ਅਮ੍ਰਿਤਪਾਲ ਸਿੰਘ : ਜੰਗਾਂ ਤੇ ਮੋਰਚਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਲਿਜਾਉਣ ਦੀਆਂ ਦਲੀਲਾਂ ਬਾਰੇ ਇਤਿਹਾਸਕਾਰ ਕੀ ਦੱਸ ਰਹੇ
Wednesday, Mar 01, 2023 - 11:30 AM (IST)


ਅਜਨਾਲਾ ਵਿੱਚ ਪੁਲਿਸ ਥਾਣੇ ਅੱਗੇ ਧਰਨੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲੈ ਕੇ ਜਾਣਾ ਆਪਣੇ ਆਪ ਵਿੱਚ ਇਸ ਤਰ੍ਹਾਂ ਦੀ ਪਹਿਲੀ ਘਟਨਾ ਸੀ।
‘ਵਾਰਿਸ ਪੰਜਾਬ ਦੇ'''' ਜਥੇਬੰਦੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉਪਰ ਆਪਣੇ ਇੱਕ ਸਾਥੀ ਨੂੰ ਛੁਡਾਉਣ ਲਈ ਥਾਣੇ ਦਾ ਘੇਰਾਓ ਕਰਨ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣ ਦਾ ਇਲਜ਼ਾਮ ਲੱਗਾ।
ਹਾਲਾਂਕਿ ਅਮ੍ਰਿਤਪਾਲ ਸਿੰਘ ਨੇ ਇਤਿਹਾਸ ਦੇ ਹਵਾਲਿਆਂ ਨਾਲ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਇਤਿਹਾਸਿਕ ਜੰਗਾਂ ਸਮੇਂ ਵੀ ਸਿੱਖ ਫੌਜੀ ਨਾਲ ਲਿਜਾਂਦੇ ਰਹੇ ਹਨ ਅਤੇ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ।
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ “ਸਰਕਾਰ ਅਤੇ ਪੁਲਿਸ ਨਹੀਂ ਚਾਹੁੰਦੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ।”
ਪਰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਘਟਨਾ ਤੋਂ ਬਾਅਦ ਰੋਸ ਮੁਜ਼ਹਾਰਿਆਂ, ਧਰਨਿਆਂ ਅਤੇ ਕਬਜ਼ੇ ਵਾਲੇ ਅਸਥਾਨਾਂ ’ਤੇ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਲਿਜਾਣ ਦੇ ਮਾਮਲੇ ਨੂੰ ਵਿਚਾਰਨ ਲਈ ਇੱਕ ਸਬ-ਕਮੇਟੀ ਦਾ ਗਠਨ ਕੀਤਾ ਹੈ।
ਅਸਲ ਵਿੱਚ 23 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਅਜਨਾਲਾ ਦੇ ਥਾਣੇ ਦਾ ਘਿਰਾਓ ਕੀਤਾ ਗਿਆ ਸੀ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਨਾਲ ਪੁਲਿਸ ਦੀਆਂ ਝੜਪਾਂ ਵੀ ਹੋਈਆਂ ਸਨ।

ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ
ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਗੁਰਦੂਆਰਾ ਸਾਹਿਬ ਤੋਂ ਕਿਸੇ ਸਥਾਨ ਉਪਰ ਲਿਜਾਈ ਜਾਂਦੀ ਹੈ ਤਾਂ ਪਾਲਕੀ ਸਾਹਿਬ ਪੰਜ ਪਿਆਰਿਆਂ, ਪਾਣੀ ਅਤੇ ਟੱਲ ਦੀ ਹਾਜ਼ਰੀ ਵਿੱਚ ਚੱਲਦੀ ਹੈ।
ਹਾਲਾਂਕਿ ਜਾਣਕਾਰੀ ਮੁਤਾਬਕ ਸਵਾਰੀ ਲਿਜਾਣ ਬਾਰੇ ਕਿਸੇ ਖਾਸ ਮਰਿਆਦਾ ਦਾ ਜ਼ਿਕਰ ਨਹੀਂ ਹੈ।
ਪਰ ਸਿੱਖ ਧਰਮ ਨਾਲ ਜੁੜੇ ਲੋਕਾਂ ਅਤੇ ਵਿਦਵਾਨਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਸਭ ਤੋਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਹੋਣਾ ਜਰੂਰੀ ਹੁੰਦਾ ਹੈ।
ਸਿੱਖ ਇਤਿਹਾਸਕਾਰ ਨਰਿੰਦਰਪਾਲ ਸਿੰਘ ਕਹਿੰਦੇ ਹਨ, “ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਜਾਣ ਤੋਂ ਪਹਿਲਾਂ ਅਰਦਾਸ ਕੀਤੀ ਜਾਂਦੀ ਹੈ ਅਤੇ ਬੀੜ ਲਿਜਾਣ ਦਾ ਮਕਸਦ ਦੱਸ ਕੇ ਇਜਾਜ਼ਤ ਲਈ ਜਾਂਦੀ ਹੈ। ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਕਿਸੇ ਦੇ ਘਰ ਜਾਂ ਕਿਸੇ ਹੋਰ ਸਥਾਨ ਵੱਲ ਲਿਜਾਏ ਜਾਂਦੇ ਹਨ।”

