ਜਦੋਂ ਮਿਲਖਾ ਸਿੰਘ ਦੀ ਭੈਣ ਨੇ ਉਨ੍ਹਾਂ ਨੂੰ ਮਰਿਆ ਸਮਝ ਕੇ ਵਿਰਲਾਪ ਸ਼ੁਰੂ ਕਰ ਦਿੱਤਾ...

06/20/2021 9:06:43 AM

ਮਿਲਖਾ ਸਿੰਘ
BBC
ਮਿਲਖਾ ਸਿੰਘ ਮੁਤਾਬਕ ਹਰ ਵਿਅਕਤੀ ਲਈ 10 ਮਿੰਟ ਦੀ ਕਸਰਤ ਜ਼ਰੂਰੀ ਹੈ

ਮੇਰੇ ਨਾਨੀ ਜੀ ਦੀ ਉਮਰ 96 ਸਾਲ ਹੈ। ਉਹ ਵੰਡ ਦੌਰਾਨ ਲਾਹੌਰ ਤੋਂ ਕਲਕੱਤਾ ਆ ਕੇ ਵਸੇ ਸਨ। ਉਹ ਮਿਲਖਾ ਸਿੰਘ ਨੂੰ 1958 ਦੀਆਂ ਕਾਰਡਿਫ਼ ਕਾਮਨਵੈਲਥ ਖੇਡਾਂ ਦੇ ਸਮੇਂ ਤੋਂ ਜਾਣਦੇ ਸਨ।

ਇਹ ਉਹੀ ਖੇਡਾਂ ਸਨ ਜਦੋਂ ਮਿਲਖਾ ਸਿੰਘ ਭਾਰਤ ਲਈ ਮੈਡਲ ਲਿਆਉਣ ਵਾਲੇ ਪਹਿਲੇ ਖਿਡਾਰੀ ਬਣੇ ਸਨ।

ਉਹ ਜਾਣਦੇ ਸਨ ਕਿ ਕਿਵੇਂ ਮਿਲਖਾ ਸਿੰਘ ਵੰਡ ਦੇ ਫਸਾਦਾਂ ਦੌਰਾਨ ਬਚੇ ਅਤੇ ਕਿਵੇਂ ਉਹ ਬੇਹੋਸ਼ ਹੋ ਜਾਣ ਤੱਕ ਪ੍ਰੈਕਟਿਸ ਕਰਦੇ ਰਹਿੰਦੇ ਸਨ।

ਮਿਲਖਾ ਸਿੰਘ ਦੀ ਕਹਾਣੀ ਖ਼ਾਸ ਕਰਕੇ ਵੰਡ ਦੀ ਕਤਲੋਗਾਰਤ ਦੌਰਾਨ ਪਾਕਿਸਤਾਨ ਤੋਂ ਉੱਜੜ ਕੇ ਆਉਣ ਵਾਲਿਆਂ ਲਈ ਲੋਕ-ਕਥਾ ਬਣ ਗਈ।

ਇਹ ਵੀ ਪੜ੍ਹੋ-

ਮੇਰੇ ਪਿਤਾ (ਹੁਣ 73 ਸਾਲਾ) ਉਸ ਵੇਲੇ 11 ਸਾਲ ਦੇ ਸਨ ਜਦੋਂ ਮਿਲਖਾ ਸਿੰਘ ਨੇ ਕਾਰਡਿਫ਼ ਖੇਡਾਂ ਦੀ 400 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਿਆ।

ਉਹ ਵੀ ਰੇਡੀਓ ਉੱਪਰ ਮਿਲਖਾ ਸਿੰਘ ਦੀ ਬਹਾਦਰੀ ਦੇ ਕਿੱਸੇ ਸੁਣਦੇ ਅਤੇ ਅਖ਼ਬਾਰਾਂ ਵਿੱਚ ਪੜ੍ਹਦੇ ਹੀ ਵੱਡੇ ਹੋਏ ਕਿ ਕਿਵੇਂ ਪਾਕਿਸਤਾਨ ਵਿੱਚ ਰਹਿ ਗਏ ਮੁਜ਼ੱਫ਼ਰਗੜ੍ਹ ਦੇ ਗੋਬਿੰਦਪੁਰ ਦੇ ਇੱਕ ਨਿਆਣੇ ਨੇ ਵੰਡ ਤੋਂ ਪਹਿਲਾਂ ਦੇ ਦੰਗੇ ਦੇਖੇ ਤੇ ਇੱਕ ਦਿਨ ਦੇਸ਼ ਦਾ ਸਨਮਾਨਿਤ ਖਿਡਾਰੀ ਬਣਿਆ।

ਉਸ ਤੋਂ ਬਾਅਦ ਮਿਲਖਾ ਸਿੰਘ ਦਾ ਨਾਂਅ ਕਿਤੇ ਗੁੰਮ ਹੋ ਗਿਆ। ਜੋ ਨਾ ਤਾਂ ਕਿਤੇ ਅਖ਼ਬਾਰਾਂ ਵਿੱਚ ਅਤੇ ਨਾ ਹੀ ਪਾਠ-ਪੁਸਤਕਾਂ ਵਿੱਚ ਭਾਲਿਆਂ ਥਿਆਉਂਦਾ ਸੀ।

ਫਿਰ ਦੂਰਦਰਸ਼ਨ ਨੇ 1990 ਵਿੱਚ ਸਾਨੂੰ ਭਾਰਤੀ ਖੇਡ ਦੇ ਇਸ ਮਹਾਂਨਾਇਕ ਦੇ ਰੂਬਰੂ ਕੀਤਾ।

ਦੂਰਦਰਸ਼ਨ ਨੇ ਉਨ੍ਹਾਂ ਉੱਪਰ ਅੱਧੇ-ਅੱਧੇ ਘੰਟੇ ਦੀਆਂ ਸੱਤ ਕਿਸ਼ਤਾਂ ਦੀ ਦਸਤਵੇਜ਼ੀ ''ਫਲਾਇੰਗ ਸਿੱਖ'' ਬਣਾਈ। ਹਰ ਐਤਵਾਰ ਅਸੀਂ ਬੜੇ ਉਤਾਵਲੇਪਣ ਨਾਲ ਇਸ ਦੀ ਉਡੀਕ ਕਰਦੇ।

ਮਿਲਖਾ ਸਿੰਘ
BBC

ਕਿ ਕਿਵੇਂ ਇੱਕ ਨਿੱਕਾ ਨਿਆਣਾ, ਜਿਸ ਦੇ ਪਰਿਵਾਰ ਨੂੰ ਮਾਪਿਆਂ ਅਤੇ ਚਾਰ ਭੈਣ-ਭਰਾਵਾਂ ਸਮੇਤ ਵੰਡ ਦੇ ਕਤਲੇਆਮ ਦੌਰਾਨ ਕਤਲ ਕਰ ਦਿੱਤਾ ਗਿਆ, ਉਹ ਭਾਰਤ ਆਇਆ।

