ਕੋਰੋਨਾਵਾਇਰਸ ਸੰਕਟ ਤੋਂ ਭਾਰਤ ਨੂੰ ਬਚਾਉਣ ਲਈ ਕੀ ਪਲਾਨ ਹੋਵੇ, ਇੱਕ ਡਾਕਟਰ ਤੋ ਜਾਣੋ

05/03/2021 2:50:53 PM

ਕੋਰੋਨਾਵਾਇਰਸ
Getty Images

ਭਾਰਤ ਵਿੱਚ ਕੋਵਿਡ-19 ਦੀ ਦੂਜੀ ਲਹਿਰ ਪਿਛਲੇ ਸਾਲ ਆਈ ਪਹਿਲੀ ਲਹਿਰ ਤੋਂ ਵਧੇਰੇ ਖ਼ਤਰਨਾਕ ਸਾਬਤ ਹੋ ਰਹੀ ਹੈ।

ਮਹਾਂਮਾਰੀ ਵਿਗਿਆਨੀ ਕਹਿੰਦੇ ਹਨ ਕਿ ਸੁਰੱਖਿਅਤ ਜ਼ੋਨ ਵਿੱਚ ਹੋਣ ਲਈ ਭਾਰਤ ਦੀ ਕੁੱਲ ਜਨਸੰਖਿਆ ਦੇ ਘੱਟੋ-ਘੱਟ 80 ਫੀਸਦੀ ਹਿੱਸੇ ਦਾ ਟੀਕਾਕਰਨ ਹੋਣਾ ਚਾਹੀਦਾ ਹੈ। ਜੇ 2011 ਦੀ ਜਨਗਨਣਾ ਮੁਤਾਬਕ ਵੀ ਹਿਸਾਬ ਲਾਈਏ ਅਤੇ 121 ਕਰੋੜ ਦੀ ਜਨਸੰਖਿਆ ਹੀ ਮੰਨ ਕੇ ਚੱਲੀਏ ਤਾਂ ਘੱਟੋ-ਘੱਟ 96 ਕਰੋੜ ਲੋਕ ਬਣਦੇ ਹਨ।

ਦੂਜੇ ਪਾਸੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ 16 ਜਨਵਰੀ ਜਦੋਂ ਤੋਂ ਟੀਕਾਕਰਨ ਦੀ ਸ਼ੁਰੂਆਤ ਹੋਈ ਹੈ, 1 ਮਈ ਤੱਕ 15.5 ਕਰੋੜ ਟੀਕੇ ਲੱਗੇ ਹਨ। ਇਨ੍ਹਾਂ ਵਿੱਚ ਦੂਜੀ ਡੋਜ਼ ਦੀ ਗਿਣਤੀ 2.79 ਕਰੋੜ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਸੀਂ ਆਪਣੇ ਟੀਚੇ ਤੋਂ ਕਿੰਨਾ ਪਿੱਛੇ ਹਾਂ।

ਇਹ ਵੀ ਪੜ੍ਹੋ:

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅੰਕੜੇ ਮੁਤਾਬਕ 1 ਮਈ ਨੂੰ ਭਾਰਤ ਵਿੱਚ ਵੈਕਸੀਨ ਦੀ ਉਪਲਬਧ ਡੋਜ਼ 96.45 ਲੱਖ ਹੈ।

ਪੰਜਾਬ ਵਿੱਚ 2011 ਦੀ ਜਨਗਣਨਾ ਮੁਤਾਬਕ ਆਬਾਦੀ 2.77 ਕਰੋੜ ਹੈ। ਪੰਜਾਬ ਦਾ ਟੀਚਾ ਪ੍ਰਤੀ ਦਿਨ ਵੈਕਸੀਨ ਦੇ ਦੋ ਲੱਖ ਡੋਜ਼ ਲਗਾਉਣਾ ਹੈ ਅਤੇ ਔਸਤਨ ਇੱਕ ਲੱਖ ਤੋਂ ਥੋੜ੍ਹੀ ਘੱਟ ਡੋਜ਼ ਲੱਗ ਪਾ ਰਹੀ ਹੈ।

ਪੰਜਾਬ ਵਿੱਚ 30 ਅਪ੍ਰੈਲ ਤੱਕ ਟੀਕੇ ਦੀ ਪਹਿਲੀ ਡੋਜ਼ ਕਰੀਬ 30 ਲੱਖ ਲੋਕਾਂ ਨੂੰ ਲੱਗ ਚੁੱਕੀ ਹੈ। ਕਰੀਬ ਚਾਰ ਲੱਖ ਲੋਕਾਂ ਨੂੰ ਦੂਜੀ ਡੋਜ਼ ਲੱਗ ਸਕੇਗੀ।

