ਪੰਜਾਬੀ ਨੌਜਵਾਨ ਜਿਸ ਨੇ ਵਿਦੇਸ਼ੀ ਕੰਪਨੀ ਦੀ ਨੌਕਰੀ ਛੱਡ ਮੁਰਗੀ ਪਾਲਣ ਦਾ ਧੰਦਾ ਕੀਤਾ ਸ਼ੁਰੂ

Wednesday, Mar 01, 2023 - 07:45 AM (IST)

ਪੰਜਾਬੀ ਨੌਜਵਾਨ ਜਿਸ ਨੇ ਵਿਦੇਸ਼ੀ ਕੰਪਨੀ ਦੀ ਨੌਕਰੀ ਛੱਡ ਮੁਰਗੀ ਪਾਲਣ ਦਾ ਧੰਦਾ ਕੀਤਾ ਸ਼ੁਰੂ
ਸਾਜਨਪ੍ਰੀਤ ਸਿੰਘ
BBC
ਸਾਜਨਪ੍ਰੀਤ ਅਮਰੀਕੀ ਕੰਪਨੀ ਵਿੱਚ ਕੰਮ ਕਰਦੇ ਸਨ

ਗੁਰਦਾਸਪੁਰ ਬਟਾਲਾ ਦਾ ਇਕ ਨੌਜਵਾਨ ਇਕ ਵੱਖਰੀ ਤਰ੍ਹਾਂ ਦੀ ਪੋਲਟਰੀ ਫਾਰਮਿੰਗ ਕਰ ਕੇ ਆਪਣਾ ਚੰਗਾ ਭਵਿੱਖ ਬਣਾ ਰਿਹਾ ਹੈ।

27 ਸਾਲ ਦਾ ਨੌਜਵਾਨ ਸਾਜਨਪ੍ਰੀਤ ਸਿੰਘ ਸੰਧੂ ਪੁਣੇ ਤੋਂ ਮਾਰਕੀਟਿੰਗ ਅਤੇ ਫਾਇਨਾਂਸ ਵਿੱਚ ਪੀਜੀਡੀਐੱਮਏ ਦੀ ਪੜਾਈ ਕਰਨ ਤੋਂ ਬਾਅਦ ਇੱਕ ਅਮਰੀਕੀ ਕੰਪਨੀ ਵਿੱਚ ਸੋਸ਼ਲ ਮੀਡਿਆ ਕੰਸਲਟੈਂਟ ਵਜੋਂ ਨੌਕਰੀ ਕਰਦੇ ਸੀ ਅਤੇ ਉਸ ਨੂੰ ਤਨਖ਼ਾਹ ਵੀ ਅਮਰੀਕੀ ਡਾਲਰ ਵਿੱਚ ਮਿਲਦੀ ਸੀ।

ਸਾਜਨਪ੍ਰੀਤ ਸਿੰਘ ਦੱਸਦੇ ਹਨ ਕਿ ਪੋਲਟਰੀ ਦੇ ਕਾਰੋਬਾਰ ਬਾਰੇ ਕਦੇ ਉਸ ਨੇ ਸੋਚਿਆ ਹੀ ਨਹੀਂ ਸੀ।

ਬੇਸ਼ੱਕ ਉਹ ਇੱਕ ਕਿਸਾਨ ਦਾ ਪੁੱਤ ਹੈ ਅਤੇ ਕਿਸਾਨੀ ਪਰਿਵਾਰਕ ਪਿਛੋਕੜ ਹੈ ਪਰ ਉਹ ਆਖਦੇ ਹਨ, "ਕਦੇ ਪੈਲੀ ''''ਚ ਪੈਰ ਵੀ ਨਹੀਂ ਰੱਖਿਆ ਸੀ।"