ਰਿਫ਼ੂਜੀ ਕੈਂਪਾਂ ਵਿੱਚ ਰਿਹਾ ਤੇ ਨਿੱਕੇ-ਮੋਟੇ ਕੰਮ ਕੀਤੇ ਅਤੇ ਫਿਰ ਰੋਜ਼ੀ-ਰੋਟੀ ਲਈ ਫ਼ੌਜ ਵਿੱਚ ਭਰਤੀ ਹੋ ਗਿਆ।

ਮੰਨੋ ਜਿਵੇਂ ਸੋਨਾ ਹੱਥੋਂ ਕਿਰ ਗਿਆ

ਉੱਥੋਂ ਹੀ ਉਸ ਮੁੰਡੇ ਦਾ ਖੇਡ ਜੀਵਨ ਸ਼ੁਰੂ ਹੋਇਆ ਅਤੇ ਇੱਕ ਨਾਇਕ ਬਣ ਕੇ ਉਭਰਿਆ। ਪਦਮਸ਼੍ਰੀ ਐਵਾਰਡੀ ਨੇ 1960 ਦੇ ਰੋਮ ਓਲੰਪਿਕ ਦੀ 400 ਮੀਟਰ ਦੌੜ ਚੌਥੇ ਸਥਾਨ ''ਤੇ ਰਹਿ ਕੇ 45.60 ਸਕਿੰਟਾਂ ਵਿੱਚ ਮੁਕੰਮਲ ਕੀਤੀ।

ਉਸ ਸਮੇਂ ਉਹ ਸਕਿੰਟ ਦੇ ਸੌਵੇਂ ਹਿੱਸੇ ਦੇ ਬਰਾਬਰ ਸਮੇਂ ਨਾਲ ਓਲੰਪਿਕ ਦੇ ਸੋਨ ਤਗਮੇ ਤੋਂ ਖੁੰਝ ਗਏ, ਮੰਨੋ ਉਹ ਉਨ੍ਹਾਂ ਦੇ ਹੱਥ ਵਿੱਚੋਂ ਕਿਰ ਗਿਆ।

ਉਹ ਦੌੜ ਸਾਡੀ ਪੀੜ੍ਹੀ ਦੀ ਸਭ ਤੋਂ ਰੋਮਾਂਚਕ ਘਟਨਾ ਸੀ। ਜੋ ਸਾਨੂੰ ਹੌਂਸਲਾ ਦਿੰਦੀ ਸੀ ਕਿ ਸਾਡਾ ਵੀ ਕਦੇ ਦੁਨੀਆਂ ਦੀ ਅਥਲੈਟਿਕ ਵਿੱਚ ਨਾਮ ਹੁੰਦਾ ਸੀ।

ਜਦੋਂ ਮਿਲਖਾ ਸਿੰਘ ਬਾਰੇ ਦੂਰਦਰਸ਼ਨ ਦੀ ਇਹ ਦਸਤਾਵੇਜ਼ੀ ਦਿਖਾਈ ਜਾ ਰਹੀ ਸੀ ਤਾਂ ਭਾਰਤ ਓਲੰਪਿਕ ਵਿੱਚੋਂ ਖਾਲੀ ਹੱਥ ਆ ਰਿਹਾ ਸੀ।

ਅਧੂਰੀ ਖਾਹਿਸ਼

1988 ਦੀਆਂ ਸਿਓਲ ਖੇਡਾਂ ਵਿੱਚ ਅਸੀਂ ਮੈਡਲਾਂ ਦੇ ਕਿਤੇ ਨੇੜੇ ਵੀ ਨਹੀਂ ਸੀ ਅਤੇ ਇਹੀ ਹਾਲ 1992 ਦੀਆਂ ਬਾਰਸੀਲੋਨਾ ਓਲੰਪਿਕ ਵਿੱਚ ਸੀ। ਪਹਿਲੀਆਂ ਖੇਡਾਂ ਵਿੱਚ ਅਸੀਂ ਮੈਡਲ ਸੂਚੀ ਵਿੱਚ ਦਸਵੇਂ ਅਤੇ ਫਿਰ 1992 ਵਿੱਚ 14ਵੇਂ ਨੰਬਰ ''ਤੇ ਸੀ।

ਖੇਡ ਪੱਤਰਕਾਰ ਹੋਣ ਦੇ ਨਾਤੇ ਮੈਨੂੰ ਮਿਲਖਾ ਸਿੰਘ ਨਾਲ ਮਿਲਣ ਦਾ ਕਈ ਵਾਰ ਮੌਕਾ ਮਿਲਿਆ ਅਤੇ ਓਲੰਪਿਕ ਵਿੱਚ ਸੋਨੇ ਦਾ ਤਗਮਾ ਖੁੱਸ ਜਾਣ ਦਾ ਮਲਾਲ ਉਨ੍ਹਾਂ ਨੂੰ ਉਮਰ ਭਰ ਰਿਹਾ।

ਉਨਾਂ ਨੂੰ ਮੈਂ ਆਖ਼ਰੀ ਵਾਰ ਇਸੇ ਸਾਲ ਅਪ੍ਰੈਲ ਮਹੀਨੇ ਦੀ ਅੱਠ ਤਰੀਕ ਨੂੰ ਮਿਲਿਆ ਸੀ। ਉਸ ਸਮੇਂ ਵੀ ਉਨ੍ਹਾਂ ਨੇ ਮੇਰੇ ਨਾਲ ਉਹੀ ਦੁਖ ਸਾਂਝਾ ਕੀਤਾ।

ਉਨ੍ਹਾਂ ਨੇ ਕਿਹਾ,"ਵੰਡ ਤੋਂ ਬਾਅਦ, ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਦੁਖਦ ਦਿਨ ਸੀ ਜਦੋਂ ਮੇਰੇ ਹੱਥੋਂ ਉਹ ਮੈਡਲ ਖੁੰਝਿਆ। ਮੈਂ ਮਰਨ ਤੋਂ ਪਹਿਲਾਂ ਕਿਸੇ ਭਾਰਤੀ ਐਥਲੀਟ ਨੂੰ ਓਲੰਪਿਕ ਮੈਡਲ ਜਿੱਤਦਿਆਂ ਦੇਖਣਾ ਚਾਹੁੰਦਾ ਹਾਂ। ਆਸ ਹੈ ਉਹ ਟੋਕੀਓ ਵਿੱਚ ਜਿੱਤ ਜਾਣਗੇ ਜਾਂ ਮੈਨੂੰ ਹੋਰ ਚਾਰ ਕੁ ਸਾਲ ਇੰਤਜ਼ਾਰ ਕਰਨਾ ਪਵੇਗਾ।"