ਕੋਰੋਨਾਵਾਇਰਸ
Getty Images

ਮਹਾਂਮਾਰੀ ਨਾਲ ਨਜਿੱਠਣ ਦੀ ਭਾਰਤ ਦੀ ਨੀਤੀ ਕਿੰਨੀ ਕੁ ਸਟੀਕ ਰਹੀ ਹੈ ਅਤੇ ਭਾਰਤ ਮਹਾਂਮਾਰੀ ਦੇ ਇਸ ਸੰਕਟ ਵਿੱਚੋਂ ਕਿਵੇਂ ਨਿਕਲ ਸਕਦਾ ਹੈ ਇਸ ਬਾਰੇ ਬੀਬੀਸੀ ਪੰਜਾਬੀ ਨੇ ਮਹਾਂਮਾਰੀ ਵਿਗਿਆਨੀ ਪ੍ਰੋਫ਼ੈਸਰ ਰਾਜੇਸ਼ ਕੁਮਾਰ ਨਾਲ ਗੱਲ ਕੀਤੀ ਜੋ ਪੀਜੀਆਈ ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਿਨ ਅਤੇ ਪਬਲਿਕ ਹੈਲਥ ਦੇ ਮੁਖੀ ਵੀ ਰਹਿ ਚੁੱਕੇ ਹਨ।

ਉਨ੍ਹਾਂ ਨਾਲ ਹੋਈ ਗੱਲਬਾਤ ਨੂੰ ਸਵਾਲ-ਜਵਾਬ ਦੇ ਸਿਲਸਿਲੇ ਤਹਿਤ ਜਾਣੋ -

ਸਵਾਲ: ਭਾਰਤ ਵਿੱਚ ਕੋਵਿਡ ਦੀ ਦੂਜੀ ਲਹਿਰ, ਪਹਿਲੀ ਲਹਿਰ ਤੋਂ ਕਿਵੇਂ ਵੱਖਰੀ ਹੈ?

ਜਵਾਬ: ਪਿਛਲੇ ਸਾਲ ਕੋਰੋਨਾ ਦੀ ਜੋ ਪਹਿਲੀ ਲਹਿਰ ਭਾਰਤ ਵਿੱਚ ਆਈ ਸੀ, ਉਸ ਮੁਕਾਬਲੇ ਇਸ ਵਾਰ ਕੇਸ ਅਤੇ ਫੈਲਾਅ ਬਹੁਤ ਜ਼ਿਆਦਾ ਹੈ। ਕੇਸ ਵੱਧ ਹੋਣ ਕਾਰਨ ਮੌਤਾਂ ਵੀ ਵੱਧ ਹੋ ਰਹੀਆਂ ਹਨ। ਇਸ ਤੋਂ ਇਲਾਵਾ ਇਸ ਵਾਰ ਆਏ ਨਵੇਂ ਯੂਕੇ ਵੇਰੀਐਂਟ ਦੀ ਲਾਗ ਫੈਲਾਉਣ ਦੀ ਸਮਰੱਥਾ ਪਹਿਲੇ ਵਾਇਰਸ ਤੋਂ ਜ਼ਿਆਦਾ ਹੈ ਅਤੇ ਕੇਸ ਵੀ ਵਧਾ ਰਿਹਾ ਹੈ।

ਸਵਾਲ: ਇਸ ਵਾਰ ਕੇਸ ਵਧਣ ਦੇ ਹੋਰ ਕਿਹੜੇ ਕਾਰਨ ਰਹੇ ਹਨ?

ਜਵਾਬ: ਜਿਸ ਤਰ੍ਹਾਂ ਪਿਛਲੇ ਸਾਲ ਪਾਬੰਦੀਆਂ ਲਾਈਆਂ ਗਈਆਂ ਸੀ, ਉਹ ਸਭ ਇਸ ਸਾਲ ਜਨਵਰੀ ਤੱਕ ਹਟ ਗਈਆਂ ਸੀ। ਬਜ਼ਾਰ, ਸਕੂਲ-ਕਾਲਜ, ਦਫ਼ਤਰ, ਸਿਨੇਮਾ ਹਾਲ, ਸਟੇਡੀਅਮ, ਵਿਆਹ-ਸ਼ਾਦੀਆਂ ਦੇ ਸਮਾਗਮ ਅਤੇ ਹੋਰ ਜਨਤਕ ਇਕੱਠਾਂ ਤੋਂ ਪਾਬੰਦੀਆਂ ਖੁੱਲ੍ਹ ਗਈਆਂ ਸੀ। ਅਸੀਂ ਇਹ ਸਮਝ ਲਿਆ ਸੀ ਕਿ ਕੋਰੋਨਾ ਖ਼ਤਮ ਹੋ ਗਿਆ ਹੈ। ਲੋਕਾਂ ਨੇ ਮਾਸਕ ਪਾਉਣੇ, ਦੂਰੀ ਬਣਾ ਕੇ ਰੱਖਣਾ ਤੇ ਨਿੱਜੀ ਤੌਰ ''ਤੇ ਹੋਰ ਸਾਵਧਾਨੀਆਂ ਵੀ ਵਰਤਣੀਆਂ ਛੱਡ ਦਿੱਤੀਆਂ ਸੀ।

ਸਵਾਲ: ਭਾਰਤ ਨੂੰ ਮੌਜੂਦਾ ਸੰਕਟ ਵਿੱਚੋਂ ਕੱਢਣ ਲਈ ਕੀ ਪ੍ਰੋਗਰਾਮ ਹੋਣਾ ਚਾਹੀਦਾ ਹੈ?