ਨਰਿੰਦਰਪਾਲ ਸਿੰਘ ਕਹਿੰਦੇ ਹਨ, “ਆਮ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਨੰਗੇ ਪੈਰੀ ਲਿਜਾਏ ਜਾਂਦੇ ਹਨ ਪਰ ਰਸਤਿਆਂ ਨੂੰ ਦੇਖਦੇ ਹੋਏ ਜੋੜੇ ਪਾਉਣ ਦੀ ਆਗਿਆ ਵੀ ਹੁੰਦੀ ਹੈ।”
ਇੱਕ ਹੋਰ ਸਿੱਖ ਵਿਦਵਾਨ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਕਿਹਾ, “ਤਾਜਾ ਵਾਪਰੀ ਘਟਨਾ ਤੋਂ ਇੱਕ ਗੱਲ ਸਾਫ਼ ਹੈ ਕਿ ਬੀੜ ਲਿਜਾਣ ਪਿੱਛੇ ਦੀ ਭਾਵਨਾ ਅਤੇ ਇਰਾਦਾ ਦੇਖਣਾ ਜਰੂਰੀ ਹੈ। ਕੋਈ ਘਟਨਾ ਵਪਾਰਨ ਤੋਂ ਬਾਅਦ ਜੇਕਰ ਸਿੱਖਾਂ ਨੂੰ ਲੱਗਦਾ ਹੈ ਕਿ ਕੁਝ ਗਲਤ ਹੋ ਗਿਆ ਤਾਂ ਉਸ ਉਪਰ ਗੌਰ ਕਰਨਾ ਜਰੂਰੀ ਹੈ।”
ਉਨ੍ਹਾਂ ਕਿਹਾ, “ਮੁਗਲ ਕਾਲ ਦੇ ਪੁਰਾਤਨ ਸਮਿਆਂ ਵਿੱਚ ਹਾਲਾਤ ਅਜਿਹੇ ਹੁੰਦੇ ਸਨ ਕਿ ਸਿੱਖਾਂ ਨੂੰ ਖੁਦ ਜੰਗਲ਼ਾਂ ਵਿੱਚ ਲੁਕ ਕੇ ਰਹਿਣਾ ਪੈਂਦਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੂਆਰਿਆਂ ਵਿੱਚ ਵੀ ਸੁਰੱਖਿਅਤ ਨਹੀਂ ਹੰਦੇ ਸਨ। ਸਿੱਖ ਵਹੀਰਾਂ ਵਿੱਚ ਰਹਿੰਦੇ ਸਨ। ਇਸੇ ਲਈ ਇਹਨਾਂ ਸਮਿਆਂ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਰੱਖਦੇ ਸਨ।”

ਗੁਰੂ ਗ੍ਰੰਥ ਸਾਹਿਬ ਅਤੇ ਥਾਣੇ ਦੇ ਘਿਰਾਓ ਬਾਰੇ ਖਾਸ ਗੱਲਾਂ :
- 23 ਫ਼ਰਵਰੀ ਨੂੰ ਅਜਨਾਲਾ ਪੁਲਿਸ ਥਾਣੇ ਦੇ ਘਿਰਾਓ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਾਲ ਲਿਆਂਦੀ ਗਈ
- ਇਸ ਦੌਰਾਨ ਮੁਜ਼ਾਹਰਾਕਾਰੀਆਂ ਤੇ ਪੰਜਾਬ ਪੁਲਿਸ ਵਿਚਕਾਰ ਝੜਪਾਂ ਵੀ ਹੋਈਆਂ ਸਨ
- ਅਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਇਤਿਹਾਸ ਵਿੱਚ ਵੀ ਸਿੱਖ ਜੰਗਾਂ ਸਮੇਂ ਅਜਿਹਾ ਕਰਦੇ ਰਹੇ ਹਨ
- ਸਿੱਖ ਵਿਦਵਾਨ ਅਤੇ ਇਤਿਹਾਸਕਾਰ ਇਸ ਤੱਥ ਤੋਂ ਇਨਕਾਰ ਕਰਦੇ ਹਨ