ਹਾਲਾਂਕਿ, ਉਨ੍ਹਾਂ ਦੀ ਟੋਕੀਓ ਓਲੰਪਿਕ ਸ਼ੁਰੂ ਹੋਣ ਤੋਂ 35 ਦਿਨ ਪਹਿਲਾਂ ਮੌਤ ਹੋ ਚੁੱਕੀ ਹੈ ਪਰ ਆਸ ਕਰਦੇ ਹਾਂ ਕੋਈ ਭਾਰਤੀ ਖਿਡਾਰੀ ਉਨ੍ਹਾਂ ਦੀ ਆਖ਼ਰੀ ਇੱਛਾ ਪੂਰੀ ਕਰੇਗਾ।

ਇਸ ਵਿੱਚ ਕੋਈ ਹੈਰਾਨੀ ਨਹੀਂ ਜਦੋਂ ਮੇਰੇ ਪੰਜ ਸਾਲਾਂ ਪੁੱਤਰ ਨੇ ਦੱਸਿਆ ਕਿ ਉਹ ਮਿਲਖਾ ਸਿੰਘ ਨੂੰ ਜਾਣਦਾ ਹੈ।

ਇਸ ਲਈ ਧੰਨਵਾਦ ਹੈ ਫ਼ਰਹਾਨ ਅਖ਼ਤਰ ਦੀ ''ਭਾਗ ਮਿਲਖਾ ਭਾਗ'' ਦਾ। ਹਾਲਾਂਕਿ, ਮੇਰੇ ਪੁੱਤਰ ਨੇ ਮਿਲਖਾ ਸਿੰਘ ਦੇ ਅਸਲ ਸੰਘਰਸ਼ ਨੂੰ ਤਾਂ ਹਾਲੇ ਸਮਝਣਾ ਹੈ।

ਉਹ ਤਾਂ ਬਸ ਇਹੀ ਜਾਣਦਾ ਹੈ ਕਿ ਉਹ ਦੌੜਦੇ ਸਨ ਅਤੇ ਦੇਸ਼ ਦੇ ਸਿਰਮੌਰ ਐਥਲੀਟ ਸਨ। ''ਭਾਗ ਮਿਲਖਾ ਭਾਗ'' ਦੇਖ ਕੇ ਉਹ ਵੀ ਦੌੜਨ ਲਈ ਪ੍ਰੇਰਿਤ ਹੋਇਆ।

ਸਵੇਰੇ ਹੀ ਫਰਹਾਨ ਨੇ ਟਵੀਟ ਕੀਤਾ ਕਿ ਉਨ੍ਹਾਂ ਨੰ ਹਾਲੇ ਵੀ ਯਕੀਨ ਨਹੀਂ ਆਉਂਦਾ ਕਿ ਮਿਲਖਾ ਸਿੰਘ ਚਲੇ ਗਏ ਹਨ। ਬੇਸ਼ੱਕ ਮਹਾਂਨਾਇਕ ਤੁਰ ਗਿਆ ਹੈ ਪਰ ਉਨ੍ਹਾਂ ਦੇ ਸੰਘਰਸ਼, ਪ੍ਰਾਪਤੀਆਂ ਅਤੇ ਉਨ੍ਹਾਂ ਦੇ ਜੀਵਨ ''ਤੇ ਬਣੀ ਫ਼ਿਲਮ ਨੇ ਉਨ੍ਹਾਂ ਨੂੰ ਅਮਰ ਕਰ ਦਿੱਤਾ ਹੈ।

https://twitter.com/FarOutAkhtar/status/1406070061241040900

ਕੁਝ ਮੁੱਠੀਭਰ ਸਿਆਸਤਦਾਨਾਂ ਅਤੇ ਆਜ਼ਾਦੀ ਘੁਲਾਟੀਆਂ ਵਿੱਚ ਇੱਕ ਮਿਲਖਾ ਸਿੰਘ ਹਨ, ਜਿਨ੍ਹਾਂ ਤੋਂ ਇਸ ਦੇਸ਼ ਦੀਆਂ ਚਾਰ-ਪੰਜ ਪੀੜ੍ਹੀਆਂ ਚੰਗੀ ਤਰ੍ਹਾਂ ਵਾਕਫ਼ ਹਨ। ਹੁਣ ਵਾਲੀ ਵੀ।

ਅਮਰੀਕੀ ਕੋਚ ਆਰਥਰ ਡਬਲਿਊ ਹਾਵਰਡ ਦੀ ਭੂਮਿਕਾ

ਮਿਲਖਾ ਸਿੰਘ ਦੀ ਰੋਮ ਓਲੰਪਿਕ ਦੌੜ ਨੂੰ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵਧੀਆ ਦੌੜ ਵਜੋਂ ਮੰਨਿਆ ਜਾਂਦਾ ਹੈ।

ਉਨ੍ਹਾਂ ਨੇ ਤਿੰਨ ਤਮਗਾ ਜੇਤੂ ਨਾਲ ਵਿਸ਼ਵ ਰਿਕਾਰਡ ਤੋੜ ਦਿੱਤਾ ਪਰ 1958 ਵਿੱਚ ਕਾਰਡਿਫ ਕਾਮਨ ਵੈਲਥ ਗੇਮਜ਼ ਵਿੱਚ ਉਨ੍ਹਾਂ ਦੀ ਸੁਨਹਿਰੀ ਜਿੱਤ ਨੇ ਉਨ੍ਹਾਂ ਨੂੰ ਮਹਾਨ ਬਣਾ ਦਿੱਤਾ।

ਕਿਸੇ ਕਾਮਨ ਵੈਲਥ ਗੇਮ ਵਿੱਚ ਕਿਸੇ ਭਾਰਤੀ ਐਥਲੀਟ ਦਾ ਇਹ ਪਹਿਲਾ ਗੋਲਡ ਮੈਡਲ ਸੀ।

ਮਿਲਖਾ ਸਿੰਘ ਨੇ ਇਸ ਗੋਲਡ ਮੈਡਲ ਦਾ ਸਿਹਰਾ ਅਮਰੀਕੀ ਕੋਚ ਆਰਥਰ ਡਬਲਿਊ ਹਾਵਰਡ ਦੇ ਸਿਰ ਸਜਾਇਆ।

ਮਿਲਖਾ ਸਿੰਘ
BBC

1956 ਵਿੱਚ ਮੈਲਬੋਰਨ ਓਲੰਪਿਕਸ ਵਿੱਚ 400 ਮੀਟਰ ਦੌੜ ਦੀ ਗਰਮੀ ਤੋਂ ਬਾਹਰ ਨਿਕਲਣ ਤੋਂ ਬਾਅਦ ਮਿਲਖਾ ਇਨ੍ਹਾਂ ਚਾਲ ਸਾਲਾਂ ਪਿਛੋਂ ਹੋਣ ਵਾਲੀਆਂ ਖੇਡਾਂ ਵਿੱਚ ਪ੍ਰਦਰਸ਼ਨ ਤੋਂ ਨਿਰਾਸ਼ ਹੋ ਗਏ ਸਨ।