ਸਾਜਨਪ੍ਰੀਤ ਸਿੰਘ
BBC
ਹੁਣ ਸਾਜਨਪ੍ਰੀਤ ਪੋਲਟਰੀ ਫਾਰਮਿੰਗ ਕਰ ਕੇ ਆਪਣਾ ਭਵਿੱਖ ਬਣਾ ਰਿਹਾ ਹੈ

ਉਨ੍ਹਾਂ ਵੱਲੋਂ ਕਰੀਬ ਢਾਈ ਸਾਲ ਪਹਿਲਾ ਕਿਰਾਏ ''''ਤੇ ਕਰੀਬ ਇੱਕ ਕਨਾਲ ਥਾਂ ਲੈ ਕੇ ਪੋਲਟਰੀ ਫਾਰਮ ਬਟਾਲਾ ਵਿੱਚ ਸ਼ੁਰੂ ਕੀਤਾ ਅਤੇ ਇਸੇ ਫਾਰਮ ਤੋਂ ਕਮਾਈ ਕਰ ਦੂਸਰਾ ਫਾਰਮ ਅੰਮ੍ਰਿਤਸਰ ਦੇ ਨੇੜੇ ਵੇਰਕਾ ਵਿੱਚ ਵੀ ਸ਼ੁਰੂ ਕਰ ਲਿਆ ਹੈ।

ਜਦਕਿ ਇਸੇ ਤਰ੍ਹਾਂ ਦੇ ਹੋਰ ਪੋਲਟਰੀ ਸ਼ੈਡ ਸਥਾਪਿਤ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ।

ਜਦਕਿ ਸਾਜਨਪ੍ਰੀਤ ਸਿੰਘ ਆਪਣੀ ਇੱਕ ਨਿੱਜੀ ਕੰਪਨੀ ਵੀ ਚਲਾਉਂਦੇ ਹਨ। ਉਨ੍ਹਾਂ ਦੀ ਬਟਾਲਾ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ , ਜਲੰਧਰ , ਲੁਧਿਆਣਾ ਅਤੇ ਪੰਜਾਬ ਦੇ ਬਾਹਰ ਅੰਬਾਲਾ ਅਤੇ ਜੈਪੁਰ ਤੱਕ ਸਪਲਾਈ ਚੇਨ ਹੈ ਅਤੇ ਹੁਣ ਹਿਮਾਚਲ ਪ੍ਰਦੇਸ਼ ’ਚ ਸਪਲਾਈ ਚੇਨ ਲਈ ਉਹ ਕੰਮ ਕਰ ਰਿਹਾ ਹੈ।

ਸਾਜਨਪ੍ਰੀਤ ਦੱਸਦੇ ਹਨ ਕਿ ਸਾਲ 2020 ਵਿੱਚ ਭਾਰਤ ਸਰਕਾਰ ਦੇ ਚਾਈਨਾ ਐਪ ਬੰਦ ਕਰਨ ਦੇ ਐਲਾਨ ਨੇ ਉਸ ਦਾ ਸਮਾਂ ਬਦਲ ਦਿਤਾ ।

ਮੁਰਗੀਪਾਲਣ
BBC
ਸਾਜਨਪ੍ਰੀਤ ਨੌਕਰੀ ਨਹੀਂ ਕਰਨਾ ਚਾਹੁੰਦੇ ਸਨ

ਉਹ ਕਹਿੰਦੇ ਹਨ, "ਭਾਰਤ ਸਰਕਾਰ ਵੱਲੋਂ ਨੋਟਬੰਦੀ ਦੇ ਐਲਾਨ ਨੇ ਜਿਵੇ ਦੇਸ਼ ਭਰ ਦੇ ਲੋਕਾਂ ਨੂੰ ਰਾਤੋਂ-ਰਾਤ ਸੋਚਣ ਲਈ ਮਜਬੂਰ ਕੀਤਾ ਉਵੇਂ ਹੀ ਇਹ ਵੀ ਕੁਝ ਇਸ ਤਰ੍ਹਾਂ ਦਾ ਹੀ ਝੱਟਕਾ ਸੀ।"