ਇਤਿਹਾਸਕ ਜੰਗਾਂ ਤੋਂ ਲੈ ਕੇ ਅਜਨਾਲਾ ਥਾਣੇ ਤੱਕ ਦੀ ਕਹਾਣੀ
ਅਜਨਾਲਾ ਥਾਣੇ ਅੱਗੇ ਵਾਪਰੀ ਹਿੰਸਾ ਤੋਂ ਬਾਅਦ ਅਮ੍ਰਿਤਪਾਲ ਸਿੰਘ ਦੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਅਤੇ ਕੁਝ ਸਿੱਖ ਹਲਕਿਆਂ ਵਿੱਚ ਕਰੜੀ ਅਲੋਚਨਾ ਹੋਈ ਹੈ ।
ਅਮ੍ਰਿਤਪਾਲ ਸਿੰਘ ਦੇ ਵਿਰੋਧੀਆਂ ਨੇ ਇਲਜ਼ਾਮ ਲਗਾਇਆ ਕਿ ਅਜਿਹੇ ਪ੍ਰਦਰਸ਼ਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਸਕਦੀ ਸੀ।
ਪਰ ਅਮ੍ਰਿਤਪਾਲ ਸਿੰਘ ਨੇ ਮੀਡੀਆ ਸਾਹਮਣੇ ਕਿਹਾ ਕਿ ਉਹਨਾਂ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਵਜੋਂ ਵਰਤਿਆ ਨਹੀਂ ਸਗੋਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ ਅਤੇ ਸੇਧ ਲੈਂਦੇ ਹਨ।
ਉਨ੍ਹਾਂ ਦਾ ਕਹਿਣਾ ਸੀ, “ਫੌਜ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਨੂੰ ਜੰਗਾਂ ਸਮੇਂ ਨਾਲ ਲਿਜਾਇਆ ਜਾਂਦਾ ਹੈ। ਇਸ ਦਾ ਮਕਸਦ ਪ੍ਰੇਰਣਾ ਲੈਣਾ ਹੁੰਦਾ ਹੈ। ਅਜਿਹਾ ਵਿਸ਼ਵ ਜੰਗਾਂ ਸਮੇਂ ਅਤੇ ਦਿੱਲੀ, ਮੁਹਾਲੀ ਸਮੇਤ ਜ਼ੀਰਾ ਮੋਰਚੇ ਵਿੱਚ ਵੀ ਵਾਪਰਿਆ ਸੀ।
ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਵੀ ਸੋਸ਼ਲ ਮੀਡੀਆ ਉਪਰ ਗੁਰੂ ਗ੍ਰੰਥ ਸਾਹਿਬ ਰੋਸ ਪ੍ਰਦਰਸ਼ਨ ਸਮੇਂ ਨਾਲ ਲਿਜਾਣ ਦੀ ਵਕਾਲਤ ਕੀਤੀ ਜਾ ਰਹੀ ਹੈ।