ਇਸ ਤੋਂ ਬਾਅਦ ਉਹ ਲਖਨਊ ਵਿੱਚ ਅਮਰੀਕੀ ਕੋਚ ਆਰਥਰ ਡਬਲਿਊ ਹਾਵਰਡ ਨਾਲ ਮਿਲੇ। ਇਹ ਕ੍ਰਿਸਚੀਅਨ ਕਾਲਜ ਵਿੱਚ ਫਿਜ਼ੀਕਲ ਇਸੰਟ੍ਰਕਟਰ ਸਨ।

ਉਨ੍ਹਾਂ ਨੇ 1958 ਵਿੱਚ ਹੋਈ ਕਾਰਡਿਫ ਕਾਮਨ ਵੈਲਥ ਗੇਮਜ਼ ਵਿੱਚ ਮਿਲਖਾ ਸਿੰਘ ਵੱਲੋਂ ਇਤਿਹਾਸ ਰਚਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਸਾਲ 2017 ਵਿੱਚ ਮਿਲਖਾ ਸਿੰਘ ਕਰੀਬ 40 ਸਾਲਾਂ ਬਾਅਦ ਹਾਵਰਡ ਨਾਲ ਉਸ ਵੇਲੇ ਮਿਲੇ ਜਦੋਂ ਉਹ ਭਾਰਤ ਦੌਰੇ ''ਤੇ ਆਏ ਸਨ। ਦਰਅਸਲ, ਹਾਵਰਡ ਆਪਣੇ ਮੂਲ ਦੇਸ਼ ਵਿੱਚ ਵਾਪਸ ਚਲੇ ਗਏ ਸਨ।

ਮਿਲਖਾ ਸਿੰਘ
BBC

ਇਹ ਮਿਲਣੀ ਚੰਡੀਗੜ੍ਹ ਦੇ ਗੋਲਫ਼ ਕਲੱਬ ਵਿੱਚ ਹੋਈ ਸੀ ਅਤੇ ਸਾਨੂੰ ਵੀ ਗੁਰੂ ਅਤੇ ਚੇਲੇ ਨਾਲ ਮਿਲਣ ਦਾ ਮੌਕਾ ਮਿਲਿਆ ਸੀ।

ਮਿਲਖਾ ਸਿੰਘ ਨੇ ਕਿਹਾ ਸੀ, "ਮੇਰੇ 1958 ਦੀਆਂ ਕਾਮਨ ਵੈਲਥ ਗੇਮਜ਼ ਦੇ ਸੋਨ ਤਮਗੇ ਦਾ ਸਿਹਰਾ ਡਾ. ਹਾਵਰਡ ਦੇ ਸਿਰ ਜਾਂਦਾ ਹੈ। ਜੇ ਉਹ ਮੇਰੇ ਨਾਲ ਕਾਰਡਿਫ ਵਿੱਚ ਨਾ ਹੁੰਦੇ ਤਾਂ ਸ਼ਾਇਦ ਮੈਂ ਗੋਲਡ ਨਾ ਜਿੱਤਦਾ।"

ਫਾਈਨਲ ਤੋਂ ਪਹਿਲਾਂ ਡਾ. ਹਾਵਰਡ ਨੇ ਮੈਨੂੰ ਮੇਲਸਪੈਨਸ ਬਾਰੇ ਦੱਸਿਆ, ਜਿਨਾਂ ਦੇ ਖ਼ਿਤਾਬ ਜਿੱਤਣ ਦੀ ਸੰਭਾਵਨਾ ਸੀ ਪਰ ਜਿਨ੍ਹਾਂ ਕੋਲ ਧੀਰਜ ਅਤੇ ਗਤੀ ਦੀ ਘਾਟ ਸੀ।

''''ਉਨ੍ਹਾਂ ਨੇ ਮੈਨੂੰ ਸਲਾਹ ਦਿੱਤੀ ਕਿ ਪਹਿਲੇ 300 ਮੀਟਰ ਮੈਂ ਪੂਰੀ ਗਤੀ ਨਾਲ ਦੌੜਾਂ ਕਿਉਂਕਿ ਮੈਨੂੰ ਪਛਾੜਨ ਦੀ ਜੱਦੋਜਹਿਦ ਵਿੱਚ ਉਹ ਆਪਣੀ ਵਧੇਰੇ ਤਾਕਤ ਲਗਾ ਚੁੱਕੇ ਹੋਣਗੇ ਅਤੇ ਫਿਰ ਅਗਲੇ 100 ਮੀਟਰ ਦੌਰਾਨ ਉਨ੍ਹਾਂ ਲਈ ਮੈਨੂੰ ਪਛਾੜਨਾ ਔਖਾ ਹੋ ਜਾਵੇਗਾ। ਮੈਂ ਬਿਲਕੁਲ ਸਲਾਹ ਉੱਤੇ ਚੱਲਿਆ ਅਤੇ ਇਤਿਹਾਸ ਰਚ ਦਿੱਤਾ।"

ਇਹ ਵੀ ਪੜ੍ਹੋ-

ਕਾਮਨ ਵੈਲਥ ਗੇਮਜ਼ ਵਿੱਚ ਜਿੱਤ ਹਾਸਿਲ ਕਰਨਾ ਅੰਤਿਮ ਮੈਡਲ ਓਲੰਪਿਕ ਮੈਡਲ ਹਾਸਿਲ ਕਰਨ ਵੱਲ ਇੱਕ ਕਦਮ ਸੀ।

ਪਰ ਚੀਜ਼ਾਂ ਯੋਜਨਾ ਮੁਤਾਬਕ ਨਹੀਂ ਚੱਲੀਆਂ ਅਤੇ ਸਾਲ 1960 ਵਿੱਚ ਰੋਮ ਓਲੰਪਿਕ ਦੌਰਾਨ ਮੈਂ ਆਪਣੀ ਜ਼ਿੰਦਗੀ ਦੀ ਦੌੜ ਹਾਰ ਗਿਆ।

ਉਸ ਵੇਲੇ ਉਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਸੀ, "ਇਹ ਗਣਨਾ ਦੀ ਗ਼ਲਤੀ ਸੀ ਜਿਸ ਕਾਰਨ ਮੇਰੇ ਹੱਥੋਂ ਓਲੰਪਿਕ ਮੈਡਲ ਫਿਸਲ ਗਿਆ। ਮੈਂ 250 ਮੀਟਰ ਤੱਕ ਤੇਜ਼ ਦੌੜਿਆ ਅਤੇ ਫਿਰ ਰੱਬ ਹੀ ਜਾਣਦਾ ਹੈ ਕਿ ਕੀ ਹੋਇਆ ਸੀ ਤੇ ਮੈਂ 300 ਮੀਟਰ ਤੱਕ ਆਪਣੀ ਗਤੀ ਥੋੜ੍ਹੀ ਘਟਾਈ, ਤਿੰਨ ਐਥਲੀਟ ਮੇਰੇ ਤੋਂ ਅੱਗੇ ਨਿਕਲ ਗਏ।"

