮੁੱਦਿਆਂ ਬਾਰੇ ਕੀਤਾ ਜਾਂਦਾ ਹੈ।

ਬੀਤੇ ਕੁਝ ਸਾਲਾਂ ਵਿੱਚ ਜੀ-20 ਗਰੁੱਪ ਨੇ ਆਪਣੇ ਏਜੰਡੇ ਦੇ ਦਾਇਰੇ ਨੂੰ ਕਾਫੀ ਵਧਾ ਲਿਆ ਹੈ। ਹੁਣ ਜੀ-20 ਦੇ ਏਜੰਡੇ ਵਿੱਚ ਵਪਾਰ, ਸਿਹਤ, ਖੇਤੀਬਾੜੀ, ਊਰਜਾ, ਵਾਤਾਵਰਨ, ਮੌਸਮ ਵਿੱਚ ਤਬਦੀਲੀ ਤੇ ਭ੍ਰਿਸ਼ਟਾਚਾਰ ਵਿਰੋਧੀ ਮੁੱਦਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਮੋਦੀ
Getty Images

ਜੀ-20 ਗਰੁੱਪ ਕੰਮ ਕਿਵੇਂ ਕਰਦਾ ਹੈ?

ਜੀ-20 ਦੀ ਵੈਬਸਾਈਟ ਮੁਤਾਬਕ ਜੋ ਦੇਸ਼ ਜੀ-20 ਗਰੁੱਪ ਦੀ ਪ੍ਰਧਾਨਗੀ ਕਰ ਰਿਹਾ ਹੁੰਦਾ ਹੈ ਉਹ ਇੱਕ ਸਾਲ ਲਈ ਗਰੁੱਪ ਦਾ ਏਜੰਡਾ ਅੱਗੇ ਤੋਰਦਾ ਹੈ। ਇਸ ਦੇ ਨਾਲ ਹੀ ਉਹ ਸੰਮੇਲਨ ਦੀ ਮੇਜ਼ਬਾਨੀ ਵੀ ਕਰਦਾ ਹੈ।

ਜੀ-20 ਮੁੱਖ ਤੌਰ ਉੱਤੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਨੂੰ ਫਾਇਨੈਂਸ ਟ੍ਰੈਕ ਕਿਹਾ ਜਾਂਦਾ ਹੈ ਤਾਂ ਦੂਜੇ ਨੂੰ ਸ਼ੇਰਪਾ ਟ੍ਰੈਕ ਕਿਹਾ ਜਾਂਦਾ ਹੈ।

ਜੀ-20 ਗਰੁੱਪ ਵਿੱਚ ਸ਼ੇਰਪਾ ਅਸਲ ਵਿੱਚ ਦੇਸਾਂ ਦੇ ਪ੍ਰਮੁੱਖਾਂ ਦੇ ਨੁਮਾਇੰਦਿਆਂ ਨੂੰ ਕਿਹਾ ਜਾਂਦਾ ਹੈ ਜੋ ਇਸ ਸੰਮੇਲਨ ਵਿੱਚ ਉਨ੍ਹਾਂ ਦੀ ਨੁਮਾਇੰਦਗੀ ਕਰਦੇ ਹਨ। ਇਸ ਸੰਮੇਲਨ ਵਿੱਚ ਭਾਰਤ ਵੱਲੋਂ ਸ਼ੇਰਪਾ ਦੀ ਭੂਮਿਕਾ ਵਿੱਚ ਅਮਿਤਾਭ ਕੰਤ ਹਨ।

ਇਹ ਸ਼ੇਰਪਾ ਆਪਣੇ ਦੇਸ ਵਜੋਂ ਸੰਮੇਲਨ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਂਦੇ ਹਨ। ਦੂਜੇ ਪਾਸੇ ਫਾਇਨੈਂਸ ਟ੍ਰੈਕ ਸੰਮੇਲਨ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਂਦਾ ਹੈ।

ਇਸ ਟਰੈੱਕ ਵਿੱਚ ਮੁੱਖ ਤੌਰ ਉੱਤੇ ਦੇਸਾਂ ਦੇ ਵਿੱਤ ਮੰਤਰੀ ਅਤੇ ਕੇਂਦਰੀ ਬੈਂਕਾਂ ਦੇ ਮੁਖੀ ਹੁੰਦੇ ਹਨ। ਸ਼ੇਰਪਾ ਟ੍ਰੈਕ ਤੇ ਫਾਇਨੈਂਸ ਟ੍ਰੈਕ ਦੇ ਗਰੁੱਪ ਵਿੱਚ ਮਿਲਦੇ ਰਹਿੰਦੇ ਹਨ।