ਜਦੋਂ ਭਾਰਤ ਸਰਕਾਰ ਵੱਲੋਂ 2020 ਵਿੱਚ ਚੀਨ ਦੀਆਂ ਬਹੁਤ ਸਾਰੀਆਂ ਐਪਸ ''''ਤੇ ਪਾਬੰਦੀ ਲਗਾ ਦਿੱਤੀ ਤਾਂ ਉਸ ਦੀ ਨੌਕਰੀ ਵੀ ਪ੍ਰਭਾਵਿਤ ਹੋਈ ਸੀ।

ਲਾਈਨ
BBC

ਮੁੱਖ ਬਿੰਦੂ

  • 27 ਸਾਲ ਦੇ ਨੌਜਵਾਨ ਸਾਜਨਪ੍ਰੀਤ ਸਿੰਘ ਸੰਧੂ ਨੇ ਪੁਣੇ ਤੋਂ ਮਾਰਕੀਟਿੰਗ ਅਤੇ ਫਾਇਨਾਂਸ ਵਿੱਚ ਪੀਜੀਡੀਐੱਮਏ ਦੀ ਪੜਾਈ ਕੀਤੀ ਹੈ।
  • ਉਹ ਅਮਰੀਕੀ ਕੰਪਨੀ ਵਿੱਚ ਸੋਸ਼ਲ ਮੀਡਿਆ ਕੰਸਲਟੈਂਟ ਵਜੋਂ ਨੌਕਰੀ ਕਰਦੇ ਸੀ।
  • ਸਾਜਨ ਮੁਤਾਬਕ ਉਨ੍ਹਾਂ ਨੇ ਕਦੇ ਇਸ ਕਾਰੋਬਾਰ ਬਾਰੇ ਸੋਚਿਆ ਵੀ ਨਹੀਂ ਸੀ।
  • ਭਾਰਤ ਵਿੱਚ ਚੀਨ ਦੀਆਂ ਐਪਸ ਬੰਦ ਹੋਣ ਮਗਰੋਂ ਸਾਜਨ ਦੀ ਕੰਪਨੀ ਬੰਦ ਹੋ ਗਈ ਸੀ।
  • ਹੁਣ ਉਹ ਇਕ ਵੱਖਰੀ ਤਰ੍ਹਾਂ ਦੀ ਪੋਲਟਰੀ ਫਾਰਮਿੰਗ ਕਰ ਕੇ ਆਪਣਾ ਚੰਗਾ ਭਵਿੱਖ ਬਣਾ ਰਿਹਾ ਹੈ।
  • ਆਪਣਾ ਕਾਰੋਬਾਰ ਕਰਨ ਲਈ ਉਨ੍ਹਾਂ ਨੇ ਸਿੰਗਾਪੁਰ ਦੀ ਕੰਪਨੀ ਵਿੱਚ ਮਿਲੀ ਨੌਕਰੀ ਵੀ ਛੱਡ ਦਿੱਤੀ ਸੀ।
ਲਾਈਨ
BBC

ਨਾਨੀ ਦੀ ਗੱਲ ਤੋਂ ਮਿਲੀ ਪ੍ਰੇਰਨਾ

ਸਾਜਨ ਇੱਕ ਅਮਰੀਕੀ ਕੰਪਨੀ ਵਿੱਚ ਸੋਸ਼ਲ ਮੀਡਿਆ ਕੰਸਲਟੈਂਟ ਸੀ ਜੋ ਉਹ ਪਾਬੰਦੀ ਲੱਗਣ ਵਾਲੀਆਂ ਐਪਸ ਲਈ ਕੰਮ ਕਰਦੀ ਸੀ। ਉਨ੍ਹਾਂ ਦਾ ਦਫ਼ਤਰ ਜੋ ਦਿੱਲੀ ਦੇ ਨਾਲ ਲਗਦੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸੀ, ਉਹ ਵੀ ਬੰਦ ਹੋ ਗਿਆ ਸੀ।