"ਬਾਅਦ ਵਿੱਚ ਮੈਂ ਵੱਧ ਤੋਂ ਵੱਧ ਤੀਜੇ ਐਥਲੀਟ ਨਾਲ ਆਪਣੀ ਦੌੜ ਪੂਰੀ ਕਰ ਸਕਦਾ ਸੀ ਅਤੇ ਤਸਵੀਰ ਰਾਹੀਂ ਪਤਾ ਲੱਗਾ ਮੈਂ ਹਾਰ ਗਿਆ। ਸਿੱਟੇ ਥੋੜ੍ਹੀ ਦੇਰ ਲਈ ਰੋਕੇ ਗਏ (ਫਾਈਨਲ ਨਤੀਜੇ ਲਈ ਤਸਵੀਰਾਂ ਦਾ ਸਹਾਰਾ ਲੈਣਾ ਪਿਆ) ਅਤੇ ਜਦੋਂ ਐਲਾਨ ਹੋਇਆ ਤਾਂ ਮੈਂ ਸਭ ਕੁਝ ਹਾਰ ਚੁੱਕਾ ਸੀ।"

"ਕਰੀਬ 6 ਦਹਾਕੇ ਬੀਤ ਗਏ ਹਨ ਪਰ ਰੋਮ ਦੀ ਹਾਰ ਅੱਜ ਵੀ ਮੈਨੂੰ ਖਲਦੀ ਹੈ। ਮੈਂ ਆਪਣੀਆਂ ਅੱਖਾਂ ਬੰਦ ਕਰਨ ਤੋਂ ਪਹਿਲਾਂ ਇੱਕ ਭਾਰਤੀ ਐਥਲੀਟ ਨੂੰ ਓਲੰਪਿਕ ਮੈਡਲ ਜਿੱਤਦਾ ਹੋਇਆ ਦੇਖਣਾ ਚਾਹੁੰਦਾ ਹਾਂ।"

ਮਿਲਖਾ ਸਿੰਘ ਦਾ ਵਿਆਹ

ਰੋਮ ਓਲੰਪਿਕ ਤੋਂ ਬਾਅਦ ਮਿਲਖਾ ਸਿੰਘ ਚੰਡੀਗੜ੍ਹ ਆ ਗਏ ਅਤੇ 5 ਮਈ, 1963 ਨੂੰ ਉਨ੍ਹਾਂ ਦਾ "ਨਿੰਮੀ" (ਨਿਰਮਲ ਮਿਲਖਾ ਸਿੰਘ) ਨਾਲ ਹੋ ਗਿਆ।

ਸਾਲ 1960 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਮਿਲਖਾ ਸਿੰਘ ਨੂੰ ਫੌਜ ਛੱਡ ਕੇ ਖੇਡ ਵਿਭਾਗ ਵਿੱਚ ਪੰਜਾਬ ਦੇ ਡਿਪਟੀ ਡਾਇਰੈਕਟਰ ਵਜੋਂ ਜੁਆਇਨ ਕਰਨ ਲਈ ਕਿਹਾ।

ਨਿਰਮਲ ਮਿਲਖਾ ਸਿੰਘ
BBC
ਮਿਲਖਾ ਸਿੰਘ ਦਾ ਵਿਆਹ ਨਿਰਮਲ ਮਿਲਖਾ ਸਿੰਘ ਨਾਲ 1963 ਵਿੱਚ ਹੋਇਆ ਸੀ

ਇਸੇ ਦੌਰਾਨ ਪਟਿਆਲਾ ਦੇ ਫਿਜ਼ੀਕਲ ਐਜੂਕੇਸ਼ਨ ਕਾਲਜ ਵਿੱਚ ਲੈਕਚਰ ਦਿੰਦਿਆਂ ਮਿਲਖਾ ਸਿੰਘ ਆਪਣੀ ਹੋਣ ਵਾਲੀ ਪਤਨੀ ਨਿਰਮਲ ਨਾਲ ਮਿਲੇ, ਜੋ ਕਿ ਇੱਕ ਕੌਮਾਂਤਰੀ ਵੌਲੀਬਾਲ ਖਿਡਾਰਨ ਸੀ।

ਬਾਅਦ ਵਿੱਚ ਉਹ ਸ਼੍ਰੀਲੰਕਾ ਵਿੱਚ ਜਿੱਥੇ ਉਹ ਦੋਵੇਂ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਗਏ ਸਨ। ਜਦੋਂ ਨਿਰਮਲ ਦਿੱਲੀ ਦੇ ਲੇਡੀ ਇਰਵਨ ਕਾਲਜ ਵਿੱਚ ਡਾਇਰੈਕਟਰ ਸਨ ਉਸ ਵੇਲੇ ਉਨ੍ਹਾਂ ਦਾ ਪਿਆਰ ਪਰਵਾਨ ਚੜਿਆ।

ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੇ ਚਾਰ ਬੱਚੇ ਹਨ, ਤਿੰਨ ਧੀਆਂ, ਮੋਨੀਆ, ਸੋਨੀਆ ਅਤੇ ਐਲੀਜ਼ਾ ਅਤੇ ਇੱਕ ਪੁੱਤਰ ਹੈ ਜੀਵ ਮਿਲਖਾ ਸਿੰਘ। ਜੀਵ ਇੱਕ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਗੋਲਫ ਖਿਡਾਰੀ ਹਨ।

ਆਪਣੇ ਪਿਤਾ ਅਤੇ ਸਾਬਕਾ ਐਥਲੀਟ ਦਾ ਅੰਤਿਮ ਸੰਸਕਾਰ ਕਰਨ ਜਾਣ ਤੋਂ ਪਹਿਲਾਂ ਜੀਵ ਮਿਲਖਾ ਸਿੰਘ ਨੇ ਕਿਹਾ, "ਮੇਰੀ ਮਾਂ ਮਿਲਖਾ ਪਰਿਵਾਰ ਦੀ ਰੀੜ੍ਹ ਦੀ ਹੱਢੀ ਸਨ। ਉਹ ਮੇਰੇ ਪਿਤਾ ਦੀ ਹਰ ਜ਼ਰੂਰਤ ਦਾ ਧਿਆਨ ਰੱਖਦੇ ਸਨ ਅਤੇ ਪਰਿਵਾਰ ਦੀ ਕੇਂਦਰ ਸੀ।"