ਇਸ ਤੋਂ ਇਲਾਵਾ ਮੈਂਬਰ ਦੇਸਾਂ ਦੇ ਹੋਰ ਮੰਤਰਾਲਿਆਂ ਦੇ ਨੁਮਾਇੰਦੇ ਵੀ ਆਪਸ ਵਿੱਚ ਮਿਲਦੇ ਰਹਿੰਦੇ ਹਨ। ਜੋ ਕੌਮਾਂਤਰੀ ਗਰੁੱਪ ਤੇ ਹੋਰ ਸੰਸਥਾਵਾਂ ਜੀ20 ਦੇ ਸੰਮੇਲਨ ਦਾ ਹਿੱਸਾ ਬਣਦੀਆਂ ਹਨ ਉਹ ਵੀ ਵੱਖ-ਵੱਖ ਸਮਿਆਂ ਉੱਤੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਆਪਸ ਵਿੱਚ ਮਿਲਦੀਆਂ ਹਨ।

ਇਸ ਤੋਂ ਇਲਾਵਾ ਮੈਂਬਰ ਦੇਸਾਂ ਦੇ ਬੁੱਧੀਜੀਵੀ, ਮੈਂਬਰ ਪਾਰਲੀਮੈਂਟ, ਨੀਤੀ ਬਣਾਉਣ ਨਾਲ ਜੁੜੇ ਲੋਕ, ਨੌਜਵਾਨ, ਵਪਾਰੀ ਵਰਗ ਤੇ ਰਿਸਰਚ ਨਾਲ ਜੁੜੇ ਲੋਕ ਆਪਸ ਵਿੱਚ ਗੱਲਬਾਤ ਤੇ ਮੁਲਾਕਾਤ ਕਰਦੇ ਹਨ।

ਭਾਰਤ ਦੀ ਪ੍ਰਧਾਨਗੀ ਵਿੱਚ ਸੰਮਲੇਨ ਦਾ ਕੀ ਸਰੂਪ ਹੈ?

ਮੋਦੀ
Getty Images

ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਇੱਕ ਦਸੰਬਰ 2022 ਤੋਂ 30 ਨਵੰਬਰ 2023 ਤੱਕ ਲਈ ਮਿਲੀ ਹੈ। ਭਾਰਤ ਦੇ ਇਸ ਸਾਲ ਸੰਮੇਲਨ ਦੀ ਥੀਮ ਰੱਖੀ ਹੈ, ‘ਵਾਸੁਦੇਵਕੁਟੰਬਕਮ’ ਜਿਸ ਦਾ ਮਤਲਬ ਹੈ, ‘ਇੱਕ ਧਰਤੀ, ਇੱਕ ਪਰਿਵਾਰ ਤੇ ਇੱਕ ਭਵਿੱਖ’।

ਇਸ ਵਾਰ ਦੇ ਭਾਰਤ ਵਿੱਚ ਕਰਵਾਏ ਜਾ ਰਹੇ ਇਸ ਸੰਮਲੇਨ ਵਿੱਚ ਜੋ ਲੋਗੋ (ਚਿਨਹ) ਬਣਾਇਆ ਗਿਆ ਹੈ ਉਸ ਵਿੱਚ ਰੰਗ ਦੀ ਚੋਣ ਲਈ ਭਾਰਤ ਦੇ ਕੌਮੀ ਝੰਡੇ ਤੋਂ ਪ੍ਰੇਰਨਾ ਲਈ ਗਈ ਹੈ।

ਇਸ ਝੰਡੇ ਵਿੱਚ ਕੇਸਰੀ, ਸਫ਼ੇਦ, ਹਰਾ ਤੇ ਨੀਲਾ ਰੰਗ ਸ਼ਾਮਿਲ ਕੀਤਾ ਗਿਆ ਹੈ। ਇਸ ਲੋਗੋ ਵਿੱਚ ਕਮਲ ਦਾ ਫੁੱਲ ਹੈ ਤੇ ਨਾਲ ਧਰਤੀ ਨੂੰ ਦਿਖਾਇਆ ਗਿਆ ਹੈ। ਕਮਲ ਭਾਰਤ ਦਾ ਕੌਮੀ ਫੁੱਲ ਹੈ ਜੋ ਚੁਣੌਤੀਆਂ ਵਿਚਾਲੇ ਵੀ ਵਿਕਾਸ ਕਰਨ ਦੇ ਜਜ਼ਬੇ ਨੂੰ ਦਰਸਾਉਂਦਾ ਹੈ।