ਜਵਾਬ: ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ। ਭਾਰਤ ਵਿੱਚ ਜਿੰਨੀ ਵੈਕਸੀਨ ਬਣ ਰਹੀ ਹੈ, ਉਸ ਤੋਂ ਕਿਤੇ ਵੱਧ ਚਾਹੀਦੀ ਹੈ। ਇਸ ਲਈ ਭਾਰਤ ਵਿੱਚ ਵੈਕਸੀਨ ਦਾ ਉਤਪਾਦਨ ਵਧਾਇਆ ਜਾਣਾ ਚਾਹੀਦਾ ਹੈ ਅਤੇ ਹੋਰ ਦੇਸ਼ਾਂ ਤੋਂ ਵੀ ਮੰਗਵਾ ਕੇ ਟੀਚਾ ਪੂਰਾ ਕੀਤਾ ਜਾਣਾ ਚਾਹੀਦਾ ਹੈ। ਜਿੰਨ੍ਹੇ ਵੀ ਲੋਕਾਂ ਨੂੰ ਵੈਕਸੀਨ ਲੱਗ ਸਕੇਗੀ, ਉਨ੍ਹਾਂ ਨੂੰ ਬਿਮਾਰੀ ਦੀ ਲਾਗ ਲੱਗਣ ਦੀ ਸੰਭਾਵਨਾ ਘੱਟ ਜਾਏਗੀ।

ਬਿਮਾਰੀ ਆ ਵੀ ਗਈ ਤਾਂ ਜ਼ਿਆਦਾ ਖ਼ਤਰਨਾਕ ਰੂਪ ਨਹੀਂ ਲਏਗੀ। ਟੀਕਾਕਰਨ ਨਾਲ ਜੇ ਸਰੀਰ ਵਿੱਚ ਵਾਇਰਸ ਆ ਵੀ ਜਾਏ ਤਾਂ ਅਜਿਹੇ ਲੋਕਾਂ ਵਿੱਚੋਂ ਦੂਜਿਆਂ ਨੂੰ ਲਾਗ ਲੱਗਣ ਦੀ ਸੰਭਾਵਨਾ ਘਟ ਜਾਏਗੀ।

ਵੈਸੇ ਤਾਂ ਜਿੰਨੀ ਜਨਸੰਖਿਆ ਨੂੰ ਟੀਕਾ ਲੱਗ ਜਾਵੇ ਉਹ ਫਾਇਦੇਮੰਦ ਹੀ ਹੈ। ਸਭ ਤੋਂ ਵੱਧ ਫਾਇਦਾ ਲੈਣਾ ਹੈ ਤਾਂ ਪੂਰੀ ਜਨਸੰਖਿਆ ਦਾ ਹੀ ਟੀਕਾਕਰਨ ਹੋਣਾ ਚਾਹੀਦਾ ਹੈ। ਜੇ ਅਸੀਂ ਘੱਟੋ-ਘੱਟ ਵੀ ਗੱਲ ਕਰੀਏ ਤਾਂ ਜਨਸੰਖਿਆ ਦੇ 80 ਫੀਸਦੀ ਹਿੱਸੇ ਨੂੰ ਤਾਂ ਵੈਕਸੀਨ ਲੱਗਣੀ ਹੀ ਚਾਹੀਦੀ ਹੈ।

ਹੁਣ ਕੋਵਿਡ ਜਿੰਨਾ ਵੱਧ ਗਿਆ ਹੈ, ਜਿੰਨੇ ਜ਼ਿਆਦਾ ਕੇਸ ਵੱਧ ਰਹੇ ਹਨ, ਮੌਤਾਂ ਹੋ ਰਹੀਆਂ ਹਨ ਅਤੇ ਹਸਪਤਾਲਾਂ ਵਿੱਚ ਲੋਕਾਂ ਨੂੰ ਜਗ੍ਹਾ ਨਹੀਂ ਮਿਲ ਰਹੀ। ਆਕਸੀਜਨ ਦੀ ਵੀ ਕਮੀ ਪੈ ਰਹੀ ਹੈ। ਤੁਰੰਤ ਜੋ ਕੰਮ ਇਸ ਵੇਲੇ ਕਰਨਾ ਚਾਹੀਦਾ ਹੈ ਉਹ ਇਹ ਕਿ ਕਿਸੇ ਵੀ ਤਰ੍ਹਾਂ ਆਕਸੀਜਨ ਦੀ ਸਪਲਾਈ ਵਧਾਈ ਜਾਵੇ ਅਤੇ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ, ਆਰਜ਼ੀ ਹਸਪਤਾਲ ਬਣਾਉਣੇ ਚਾਹੀਦੇ ਹਨ। ਲੋੜੀਂਦੀਂਆਂ ਦਵਾਈਆਂ ਦੀ ਉਪਲਬਧਤਾ ਵਧਾਉਣੀ ਚਾਹੀਦੀ ਹੈ।