"ਕੋਵਿਡ ਨੇ ਮੇਰੇ ਮਾਤਾ-ਪਿਤਾ ਨੂੰ ਪਿਛਲੇ ਪੰਜ ਦਿਨਾਂ ਤੋਂ ਵੱਖ ਕਰ ਦਿੱਤਾ ਹੈ ਪਰ ਇਹ ਉਨ੍ਹਾਂ ਨੂੰ ਫਿਰ ਵੀ ਜੁਦਾ ਨਹੀਂ ਕਰ ਸਕਿਆ। ਇਹੀ ਇੱਕ-ਦੂਜੇ ਨਾਲ ਉਨ੍ਹਾਂ ਦਾ ਮੋਹ ਅਤੇ ਬੰਧਨ ਸੀ ਅਤੇ ਉਨ੍ਹਾਂ ਦੇ ਰਿਸ਼ਤੇ ਦਾ ਇਹੀ ਸਕਾਰਾਤਮਕ ਦ੍ਰਿਸ਼ਟੀਕੋਣ ਹੈ, ਜਿਸ ਨੇ ਮੈਨੂੰ ਸਥਿਰ ਰੱਖਿਆ ਹੈ।"

"ਨਹੀਂ ਤਾਂ ਇੰਨੇ ਘੱਟ ਵਕਫ਼ੇ ਦੌਰਾਨ ਦੋਵਾਂ ਨੂੰ ਗੁਆਉਣਾ, ਇਸ ਨਾਲ ਮੈਂ ਆਪਣੀ ਮਾਨਸਿਕ ਸਥਿਤੀ ਨੂੰ ਵੀ ਨਹੀਂ ਸਮਝ ਸਕਦਾ ਸੀ।"

ਅੰਤਿਮ ਸੰਸਕਾਰ ਰਾਜਸੀ ਸਨਮਾਨਾਂ ਨਾਲ ਕੀਤਾ ਗਿਆ ਅਤੇ ਇਸ ਵੇਲੇ ਕੇਂਦਰੀ ਖੇਡ ਮੰਤਰੀ ਸਣੇ ਹੋਰ ਵੀ ਸ਼ਖ਼ਸੀਅਤਾਂ ਮੌਜੂਦ ਰਹੀਆਂ ਸਨ।

ਜਦੋਂ ਮਿਲਖਾ ਸਿੰਘ ਨੇ 1958 ਵਿੱਚ ਗੋਲਡ ਮੈਡਲ ਜਿੱਤਿਆ। ਉਸ ਸਮੇਂ ਜਵਾਹਰ ਲਾਲ ਨਹਿਰੂ ਦੀ ਭੈਣ ਵਿਜੇ ਲਕਸ਼ਮੀ ਪੰਡਿਤ ਉਨ੍ਹਾਂ ਨੂੰ ਸਟੇਡੀਅਮ ਦੇ ਅੰਦਰ ਆ ਕੇ ਜੱਫ਼ੀ ਪਾ ਕੇ ਮਿਲੇ।

ਲਕਸ਼ਮੀ ਨੇ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਉਨ੍ਹਾਂ ਨੂੰ ਮੈਡਲ ਦੀ ਖ਼ੁਸ਼ੀ ਵਿੱਚ ਕੁਝ ਮੰਗਣ ਲਈ ਕਹਿ ਰਹੇ ਹਨ ਤਾਂ ਮਿਲਖਾ ਸਿੰਘ ਨੇ ਕਿਹਾ ਕਿ ਇਸ ਜਿੱਤ ਦੀ ਖ਼ੁਸ਼ੀ ਵਿੱਚ ਹਿੰਦੁਸਤਾਨ ਵਿੱਚ ਇੱਕ ਦਿਨ ਦੀ ਛੁੱਟੀ ਕਰ ਦਿੱਤੀ ਜਾਵੇ।

ਮਿਲਖਾ ਸਿੰਘ
BBC
ਮਿਲਖਾ ਦੇ 4 ਬੱਚੇ ਹਨ, ਤਿੰਨ ਧੀਆਂ ਤੇ ਇੱਕ ਪੁੱਤ

ਗੱਲਬਾਤ ਦੌਰਾਨ ਮਿਲਖਾ ਸਿੰਘ ਨੇ ਕਿਹਾ ਸੀ, "ਮੈਂ ਉਸ ਵੇਲੇ ਪਲਾਟ ਜਾਂ ਖੇਤੀਬਾੜੀ ਲਈ ਜ਼ਮੀਨ ਵੀ ਮੰਗ ਸਕਦਾ ਸੀ ਪਰ ਮੈਂ ਪੂਰੇ ਦੇਸ਼ ਵਿੱਚ ਇੱਕ ਦਿਨ ਛੁੱਟੀ ਕਰਨ ਲਈ ਆਖਿਆ। ਪੈਸੇ ਨਾਲੋਂ ਸਨਮਾਨ ਜ਼ਿਆਦਾ ਵੱਡਾ ਹੈ।"

ਉਨ੍ਹਾਂ ਦੇ ਦੇਹਾਂਤ ਮੌਕੇ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਛੁੱਟੀ ਦਾ ਐਲਾਨ ਕੀਤਾ।

ਮਿਲਖਾ ਸਿੰਘ ਨੇ ਇਤਿਹਾਸਕ ਖੇਡ ਰੋਮ ਓਲੰਪਿਕ ਵੇਲੇ ਪਹਿਨੇ ਆਪਣੇ ਜੁੱਤੇ, ਪਦਮਸ਼੍ਰੀ ਅਤੇ 1959 ਵਿੱਚ ਜਿੱਤੀ ਵਰਲਡ ਟਰਾਫੀ ਨੈਸ਼ਨਲ ਸਪੋਰਟ ਮਿਊਜ਼ੀਅਮ ਨੂੰ ਦਾਨ ਦਿੱਤੀ ਤਾਂ ਜੋ ਆਉਣ ਵਾਲੀ ਪੀੜ੍ਹੀ ਪ੍ਰੇਰਿਤ ਹੋ ਸਕੇ।

ਕੱਦਾਵਾਰ ਤਾਂ ਚਲਾ ਗਿਆ ਹੈ ਪਰ ਉਸ ਦੀ ਵਿਰਾਸਤ ਸਦਾ ਲਈ ਰਹੇਗੀ।

ਸਵੈਜੀਵਨੀ

ਮਿਲਖਾ ਸਿੰਘ ਦੀ ਸਵੈਜੀਵਨੀ 1970 ਵਿੱਚ ਪਹਿਲਾਂ ਪੰਜਾਬੀ ਵਿੱਚ ਛਪੀ ਅਤੇ ਬਾਅਦ ਵਿੱਚ 1977 ''ਚ ਹਿੰਦੀ ਅਤੇ ਅੰਗਰੇਜ਼ੀ ਵਿੱਚ ਇਸ ਦਾ ਤਰਜਮਾ ਹੋਇਆ।

ਮਿਲਖਾ ਸਿੰਘ
BBC

ਕ੍ਰਾਂਤੀਕਾਰੀ ਕਵੀ ਪਾਸ਼ ਨੇ ਮਿਲਖਾ ਸਿੰਘ ਨੂੰ ਆਪਣੀ ਸਵੈਜੀਵਨੀ ''ਫਲਾਇੰਗ ਸਿੰਘ'' ਲਿਖਣ ਵਿੱਚ ਮਦਦ ਕੀਤੀ ਸੀ।