ਪਰ ਕੁਝ ਸਿੱਖ ਇਤਿਹਾਸਕਾਰ ਅਤੇ ਵਿਦਵਾਨ ਇਸ ਦੀ ਵਿਰੋਧ ਕਰਦੇ ਹਨ।
ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਹਿਸਟੋਰੀਕਲ ਸਟੱਡੀਜ਼ ਵਿਭਾਗ ਦੇ ਸਾਬਕਾ ਮੁਖੀ ਅਤੇ ਸੇਵਾਮੁਕਤ ਪ੍ਰੋਫੈਸਰ ਸੁਖਦਿਆਲ ਸਿੰਘ ਕਹਿੰਦੇ ਹਨ, “ਫੌਜ ਵਿੱਚ ਬੇਸ ਕੈਂਪ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖੀ ਜਾਂਦੀ ਹੈ। ਫੌਜੀ ਹਮੇਸਾ ਉੱਥੋਂ ਅਰਦਾਸ ਕਰਕੇ ਚੱਲਦੇ ਹਨ। ਸਿੱਖਾਂ ਲਈ ਇਹ ਰੱਬੀ ਹੁਕਮ ਹੈ ਕਿ ਉਹਨਾਂ ਨੇ ਅਰਦਾਸ ਕਰਕੇ ਹੀ ਜਾਣਾ ਹੈ। ਇਸ ਨਾਲ ਉਹਨਾਂ ਨੂੰ ਅਹਿਸਾਸ ਰਹਿੰਦਾ ਹੈ ਕਿ ਗੁਰੂ ਉਹਨਾਂ ਦੇ ਅੰਗ-ਸੰਗ ਹੈ।”
ਸੁਖਦਿਆਲ ਸਿੰਘ ਮੁਤਾਬਕ, “ਜੋ ਤਸਵੀਰਾਂ ਸੋਸ਼ਲ ਮੀਡੀਆ ਉਪਰ ਫੌਜੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਸਿਰ ਉਪਰ ਚੁੱਕੇ ਜਾਂਦੇ ਦੀਆਂ ਘੁੰਮ ਰਹੀਆਂ ਹਨ, ਉਹਨਾਂ ਵਿੱਚ ਫੌਜੀ ਇੱਕ ਛਾਉਣੀ ਤੋਂ ਦੂਜੀ ਛਾਉਣੀ ਵਿੱਚ ਜਾ ਰਹੇ ਹਨ।”
ਉਹ ਕਹਿੰਦੇ ਹਨ, “ਜਦੋਂ ਪੰਜਾਬ ਦੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਗਏ ਸਨ ਤਾਂ ਉਹਨਾਂ ਨੇ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਪਰ ਜਦੋਂ ਰਸਤੇ ਵਿੱਚ ਉਹਨਾਂ ਨੇ ਬੈਰੀਕੇਡ ਤੋੜੇ, ਉਸ ਸਮੇਂ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਰੱਖੇ ਸਨ। ਜਦੋਂ ਮੋਰਚਾ ਲੱਗ ਗਿਆ ਤਾਂ ਬੀੜ ਦਾ ਪ੍ਰਕਾਸ਼ ਕੀਤਾ ਗਿਆ।”

ਸੈਨਿਕ ਇਤਿਹਾਸਕਾਰ ਮਨਦੀਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ “ ਵੱਖ-ਵੱਖ ਧਰਮਾਂ ਨਾਲ ਸਬੰਧਤ ਫੌਜੀਆਂ ਵੱਲੋਂ ਗੀਤਾ, ਕੁਰਾਨ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਰੱਖੇ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਛਾਉਣੀ ਵਿੱਚ ਹੀ ਕੀਤਾ ਜਾਂਦਾ ਹੈ। ਜਿੱਥੇ ਲੜਾਈ ਲੱਗੀ ਹੈ, ਉਸ ਥਾਂ ਉਪਰ ਨਹੀਂ ਲਿਜਾਇਆ ਜਾਂਦਾ।
ਮਨਦੀਪ ਸਿੰਘ ਬਾਜਵਾ ਅਨੁਸਾਰ, “ਕੁਝ ਖਾਲਿਸਤਾਨੀ ਵਿਚਾਰਧਾਰਾ ਨਾਲ ਸਬੰਧ ਪ੍ਰਚਾਰਕਾਂ ਵੱਲੋਂ ਅੱਜ ਕੱਲ੍ਹ ਕਿਹਾ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੁਰਾਣੇ ਸਮਿਆਂ ਵਿੱਚ ਜੰਗ ਦੌਰਾਨ ਨਾਲ ਲਿਜਾਇਆ ਗਿਆ ਸੀ ਪਰ ਇਸ ਵਿੱਚ ਕੋਈ ਸਚਾਈ ਨਹੀਂ।”
ਸਿੱਖ ਇਤਿਹਾਸਕਾਰ ਨਰਿੰਦਰਪਾਲ ਸਿੰਘ ਕਹਿੰਦੇ ਹਨ ਕਿ ਅਜਨਾਲਾ ਘਟਨਾ ਤੋਂ ਬਾਅਦ ਕਈ ਤਰ੍ਹਾਂ ਦੇ ਕਿੰਤੂ ਪ੍ਰੰਤੂ ਹੋ ਰਹੇ ਹਨ ਪਰ ਇਹ ਵੀ ਸੱਚ ਹੈ ਕਿ ਵਿਸ਼ਵ ਜੰਗ ਸਮੇਂ ਸਿੱਖ ਆਪਣੀ ਦਸਤਾਰ ਵਿੱਚ ਗੁਰੂ ਗ੍ਰੰਥ ਸਾਹਿਬ ਪਾ ਕੇ ਲੈ ਜਾਂਦੇ ਸਨ।