ਕੋਰੋਨਾਵਾਇਰਸ
Getty Images

ਦੂਜਾ ਇਹ ਕਿ ਵਾਇਰਸ ਅੱਗੇ ਨਾ ਵਧੇ ਇਸ ਲਈ ਮੌਜੂਦਾ ਸਮੇਂ ਕਾਫੀ ਪਾਬੰਦੀਆਂ ਲਗਾਉਣ ਦੀ ਲੋੜ ਹੈ। ਖਾਸ ਕਰ ਉਨ੍ਹਾਂ ਜ਼ਿਲ੍ਹਿਆਂ ਵਿੱਚ ਜਿੱਥੇ ਕੋਵਿਡ ਲਾਗ ਦੀ ਦਰ ਵੱਧ ਹੈ ਅਤੇ ਸਰੋਤ ਘੱਟ ਹਨ। ਜਿਸ ਇਲਾਕੇ ਵਿੱਚ ਜ਼ਿਆਦਾ ਕੇਸ ਹੋ ਰਹੇ ਹਨ ਉੱਥੇ ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਜ਼ੋਨ ਸਖ਼ਤੀ ਨਾਲ ਬਣਾਉਣ ਦੀ ਲੋੜ ਹੈ। ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਵੇਂ ਕੇ ਮਾਸਕ ਪਾਉਣਾ, ਬਹੁਤ ਜ਼ਰੂਰੀ ਨਾ ਹੋਣ ''ਤੇ ਘਰੋਂ ਬਾਹਰ ਨਾ ਨਿਕਲਣਾ, ਜਨਤਕ ਇਕੱਠ ਬੰਦ ਹੋਣੇ ਚਾਹੀਦੇ ਹਨ।

ਸਵਾਲ: ਭਾਰਤ ਵਿੱਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅੰਕੜੇ ਮੁਤਾਬਕ ਵੈਕਸੀਨ ਪ੍ਰਕਿਰਿਆ ਸ਼ੁਰੂ ਹੋਣ ਤੋਂ ਅਪ੍ਰੈਲ ਤੱਕ ਵੈਕਸੀਨ ਦੀ ਪਹਿਲੀ ਡੋਜ਼ 12 ਹਜਾਰ ਲੱਗ ਸਕੇ ਹਨ ਅਤੇ ਦੂਜੀ ਡੋਜ਼ ਦੀ ਗਿਣਤੀ ਕਰੀਬ ਦੋ ਕਰੋੜ ਹੀ ਹੈ। ਭਾਰਤ ਦੀ ਜਨਸੰਖਿਆ ਦਾ 80 ਫੀਸਦੀ ਘੱਟੋ-ਘੱਟ 96 ਕਰੋੜ ਬਣਦਾ ਹੈ। ਤੁਹਾਡੇ ਮੁਤਾਬਕ, ਮੌਜੂਦਾ ਰਫ਼ਤਾਰ ਅਤੇ ਸਰੋਤਾਂ ਦੇ ਹਿਸਾਬ ਨਾਲ ਕਿੰਨੇ ਸਮੇਂ ਵਿੱਚ ਭਾਰਤ ਵਿੱਚ ਇਹ ਟੀਚਾ ਪੂਰਾ ਸਕਦਾ ਹੈ? ਇਸ ਲਈ ਕੀ ਸਟੀਕ ਪ੍ਰੋਗਰਾਮ ਹੋਣਾ ਚਾਹੀਦਾ ਹੈ?

ਜਵਾਬ: ਜੇ ਅਸੀਂ ਜਨਵਰੀ ਤੋਂ ਅਪ੍ਰੈਲ ਤੱਕ ਦਾ ਤਜ਼ਰਬਾ ਦੇਖੀਏ ਤਾਂ ਭਾਰਤ ਦਾ ਪ੍ਰਾਈਮਰੀ ਹੈਲਥ ਕੇਅਰ ਸਿਸਟਮ ਸ਼ਹਿਰਾਂ-ਪਿੰਡਾਂ ਵਿੱਚ ਕਾਫੀ ਫੈਲਿਆ ਹੋਇਆ ਹੈ। ਜੇ ਵੈਕਸੀਨ ਸਾਡੇ ਕੋਲ ਹੋਵੇ ਤਾਂ ਵੈਕਸੀਨ ਲਗਾਉਣ ਵਿੱਚ ਕੋਈ ਸਮੱਸਿਆ ਨਹੀਂ ਆਏਗੀ। ਇਹ ਕੰਮ ਇੱਕ ਮਹੀਨੇ ਵਿੱਚ ਵੀ ਕੀਤਾ ਜਾ ਸਕਦਾ ਹੈ। ਹੁਣ ਸਮੱਸਿਆ ਇਹ ਆ ਰਹੀ ਹੈ ਜਿੰਨੀ ਵੈਕਸੀਨ ਚਾਹੀਦੀ ਹੈ, ਓਨੀਂ ਉਪਲਬਧ ਨਹੀਂ ਹੈ।