ਇਸ ਦੇ ਨਾਲ ਹੀ ਲੋਗੋ ਵਿੱਚ ਧਰਤੀ ਦੀ ਮੌਜੂਦਗੀ ਹੋਣਾ ਇਸ ਸੰਮੇਲਨ ਵਿੱਚ ਵਾਤਾਵਰਨ ਨੂੰ ਬਚਾਉਣ ਦੇ ਜਜ਼ਬੇ ਨੂੰ ਦਰਸ਼ਾਉਂਦੀ ਹੈ ਕਿ ਕਿਵੇਂ ਕੁਦਰਤ ਨਾਲ ਤਾਲਮੇਲ ਬਣਾ ਕੇ ਚੱਲਣ ਦੀ ਲੋੜ ਹੈ। ਲੋਗੋ ਦੇ ਥੱਲੇ ਦੇਵਨਾਗਰੀ ਲਿਪੀ ਵਿੱਚ ‘ਭਾਰਤ’ ਲਿਖਿਆ ਹੈ।

ਸੰਮੇਲਨ ਤਹਿਤ ਕੀ-ਕੀ ਪ੍ਰੋਗਰਾਮ ਹੋ ਰਹੇ ਹਨ?

ਦਸੰਬਰ 2022 ਤੋਂ ਜੀ-20 ਦੀ ਪ੍ਰਧਾਨਗੀ ਭਾਰਤ ਨੂੰ ਮਿਲੀ ਹੋਈ ਹੈ। ਇਸ ਮਹੀਨੇ ਤੋਂ ਹੀ ਭਾਰਤ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਪ੍ਰੋਗਰਾਮ ਅਤੇ ਸੰਮੇਲਨ ਕੀਤੇ ਜਾ ਰਹੇ ਹਨ।

ਮਾਰਚ ਦੇ ਮਹੀਨੇ ਵਿੱਚ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿੱਚ ਵੀ ਸਮਾਗਮ ਹਨ। 15, 16 ਅਤੇ 17 ਮਾਰਚ ਨੂੰ ਸਿੱਖਿਆ ਦੇ ਵਰਕਿੰਗ ਗਰੁੱਪ ਦੀ ਮੀਟਿੰਗ ਅੰਮ੍ਰਿਤਸਰ ਵਿੱਚ ਹੋਵੇਗੀ।

ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਮਾਰਚ ਦੇ ਆਖਰੀ ਹਿੱਸੇ ਵਿੱਚ ਯਾਨੀ 29, 30 ਤੇ 31 ਮਾਰਚ ਨੂੰ ਖੇਤੀਬਾੜੀ ਨਾਲ ਜੁੜੇ ਵਰਕਿੰਗ ਗਰੁੱਪ ਦੀ ਮੀਟਿੰਗ ਹੋਵੇਗੀ।

ਮੋਦੀ
Getty Images

ਜੀ-20 ਸੰਮੇਲਨ ਦੀ ਸਮਾਪਤੀ ਕਿਵੇਂ ਹੋਵੇਗੀ?

ਅਜੇ ਸੰਮੇਲਨਾਂ ਦਾ ਅਪ੍ਰੈਲ ਤੱਕ ਦਾ ਵੇਰਵਾ ਆ ਗਿਆ ਹੈ। ਜੀ-20 ਦੇਸ਼ਾਂ ਦੇ ਪ੍ਰਮੁੱਖਾਂ ਦੀ ਮੀਟਿੰਗ ਨਵੀਂ ਦਿੱਲੀ ਵਿੱਚ 9-10 ਸਿਤੰਬਰ ਨੂੰ ਹੋਵੇਗੀ। ਇਸ ਸੰਮੇਲਨ ਦੇ ਨਾਲ ਸਾਲ ਭਰ ਚੱਲੇ ਪ੍ਰੋਗਰਾਮਾਂ ਦੀ ਸਮਾਪਤੀ ਹੋ ਜਾਵੇਗੀ।

ਨਵੀਂ ਦਿੱਲੀ ਦੇ ਸੰਮੇਲਨ ਦੇ ਆਖਰੀ ਵਿੱਚ ਜੀ-20 ਲੀਡਰਾਂ ਦਾ ਇੱਕ ਡੈਕਲਾਰੇਸ਼ਨ ਜਾਰੀ ਕੀਤਾ ਜਾਵੇਗਾ। ਇਸ ਵਿੱਚ ਇਹ ਦੱਸਿਆ ਜਾਵੇਗਾ ਕਿ ਆਖਿਰ ਵੱਖ-ਵੱਖ ਮੁੱਦਿਆਂ ਬਾਰੇ ਜੀ-20 ਦੇ ਮੈਂਬਰ ਦੇਸਾਂ ਵਿਚਾਲੇ ਕੀ ਸਹਿਮਤੀ ਬਣੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News