ਉਨ੍ਹਾਂ ਦੀ ਸਵੈਜੀਵਨੀ ਜੋ ਇਸ ਵੇਲੇ ਪ੍ਰਿੰਟ ਵਿੱਚ ਨਹੀਂ ਹੈ।

20 ਦਿਨ ਜੇਲ੍ਹ ਵਿੱਚ

ਸਾਲ 1948 ਵਿੱਚ ਦਿੱਲੀ ਦੇ ਸ਼ਾਹਦਰਾ ਸਟੇਸ਼ਨ ਤੋਂ ਮਿਲਖਾ ਸਿੰਘ ਬਿਨਾਂ ਟਿਕਟ ਟਰੇਨ ਵਿੱਚ ਯਾਤਰਾ ਕਰਨ ਦੌਰਾਨ ਫੜ੍ਹੇ ਗਏ ਸਨ। ਮੈਜਿਸਟ੍ਰੇਟ ਨੇ ਉਨ੍ਹਾਂ ''ਤੇ ਪੰਜ ਰੁਪਏ ਜੁਰਮਾਨਾ ਲਗਾਇਆ ਪਰ ਨਾ ਦੇਣ ਕਰਕੇ ਉਨ੍ਹਾਂ ਨੂੰ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ।

ਮਿਲਖਾ ਸਿੰਘ ਨੇ ਯਾਦ ਕਰਦਿਆਂ ਦੱਸਿਆ ਸੀ, "ਜਦੋਂ ਮੇਰੀ ਭੈਣ ਈਸ਼ਵਰ ਕੌਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀਆਂ ਕੰਨਾਂ ਦੀਆਂ ਵਾਲੀਆਂ ਵੇਚ ਦਿੱਤੀਆਂ ਤੇ ਮੈਨੂੰ ਰਿਹਾਅ ਕਰਵਾਇਆ। ਮੈਂ ਉਸ ਵੇਲੇ 20 ਦਿਨ ਜੇਲ੍ਹ ਵਿੱਚ ਕੱਟੇ।"

"ਮੈਂ ਕਈ ਕੱਟੜ ਅਪਰਾਧੀਆਂ ਦੇ ਸੰਪਰਕ ਵਿੱਚ ਵੀ ਆਇਆ ਅਤੇ ਉਨ੍ਹਾਂ ਵਾਂਗ ਬਣਨ ਬਾਰੇ ਵੀ ਸੋਚਿਆ ਸੀ।"

ਜਦੋਂ ਮਿਲਖਾ ਨੂੰ ਮਰਿਆ ਸਮਝ ਲਿਆ ਗਿਆ

ਮਿਲਖਾ ਸਿੰਘ ਕਿਤਾਬ ਵਿੱਚ ਲਿਖਦੇ ਹਨ, "ਸਾਲ 1960 ਵਿੱਚ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਮੇਰੀ ਭੈਣ ਈਸ਼ਵਰ ਕੌਰ ਮੈਨੂੰ ਦੇਖਣ ਆਈ। ਜਦੋਂ ਦੌੜਨ ਲਈ ਬੰਦੂਕ ਦੀ ਗੋਲੀ ਚਲਾ ਕੇ ਇਸ਼ਾਰਾ ਦਿੱਤਾ ਗਿਆ ਤਾਂ ਮੇਰੀ ਭੈਣ ਨੂੰ ਲੱਗਾ ਕਿ ਕਿਸੇ ਨੇ ਗੋਲੀ ਚਲਾ ਦਿੱਤੀ ਹੈ।"

"ਉਸ ਵੇਲੇ ਮੈਂ ਆਪਣੀ ਪੂਰੀ ਵਾਹ ਦੌੜਨ ਵਿੱਚ ਲਗਾ ਦਿੱਤੀ ਅਤੇ ਜਦੋਂ ਦੌੜ ਖ਼ਤਮ ਹੋਈ ਤਾਂ ਮੈਂ ਬੇਹੋਸ਼ ਹੋ ਕੇ ਡਿੱਗ ਗਿਆ। ਉਸ ਵੇਲੇ ਮੇਰੀ ਭੈਣ ਨੂੰ ਲੱਗਾ ਕਿ ਮੈਨੂੰ ਕਿਸੇ ਨੇ ਮਾਰ ਦਿੱਤਾ ਹੈ ਅਤੇ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ।"

ਜਰਸੀ ''ਤੇ ''ਇੰਡੀਆ'' ਦਾ ਮਹੱਤਵ

ਐਥਲੀਟ ਨੇ ਆਪਣੀ ਕਿਤਾਬ ਵਿੱਚ ਲਿਖਿਆ, "ਸਿਕੰਦਰਾਬਾਦ ਵਿੱਚ ਬ੍ਰਿਗੇਡ ਮੀਟ ਦੌਰਾਨ ਮਿਲਖਾ ਸਿੰਘ ਦਾ ਮੁਕਾਬਲੇ ਵਾਲੇ ਵਾਤਾਵਰਨ ਵਿੱਚ ਪਹਿਲਾ ਪ੍ਰਦਰਸ਼ਨ ਸੀ, ਜਿੱਥੇ ਉਨ੍ਹਾਂ ਕਰੀਬ 8000-10,000 ਦਰਸ਼ਕਾਂ ਦੇ ਸਾਹਮਣੇ ਦੌੜ ਲਗਾਈ।"

ਮਿਲਖਾ ਸਿੰਘ, ਇੰਦਰਾ ਗਾਂਧੀ
BBC

ਉੱਥੇ ਉਨ੍ਹਾਂ ਨੇ ਦੇਖਿਆ ਕਿ ਕੁਝ ਐਥਲੀਟਾਂ ਦੀ ਜਰਸੀ ਪਿੱਛੇ ''ਇੰਡੀਆ'' ਲਿਖਿਆ ਹੋਇਆ ਹੈ। "ਉਦੋਂ ਮੈਨੂੰ ਸਾਥੀ ਐਥਲੀਟ ਨੇ ਦੱਸਿਆ ਕਿ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ ''ਇੰਡੀਆ'' ਵਾਲੀ ਜਰਸੀ ਅਤੇ ਬਲੇਜ਼ਰ ਪਹਿਨਣ ਦਾ ਅਧਿਕਾਰ ਹੈ।''''