ਵੈਕਸੀਨ ਲਗਾਉਣ ਦੀ ਸਮਰੱਥਾ ਦਾ ਪੂਰਾ ਇਸਤੇਮਾਲ ਨਹੀਂ ਹੋ ਰਿਹਾ। ਸਾਡੇ ਕੋਲ ਵੈਕਸੀਨ ਲਗਾਉਣ ਦੀ ਸਮਰੱਥਾ ਹੈ, ਪਰ ਵੈਕਸੀਨ ਬਣਾਉਣ ਦੀ ਸਮਰੱਥਾ ਨਹੀਂ ਹੈ। ਮੌਜੂਦਾ ਰਫ਼ਤਾਰ ਦੇ ਹਿਸਾਬ ਨਾਲ ਤਾਂ ਟੀਕਾਕਰਨ ਦਾ ਟੀਚਾ ਪੂਰਾ ਹੋਣ ਵਿੱਚ ਇੱਕ ਸਾਲ ਤੋਂ ਵੀ ਵੱਧ ਲੱਗ ਜਾਏਗਾ। ਪਰ ਸਰਕਾਰ ਦਾ ਟੀਚਾ ਹੈ ਕਿ ਅਗਲੇ ਦੋ-ਤਿੰਨ ਮਹੀਨਿਆਂ ਵਿੱਚ ਇਹ ਕੰਮ ਪੂਰਾ ਕਰ ਲਿਆ ਜਾਵੇ।

ਸਵਾਲ: ਜੇ ਇੱਕ ਸਾਲ ਵਿੱਚ ਵੀ ਭਾਰਤ ਵਿੱਚ ਲੋੜੀਂਦਾ ਟੀਕਾਕਰਨ ਹੋ ਜਾਂਦਾ ਹੈ ਤਾਂ ਵੈਕਸੀਨ ਲਗਾਉਣ ਵਿੱਚ ਦੇਰੀ ਹੋਣ ਦੇ ਕੀ ਪ੍ਰਭਾਵ ਹੋ ਸਕਦੇ ਹਨ? ਇੰਨੇ ਸਮੇਂ ਵਿੱਚ ਕੀ ਹੋਰ ਨਵੇਂ ਵੇਰੀਐਂਟ ਵੀ ਆ ਸਕਦੇ ਹਨ ਤੇ ਕੀ ਹਰ ਵੇਰੀਐਂਟ ਉੱਤੇ ਵੈਕਸੀਨ ਓਨੀਂ ਹੀ ਅਸਰਦਾਰ ਰਹੇਗੀ?

ਜਵਾਬ: ਜਿਸ ਸਪੀਡ ਨਾਲ ਅਸੀਂ ਚੱਲ ਰਹੇ ਹਾਂ, ਉਸ ਮੁਤਾਬਕ ਲੋੜੀਂਦੀ ਜਨਸੰਖਿਆਂ ਨੂੰ ਟੀਕਾ ਲਾਉਣ ਵਿੱਚ ਬਹੁਤ ਸਮਾਂ ਲੱਗ ਜਾਏਗਾ। ਮੇਰੇ ਮੁਤਾਬਕ ਇਹ ਕੰਮ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਹੈ, ਇੱਕ ਮਹੀਨੇ ਵਿੱਚ ਹੀ ਲੱਗਣੀ ਚਾਹੀਦੀ ਹੈ।

ਮਸਲਾ ਇਹ ਵੀ ਹੈ ਕਿ ਜਿਹੜੇ ਲੋਕਾਂ ਨੂੰ ਟੀਕਾ ਲੱਗ ਜਾਂਦਾ ਹੈ, ਉਨ੍ਹਾਂ ਵਿੱਚ ਕਿੰਨਾਂ ਸਮਾਂ ਇਸ ਵੈਕਸੀਨ ਦਾ ਅਸਰ ਰਹੇਗਾ, ਉਨ੍ਹਾਂ ਨੂੰ ਦੋਬਾਰਾ ਟੀਕਾ ਲਗਵਾਉਣ ਦੀ ਲੋੜ ਕਦੋਂ ਪਵੇਗੀ। ਮੌਜੂਦਾ ਵੈਕਸੀਨ ਦਾ ਪ੍ਰਭਾਵ ਪਹਿਲਾਂ ਛੇ ਮਹੀਨੇ ਮੰਨਿਆ ਜਾਂਦਾ ਸੀ, ਹੁਣ ਨਵੀਆਂ ਰਿਪੋਰਟਾਂ ਮੁਤਾਬਕ ਇਹ ਸੰਭਾਵਨਾ ਹੈ ਕਿ ਇੱਕ ਸਾਲ ਤੱਕ ਇਹ ਅਸਰਦਾਰ ਰਹੇਗਾ।