ਕੀ ਜਰਨੈਲ ਸਿੰਘ ਭਿੰਡਰਾਵਾਲੇ ਵੀ ਬੀੜ ਨਾਲ ਲੈ ਕੇ ਚੱਲਦੇ ਸਨ ?
ਕੁਝ ਖ਼ਬਰਾਂ ਵਿੱਚ ਅਮ੍ਰਿਤਪਾਲ ਸਿੰਘ ਨੂੰ ਦੂਜਾ ਜਰਨੈਲ ਸਿੰਘ ਭਿੰਡਰਾਵਾਲਾ ਕਿਹਾ ਜਾ ਰਿਹਾ ਹੈ।
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ ਕਿ ਜਰਨੈਲ ਸਿੰਘ ਭਿੰਡਰਾਵਾਲਾ ਨੇ ਆਪਣੀ ਜ਼ਿੰਦਗੀ ਵਿੱਚ ਦੋ ਵੱਡੇ ਮਾਰਚ ਕੱਢੇ ਸਨ ਪਰ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਾਲ ਲੈ ਕੇ ਨਹੀਂ ਚੱਲੇ ਸਨ।
ਜਗਤਾਰ ਸਿੰਘ ਮੁਤਾਬਕ, “ਜਰਨੈਲ ਸਿੰਘ ਭਿੰਡਰਾਵਾਲੇ ਨੇ ਗੱਡੀਆਂ ਨਾਲ ਇੱਕ ਮਾਰਚ ਦਿੱਲੀ ਵਿੱਚ ਕੀਤਾ ਅਤੇ ਇੱਕ ਮਾਰਚ 1981 ਵਿੱਚ ਅੰਮ੍ਰਿਤਸਰ ਵਿੱਚ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਉਣ ਲਈ ਕੀਤਾ ਸੀ। ਉਹਨਾਂ ਏਥੇ ਸ਼ਰਾਬ ਅਤੇ ਸਿਗਰਟ ਬੰਦ ਕਰਵਾਉਣ ਦੀ ਮੰਗ ਕੀਤੀ ਸੀ। ਪਰ ਇਸ ਦੌਰਾਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਨਹੀਂ ਚੁੱਕਿਆ ਸੀ।”

ਜਗਤਾਰ ਸਿੰਘ ਕਹਿੰਦੇ ਹਨ, “ਸਾਲ 1955 ਵਿੱਚ ਪੰਜਾਬੀ ਸੂਬੇ ਲਈ ਮੋਰਚੇ ਲਗਾਏ ਗਏ ਸਨ ਅਤੇ 1960 ਵਿੱਚ ਅਕਾਲੀਆਂ ਨੇ ਲੰਮਾਂ ਸਮਾਂ ਮੋਰਚੇ ਲਗਾਏ ਸਨ ਪਰ ਕਿਤੇ ਵੀ ਜ਼ਿਕਰ ਨਹੀਂ ਆਉਂਦਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਾਲ ਲੈ ਕੇ ਚੱਲੇ ਹੋਣ।”
ਉਨ੍ਹਾਂ ਕਿਹਾ, “ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਂਣ ਸਮੇ ਅਤੇ ‘ਗੁਰੂ ਕਾ ਬਾਗ’ ਮੋਰਚਾ ਸਮੇਂ ਵੀ ਅਜਿਹਾ ਨਹੀਂ ਹੋਇਆ। ਸਿੱਖ ਦਰਬਾਰ ਸਾਹਿਬ ਵਿੱਚ ਰੋਜ਼ ਜਾਂਦੇ ਸਨ ਪਰ ਅਰਦਾਸ ਕਰਕੇ ਮੋਰਚੇ ਵੱਲ ਚੱਲ ਪੈਂਦੇ ਸਨ।”
ਜਗਤਾਰ ਸਿੰਘ ਆਪਣੀ ਗੱਲ ਸਮਾਪਤ ਕਰਦੇ ਹੋਏ ਕਹਿੰਦੇ ਹਨ ਕਿ, “ਜੈਤੋ ਦੇ ਮੋਰਚੇ ਅਤੇ ਨਨਕਾਣਾ ਸਾਹਿਬ ਦੇ ਮੋਰਚੇ ਸਮੇਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਨਹੀਂ ਲਜਾਇਆ ਗਿਆ ਸੀ।”
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)