ਉਧਰ ਕੋਵਿਡ ਦੀ ਮਾਰ ਨੇ ਉਨ੍ਹਾਂ ਨੂੰ ਕੁਝ ਸਮੇਂ ਲਈ ਬੇਰੁਜ਼ਗਾਰ ਬਣਾ ਦਿੱਤਾ।

ਫਿਰ ਕੁਝ ਸਮੇਂ ਬਾਅਦ ਮੁੜ ਇੱਕ ਸਿੰਗਾਪੁਰ ਦੀ ਕੰਪਨੀ ਵਿੱਚ ਨੌਕਰੀ ਤਾਂ ਮਿਲ ਗਈ ਲੇਕਿਨ ਸਾਜਨਪ੍ਰੀਤ ਕਹਿੰਦੇ ਹਨ, "ਉਦੋਂ ਇਵੇ ਦਾ ਸਮਾਂ ਆਇਆ ਕਿ ਨੌਕਰੀ ਤੋਂ ਮਨ ਭਰ ਗਿਆ ਅਤੇ ਉਦੋਂ ਕੋਵਿਡ ਦੇ ਸਮੇਂ ਨੇ ਇੱਕ ਗੱਲ ਸਮਝਾਈ ਕਿ ਬੁਨਿਆਦੀ ਲੋੜਾਂ ਨਾਲ ਸੰਬਧਤ ਕਾਰੋਬਾਰ ਕੀਤਾ ਜਾਵੇ ਤਾਂ ਜੋ ਜ਼ਿੰਦਗੀ ਸਫ਼ਲ ਹੋ ਸਕੇ।"

"ਅਜਿਹੇ ਵਿੱਚ ਖੇਤੀਬਾੜੀ ਤੋਂ ਚੰਗਾ ਕੋਈ ਨਹੀਂ ਸੀ। ਸਮਾਂ ਔਖਾ ਬਹੁਤ ਸੀ ਪਰ ਕੋਲ ਪੈਸੇ ਜ਼ਰੂਰ ਸਨ ਜੋ ਨੌਕਰੀ ਤੋਂ ਜੋੜ ਕੇ ਰੱਖੇ ਸਨ।"

ਸਾਜਨਪ੍ਰੀਤ ਸਿੰਘ
BBC

ਸਾਜਨ ਨੇ ਕਿਹਾ, "ਉਸ ਵੇਲੇ ਛੋਟੇ ਹੁੰਦੇ ਨਾਨੀ ਦੀ ਇੱਕ ਕਹੀ ਗੱਲ ਯਾਦ ਆਈ ਕਿ ''''ਜਦ ਕੋਈ ਕੰਮ ਨਾ ਹੋਵੇ ਤਾ ਮੁਰਗੀਆਂ ਪਾਲ ਲਓ'''' ਕਿਉਕਿ ਉਦੋਂ ਨਾਨਕੇ ਪਿੰਡ ਆਉਣਾ ਤਾ ਦੇਖਣਾ ਕਿ ਘਰ ਵਿੱਚ ਦੇਸੀ ਮੁਰਗੇ ਪਾਲੇ ਹੁੰਦੇ ਸਨ।"

"ਬਸ ਫਿਰ ਮਨ ਬਣਾ ਕੇ ਤੇ ਮਾਰਕੀਟਿੰਗ ਦਾ ਵਿਦਿਆਰਥੀ ਹੋਣ ਕਾਰਨ ਪਹਿਲਾ ਬਾਜ਼ਾਰ ਦੀ ਮੰਗ ਨੂੰ ਸਮਝਿਆ ਅਤੇ ਖ਼ੁਦ ਸਰਵੇ ਕੀਤਾ। ਇਸ ਤੋਂ ਬਾਅਦ ਮਨ ਪੱਕਾ ਕੀਤਾ ਕਿ ਪੋਲਟਰੀ ਫਾਰਮਿੰਗ ਦਾ ਕਾਰੋਬਾਰ ਹੀ ਕਰਨਾ ਹੈ ਪਰ ਕੁਝ ਹਟਕੇ।"