ਹੁਣ ਜਿਹੜੇ ਲੋਕਾਂ ਨੂੰ ਟੀਕਾ ਲੱਗੇਗਾ, ਫਿਰ ਸਾਲ ਬਾਅਦ ਉਨ੍ਹਾਂ ਦੇ ਟੀਕਾਕਰਨ ਦੀ ਲੋੜ ਹੋਏਗੀ। ਕਿਸੇ ਵੀ ਵਾਇਰਸ ਦੇ ਨਵੇਂ-ਨਵੇਂ ਵੇਰੀਐਂਟ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਪਰ ਉਨ੍ਹਾਂ ਤੋਂ ਬਚਾਅ ਦੇ ਤਰੀਕੇ ਕਰੀਬ ਓਹੀ ਰਹਿੰਦੇ ਹਨ। ਭਾਰਤ ਵਿੱਚ ਇਸ ਵੇਲੇ ਕੋਵਿਡ ਦੇ ਜੋ ਵੀ ਵੇਰੀਐਂਟ ਹਨ, ਉਨ੍ਹਾਂ ''ਤੇ ਮੌਜੂਦਾ ਵੈਕਸੀਨ ਅਸਰਦਾਰ ਹੈ।

ਸਵਾਲ: ਭਾਰਤ ਦੀ ਆਬਾਦੀ ਅਤੇ ਵੈਕਸੀਨ ਬਣਾਉਣ ਦੀ ਸਮਰੱਥਾ ਦੇ ਅਨੁਪਾਤ ਨੂੰ ਦੇਖਦਿਆਂ ਕੀ ਹੋਰ ਦੇਸ਼ਾਂ ਨੂੰ ਵੈਕਸੀਨ ਭੇਜਣ ਦਾ ਭਾਰਤ ਦਾ ਫੈਸਲਾ ਸਹੀ ਸੀ?

ਜਵਾਬ: ਦਰਅਸਲ, ਜਨਵਰੀ-ਫਰਵਰੀ ਮਹੀਨਿਆਂ ਵਿੱਚ ਇਹ ਜਾਪਣ ਲੱਗਿਆ ਸੀ ਕਿ ਭਾਰਤ ਵਿੱਚ ਤਾਂ ਕੇਸ ਬਹੁਤ ਘੱਟ ਗਏ ਹਨ। ਦੂਜੀ ਲਹਿਰ ਦਾ ਅੰਦਾਜ਼ਾ ਨਾ ਲਗਾਏ ਜਾਣ ਕਾਰਨ, ਦੂਜੇ ਪ੍ਰਭਾਵਿਤ ਦੇਸ਼ਾਂ ਨੂੰ ਵੈਕਸੀਨ ਭੇਜਣੀ ਚਾਹੀਦੀ ਹੈ, ਇਹ ਫੈਸਲਾ ਲਿਆ ਗਿਆ।

ਕੋਰੋਨਾਵਾਇਰਸ
Getty Images

ਉਸ ਵੇਲੇ ਸਾਰੇ ਦੇਸ਼ਾਂ ਦੇ ਹੈਲਥ ਵਰਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਵੈਕਸੀਨ ਐਕਸਪੋਰਟ ਹੋਈ। ਪਰ ਹੁਣ ਸਰਕਾਰ ਨੇ ਇਹ ਬੰਦ ਕਰ ਦਿੱਤਾ ਹੈ ਅਤੇ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਰਕਾਰ ਉਤਸ਼ਾਹਿਤ ਕਰ ਰਹੀ ਹੈ।

ਸਵਾਲ: ਇੱਕ ਸਾਲ ਵਿੱਚ ਵੀ ਭਾਰਤ ਮੈਡੀਕਲ ਸਰੋਤ ਪੂਰੇ ਕਰਨ ਅਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਤਿਆਰ ਕਿਉਂ ਨਹੀਂ ਹੋ ਸਕਿਆ, ਕੀ ਭਾਰਤ ਨੂੰ ਕੋਵਿਡ ਦੀ ਦੂਜੀ ਲਹਿਰ ਦਾ ਅੰਦਾਜਾ ਨਹੀਂ ਸੀ ਜਾਂ ਅਜਿਹੀ ਮਹਾਂਮਾਰੀ ਦਾ ਦੁਬਾਰਾ ਵਧਣਾ ਉਮੀਦ ਤੋਂ ਉਲਟ ਹੁੰਦਾ ਹੈ?