ਪਹਿਲੀ ਵਾਰ ਹਵਾਈ ਸਫ਼ਰ

1956 ਵਿੱਚ ਮਿਲਖਾ ਨੂੰ ਪਹਿਲੀ ਵਾਰ ਮੈਲਬਰਨ ਓਲੰਪਿਕਸ ਦੌਰਾਨ ਹਵਾਈ ਯਾਤਰਾ ਕਰਨ ਦਾ ਮੌਕਾ ਮਿਲਿਆ।

ਮਿਲਖਾ ਸਿੰਘ ਲਿਖਦੇ ਹਨ, "ਸਾਡੇ ਵਿੱਚੋਂ ਬਹੁਤ ਸਾਰੇ ਲੋਕ ਪਹਿਲੀ ਵਾਰ ਹਵਾਈ ਸਫ਼ਰ ਕਰ ਰਹੇ ਸਨ। ਕਈਆਂ ਨੂੰ ਤਾਂ ਸ਼ੱਕ ਸੀ ਕਿ ਜਹਾਜ਼ ਇੰਨੇ ਸਾਰੇ ਯਾਤਰੀਆਂ ਨਾਲ ਉਡਾਣ ਭਰੇਗਾ ਵੀ। ਮੈਨੂੰ ਜਹਾਜ਼ ਦੇ ਖੱਬੇ ਪਾਸੇ ਵਾਲੀ ਟ੍ਰਿਪਲ ਜੰਪਰ ਮੋਹਿੰਦਰ ਸਿੰਘ ਦੇ ਨਾਲ ਵਾਲੀ ਸੀਟ ਮਿਲੀ।"

"ਅਸੀਂ ਉਡਾਣ ਦੌਰਾਨ ਕਾਫੀ ਡਰੇ ਹੋਏ ਸੀ ਅਤੇ ਅਸੀਂ ਲਗਾਤਾਰ ਵਾਹਿਗੁਰੂ, ਵਾਹਿਗੁਰੂ ਜਪ ਰਹੇ ਸੀ।"

ਇਸ਼ਾਰਿਆਂ ਵਿੱਚ ਟ੍ਰੇਨਿੰਗ

ਬੇਸ਼ੱਕ ਮਿਲਖਾ ਸਿੰਘ ਮੈਲਬਰਨ ਓਲੰਪਿਕ ਹਾਰ ਗਏ ਹੋਣ ਪਰ ਉੱਥੇ ਉਨ੍ਹਾਂ ਨੇ ਕਈ ਅਜਿਹੇ ਤਜਰਬੇ ਹਾਸਲ ਕੀਤੇ, ਜਿਨ੍ਹਾਂ ਨੂੰ ਉਨ੍ਹਾਂ ਨੇ ਸਾਂਭ ਕੇ ਰੱਖਿਆ।

ਉਨ੍ਹਾਂ ਵਿੱਚੋਂ ਇੱਕ ਭਾਸ਼ਾ ਦੀ ਰੁਕਾਵਟ ਦੇ ਬਾਵਜੂਦ ਐਥਲੀਟ ਦੀ ਸਿਖਲਾਈ ਲੈਣੀ।

ਮਿਲਖਾ ਸਿੰਘ ਯਾਦ ਕਰਦੇ ਹਨ, "ਮੈਂ 400 ਮੀਟਰ ਮੁਕਾਬਲੇ ਦੇ ਇੱਕ ਪ੍ਰਸਿੱਧ ਐਥਲੀਟ ਨੂੰ ਮਿਲਿਆ, ਜਿਨ੍ਹਾਂ ਨੇ ਅੰਗਰੇਜ਼ੀ ਵਿੱਚ ਗੱਲ ਨਾ ਕਰਨ ਦੀ ਦਿੱਕਤ ਨੂੰ ਸਮਝਦੇ ਹੋਏ ਮੈਨੂੰ ਇਸ਼ਾਰਿਆਂ ਰਾਹੀਂ ਕਈ ਗੱਲਾਂ ਦੱਸੀਆਂ।"

ਉਨ੍ਹਾਂ ਨੇ ਮੇਰੇ ਲਈ ਇੱਕ ਸਿਖਲਾਈ ਪ੍ਰੋਗਰਾਮ ਤਿਆਰ ਕੀਤਾ, ਜਿਸ ਦਾ ਮੈਂ ਭਾਰਤ ਵਿੱਚ ਪਾਲਣ ਕੀਤਾ ਅਤੇ ਪ੍ਰਦਰਸ਼ਨ ਵਿੱਚ ਕਾਫੀ ਸੁਧਾਰ ਆਇਆ।"

ਪਹਿਲੀ ਵਾਰ ਵਿਦੇਸ਼ੀਆਂ ਨਾਲ ਮੁਲਾਕਾਤ

ਜਦੋਂ ਓਲੰਪਿਕ ਖ਼ਤਮ ਹੋਏ ਤਾਂ ਭਾਰਤੀ ਟੀਮ ਨੂੰ ਕੁਝ ਦਿਨਾਂ ਲਈ ਆਸਟਰੇਲੀਆ ਵਿੱਚ ਰੁਕਣ ਦਾ ਮੌਕਾ ਮਿਲਿਆ।

ਉਸ ਵੇਲੇ ਮਿਲਖਾ ਅਤੇ ਉਨ੍ਹਾਂ ਦੇ ਰੂਮ ਪਾਰਟਨਰ ਮੋਹਿੰਦਰ ਸਿੰਘ ਇੱਕ ਆਸਟਰੇਲੀਅਨ ਪਰਿਵਾਰ ਨਾਲ ਮਿਲੇ।

ਮਿਲਖਾ ਸਿੰਘ ਦੱਸਦੇ ਹਨ, "ਉਨ੍ਹਾਂ ਦੀ ਧੀ ਸਾਡੇ ਵੱਲ ਵਧੀ ਅਤੇ ਸਾਡੇ ਨਾਲ ਨੱਚੀ। ਉਹ ਪਹਿਲੀ ਵਾਰ ਸੀ ਜਦੋਂ ਉਸ ਕੁੜੀ ਨਾਲ ਨੱਚੇ। ਇਸ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਖੇਲ ਗਾਓਂ ਵਿੱਚ ਸੱਦਿਆ, ਜਿੱਥੇ ਅਸੀਂ ਰਹਿ ਰਹੇ ਸੀ ਅਤੇ ਜਿੰਨਾ ਚਿਰ ਅਸੀਂ ਉੱਥੇ ਸੀ ਅਸੀਂ ਉਨ੍ਹਾਂ ਨਾਲ ਲਗਾਤਾਰ ਮਿਲਦੇ ਰਹੇ।"

ਇਹ ਵੀ ਪੜ੍ਹੋ:

https://www.youtube.com/watch?v=YigiDrKtjwc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''17d7b378-271a-45f9-acbc-b0d485ebf155'',''assetType'': ''STY'',''pageCounter'': ''punjabi.india.story.57540760.page'',''title'': ''ਜਦੋਂ ਮਿਲਖਾ ਸਿੰਘ ਦੀ ਭੈਣ ਨੇ ਉਨ੍ਹਾਂ ਨੂੰ ਮਰਿਆ ਸਮਝ ਕੇ ਵਿਰਲਾਪ ਸ਼ੁਰੂ ਕਰ ਦਿੱਤਾ...'',''author'': ''ਸੌਰਭ ਦੁੱਗਲ'',''published'': ''2021-06-20T03:36:04Z'',''updated'': ''2021-06-20T03:36:04Z''});s_bbcws(''track'',''pageView'');

Related News