ਸਾਜਨ ਕਹਿੰਦੇ ਹਨ, "ਕਿਉਕਿ ਮੁੱਖ ਤੌਰ ਤੇ ਬਾਜ਼ਾਰ ਵਿੱਚ ਮੰਗ ਕੜਕਨਾਥ ਅਤੇ ਦੇਸੀ ਮੁਰਗੇ ਦੀ ਬ੍ਰੀਡ ਦੇ ਮੀਟ ਅਤੇ ਆਂਡੇ ਦੀ ਹੈ।"

ਸਾਜਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਵੱਖ ਤਰ੍ਹਾਂ ਦੀ ਖੇਤੀ ਕਰ ਚੰਗਾ ਮੁਨਾਫ਼ਾ ਕਮਾਉਣਾ ਹੈ ਤਾਂ ਮੁੱਖ ਹੈ ਮਾਰਕੀਟਿੰਗ ’ਤੇ ਜ਼ੋਰ ਦਿੱਤਾ ਜਾਵੇ।

ਉਹ ਆਖਦੇ ਹਨ, "ਅੱਜ ਜੇਕਰ ਹੱਥ ਵਿੱਚ ਮੋਬਾਇਲ ਹੈ ਤਾਂ ਸਮਝ ਲਓ ਪੂਰੀ ਮਾਰਕੀਟ ਤੁਹਾਡੀ ਹੈ ਬੱਸ ਮਿਹਨਤ ਅਤੇ ਤਕਨੀਕ ਦੀ ਲੋੜ ਹੈ।"

ਸਾਜਨਪ੍ਰੀਤ ਸਿੰਘ
BBC

ਮਾਂ ਕਰਦੀ ਹੈ ਮਦਦ

ਸਾਜਨਪ੍ਰੀਤ ਦਾ ਕਹਿਣਾ ਹੈ ਕਿ ਬਟਾਲਾ ਦੇ ਪੋਲਟਰੀ ਸ਼ੈੱਡ ਵਿੱਚ ਜਿਹੜੇ ਜਾਨਵਰ ਹਨ, ਉਨ੍ਹਾਂ ਦੀ ਦੇਖਭਾਲ ਵਿੱਚ ਉਨ੍ਹਾਂ ਦੀ ਮਾਂ ਨਿਰਮਲਜੀਤ ਕੌਰ ਵੀ ਬਹੁਤ ਸਾਥ ਦੇ ਰਹੇ ਹਨ।

ਉਹ ਪੂਰਾ ਦਿਨ ਇਸ ਫਾਰਮ ਦਾ ਰੱਖ-ਰਖਾਵ ਕਰਦੇ ਹਨ ਅਤੇ ਇੱਕ ਮੁਲਾਜਮ ਵੀ ਹੈ ਜਦਕਿ ਵੇਰਕਾ ਵਿੱਚ ਜੋ ਫਾਰਮ ਹੈ ਉਥੇ ਤਿੰਨ ਲੋਕਾਂ ਨੂੰ ਕੰਮਕਾਜ ਲਈ ਨੌਕਰੀ ''''ਤੇ ਰੱਖਿਆ ਹੈ ਅਤੇ ਉਹ ਆਪ ਮਾਰਕੀਟਿੰਗ ਦਾ ਕੰਮ ਸੰਭਾਲ ਰਹੇ ਹਨ।