ਜਵਾਬ: ਅਜਿਹਾ ਨਹੀਂ ਹੈ ਕਿ ਵਿਗਿਆਨੀਆਂ ਨੂੰ ਇਸ ਦਾ ਅੰਦਾਜ਼ਾ ਨਹੀਂ ਸੀ। ਦੁਨੀਆਂ ਭਰ ਦੇ ਦੇਸ਼ਾਂ ਵਿੱਚ ਅਸੀਂ ਦੇਖਿਆ ਸੀ ਕਿ ਪਹਿਲੀ ਲਹਿਰ ਆਈ, ਦੂਜੀ ਆਈ ਅਤੇ ਕਈਆਂ ਵਿੱਚ ਤੀਜੀ ਵੀ ਆਈ। ਇਹ ਤਾਂ ਅਨੁਮਾਨ ਹੈ ਹੀ ਸੀ ਕਿ ਦੂਜੀ ਲਹਿਰ ਆਏਗੀ। ਪਰ ਸਾਡੇ ਨੀਤੀਘਾੜਿਆਂ ਨੂੰ ਇਹ ਨਹੀਂ ਸੀ ਪਤਾ ਕਿ ਦੇਸ਼ ਵਿੱਚ ਦੂਜੀ ਲਹਿਰ ਇੰਨੀ ਜਲਦੀ ਆ ਜਾਏਗੀ।

ਸੋਚ ਰਹੇ ਸੀ ਕਿ ਸ਼ਾਇਦ ਛੇ ਮਹੀਨੇ ਲੱਗ ਜਾਣਗੇ। ਇੱਕ ਤਾਂ ਦੂਜੀ ਲਹਿਰ ਜਲਦੀ ਆਈ ਅਤੇ ਨਵੇਂ ਵੇਰੀਐਂਟ ਆ ਗਏ। ਇੰਨ੍ਹਾਂ ਨਵੇਂ ਵੇਰੀਐਂਟ ਦੀ ਲਾਗ ਜਲਦੀ ਫੈਲਦੀ ਹੈ ਅਤੇ ਇਸ ਫੈਲਾਅ ਦਾ ਪਤਾ ਨਹੀਂ ਸੀ। ਹਾਲਾਂਕਿ ਵੱਖੋ-ਵੱਖਰੇ ਦੇਸ਼ਾਂ ਵਿੱਚ ਦੂਜੀ ਲਹਿਰ ਵੱਖੋ-ਵੱਖ ਸਮੇਂ ''ਤੇ ਆਈ। ਕਈ ਦੇਸ਼ਾਂ ਵਿੱਚ ਤਾਂ ਪਹਿਲੀ ਲਹਿਰ ਦੇ ਖ਼ਤਮ ਹੁੰਦਿਆਂ ਨਾਲ ਦੀ ਨਾਲ ਦੂਜੀ ਆ ਗਈ ਸੀ। ਕਈ ਦੇਸ਼ਾਂ ਵਿੱਚ ਮਹੀਨਿਆਂ ਬਾਅਦ ਆਈ ਹੈ। ਭਾਰਤ ਵਿੱਚ ਵੀ ਇਹ ਅੰਦਾਜ਼ਾ ਰਹਿਣਾ ਚਾਹੀਦਾ ਸੀ ਕਿ ਦੂਜੀ ਲਹਿਰ ਕਦੇ ਵੀ ਆ ਸਕਦੀ ਹੈ।

ਸਵਾਲ: ਭਾਰਤ ਵਿੱਚ ਬੁਨਿਆਦੀ ਢਾਂਚੇ ਅਤੇ ਉਤਪਾਦਨ ਸਮਰੱਥਾ ਦੇ ਹਿਸਾਬ ਨਾਲ ਕੀ ਮੈਡੀਕਲ ਸਰੋਤਾਂ ਦੀ ਪੂਰਤੀ ਇਸ ਵੇਲੇ ਸੰਭਵ ਹੈ ਜਦੋਂ ਅਸੀਂ ਸੰਕਟ ਦੇ ਵਿੱਚ ਖੜ੍ਹੇ ਹਾਂ?

ਜਵਾਬ: ਭਾਰਤ ਦਾ ਸਿਹਤ ਸਿਸਟਮ ਪਹਿਲਾਂ ਨਾਲੋਂ ਕਮਜ਼ੋਰ ਹੀ ਹੈ ਤੇ ਹੁਣ ਇੰਨੇ ਵੱਡੇ ਸੰਕਟ ਨੂੰ ਸੰਭਾਲ ਨਹੀਂ ਪਾ ਰਿਹਾ। ਇਸ ਨੂੰ ਸੁਧਾਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਹੜੀਆਂ ਦਵਾਈਆਂ ਵਿਦੇਸ਼ਾਂ ਤੋਂ ਆਉਂਦੀਆਂ ਹਨ ਅਤੇ ਕਈ ਦੇਸ਼ ਵਿੱਚ ਵੀ ਬਣਦੀਆਂ ਹਨ, ਉਨ੍ਹਾਂ ਨੂੰ ਖਰੀਦ ਕੇ ਹਸਪਤਾਲਾਂ ਵਿੱਚ ਪਹੁੰਚਾਉਣਾ ਚਾਹੀਦਾ ਹੈ।

ਆਕਸੀਜਨ ਬਾਰੇ ਵੀ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਇੰਡਸਟਰੀ ਨੂੰ ਨਹੀਂ ਜਾਏਗੀ, ਸਾਰੀ ਆਕਸੀਜਨ ਮੈਡੀਕਲ ਪਰਪਜ਼ ਲਈ ਹੀ ਵਰਤੀ ਜਾਏਗੀ।

ਕੋਰੋਨਾਵਾਇਰਸ
Getty Images

ਇਸ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਕਿ ਅੱਗੇ ਕੋਰੋਨਾ ਦੀ ਹੋਰ ਲਹਿਰ ਵੀ ਆ ਸਕਦੀ ਹੈ, ਇਸ ਲਈ ਆਪਣੇ ਵੱਲੋਂ ਤਿਆਰ ਰਹਿਣਾ ਚਾਹੀਦਾ ਹੈ।

ਸਵਾਲ: ਕੋਵਿਡ ਦੀ ਦੂਜੀ ਲਹਿਰ ਕਦੋਂ ਤੱਕ ਰਹੇਗੀ?

ਜਵਾਬ: ਇਸ ਬਾਰੇ ਪੱਕਾ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਸਾਹਮਣੇ ਆ ਰਹੇ ਨਵੇਂ ਕੇਸਾਂ ਤੋਂ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ ਕਿ ਮਈ ਵਿੱਚ ਤਾਂ ਕੇਸ ਵਧਣਗੇ ਹੀ। ਸਾਡਾ ਅੰਦਾਜ਼ਾ ਹੈ ਕਿ ਅਗਲੇ ਦੋ ਹਫਤੇ ਤਾਂ ਇਹ ਗਿਣਤੀ ਵਧੇਗੀ ਹੀ। ਮਈ ਦੇ ਅੰਤ ਵਿੱਚ ਸੰਭਾਵਨਾ ਹੈ ਕਿ ਘਟਣਾ ਸ਼ੁਰੂ ਹੋ ਸਕਦਾ ਹੈ।

ਇਹ ਅੰਦਾਜ਼ਾ ਅਸੀਂ ਇਸ ਅਧਾਰ ''ਤੇ ਲਗਾ ਸਕਦੇ ਹਾਂ ਕਿ ਦੂਜੀ ਲਹਿਰ ਸਭ ਤੋਂ ਪਹਿਲਾਂ ਮਹਾਰਾਸ਼ਟਰ ਤੋਂ ਸ਼ੁਰੂ ਹੋਈ ਸੀ, ਫਿਰ ਹੋਰ ਰਾਜਾਂ ਵਿੱਚ ਹੋਈ। ਹੁਣ ਮਹਾਰਾਸ਼ਟਰ ਵਿੱਚ ਨਵੇਂ ਕੇਸਾਂ ਵਿੱਚ ਵਾਧਾ ਥੋੜ੍ਹਾ ਘਟਿਆ ਹੈ। ਇਸ ਤੋਂ ਅਸੀਂ ਅੰਦਾਜ਼ਾ ਲਗਾ ਰਹੇ ਹਾਂ ਕਿ ਪੰਜਾਬ, ਦਿੱਲੀ ਵਿੱਚ ਉਦੋਂ ਤੱਕ ਕੇਸ ਘਟਣੇ ਸ਼ੁਰੂ ਹੋ ਸਕਦੇ ਹਨ।

ਜਿੱਥੋਂ ਤੱਕ ਸਵਾਲ ਤੀਜੀ ਲਹਿਰ ਦਾ ਹੈ, ਜੇ ਅਸੀਂ ਆਪਣੀ 80 ਫੀਸਦੀ ਜਾਂ ਅੱਧੀ ਜਨਸੰਖਿਆ ਨੂੰ ਵੈਕਸੀਨ ਲਗਾ ਸਕਾਂਗੇ ਤਾਂ ਅੰਦਾਜ਼ਾ ਇਹ ਹੈ ਕਿ ਤੀਜੀ ਲਹਿਰ ਇੰਨੀ ਘਾਤਕ ਨਹੀਂ ਹੋਵੇਗੀ। ਫਿਰ ਅਸੀਂ ਆਮ ਕੰਮ-ਕਾਜ ਵੀ ਕਰ ਸਕਾਂਗੇ, ਪਾਬੰਦੀਆਂ ਵੀ ਘਟਾ ਸਕਾਂਗੇ ਅਤੇ ਤੀਜੀ ਲਹਿਰ ਦਾ ਅਸਰ ਵੀ।

ਇਹ ਵੀ ਪੜ੍ਹੋ:

https://www.youtube.com/watch?v=M1bIEdG8Kmg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e3ee5a78-42ac-48c0-9dd3-102b222e04c3'',''assetType'': ''STY'',''pageCounter'': ''punjabi.india.story.56967872.page'',''title'': ''ਕੋਰੋਨਾਵਾਇਰਸ ਸੰਕਟ ਤੋਂ ਭਾਰਤ ਨੂੰ ਬਚਾਉਣ ਲਈ ਕੀ ਪਲਾਨ ਹੋਵੇ, ਇੱਕ ਡਾਕਟਰ ਤੋ ਜਾਣੋ'',''author'': ''ਨਵਦੀਪ ਕੌਰ ਗਰੇਵਾਲ'',''published'': ''2021-05-03T09:05:52Z'',''updated'': ''2021-05-03T09:05:52Z''});s_bbcws(''track'',''pageView'');

Related News