ਸਾਜਨਪ੍ਰੀਤ ਭਾਵੇ ਖੁਲ੍ਹ ਕੇ ਆਪਣਾ ਮੁਨਾਫ਼ਾ ਨਹੀਂ ਦੱਸਦੇ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨੀ ਆਮਦਨ ਬਹੁਤ ਵੱਧ ਮਿਹਨਤ ਕਰ ਕੇ ਪੰਜਾਬੀ ਨੌਜਵਾਨ ਕੈਨੇਡਾ ਵਿੱਚ ਕਮਾ ਰਹੇ ਹਨ ਉਸ ਤੋਂ ਘੱਟ ਮਿਹਨਤ ਕਰ ਉਹ ਵਧੇਰੇ ਮੁਨਾਫ਼ਾ ਪੰਜਾਬ ਵਿੱਚ ਰਹਿ ਕੇ ਕੰਮਾ ਰਹੇ ਹਨ।

ਸਾਜਨਪ੍ਰੀਤ ਸਿੰਘ ਦੀ ਮਾਂ
BBC
ਸਾਜਨਪ੍ਰੀਤ ਦੇ ਕੰਮ ਵਿੱਚ ਉਨ੍ਹਾਂ ਦਾ ਮਾਂ ਵੀ ਮਦਦ ਕਰਦੀ ਹੈ

ਇਸ ਪੋਲਟਰੀ ਫਾਰਮ ਵਿੱਚ 75 ਫੀਸਦੀ ਪੋਲਟਰੀ ਹੈ ਅਤੇ 25 ਫੀਸਦੀ ਘਰ ਵਿੱਚ ਜੋ ਪਾਲਤੂ ਜੀਵ ਜਿਵੇ ਖ਼ਰਗੋਸ਼ ਅਤੇ ਹੰਸ ਦੀਆਂ ਪਰਜਾਤੀਆਂ , ਗਿੰਨੀ ਪੈਗ ਆਦਿ ਵੀ ਪਾਲਦੇ ਹਨ।

ਜਿਨ੍ਹਾਂ ਨੂੰ ਉਹ ਅੱਗੇ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ (ਪੈੱਟ ਸ਼ੋਪ) ''''ਤੇ ਸਪਲਾਈ ਕਰਦੇ ਹਨ।

ਸਾਜਨਪ੍ਰੀਤ ਦੱਸਦੇ ਹਨ, "ਸਰਦੀਆਂ ਵਿੱਚ ਜਿੱਥੇ ਮੁੱਖ ਤੌਰ ''''ਤੇ ਕੜਕਨਾਥ ਅਤੇ ਦੇਸੀ ਮੁਰਗੇ ਦੇ ਮੀਟ ਅਤੇ ਆਂਡੇ ਦੀ ਸਪਲਾਈ ਹੁੰਦੀ ਹੈ ਉਥੇ ਹੀ ਹੁਣ ਜਿਵੇਂ ਗਰਮੀਆਂ ਆ ਰਹੀਆਂ ਹਨ ਤਾਂ ਕਮਾਈ ਦਾ ਢੰਗ ਬਦਲ ਜਾਣਾ ਹੈ।"

ਉਨ੍ਹਾਂ ਕੋਲ ਮੁਰਗੇ ਦੇ ਅਚਾਰ ਅਤੇ ਹੋਰਨਾਂ ਪੋਲਟਰੀ ਕਿਸਾਨਾਂ ਨੂੰ ਚੂਜ਼ੇ ਸਪਲਾਈ ਦਾ ਆਰਡਰ ਹੈ।

ਸਾਜਨਪ੍ਰੀਤ ਮੁਤਾਬਕ ਇਹ ਅਜਿਹਾ ਖੇਤੀ ਸਹਾਇਕ ਧੰਦਾ ਹੈ ਜਿਸ ਵਿੱਚ ਜਦੋਂ ਕਿਸਾਨ ਕੁਝ ਸਾਲਾਂ ਬਾਅਦ ਕੜੀ ਮਿਹਨਤ ਕਰਨ ਬਾਅਦ ਸਫ਼ਲ ਹੁੰਦਾ ਹੈ ਤਾਂ ਕਮਾਈ ਦੁਗਣੀ ਜਾਂ ਚਾਰ ਗੁਣਾ ਨਹੀਂ ਬਲਕਿ 21 ਗੁਣਾ ਹੋ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News